ਕੇਰਲ ਹੜ੍ਹ: ਅਰਬ ਦੇਸਾਂ ਨੇ ਵੀ ਪੀੜਤਾਂ ਦੀ ਮਦਦ ਲਈ ਕੀਤੀ ਪਹਿਲਕਦਮੀ

ਕੇਰਲ ਵਿੱਚ ਹੜਾਂ ਦਾ ਕਹਿਰ ਜਾਰੀ ਹੈ ਅਤੇ ਨਾਲ ਹੀ ਜਾਰੀ ਹਨ ਉੱਥੇ ਫਸੀਆਂ ਜਾਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ।

ਸਰਕਾਰ ਮੁਤਾਬਕ ਇਹ ਹੜ੍ਹ ਸੂਬੇ ਵਿੱਚ ਪਿਛਲੇ 100 ਸਾਲਾਂ ਵਿੱਚ ਆਏ ਸਭ ਤੋਂ ਭਿਆਨਕ ਹੜ੍ਹ ਹਨ ਜਿਨ੍ਹਾਂ ਵਿੱਚ ਹੁਣ ਤੱਕ 223139 ਲੋਕ ਬੇਘਰ ਹੋ ਗਏ ਹਨ। ਸੂਬੇ ਭਰ ਵਿੱਚ 1500 ਤੋਂ ਵੱਧ ਰਾਹਤ ਕੈਂਪ ਲਾਏ ਗਏ ਹਨ।

ਪੰਜਾਬ ਸਰਕਾਰ ਨੇ ਵੀ ਕੇਰਲ ਵੱਲ ਮਦਦ ਦਾ ਹੱਥ ਵਧਾਇਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ 10 ਕਰੋੜ ਦੀ ਰਾਸ਼ੀ ਮਦਦ ਵਜੋਂ ਭੇਜਣ ਦਾ ਐਲਾਨ ਕੀਤਾ ਹੈ। ਇਸ ਦੇ ਇਲਾਵਾ ਕਈ ਸਿੱਖ ਸੰਸਥਾਵਾਂ ਵਲੋਂ ਵੀ ਮਦਦ ਭੇਜੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲ ਵਿੱਚ ਹੜ੍ਹ ਕਾਰਨ ਹੋਈ ਤਬਾਹੀ ਦਾ ਜਾਇਜ਼ਾ ਲੈਣ ਪਹੁੰਚ ਚੁੱਕੇ ਹਨ। ਫੌਜ ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਰਾਹੀਂ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਬੀਬੀਸੀ ਨੇ ਕੇਰਲ ਦੇ ਏਡੀਜੀਪੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਕਿਹਾ, "ਜੂਨ ਤੋਂ ਲੈ ਕੇ ਹੁਣ ਤੱਕ ਮੀਂਹ ਕਾਰਨ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹਾਲ ਵਿੱਚ ਆਏ ਹੜ੍ਹ ਕਾਰਨ ਹੁਣ ਤੱਕ 170 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਹੁਣ ਤੱਕ ਤਿੰਨ ਲੱਖ ਲੋਕ ਬੇਘਰ ਹੋ ਚੁੱਕੇ ਹਨ।

ਅਰਬ ਦੇਸਾਂ ਨੇ ਖੋਲ੍ਹੇ ਮਦਦ ਦੇ ਦਰਵਾਜ਼ੇ

ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਅਤੇ ਦੁਬਈ ਦੇ ਸਾਸ਼ਕ ਸੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੋਉਮ ਨੇ ਕੇਰਲ ਦੇ ਹੜ੍ਹ ਨੂੰ ਲੈ ਕੇ ਇਕੱਠੇ ਕਈ ਟਵੀਟ ਕੀਤੇ ਹਨ।

ਉਨ੍ਹਾਂ ਟਵੀਟ ਵਿੱਚ ਲਿਖਿਆ, ''ਕੇਰਲ ਦੇ ਲੋਕ ਸੰਯੁਕਤ ਅਰਬ ਅਮੀਰਾਤ ਦੀ ਤਰੱਕੀ ਵਿੱਚ ਹਮੇਸ਼ਾ ਨਾਲ ਰਹੇ ਹਨ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਪੀੜਤਾਂ ਨੂੰ ਮਦਦ ਪਹੁੰਚਾਈਏ। ਬਕਰੀਦ ਤੋਂ ਪਹਿਲਾਂ ਭਾਰਤ ਵਿੱਚ ਆਪਣੇ ਭਰਾਵਾਂ ਦੀ ਮਦਦ ਕਰਨੀ ਨਹੀਂ ਭੁੱਲਾਂਗੇ।''

