ਕੇਰਲ ਹੜ੍ਹ: ਨਵਜੰਮੇ ਬੱਚੇ ਨੂੰ 26 ਸਕਿੰਟ 'ਚ ਮੌਤ ਦੇ ਮੂੰਹੋਂ ਕੱਢ ਲਿਆਇਆ ਕਨ੍ਹਈਆ

    • ਲੇਖਕ, ਪ੍ਰਮਿਲਾ ਕ੍ਰਿਸ਼ਨਨ
    • ਰੋਲ, ਬੀਬੀਸੀ ਪੱਤਰਕਾਰ

ਹੜ੍ਹ ਦੇ ਕਾਰਨ ਕੇਰਲ ਵਿੱਚ ਜਾਨ-ਮਾਲ ਦਾ ਭਾਰੀ ਨੁਕਾਸਨ ਹੋਇਆ ਹੈ। NDRF (ਨੈਸ਼ਨਲ ਡਿਜਾਸਟਰ ਮੈਨੇਜਮੈਂਟ ਫ਼ੋਰਸ) ਦੇ ਮੈਂਬਰ ਕਨ੍ਹਈਆ ਕੁਮਾਰ ਇਸ ਤ੍ਰਾਸਦੀ ਵਿਚਾਲੇ ਕੇਰਲ ਦਾ ਜਾਣਿਆ-ਪਛਾਣਿਆ ਚਿਹਰਾ ਬਣ ਗਏ ਹਨ।

ਕੇਰਲ ਵਿੱਚ ਇਸ ਵੇਲੇ ਹੜ੍ਹ ਇੱਕ ਵੱਡੀ ਤ੍ਰਾਸਦੀ ਬਣੇ ਹੋਏ ਹਨ। ਹੁਣ ਤੱਕ ਕੇਰਲ ਵਿੱਚ ਆਏ ਹੜ੍ਹ ਵਿੱਚ 60 ਤੋਂ ਵੱਧ ਮੌਤਾਂ ਹੋ ਗਈਆਂ ਹਨ। ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਕੋਚੀ ਹਵਾਈ ਅੱਡੇ ਨੂੰ ਸ਼ਨੀਵਾਰ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ।

ਕੇਰਲ ਵਿੱਚ ਮੀਂਹ ਕਾਰਨ ਬੀਤੇ 24 ਘੰਟਿਆਂ ਵਿੱਚ 25 ਲੋਕਾਂ ਦੀ ਮੌਤ ਹੋਈ ਹੈ।

ਜਦੋਂ ਕੇਰਲ ਦੇ ਇਡੁੱਕੀ ਜ਼ਿਲ੍ਹੇ ਦੀ ਪੇਰੀਆਰ ਨਦੀ ਵਿੱਚ ਹੜ੍ਹ ਆਇਆ ਤਾਂ ਉਸੇ ਸਮੇਂ ਨਦੀ ਦੇ ਕੰਢੇ ਇੱਕ ਪਿਤਾ ਆਪਣੀ ਨਵ-ਜੰਮੇ ਬੱਚੇ ਲਈ ਮਦਦ ਮੰਗ ਰਿਹਾ ਸੀ।

ਕਨ੍ਹਈਆ ਕੁਮਾਰ ਐਨਡੀਆਰਆਫ਼ ਵਿੱਚ ਇੱਕ ਸਿਪਾਹੀ ਹਨ ਅਤੇ ਉਹ ਉਸ ਪਿਤਾ ਦੀ ਗੋਦੀ ਵਿੱਚ ਨਵ-ਜੰਮੇ ਬੱਚੇ ਨੂੰ ਦੇਖਦੇ ਹੀ ਦੌੜ ਪਏ। ਕਨ੍ਹਈਆ ਨੇ ਉਸ ਬੱਚੇ ਨੂੰ ਪਿਤਾ ਕੋਲੋਂ ਫੜਿਆ ਅਤੇ ਦੌੜਨ ਲੱਗੇ।

ਇਹ ਵੀ ਪੜ੍ਹੋ:

ਉਸ ਬੱਚੇ ਨੂੰ ਲੈ ਕੇ ਉਹ ਪੁਲ ਵੱਲ ਭੱਜੇ। ਕਨ੍ਹਈਆ ਦੇ ਪਿੱਛੇ-ਪਿੱਛੇ ਉਸ ਨਵਜੰਮੇ ਬੱਚੇ ਦਾ ਪਿਤਾ ਅਤੇ ਬਾਕੀ ਲੋਕ ਵੀ ਭੱਜਣ ਲੱਗੇ। ਅਜਿਹਾ ਕਰਨ ਲਈ ਕਨ੍ਹਈਆ ਕੋਲ ਬਹੁਤ ਸਮਾਂ ਨਹੀਂ ਸੀ, ਪਰ ਉਨ੍ਹਾਂ ਨੇ ਕਰ ਵਿਖਾਇਆ।

