ਪਾਕਿਸਤਾਨ ਸਰਹੱਦ ਪਾਰ ਕਰਨ 'ਤੇ ਸਜ਼ਾ 2 ਮਹੀਨੇ ਪਰ ਵਾਪਸ ਆਉਣ ਨੂੰ ਲੱਗੇ 32 ਸਾਲ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਅਣਜਾਣੇ 'ਚ ਸਰਹੱਦ ਟੱਪਣ 'ਤੇ 2 ਮਹੀਨਿਆਂ ਦੀ ਸਜ਼ਾ ਹੋਣ ਦੇ ਬਾਵਜੂਦ ਗਜਾਨੰਦ ਸ਼ਰਮਾ ਨੂੰ ਭਾਰਤ ਵਾਪਸ ਆਉਣ 'ਚ 3 ਦਹਾਕੇ ਲੱਗ ਗਏ।

ਰਾਜਸਥਾਨ ਨਾਲ ਲਗਦੀ ਪਾਕਿਸਤਾਨ ਸਰਹੱਦ ਅੰਦਰ ਗ਼ਲਤੀ ਨਾਲ ਦਾਖ਼ਲ ਹੋਏ ਗਜਾਨੰਦ ਸ਼ਰਮਾ ਵਾਹਗਾ ਸਰਹੱਦ ਰਾਹੀਂ 32 ਸਾਲਾਂ ਬਾਅਦ ਆਪਣੇ ਮੁਲਕ ਪਰਤੇ ਹਨ।

ਉਨ੍ਹਾਂ ਨੂੰ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਕਰਕੇ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਰੱਖਿਆ ਗਿਆ ਸੀ।

ਸਦਭਾਵਨਾ ਦੇ ਤਹਿਤ ਸੁਤੰਤਰਤਾ ਦਿਵਸ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ 29 ਹੋਰ ਕੈਦੀਆਂ ਵਿੱਚੋਂ ਗਜਾਨੰਦ ਇੱਕ ਦਾ ਹੱਥ ਫੜੀ ਆਏ।

ਪਾਕਿਸਤਾਨੀ ਸਲਵਾਰ-ਕੁਰਤਾ ਪਹਿਨੇ ਗਜਾਨੰਦ ਥੋੜ੍ਹਾ ਜਿਹੇ ਪ੍ਰੇਸ਼ਾਨ ਲੱਗ ਰਹੇ ਸਨ।

ਇਹ ਵੀ ਪੜ੍ਹੋ:

ਬਾਅਦ ਵਿੱਚ ਇੱਕ ਬੀਐਸਐਫ ਦੇ ਜਵਾਨ ਨੇ ਉਨ੍ਹਾਂ ਦਾ ਹੱਥ ਫੜ ਕੇ ਤੁਰਨ ਵਿੱਚ ਮਦਦ ਕੀਤੀ ਅਤੇ ਉਹ ਮੁਸ਼ਕਿਲ ਨਾਲ ਬੋਲ ਰਹੇ ਸਨ।

ਉਨ੍ਹਾਂ ਨੂੰ ਛੇਤੀ ਹੀ ਮੈਡੀਕਲ ਮਦਦ ਦਿੱਤੀ ਜਾਵੇਗੀ।

ਪਰਿਵਾਰ ਦਾ ਇੰਤਜ਼ਾਰ

ਗਜਾਨੰਦ ਬਾਰੇ ਇਸ ਸਾਲ ਪਰਿਵਾਰ ਨੂੰ ਪਤਾ ਲੱਗਾ ਅਤੇ ਉਨ੍ਹਾਂ ਨੇ ਇਹ ਮੁੱਦਾ ਸਥਾਨਕ ਸਿਆਸਤਦਾਨ ਅਤੇ ਵਿਦੇਸ਼ ਮੰਤਰਾਲੇ ਕੋਲ ਚੁੱਕਿਆ।

ਪਾਕਿਸਤਾਨ ਨੇ ਵੀ ਕੋਟ ਲਖਪਤ ਜੇਲ੍ਹ ਵਿੱਚ ਉਨ੍ਹਾਂ ਦੀ ਮੌਜੂਦਗੀ ਨੂੰ ਸਵੀਕਾਰਿਆ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਲਿਆ।

ਗਜਾਨੰਦ ਦੇ ਪੁੱਤਰ ਮੁਕੇਸ਼ ਨੇ ਫੋਨ 'ਤੇ ਦੱਸਿਆ ਕਿ ਗਜਾਨੰਦ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹਨ।

ਉਨ੍ਹਾਂ ਨੇ ਪਛਤਾਵਾ ਜ਼ਾਹਿਰ ਕੀਤਾ ਕਿ ਜੇਕਰ ਪਹਿਲਾਂ ਕਾਉਂਸਲਰ ਦੀ ਪਹੁੰਚ ਪ੍ਰਦਾਨ ਕੀਤੀ ਹੁੰਦੀ ਤਾਂ ਉਹ 30 ਸਾਲ ਪਹਿਲਾਂ ਜੇਲ੍ਹ 'ਤੋਂ ਰਿਹਾਅ ਹੋ ਜਾਂਦੇ।

ਹਾਲਾਂਕਿ ਦੁਵੱਲੇ ਸਮਝੌਤੇ ਦੇ ਤਹਿਤ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ ਸਮੇਂ-ਸਮੇਂ 'ਤੇ ਆਪਣੀ ਸਜ਼ਾ ਭੁਗਤ ਚੁੱਕੇ ਕੈਦੀਆਂ ਅਤੇ ਮਛੇਰਿਆਂ ਨੂੰ ਰਿਹਾਅ ਕੀਤਾ ਜਾਂਦਾ ਹੈ ਪਰ ਗਜਾਨੰਦ ਵਰਗੇ ਕੇਸ ਵਿੱਚ ਜਿਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਜਾਂ ਜੋ ਬੋਲ ਨਹੀਂ ਸਕਦੇ ਤਾਂ ਉਨ੍ਹਾਂ ਨੂੰ ਵਾਪਸ ਆਉਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)