ਕੇਰਲ ਦੇ ਲੋਕ ਅਰਬ ਮੁਲਕਾਂ ਵਿੱਚ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਸ਼ਾਰਜਾਹ ਦੇ ਸੁਲਤਾਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਚਾਰ ਕਰੋੜ ਰੁਪਏ ਦੀ ਮਦਦ ਦਿੱਤੀ ਹੈ।

ਕੇਰਲ ਵਿੱਚ ਰਹਿ ਰਹੇ ਮਲਿਆਲੀ ਐਸੋਸ਼ੀਏਸ਼ਨ ਨੇ ਵੀ ਲੋਕਾਂ ਦੀ ਮਦਦ ਲਈ ਚੰਦਾ ਇਕੱਠਾ ਕਰਕੇ ਪੈਸੇ ਭੇਜੇ ਹਨ। ਇੱਕ ਅੰਦਾਜ਼ੇ ਮੁਤਾਬਕ ਕੇਰਲ ਦੀ ਤਿੰਨ ਕਰੋੜ ਦੀ ਅਬਾਦੀ ਦੇ ਹਰ ਤੀਜੇ ਘਰ ਦਾ ਸ਼ਖਸ ਅਰਬ ਦੇਸਾਂ ਵਿੱਚ ਕੰਕਾਜ ਲਈ ਗਿਆ ਹੈ।

ਇਹ ਮੁਲਕ ਹਨ ਕੁਵੈਤ, ਕ਼ਤਰ, ਓਮਾਨ, ਬਹਿਰੀਨ, ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ।

ਇਹ ਵੀ ਪੜ੍ਹੋ꞉

ਕੇਰਲ ਹਾਲਾਤ ਇੰਨੇ ਖਰਾਬ ਕਿਉਂ ਹਨ

ਹਾਲਾਂਕਿ ਕੇਰਲ ਲਈ ਹਰ ਸਾਲ ਮੌਨਸੂਨ ਵਿੱਚ ਹੜ੍ਹਾਂ ਦਾ ਆਉਣਾ ਇੱਕ ਆਮ ਗੱਲ ਹੈ ਪਰ ਇਸ ਵਾਰ ਕਈ ਹਫਤਿਆਂ ਦੇ ਭਾਰੀ ਮੀਂਹ ਮਗਰੋਂ ਕੇਰਲ ਵਿੱਚ ਢਿੱਗਾਂ ਡਿੱਗੀਆਂ ਅਤੇ ਉਸ ਮਗਰੋਂ ਆਏ ਹੜ੍ਹਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ।

ਮੌਸਮ ਵਿਭਾਗ ਮੁਤਾਬਕ ਇਸ ਵਾਰ ਸੂਬੇ ਵਿੱਚ ਬਣੇ ਘੱਟ ਦਬਾਅ ਵਾਲੇ ਖੇਤਰ ਕਰਕੇ ਔਸਤ ਨਾਲੋਂ 37 ਫੀਸਦੀ ਵਧੇਰੇ ਮੀਂਹ ਪਏ ਹਨ।

ਕੇਰਲ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਗੁਆਂਢੀ ਸੂਬਿਆਂ ਨੇ ਹਾਲਾਤ ਨੂੰ ਬਦ ਤੋਂ ਬਦਤਰ ਬਣਾ ਦਿੱਤਾ।

ਇਸੇ ਹਫ਼ਤੇ ਦੇ ਸ਼ੁਰੂ ਵਿੱਚ ਤਮਿਲ ਨਾਡੂ ਦੇ ਮੁੱਖ ਮੰਤਰੀ ਨੂੰ ਸੂਬੇ ਦੇ ਡੈਮ ਵਿੱਚੋਂ ਪਾਣੀ ਛੱਡਣ ਕਰਕੇ ਆਲੋਚਨਾ ਸਹਿਣੀ ਪਈ ਸੀ।

ਕੇਰਲ ਵਿੱਚ ਤਿੰਨ ਦਰਜਨ ਤੋਂ ਵੱਧ ਦਰਿਆ ਹਨ ਜੋ ਕਿ ਅਰਬ ਸਾਗਰ ਵਿੱਚ ਜਾ ਕੇ ਮਿਲਦੇ ਹਨ ਅਤੇ ਇਸ ਦੇ 80 ਡੈਮ ਹੱਦੋਂ ਵੱਧ ਭਰ ਜਾਣ ਕਰਕੇ ਖੋਲ੍ਹੇ ਗਏ ਹਨ।

ਇਹ ਵੀ ਪੜ੍ਹੋ꞉

ਹੁਣ ਤੱਕ ਕੀ ਕੁਝ ਕੀਤਾ ਗਿਆ ਹੈ

ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਲ 38 ਹੈਲੀਕਾਪਟਰ ਅਤੇ 20 ਜਹਾਜ਼ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ ਜੋ ਕਿ ਜਿੱਥੇ ਫਸਿਆਂ ਨੂੰ ਕੱਢ ਰਹੇ ਹਨ ਉੱਥੇ ਰਸਦ ਵੀ ਪਹੁੰਚਾ ਰਹੇ ਹਨ।

ਪੀਣ ਵਾਲੇ ਪਾਣੀ ਦੀ ਇੱਕ ਵਿਸ਼ੇਸ਼ ਰੇਲ ਗੱਡੀ ਵੀ ਸੂਬੇ ਨੂੰ ਭੇਜੀ ਗਈ ਹੈ।

ਪ੍ਰਧਾਨ ਮੰਤਰੀ ਨੇ ਕੇਰਲ ਪਹੁੰਚ ਕੇ ਹਵਾਈ ਦੌਰਾ ਕਰਨ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਰਾਜਧਾਨੀ ਕੋਚੀਨ ਵਿੱਚ ਅਧਿਕਾਰੀਆਂ ਨਾਲ ਬੈਠਕ ਕੀਤੀ।

ਕੌਮਾਂਤਰੀ ਹਵਾਈ ਅੱਡੇ ਦੀਆਂ ਹਵਾਈ ਪੱਟੀਆਂ ਜਲ ਥਲ ਹੋ ਜਾਣ ਕਰਕੇ ਬੰਦ ਕਰ ਦਿੱਤਾ ਗਿਆ ਹੈ।

ਸੂਬੇ ਦੇ ਹੈਲਥ ਡਿਜ਼ਾਸਟਰ ਰਿਸਪਾਂਸ ਟੀਮ ਦੇ ਮੁੱਖੀ ਅਨਿਲ ਵਾਸੂਦੇਵਨ ਨੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਸੂਬੇ ਵਿੱਚ ਪਾਣੀ ਕਰਕੇ ਫੈਲਣ ਵਾਲੀਆਂ ਬਿਮਾਰੀਆਂ ਨਾਲ ਲੜਨ ਦੀ ਤਿਆਰੀ ਕਰ ਰਿਹਾ ਹੈ।

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਨੇ ਸ਼ਨਿੱਚਰਵਾਰ ਨੂੰ ਕੇਰਲ ਵਿੱਚ ਚੱਲ ਰਹੇ ਰਾਹਤ ਕਾਰਜਾਂ ਬਾਰੇ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਕਿ ਮੌਜੂਦਾ ਰਾਹਤ ਕਾਰਜਾਂ ਵਿੱਚ ਫੋਰਸ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਕਿਸੇ ਸੂਬੇ ਵਿੱਚ ਇਸ ਦੀਆਂ ਸਭ ਤੋਂ ਵੱਧ ਟੀਮਾਂ ਲਾਈਆਂ ਗਈਆਂ ਹਨ।

ਨੋਟ ਵਿੱਚ ਕਿਹਾ ਗਿਆ ਕਿ, ਹੁਣ ਤੱਕ ਫੋਰਸ ਨੇ ਕੁੱਲ 194 ਲੋਕਾਂ ਅਤੇ 12 ਪਸ਼ੂਆਂ ਨੂੰ ਬਚਾਇਆ ਹੈ। ਇਸ ਦੇ ਇਲਾਵਾ 10,476 ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਪਰ ਪਹੁੰਚਾਇਆ ਹੈ ਅਤੇ 159 ਲੋੜ ਵੰਦਾਂ ਨੂੰ ਮੁਢਲੀ ਸਹਾਇਤਾ ਦਿੱਤੀ ਹੈ। ਕਾਰਜਾਂ ਦੀ ਨਿਗਰਾਨੀ ਲਈ ਇੱਕ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਬਣਾਇਆ ਗਿਆ ਹੈ।

'ਗਲੀ ਵਿੱਚ ਪੈਰ ਧਰਿਆ ਤਾਂ ਗਲੇ ਤੱਕ ਡੁੱਬ ਗਏ'

ਬੀਬੀਸੀ ਤਮਿਲ ਸੇਵਾ ਦੀ ਪੱਤਰਕਾਰ ਪ੍ਰਮਿਲਾ ਕ੍ਰਿਸ਼ਨਨ ਨੇ ਹੜ੍ਹ ਕਾਰਨ ਬੇਘਰ ਹੋਏ ਕਈ ਲੋਕਾਂ ਨਾਲ ਗੱਲ ਕੀਤੀ।