ਕਨ੍ਹਈਆ ਨੇ ਬੱਚੇ ਨੂੰ ਕੱਢਿਆ ਹੀ ਸੀ ਕਿ ਪੁਲ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ। ਮਿੰਟਾਂ ਵਿੱਚ ਹੀ ਇੰਜ ਲੱਗਿਆ ਕਿ ਜਿਵੇਂ ਉੱਥੇ ਕੋਈ ਪੁਲ ਸੀ ਹੀ ਨਹੀਂ ਅਤੇ ਨਦੀ ਸਮੁੰਦਰ ਵਾਂਗ ਦਿਖਣ ਲੱਗੀ। ਇਡੁੱਕੀ ਵਿੱਚ ਐਨਡੀਆਰਐਫ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਨ੍ਹੱਈਆ ਨੇ ਸਿਰਫ਼ 26 ਸੈਕਿੰਡ ਵਿੱਚ ਉਸ ਨਵ-ਜੰਮੇ ਬੱਚੇ ਨੂੰ ਸੁਰੱਖਿਅਤ ਕੱਢ ਲਿਆ।

ਆਪਣੇ ਬੱਚੇ ਨੂੰ ਸੁਰੱਖਿਅਤ ਕੱਢਣ 'ਤੇ ਪਿਤਾ ਦੇ ਚਿਹਰੇ 'ਤੇ ਖੁਸ਼ੀ ਅਤੇ ਅੱਖਾਂ ਵਿੱਚ ਹੰਝੂ ਸਾਫ਼ ਦਿਖਾਈ ਦੇ ਰਹੇ ਸਨ।

'ਹਰ ਕੋਈ ਮੇਰਾ ਪਰਿਵਾਰ ਹੈ'

ਬੀਬੀਸੀ ਤਮਿਲ ਨੇ ਕਨ੍ਹਈਆ ਨਾਲ ਗੱਲਬਾਤ ਕੀਤੀ। ਕਨ੍ਹਈਆ ਅਜੇ ਕੇਰਲ ਵਿੱਚ ਸੋਸ਼ਲ ਮੀਡੀਆ ਦੇ ਲਈ ਸਨਸਨੀ ਬਣੇ ਹੋਏ ਹਨ। ਕਨ੍ਹਈਆ ਕੁਮਾਰ ਬਿਹਾਰ ਤੋਂ ਹਨ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਹੀ ਕਨ੍ਹਈਆ ਨੇ ਨੌਕਰੀ ਲਈ ਪ੍ਰੀਖਿਆ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ।

ਕਨ੍ਹਈਆ ਨੇ ਗ਼ਰੀਬੀ ਕਾਰਨ ਇਹ ਫ਼ੈਸਲਾ ਲਿਆ ਸੀ ਤਾਂ ਜੋ ਮਾਤਾ-ਪਿਤਾ ਅਤੇ ਤਿੰਨ ਭਰਾਵਾਂ ਵਾਲੇ ਪਰਿਵਾਰ ਦਾ ਖਰਚ ਚਲਾ ਸਕੇ। ਕਨ੍ਹਈਆ ਪਿਛਲੇ 6 ਮਹੀਨਿਆਂ ਤੋਂ ਐਨਡੀਆਰਐਫ਼ ਵਿੱਚ ਤਾਇਨਾਤ ਹਨ।

ਇਹ ਵੀ ਪੜ੍ਹੋ:

ਕਨ੍ਹਈਆ ਨੇ ਕਿਹਾ, ''ਮੈਂ ਸਰਕਾਰੀ ਨੌਕਰੀ ਪਰਿਵਾਰ ਦੀ ਮਦਦ ਲਈ ਕੀਤੀ। ਮੇਰੇ ਦੋ ਹੋਰ ਭਰਾ ਫੌਜ ਵਿੱਚ ਹਨ। ਇੱਕ ਕਸ਼ਮੀਰ ਵਿੱਚ ਹੈ। ਸਾਡੀ ਮੁਲਾਕਾਤ ਬੜੀ ਮੁਸ਼ਕਿਲ ਨਾਲ ਹੁੰਦੀ ਹੈ। ਸਾਡੇ ਮਾਤਾ-ਪਿਤਾ ਨੂੰ ਆਪਣੇ ਮੁੰਡੇ ਦੇ ਕੰਮ 'ਤੇ ਮਾਣ ਹੈ। ਕੇਰਲ ਵਿੱਚ ਜੋ ਵੀ ਹੜ੍ਹ ਦੀ ਤ੍ਰਾਸਦੀ ਤੋਂ ਪ੍ਰਭਾਵਿਤ ਹੈ ਉਹ ਸਾਰੇ ਮੇਰੇ ਪਰਿਵਾਰ ਹਨ।''

