ਟਰੰਪ ਦੇ ਇੱਕ ਟਵੀਟ ਨਾਲ ਇਸ ਮੁਲਕ 'ਚ ਵਧਿਆ ਆਰਥਿਕ ਸੰਕਟ - ਕੀ ਹੈ ਪੂਰਾ ਮਾਮਲਾ

ਤੁਰਕੀ ਦੀ ਕਰੰਸੀ ਲੀਰਾ ਦੀ ਕੀਮਤ ਡਿੱਗਣ ਤੋਂ ਬਾਅਦ ਦੇਸ ਦੇ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਉਹ ਆਰਥਕ ਹਾਲਤ ਵਿੱਚ ਸੁਧਾਰ ਲਈ ਜੋ ਵੀ ਕਦਮ ਜ਼ਰੂਰੀ ਹਨ, ਉਹ ਲਏ ਜਾਣਗੇ।

ਤੁਰਕੀ ਦੇ ਰਾਸ਼ਟਪਰਤੀ ਰੇਚੇਪ ਤੈਯਪ ਅਰਦੋਆਨ ਨੇ ਲੋਕਾਂ ਨੂੰ ਵਿਦੇਸ਼ੀ ਕਰੰਸੀ ਤੇ ਸੋਨੇ ਬਦਲੇ ਲੀਰਾ ਲੈਣ ਦੀ ਅਪੀਲ ਕੀਤੀ।

ਹੁਣ ਤੱਕ ਇਸ ਸਾਲ ਵਿੱਚ ਲੀਰਾ ਕਰੰਸੀ ਦੀ ਕੀਮਤ 40 ਫੀਸਦ ਡਿੱਗੀ ਹੈ। ਪਿਛਲੇ ਇੱਕ ਹਫਤੇ ਵਿੱਚ ਹੀ ਲੀਰਾ ਵਿੱਚ 16 ਫੀਸਦ ਗਿਰਾਵਟ ਆਈ।

ਪੰਜ ਸਾਲ ਪਹਿਲਾਂ ਦੋ ਲੀਰਾ ਦੇ ਬਦਲੇ ਇੱਕ ਅਮਰੀਕੀ ਡਾਲਰ ਖਰੀਦਿਆ ਜਾ ਸਕਦਾ ਸੀ, ਪਰ ਹੁਣ ਇੱਕ ਡਾਲਰ ਲਈ 6.50 ਲੀਰਾ ਦੇਣੇ ਪੈ ਰਹੇ ਹਨ।

ਨਿਵੇਸ਼ਕਾਂ ਨੂੰ ਚਿੰਤਾ ਹੈ ਕਿ ਤੁਰਕੀ ਨੇ ਉਸਾਰੀ ਸਨਅਤ ਤੋਂ ਲਈ ਜੋ ਯੂਰੋ ਤੇ ਡਾਲਰਾਂ ਵਿੱਚ ਉਧਾਰ ਲਿਆ ਸੀ, ਉਸਨੂੰ ਚੁਕਾਉਣਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਕਮਜ਼ੋਰ ਲੀਰਾ ਦਾ ਮਤਲਬ ਹੈ ਕਿ ਹੁਣ ਵੱਧ ਕਰੰਸੀ ਦੇਣੀ ਪਵੇਗੀ।

ਇਹ ਵੀ ਪੜ੍ਹੋ:

ਟਰੰਪ ਦਾ ਉਹ ਟਵੀਟ

ਲੀਰਾ ਵਿੱਚ ਹੋਰ ਗਿਰਾਵਟ ਦਰਜ ਹੋਈ ਜਦ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਤੁਰਕੀ ਦੇ ਸਟੀਲ ਤੇ ਅਲੁਮੀਨੀਅਮ 'ਤੇ ਟੈਰਿਫ ਦੁੱਗਣੇ ਕਰ ਦਿੱਤੇ।