ਹੜ੍ਹ ਕਾਰਨ ਬੇਘਰ ਹੋਏ 33 ਸਾਲ ਦੇ ਸ਼ੱਬੀਰ ਸਾਹੀਲ ਆਪਣੀ ਪਤਨੀ ਨਾਲ ਇੱਕ ਰਾਹਤ ਕੈਂਪ ਵਿੱਚ ਰਹਿ ਰਹੇ ਹਨ।

ਭਿਆਨਕ ਮੰਜ਼ਰ ਨੂੰ ਯਾਦ ਕਰਕੇ ਸ਼ੱਬੀਰ ਨੂੰ ਕੰਬਣੀ ਛਿੜ ਜਾਂਦੀ ਹੈ, ਉਨ੍ਹਾਂ ਦੱਸਿਆ, ''ਹੜ੍ਹ ਦੇ ਪਾਣੀ ਵਿੱਚ ਡੁੱਬੀ ਗਲੀ ਵਿੱਚ ਮੈਂ ਆਪਣੀ ਦੋ ਸਾਲ ਦੀ ਧੀ ਨੂੰ ਮੋਢੇ ਚੁੱਕ ਕੇ ਕਿਵੇਂ ਪਾਰ ਕੀਤਾ ਮੈਂ ਹੀ ਜਾਣਦਾ ਹਾਂ।''

ਕੋਚੀ ਜ਼ਿਲ੍ਹੇ ਦੀ ਸਰਕਾਰੀ ਮਹਿਲਾ ਅਫ਼ਸਰ ਮਿਲੀ ਐਲਢੋ ਨੇ ਵੀ ਰਾਹਤ ਕੈਂਪ ਵਿੱਚ ਪਨਾਹ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਭਾਰੀ ਬਾਰਿਸ਼ ਹੁੰਦੀ ਹੈ ਪਰ ਸਾਡੇ ਸ਼ਹਿਰ ਨੇ ਇੰਨਾ ਬੁਰੇ ਹੜ੍ਹ ਕਦੇ ਨਹੀਂ ਦੇਖੇ ਸਨ ।

58 ਸਾਲ ਦੀ ਕ੍ਰਿਸ਼ਨਾ ਜਯਨ ਦੱਸਦੀ ਹੈ ਕਿ ਉਹ ਆਪਣੇ ਘਰ ਵਿੱਚ ਸੁੱਤੀ ਪਈ ਜਦੋਂ ਇੱਕ ਗੁਆਂਢਣ ਨੇ ਆ ਕੇ ਉਸ ਨੂੰ ਜਗਾਇਆ।

ਕ੍ਰਿਸ਼ਨਾ ਮੁਤਾਬਕ, ''ਜਦੋਂ ਮੈਂ ਬੂਹਾ ਖੋਲ੍ਹਿਆ ਤਾਂ ਪਾਣੀ ਬਹੁਤ ਤੇਜ਼ੀ ਨਾਲ ਅੰਦਰ ਆਇਆ। ਜਦੋਂ ਅਸੀਂ ਗਲੀ ਵਿੱਚ ਪੈਰ ਧਰਿਆ ਤਾਂ ਗਲੇ ਤੱਕ ਡੁੱਬ ਗਏ।''

ਏਰਨਾਕੁਲਮ ਦੇ ਵਿਧਾਇਕ ਹਿਬੀ ਏਡਨ ਕੇਰਲ ਦੀ ਕੈਬੀਨੇਟ ਦੇ ਸਭ ਤੋਂ ਨੌਜਵਾਨ ਮੰਤਰੀ ਹਨ। ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, "ਸਾਡੇ ਕੋਲ ਦੱਸਣ ਲਈ ਕੋਈ ਸੰਖਿਆ ਨਹੀਂ ਹੈ। ਇੱਥੇ ਸਾਰੇ ਪੀੜਤ ਹਨ। ਹਾਜ਼ਾਰਾਂ ਲੋਕ ਰਾਹਤ ਕੈਂਪਾਂ ਵਿੱਚ ਹਨ। ਇਹ ਪਹਿਲੀ ਵਾਰ ਹੈ ਜਦੋਂ ਮੇਰੇ ਹਲਕੇ ਵਿੱਚ ਇਸ ਤਰ੍ਹਾਂ ਦੀ ਤਬਾਹੀ ਹੋਈ ਹੈ। ਲੋਕ ਆਪਣੇ ਲਾਪਤਾ ਮੈਂਬਰਾਂ ਬਾਰੇ ਪੁੱਛ ਰਹੇ ਹਨ। ਇਹ ਬਹੱਦ ਪ੍ਰੇਸ਼ਾਨ ਕਰਨ ਵਾਲਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)