You’re viewing a text-only version of this website that uses less data. View the main version of the website including all images and videos.
ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ, ਦੇਸ਼ ਵਿਦੇਸ਼ 'ਚ ਸੋਗ ਦੀ ਲਹਿਰ
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀਰਵਾਰ ਸ਼ਾਮ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ 5.05 ਵਜੇ ਆਖਰੀ ਸਾਹ ਲਏ। ਉਹ 93 ਸਾਲਾਂ ਦੇ ਸਨ। ਵਾਜਪਾਈ ਜੂਨ ਮਹੀਨੇ ਤੋਂ ਅਖਿਲ ਭਾਰਤੀ ਮੈਡੀਕਲ ਸਾਇੰਸਜ਼ (ਏਮਜ਼ )ਵਿਚ ਭਰਤੀ ਸਨ। ਉਹ ਗੁਰਦਿਆਂ ਤੇ ਪੇਸ਼ਾਨ ਨਾਲੀ ਵਿਚ ਇਨਫੈਕਸ਼ਨ ਦੀ ਸਮੱਸਿਆ ਨਾਲ ਜੂਝ ਰਹੇ ਸਨ।
ਉਨ੍ਹਾਂ ਦੀ ਦੇਹ ਨੂੰ ਸ਼ੁੱਕਰਵਾਰ ਨੂੰ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਚ ਸ਼ਰਧਾਜ਼ਲੀ ਦੇਣ ਲਈ ਰੱਖਿਆ ਜਾਵੇਗਾ।ਵਾਜਪਈ ਦਾ ਅੰਤਿਮ ਸਸਕਾਰ ਵਿਜੇ ਘਾਟ ਵਿਖੇ ਸ਼ੁੱਕਰਵਾਰ ਨੂੰ ਸ਼ਾਮੀ ਪੰਜ ਵਜੇ ਕੀਤਾ ਜਾਵੇਗਾ। ਭਾਰਤ ਦੇ ਸਭ ਤੋਂ ਵੱਡੇ ਸਨਮਾਨ 'ਭਾਰਤ ਰਤਨ' ਨਾਲ ਸਨਮਾਨਿਤ ਵਾਜਪਾਈ ਪਹਿਲੀ ਵਾਰ 1996 ਵਿਚ 13 ਦਿਨ ਲਈ, ਦੂਜੀ ਵਾਰ 1998 ਤੋਂ 1999 ਵਿਚ 13 ਮਹੀਨਿਆਂ ਲਈ ਅਤੇ ਫਿਰ 1999 ਤੋਂ 2004 ਤੱਕ ਮੁਲਕ ਦੇ ਪ੍ਰਧਾਨ ਮੰਤਰੀ ਰਹੇ।
ਮੈਂ ਸ਼ੂਨਿਆਂ ਵਿਚ ਹਾਂ: ਮੋਦੀ
ਉਹ ਭਾਸ਼ਣ ਦੇਣ ਦੀ ਕਲਾ ਦੇ ਮਾਹਿਰ, ਕਵੀ, ਇੱਕ ਵੱਡੇ ਰਾਜਨੇਤਾ ਸਨ ਅਤੇ ਪਿਛਲੇ 14 ਸਾਲਾਂ ਤੋਂ ਬੀਮਾਰ ਚੱਲ ਰਹੇ ਸਨ। ਉਹ ਪ੍ਰਧਾਨ ਮੰਤਰੀ ਵਜੋਂ ਪੰਜ ਸਾਲ ਕਾਰਜਕਾਲ ਪੂਰਾ ਕਰਨ ਵਾਲੇ ਦੇਸ਼ ਦੇ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਸਨ। ਉਨ੍ਹਾਂ ਦਾ ਜਨਮ 25 ਦਸੰਬਰ 1924 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ ਹੋਇਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਦੀ ਮੌਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, ਮੈਂ ਨਿਸ਼ਬਦ ਹਾਂ, ਮੈਂ ਸ਼ੂਨਿਆਂ ਵਿਚ ਹਾਂ'
ਟਵੀਟ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਟੀਵੀ ਉੱਤੇ ਆਏ ਉਨ੍ਹਾਂ ਕਿਹਾ, 'ਅਟਲ ਜੀ ਨੇ ਆਪਣੇ ਸੰਘਰਸ਼ ਨਾਲ ਜਨ ਸੰਘ ਤੋਂ ਲੈ ਕੇ ਭਾਜਪਾ ਤੱਕ, ਇਨ੍ਹਾਂ ਸੰਗਠਨਾਂ ਨੂੰ ਮਜਬੂਤੀ ਨਾਲ ਖੜ੍ਹਾ ਕੀਤਾ। ਉਨ੍ਹਾਂ ਦੀ ਮਿਹਨਤ ਨਾਲ ਹੀ ਭਾਜਪਾ ਦੀ ਯਾਤਰਾ ਇੱਥੇ ਤੱਕ ਪਹੁੰਚੀ ਹੈ। ਇਸ ਅਪਾਰ ਦੁੱਖ ਦੀ ਘੜੀ 'ਚ ਮੇਰੀ ਸੰਵੇਦਨਾ ਸਾਰੇ ਦੇਸ਼ ਨਾਲ ਹੈ। ਇਸ ਦੁੱਖ ਦੀ ਘੜੀ ਵਿਚ ਮੈਂ ਉਨ੍ਹਾਂ ਦੇ ਚਰਨਾਂ 'ਚ ਸ਼ਰਧਾਂਜ਼ਲੀ ਅਰਪਿਤ ਕਰਦਾ ਹਾਂ।'