ਕੇਰਲ ਵਿੱਚ ਹੜ੍ਹ ਦੀ ਤ੍ਰਾਸਦੀ ਅਤੇ ਰਾਹਤ ਬਚਾਅ 'ਤੇ ਕਨ੍ਹਈਆ ਕੁਮਾਰ ਨੇ ਕਿਹਾ,'' ਸਾਨੂੰ ਪਤਾ ਸੀ ਕਿ ਅਸੀਂ ਕੇਰਲ ਵਿੱਚ ਹੜ੍ਹ 'ਚ ਫਸੇ ਲੋਕਾਂ ਨੂੰ ਕੱਢਣ ਜਾ ਰਹੇ ਹਾਂ। ਜਦੋਂ ਅਸੀਂ ਇੱਥੇ ਪਹੁੰਚੇ ਤਾਂ ਇੰਜ ਲੱਗਿਆ ਕਿ ਜਿੰਨਾ ਸੋਚ ਕੇ ਆਏ ਸੀ, ਉਸ ਤੋਂ ਵੱਧ ਕਰਨ ਦੀ ਲੋੜ ਹੈ।''

''ਇਡੁੱਕੀ ਜ਼ਿਲ੍ਹੇ ਵਿੱਚ ਲੈਂਡ ਸਲਾਈਡ ਸਭ ਤੋਂ ਵੱਧ ਹੁੰਦਾ ਹੈ। ਇਸ ਨਦੀ ਵਿੱਚ 26 ਸਾਲ ਬਾਅਦ ਹੜ੍ਹ ਆਇਆ ਹੈ। ਇੱਥੇ ਹੀ ਇੱਕ ਬੱਸ ਸਟਾਪ ਸੀ ਜਿਸਦਾ ਨਾਮੋ-ਨਿਸ਼ਾਨ ਤੱਕ ਮਿਟ ਗਿਆ। ਨਾਰੀਅਲ ਦੀ ਖੇਤੀ ਵੀ ਤਬਾਹ ਹੋ ਗਈ ਹੈ।''

ਕੁਦਰਤ ਨਾਲ ਕੋਈ ਭਵਿੱਖਵਾਣੀ ਨਹੀਂ

ਐਨਡੀਆਰਐਫ ਦੇ ਇੱਕ ਹੋਰ ਮੈਂਬਰ ਕ੍ਰਿਪਾਲ ਸਿੰਘ ਨੇ ਵੀ ਕੇਰਲ ਵਿੱਚ ਹੜ੍ਹ ਅਤੇ ਬਚਾਅ ਕਾਰਜਾਂ ਨੂੰ ਲੈ ਕੇ ਬੀਬੀਸੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਕਿਹਾ, ''ਕੁਦਰਤੀ ਤ੍ਰਾਸਦੀ ਨਾਲ ਜੁੜੀਆਂ ਜ਼ਿਆਦਾਤਰ ਭਵਿੱਖਵਾਣੀਆਂ ਗ਼ਲਤ ਸਾਬਿਤ ਹੁੰਦੀਆਂ ਹਨ। ਅਸੀਂ ਸਾਰੇ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਹੁੰਦੇ ਹਾਂ। ਇਹੀ ਸਾਡਾ ਮੰਤਰ ਵੀ ਹੈ। ਕਈਆਂ ਥਾਵਾਂ 'ਤੇ ਤਾਂ ਤਤਕਾਲ ਰਾਹਤ ਪਹੁੰਚਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਸਾਡੇ ਕੰਮ ਨਾਲ ਲੋਕਾਂ ਵਿੱਚ ਉਮੀਦ ਜਾਗੀ ਹੈ। ਲੋਕਾਂ ਨੇ ਵੀ ਸਾਡੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।''

ਕੇਰਲ ਵਿੱਚ ਮੀਂਹ ਅਜੇ ਦੋ ਦਿਨ ਤੱਕ ਜਾਰੀ ਰਹਿ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)