ਕੀ ਕਾਰਨ ਹੈ ਕਿ ਭਾਰਤੀ ਰੁਪੱਈਆ ਡਿੱਗ ਰਿਹਾ ਹੈ

    • ਲੇਖਕ, ਪੂਜਾ ਅੱਗਰਵਾਲ
    • ਰੋਲ, ਬੀਬੀਸੀ ਪੱਤਰਕਾਰ, ਮੁੰਬਈ

ਭਾਰਤੀ ਰੁਪੱਈਆ ਸੋਮਵਾਰ ਨੂੰ ਇੱਕ ਡਾਲਰ ਦੇ ਮੁਕਾਬਲੇ 69.93 'ਤੇ ਅੱਜ ਤੱਕ ਦੀ ਸਭ ਤੋਂ ਹੇਠਲੀ ਦਰ 'ਤੇ ਜਾ ਡਿੱਗਿਆ।

ਇਸ ਗਿਰਾਵਟ ਦਾ ਇੱਕ ਮੁੱਖ ਕਾਰਣ ਤੁਰਕੀ ਦੀ ਕਰੰਸੀ ਲੀਰਾ 'ਤੇ ਆਈ ਮੁਸੀਬਤ ਹੈ। ਲੀਰਾ ਦੇ ਇਸ ਹਾਲ ਪਿੱਛੇ ਵੱਡੇ ਕਾਰਨ ਹਨ ਤੁਰਕੀ ਦੀਆਂ ਕੰਪਨੀਆਂ ਦੀ ਕਰਜ਼ਾ ਵਾਪਸ ਕਰਨ 'ਚ ਅਸਮਰੱਥਾ, ਤੁਰਕੀ ਦੇ ਅਮਰੀਕਾ ਨਾਲ ਵਿਗੜਦੇ ਸੰਬੰਧ ਅਤੇ ਅਮਰੀਕਾ ਵੱਲੋਂ ਤੁਰਕੀ ਦੇ ਸਟੀਲ ਅਤੇ ਐਲੂਮੀਨੀਅਮ ਉੱਤੇ ਵਧਾਏ ਟੈਰਿਫ ।

ਇਸਦਾ ਅਸਰ ਇਹ ਹੈ ਕਿ ਹੁਣ ਨਿਵੇਸ਼ਕ ਭਾਰਤ ਵਰਗੀਆਂ ਉਭਰਦੀਆਂ ਅਰਥ ਵਿਵਸਥਾਵਾਂ ਦੀ ਕਰੰਸੀ ਦੀ ਬਜਾਏ ਅਮਰੀਕੀ ਡਾਲਰ ਵਰਗੀ ਸੁਰੱਖਿਅਤ ਕਰੰਸੀ 'ਚ ਪੈਸਾ ਲਾ ਰਹੇ ਹਨ।

ਇਹ ਵੀ ਪੜ੍ਹੋ꞉

ਯੈੱਸ ਬੈਂਕ ਦੇ ਸੀਨੀਅਰ ਅਰਥ ਸ਼ਾਸਤਰੀ ਵਿਵੇਕ ਕੁਮਾਰ ਕਹਿੰਦੇ ਹਨ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ।

ਉਨ੍ਹਾਂ ਮੁਤਾਬਕ, "ਸਾਨੂੰ ਉਮੀਦ ਹੈ ਕਿ ਇਹ ਹਾਲਾਤ ਜ਼ਿਆਦਾ ਦੇਰ ਨਹੀਂ ਰਹਿਣਗੇ, ਪਰ ਜੇਕਰ ਇਹ ਰਹਿੰਦੇ ਹਨ ਤਾਂ ਭਾਰਤੀ ਰਿਜ਼ਰਵ ਬੈਂਕ ਕੋਲ ਕਰੰਸੀ ਦੀ ਮੂਵਮੈਂਟ ਨੂੰ ਸੁਧਾਰਾਂ ਲਈ ਕਈ ਤਰੀਕੇ ਹਨ।ਰਿਜ਼ਰਵ ਬੈਂਕ ਸਮੇਂ ਸਮੇਂ 'ਤੇ ਵਿਆਜ ਦਰ ਵਧਾਉਂਦਾ ਰਿਹਾ ਹੈ ਅਤੇ ਖਜ਼ਾਨੇ 'ਚੋਂ ਪੈਸਾ ਕੱਢਦਾ ਰਿਹਾ ਹੈ।"

ਤੁਰਕੀ ਦੀ ਕਰੰਸੀ ਦੀ ਕਮਜ਼ੋਰੀ ਨੇ ਸਮੱਸਿਆ ਨੂੰ ਵਧਾਇਆ ਹੈ ਪਰ ਰੁਪਈਆ ਕਾਫੀ ਦੇਰ ਤੋਂ ਕਮਜ਼ੋਰ ਚਲ ਰਿਹਾ ਹੈ । ਮੁੱਖ ਤੌਰ 'ਤੇ ਇਸਦੇ ਪਿੱਛੇ ਹੈ ਦੂਜੇ ਦੇਸ਼ਾਂ ਨਾਲ ਖਰੀਦ-ਫ਼ਰੋਖ਼ਤ ਵਿੱਚ ਵਧਦਾ ਪਾੜਾ ਹੈ । ਭਾਰਤ ਦਾ ਇਹ ਪਾੜਾ ਜੂਨ ਮਹੀਨੇ ਵਿੱਚ 16.6 ਅਰਬ ਡਾਲਰ ਪਹੁੰਚ ਗਿਆ ਸੀ ਜੋ ਕਿ ਪੰਜ ਸਾਲ ਦੀ ਸਭ ਤੋਂ ਉੱਚੀ ਦਰ ਸੀ । ਇਸ ਦਾ ਇੱਕ ਕਾਰਣ ਹੈ ਕਿ ਅਮਰੀਕਾ ਦੀ ਅਰਥ ਵਿਵਸਥਾ ਵਿੱਚ ਆਈ ਤਾਕਤ ਨੇ ਡਾਲਰ ਨੂੰ ਹੋਰ ਵੀ ਤਾਕਤਵਰ ਕੀਤਾ ਹੈ ।

ਇੱਕ ਹੋਰ ਕਾਰਣ ਹੈ ਭਾਰਤ ਦਾ ਤੇਲ ਆਯਾਤ ਬਿੱਲ। ਭਾਰਤ ਆਪਣੀ ਜ਼ਰੂਰਤ ਦਾ 80 ਫ਼ੀਸਦ ਤੇਲ ਹੋਰ ਦੇਸ਼ਾਂ ਤੋਂ ਮੰਗਾਉਂਦਾ ਹੈ ਅਤੇ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦ (ਇੰਪੋਰਟ) ਕਰਨ ਵਾਲਾ ਦੇਸ ਹੈ।

ਇਹ ਵੀ ਪੜ੍ਹੋ꞉

ਜਦੋਂ ਅਮਰੀਕਾ ਨੇ ਈਰਾਨ ਉੱਤੇ ਪਾਬੰਦੀਆਂ ਲਾਈਆਂ ਤਾਂ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਵਧ ਗਈਆਂ ਅਤੇ ਉਪਲਬਧਤਾ ਦੇ ਸੰਕਟ ਦਾ ਖ਼ਦਸ਼ਾ ਵੀ ਪੈਦਾ ਹੋ ਗਿਆ। ਭਾਰਤ ਦਾ ਆਇਲ ਇੰਪੋਰਟ ਬਿੱਲ ਵੀ ਇਨ੍ਹਾਂ ਕਾਰਣਾਂ ਕਰਕੇ ਅਸਮਾਨ 'ਤੇ ਜਾ ਪੁੱਜਾ ।

ਸਵਾਲ ਇਹ ਹੈ ਕਿ, ਕਮਜ਼ੋਰ ਰੁਪੱਈਏ ਦਾ ਆਮ ਭਾਰਤੀ ਦੀ ਜ਼ਿੰਦਗੀ ਉੱਤੇ ਕੀ ਅਸਰ ਪੈਂਦਾ ਹੈ?

"ਰਵਾਇਤੀ ਤੌਰ 'ਤੇ ਤਾਂ ਕਮਜ਼ੋਰ ਰੁਪਈਏ ਨਾਲ ਮਹਿੰਗਾਈ ਵਧਦੀ ਹੈ ਅਤੇ ਦਰਾਮਦ ਮਹਿੰਗੀ ਹੋ ਜਾਂਦੀ ਹੈ । ਪਰ ਇਸ ਦਾ ਇੱਕ ਸਕਾਰਾਤਮਕ ਪੱਖ ਹੈ ਕਿ ਇਸ ਨਾਲ ਸਾਡੇ ਬਰਾਮਦੀ ਕਾਰੋਬਾਰ (ਐਕਸਪੋਰਟ) ਨੂੰ ਹੁੰਗਾਰਾ ਮਿਲੇਗਾ ।"

ਪਰ ਇਹ ਸਾਫ਼ ਹੈ ਕਿ ਕਮਜ਼ੋਰ ਰੁਪੱਈਆ ਦੇਸ਼ ਤੋਂ ਬਾਹਰ ਸਫ਼ਰ ਕਰਨ ਵਾਲੇ ਭਾਰਤੀਆਂ ਲਈ ਬੁਰੀ ਖ਼ਬਰ ਹੈ, ਖਾਸ ਤੌਰ 'ਤੇ ਉਨ੍ਹਾਂ ਲਈ ਜੋ ਅਮਰੀਕਾ ਜਾ ਰਹੇ ਹਨ ।

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)