ਟਰੰਪ ਨੇ ਟਵੀਟ ਕਰਕੇ ਕਿਹਾ, ''ਤੁਰਕੀ ਦੀ ਕਰੰਸੀ ਸਾਡੇ ਬੇਹੱਦ ਮਜ਼ਬੂਤ ਡਾਲਰ ਤੋਂ ਬਹੁਤ ਕਮਜ਼ੋਰ ਹੈ। ਅਲੁਮੀਨੀਅਮ 'ਤੇ ਟੈਰਿਫ 20% ਅਤੇ ਸਟੀਲ ਉੱਤੇ 50% ਹੋਵੇਗਾ। ਇਸ ਵੇਲੇ ਤੁਰਕੀ ਅਤੇ ਅਮਰੀਕਾ ਦੇ ਰਿਸ਼ਤੇ ਚੰਗੇ ਨਹੀਂ ਹਨ।''

ਤੁਰਕੀ ਦੇ ਰਾਸ਼ਟਰਪਤੀ ਨੇ ਇਸਨੂੰ ਇੱਕ ਸਾਜ਼ਿਸ਼ ਦੱਸਿਆ ਤੇ ਕਿਹਾ ਕਿ ਤੁਰਕੀ ਵੀ ਚੁੱਪ ਨਹੀਂ ਬੈਠੇਗਾ।

ਉਨ੍ਹਾਂ ਕਿਹਾ, ''ਅਮਰੀਕਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਜਿਹਾ ਕਦਮ ਸਾਡੇ ਉਨ੍ਹਾਂ ਨਾਲ ਰਿਸ਼ਤੇ ਖਰਾਬ ਕਰੇਗਾ।''

ਕਿਉਂ ਲੜ ਰਹੇ ਅਮਰੀਕਾ ਤੇ ਤੁਰਕੀ?

ਅਮਰੀਕਾ ਅਤੇ ਤੁਰਕੀ ਦੇ ਇੱਕ ਦੂਜੇ ਤੋਂ ਨਾਰਾਜ਼ ਹੋਣ ਦੇ ਕਾਫੀ ਕਾਰਨ ਹਨ। ਪਰ ਮੁੱਖ ਵਜ੍ਹਾ ਹੈ ਅਮਰੀਕੀ ਪਾਦਰੀ ਐਂਡ੍ਰਿਊ ਬਰੈਨਸਨ ਦਾ ਤੁਰਕੀ ਦੀ ਹਿਰਾਸਤ ਵਿੱਚ ਹੋਣਾ।

ਤੁਰਕੀ ਨੇ ਬਰੈਨਸਨ ਨੂੰ ਪਿਛਲੇ ਦੋ ਸਾਲਾਂ ਤੋਂ ਹਿਰਾਸਤ ਵਿੱਚ ਲਿਆ ਹੋਇਆ ਹੈ।

ਕੁਝ ਸਮਾਂ ਪਹਿਲਾਂ ਟਰੰਪ ਨੇ ਬਰੈਨਸਨ ਨੂੰ ਨਾ ਛੱਡਣ 'ਤੇ ਆਰਥਕ ਪ੍ਰਤਿਬੰਧ ਲਾਉਣ ਦੀ ਧਮਕੀ ਦਿੱਤੀ ਸੀ ਜੋ ਉਨ੍ਹਾਂ ਨੇ ਕੀਤਾ ਵੀ।

ਇਹ ਵੀ ਪੜ੍ਹੋ:

ਬਰੈਨਸਨ ਤੁਰਕੀ ਵਿੱਚ ਇਜ਼ਮਿਰ ਦੇ ਇੱਕ ਗਿਰਜਾਘਰ ਦੇ ਪਾਦਰੀ ਹਨ। ਤੁਰਕੀ ਸ਼ਾਸਨ ਦਾ ਆਰੋਪ ਹੈ ਕਿ ਬਰੈਨਸਨ ਦੇ ਗੈਰ ਕਾਨੂੰਨੀ ਕੁਰਦਿਸਤਾਨ ਵਰਕਰਜ਼ ਪਾਰਟੀ ਤੇ ਗੁਲੇਨ ਅੰਦੋਲਨ ਨਾਲ ਸਬੰਧ ਹਨ।