ਇਹ ਵੀ ਪੜ੍ਹੋ:
ਇੱਕ ਸਦੀ ਦਾ ਅੰਤ
ਪੰਜਾਬ ਦਾ ਸਾਬਾਕ ਉੱਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲਿਖਿਆ, ''ਇੱਕ ਸਦੀ ਦਾ ਅੰਤ ਹੋਇਆ ਹੈ, ਬੇਹੱਦ ਦੁੱਖ ਹੋਇਆ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਦੀ ਖਬਰ ਸੁਣਕੇ। ਅਸੀਂ ਇੱਕ ਇਮਾਨਦਾਰ ਸਿਆਸਤਦਾਨ ਅਤੇ ਲੋਕਾਂ ਦੇ ਆਗੂ ਨੂੰ ਗੁਆ ਦਿੱਤਾ ਹੈ।''
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਫ਼ਸੋਸ ਪ੍ਰਗਟਾਉਂਦਿਆ ਲਿਖਿਆ ਹੈ ਕਿ ਅਸੀ ਇੱਕ ਮਹਾਨ ਮਨੁੱਖ ਖੋਅ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਮੁਤਾਬਕ ਵਾਜਪਾਈ ਸਿਆਸੀ ਪਾਰਟੀਆਂ ਦੇ ਦਾਇਰੇ ਤੋਂ ਉੱਤੇ ਸਨ।
ਪੱਤਰਕਾਰ ਤੋਂ ਸਿਆਸਤਦਾਨ ਬਣੇ ਪਾਕਿਸਤਾਨ ਦੇ ਸਾਬਕਾ ਸੂਚਨਾ ਮੰਤਰੀ ਮੁਸ਼ਾਹਿਦ ਹੂਸੈਨ ਸਈਅਦ ਨੇ ਟਵੀਟ ਵਿਚ ਕਿਹਾ ਵਾਜਪਾਈ ਅਮਨ ਤੇ ਸ਼ਾਂਤੀ ਦੇ ਮੁੱਦਈ ਸਨ। ਉਨ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਂਤੀ ਪੁਲ ਸਿਰਜਣ ਦੇ ਯਤਨ ਕੀਤੇ। ਮੁਸ਼ਾਹਿਦ ਹੂਸੈਨ ਨੂੰ 1999 ਵਿਚ ਵਾਜਪਾਈ ਦੇ ਲਾਹੌਰ ਦੌਰੇ ਦੌਰਾਨ ਉਨ੍ਹਾਂ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ ਸੀ।
ਸੀਨੀਅਰ ਭਾਰਤੀ ਪੱਤਰਕਾਰ ਤਵਲੀਨ ,ਸਿੰਘ ਨੇ ਸ਼ੋਕ ਪ੍ਰਗਟ ਕਰਦਿਆਂ ਲਿਖਿਆ ਹੈ, ' ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ, ਅਟਲ ਦੀ ਤੁਹਾਡੇ ਬਿਨਾਂ ਦੁਨੀਆਂ ਬਹੁਤ ਛੋਟੀ ਹੈ'।
14 ਸਾਲ ਰਹੇ ਬਿਮਾਰ
ਸਾਲ 1996 ਵਿੱਚ ਬਣਾਈ 13 ਦਿਨਾਂ ਦੀ ਸਰਕਾਰ ਕਰਕੇ ਉਨ੍ਹਾਂ ਨੂੰ 13 ਦਿਨਾਂ ਦੇ ਪ੍ਰਧਾਨ ਮੰਤਰੀ ਵਜੋਂ ਜਾਣਿਆ ਜਾਂਦਾ ਹੈ।1998 ਵਿੱਚ ਦੂਜੀ ਵਾਰ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ। ਉਹ ਸਰਕਾਰ 13 ਮਹੀਨੇ ਤੱਕ ਰਹੀ। ਫਿਰ ਤੀਜੀ ਵਾਰ 1999 ਵਿੱਚ ਅਟਲ ਬਿਹਾਰੀ ਵਾਜਪਾਈ ਮੁੜ ਤੋਂ ਪ੍ਰਧਾਨ ਮੰਤਰੀ ਬਣੇ ਸਨ।
ਸਾਲ 2000 ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਉਨ੍ਹਾਂ ਦੇ ਖੱਬੇ ਗੋਢੇ ਦੀ ਸਰਜਰੀ ਹੋਈ ਸੀ। ਇਸ ਕਰਕੇ 2004 ਤੋਂ ਬਾਅਦ ਉਨ੍ਹਾਂ ਦਾ ਘੁੰਮਣਾ ਫਿਰਨਾ ਸੀਮਤ ਹੋ ਗਿਆ ਸੀ।
ਲੰਮੇ ਸਮੇਂ ਤੋਂ ਉਨ੍ਹਾਂ ਦੇ ਦੋਸਤ ਰਹੇ ਐਨਐਮ ਘਾਟੇ ਨੇ ਬੀਬੀਸੀ ਨੂੰ ਕੁਝ ਸਮਾਂ ਪਹਿਲਾਂ ਇੱਕ ਮੁਲਾਕਾਤ ਦੌਰਾਨ ਦੱਸਿਆ ਸੀ, ''2009 ਵਿੱਚ ਵਾਜਪਾਈ ਨੂੰ ਸਟ੍ਰੋਕ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਠੀਕ ਨਾਲ ਗੱਲ ਨਹੀਂ ਕਰ ਸਕਦੇ।''
ਇਹ ਵੀ ਪੜ੍ਹੋ: