You’re viewing a text-only version of this website that uses less data. View the main version of the website including all images and videos.
ਰੈਫਰੈਂਡਮ-2020 : 'ਕੀ ਆਜ਼ਾਦੀ ਲੋਕਾਂ ਦਾ ਜੀਵਨ ਪੱਧਰ ਸੁਧਾਰੇਗੀ' - ਸੋਸ਼ਲ
ਸਿੱਖਸ ਫਾਰ ਜਸਟਿਸ ਵੱਲੋਂ ਲੰਡਨ ਦੇ ਟ੍ਰੇਫਲਗਰ ਸੁਕੇਅਰ ਵਿੱਚ 'ਰੈਫਰੈਂਡਮ-2020' ਦੇ ਹੱਕ 'ਚ ਹੋਏ ਇਕੱਠ ਬਾਰੇ ਹਰ ਪਾਸੇ ਚਰਚਾ ਹੈ। ਇੱਥੇ ਖ਼ਾਲਿਸਤਾਨ ਦੇ ਨਾਅਰਿਆਂ ਵਿੱਚਕਾਰ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਤੱਕ ਲੈ ਕੇ ਜਾਣ ਦਾ ਐਲਾਨ ਕੀਤਾ ਗਿਆ।
ਇਸ ਸਬੰਧ ਵਿੱਚ ਸੋਸ਼ਲ ਮੀਡੀਆ 'ਤੇ ਵੱਖ-ਵੱਖ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ। ਇਸ ਦੇ ਹੱਕ ਅਤੇ ਵਿਰੋਧ ਵਿੱਚ ਲੋਕ ਆਪਣੀ ਰਾਇ ਜ਼ਾਹਿਰ ਕਰ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਲੰਡਨ ਵਿੱਚ ਇਸ ਰੈਲੀ ਨੂੰ ਹੁੰਗਾਰਾ ਨਹੀਂ ਮਿਲਿਆ।
ਉਨ੍ਹਾਂ ਕਿਹਾ, ''ਇਹ ਸਿੱਧ ਹੋ ਗਿਆ ਕਿ ਭਾਰਤ ਤੋਂ ਬਾਹਰ ਵੀ ਰਾਏਸ਼ੁਮਾਰੀ-2020 ਦੇ ਸਬੰਧ ਵਿੱਚ ਇਸ ਨੂੰ ਕੋਈ ਸਮਰਥਨ ਹਾਸਲ ਨਹੀਂ ਹੋਇਆ ਹੈ। ਢੋਂਗੀ ਜਥੇਬੰਦੀ ਵੱਲੋਂ ਭਾਰਤ ਖਾਸਕਰ ਪੰਜਾਬ ਵਿੱਚ ਗੜਬੜ ਪੈਦਾ ਕਰਨ ਦੇ ਮੰਤਵ ਵਾਲੀ ਕਾਰਵਾਈ ਸੀ।''
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਿੱਖਜ਼ ਫਾਰ ਜਸਟਿਸ ਫੁੱਟ ਪਾਊ ਤੱਤਾਂ ਦਾ ਗਰੁੱਪ ਹੈ ਅਤੇ ਇਹ ਤੱਤ ਭਾਰਤ ਨੂੰ ਵੰਡਣ ਲਈ ਪਾਕਿਸਤਾਨ ਦੀ ਏਜੰਸੀ ਆਈਐੱਸਆਈ ਦੇ ਹੱਥਾਂ ਵਿੱਚ ਖੇਡ ਰਹੇ ਹਨ ਅਤੇ ਨਾਪਾਕ ਇਰਾਦੇ ਵਾਲਿਆਂ ਨੂੰ ਮੁੰਹ ਦੀ ਖਾਣੀ ਪਈ ਹੈ।
ਇਹ ਵੀ ਪੜ੍ਹੋ:
ਇਸ 'ਐਲਾਨਾਮੇ' ਅਤੇ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਬਹਿਸ ਛਿੜੀ ਹੈ। ਬੀਬੀਸੀ ਪੰਜਾਬੀ ਨੇ ਲੋਕਾਂ ਤੋਂ ਇਸ ਮੁੱਦੇ 'ਤੇ ਰਾਇ ਮੰਗੀ।
ਸਿੰਘ ਹਰਵਿੰਦਰ ਸਿੰਘ ਨੇ ਲਿਖਿਆ, ''ਫੁੱਲ ਸਪੋਰਟ ਹੈ, ਜੇਕਰ ਉਹ ਇੱਕ ਜਵਾਬ ਦੇ ਦੇਣ ਕਿ ਉਹ ਪੰਜਾਬ ਦੀ ਬੇਰੁਜ਼ਗਾਰੀ ਦੀ ਸਮੱਸਿਆ ਕਿਵੇਂ ਹੱਲ ਕਰਨਗੇ। ਕੀ ਆਜ਼ਾਦੀ ਲੋਕਾਂ ਦਾ ਜੀਵਨ ਪੱਧਰ ਸੁਧਾਰੇਗੀ''
ਵਿਕਰਮ ਸੂਦ ਨਾਂ ਦੇ ਯੂਜ਼ਰ ਨੇ ਵੀ ਇਹੀ ਗੱਲ ਆਖੀ ਕਿ ਇਨ੍ਹਾਂ ਲੋਕਾਂ ਨੂੰ ਭਾਰਤ ਆਕੇ ਇਹ ਮੰਗ ਕਰਨੀ ਚਾਹੀਦੀ ਹੈ।
ਗੌਰਵ ਆਰਿਆ ਨਾਂ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ, ''ਲਗਜ਼ਰੀ ਗੱਡੀਆਂ, ਵੱਡੇ ਘਰਾਂ ਤੇ ਵਿਦੇਸ਼ੀ ਨਿਵੇਸ਼ਕ ਖੁਦ ਨੂੰ ਦੱਬਿਆ ਹੋਇਆ ਦੱਸ ਰਹੇ ਹਨ। ਬੇਚਾਰਾਪਨ ਕਦੇ ਆਦਤ ਹੁੰਦੀ ਹੈ ਤੇ ਕਦੇ ਕਾਰੋਬਾਰ।''
ਜਿੱਥੇ ਲੋਕ ਇਸ ਦੇ ਖਿਲਾਫ ਬੋਲਦੇ ਨਜ਼ਰ ਆਏ, ਵਧੇਰੇ ਲੋਕਾਂ ਵੱਲੋਂ ਹਮਾਇਤ ਵੀ ਦੇਖਣ ਨੂੰ ਮਿਲੀ।
ਜਸਪ੍ਰੀਤ ਸਿੰਘ ਨੇ ਲਿਖਿਆ, ''ਅੱਜ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਡਿੱਗ ਪਏ, ਸਾਡਾ ਵੀ ਆਪਣਾ ਦੇਸ ਆਪਣਾ ਘਰ ਬਣੇਗਾ।''
ਜਾਣੇ-ਪਛਾਣੇ ਪੱਤਰਕਾਰ ਪ੍ਰੀਤਿਸ਼ ਨੰਦੀ ਨੇ ਵੀ ਟਵੀਟ ਕਰ ਕੇ ਲਿਖਿਆ, ਸਿੱਖ ਇੱਕ ਖੂਬਸੁਰਤ ਕੌਮ ਹੈ। ਸਾਨੂੰ ਉਨ੍ਹਾਂ ਦੇ ਦਿਲ ਜਿੱਤਣ ਦੀ ਲੋੜ ਹੈ। ਇਸਲਈ ਪਹਿਲਾਂ ਉਨ੍ਹਾਂ ਨੂੰ ਇਨਸਾਫ ਦੁਆਉਣਾ ਪਵੇਗਾ ਤੇ ਫੇਰ ਉਹ ਵੱਖਰੇ ਦੇਸ ਦੀ ਮੰਗ ਛੱਡਕੇ ਸਾਡੇ ਨਾਲ ਹੋਣਗੇ।''
ਰੈਫਰੈਂਡਮ 2020 ਬਾਰੇ 5 ਖ਼ਾਸ ਗੱਲਾਂ:-
- ਇਹ ਇੱਕਠ ਸਿੱਖਸ ਫਾਰ ਜਸਟਿਸ ਵੱਲੋਂ ਕੀਤਾ ਗਿਆ ਸੀ।
- ਇਸ ਵਿੱਚ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਸਾਰੇ ਮਤੇ ਪੜ੍ਹੇ।
- ਕੁਝ ਬੁਲਾਰਿਆਂ ਨੇ ਪੰਜਾਬ ਬਾਰੇ ਗੱਲ ਕੀਤੀ, ਪਰ ਜ਼ਿਆਦਾਤਰ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਪੰਜਾਬ ਬਾਰੇ ਵਿਚਾਰ ਰੱਖੇ।
- ਪੰਜਾਬ ਦੀਆਂ ਸਿਅਸੀ ਪਾਰਟੀਆਂ ਨੇ ਰੈਫਰੈਂਡਮ 2020 ਦੀ ਖ਼ਿਲਾਫ਼ਤ ਕੀਤੀ।
- ਬੁਲਾਰਿਆਂ ਵਿੱਚ ਕੋਈ ਵੀ ਮਹਿਲਾ ਸ਼ਾਮਲ ਨਹੀਂ ਸੀ।