ਗੁਲੇਨ ਅੰਦੋਲਨ ਨੂੰ 2016 ਦੇ ਨਾਕਾਮ ਰਹੇ ਤਖਤਾਪਲਟ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਨਿਊ ਯੌਰਕ ਟਾਈਮਜ਼ ਦੇ ਅਨੁਸਾਰ ਦੋ ਸਾਲ ਪਹਿਲਾਂ ਨਾਕਾਮ ਰਹੇ ਤਖਤਾਪਲਟ ਤੋਂ ਬਾਅਦ ਬਰੈਨਸਨ ਸਣੇ 20 ਅਮਰੀਕੀਆਂ 'ਤੇ ਮਾਮਲਾ ਚਲਾਇਆ ਗਿਆ ਸੀ।

ਇਸ ਵਿੱਚ ਤੁਰਕੀ ਦੇ ਰਾਸ਼ਟਰਪਤੀ ਨੇ ਪੈਨਸਿਲਵੇਨੀਆ ਸਥਿਤ ਮੁਸਲਮਾਨ ਨੇਤਾ ਫੇਤੁੱਲਾਹ ਗੁਲੇਨ 'ਤੇ ਇਸਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ, ਪਰ ਗੁਲੇਨ ਨੇ ਇਸ ਤੋਂ ਇਨਕਾਰ ਕੀਤਾ।

ਤੁਰਕੀ ਸੰਕੇਤ ਦੇ ਚੁਕਿਆ ਹੈ ਕਿ ਜੇ ਅਮਰੀਕਾ ਗੁਲੇਨ ਨੂੰ ਸੌਂਪ ਦਿੰਦਾ ਹੈ ਤਾਂ ਉਹ ਉਸਦੇ ਬਦਲੇ ਪਾਦਰੀ ਨੂੰ ਛੱਡ ਸਕਦੇ ਹਨ।

ਕੀ ਇਸ ਗਿਰਾਵਟ ਨੂੰ ਰੋਕਿਆ ਜਾ ਸਕਦਾ ਹੈ?

ਜੇ ਸਹੀ ਪਾਲਿਸੀ ਲਾਗੂ ਹੋਵੇ ਤਾਂ ਇਸ ਗਿਰਾਵਟ ਨੂੰ ਰੋਕਿਆ ਜਾ ਸਕਦਾ ਹੈ। ਅਰਦੋਆਨ ਮੁਤਾਬਕ ਕਰਜ਼ੇ ਦੀ ਦਰ ਨੂੰ ਘਟਾਇਆ ਜਾਏ ਤਾਂ ਜੋ ਕਰੈਡਿਟ ਵਿੱਚ ਵਾਧਾ ਹੋਵੇ।

ਪਰ ਇਸ ਨਾਲ ਵਿਆਜ ਦਰਾਂ ਵੀ ਵਧ ਸਕਦੀਆਂ ਹਨ, ਹਾਲਾਂਕਿ ਅਰਦੋਆਨ ਨੇ ਕੇਂਦਰੀ ਬੈਂਕ ਨੂੰ ਇਸ ਤੋਂ ਮਨਾ ਕੀਤਾ ਹੈ।

ਜਿੱਥੇ ਤੁਰਕੀ ਦਿਨ ਬ ਦਿਨ ਆਰਥਕ ਸੰਕਟ ਵਿੱਚ ਜਾ ਰਿਹਾ ਹੈਸ ਉੱਥੇ ਲੀਰਾ ਦੇ ਡਿੱਗਣ ਨਾਲ ਇਸ ਦੇਸ ਦੇ ਟੂਰੀਜ਼ਮ ਵਿਭਾਗ ਨੂੰ ਬਹੁਤ ਫਾਇਦਾ ਮਿਲ ਰਿਹਾ ਹੈ। ਟ੍ਰੈਵਲ ਏਜੰਟਾਂ ਮੁਤਾਬਕ ਬੁਕਿੰਗਜ਼ ਵਿੱਚ ਵਾਧਾ ਹੋਇਆ ਹੈ ਕਿਉਂਕਿ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੁਰਕੀ ਵਿੱਚ ਘੁੰਮਣਾ ਸਸਤਾ ਰਹੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)