ਨਸ਼ੇੜੀਆਂ ਦੇ ਆਧਾਰ ਕਾਰਡ ਕਿਉਂ ਮੰਗ ਰਹੀ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ

ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਨਸ਼ੇ ਕਰਨ ਵਾਲਿਆਂ ਦੇ ਆਧਾਰ ਕਾਰਡ ਦੀ ਜਾਣਕਾਰੀ ਅਤੇ ਉਂਗਲੀਆਂ ਦੇ ਨਿਸ਼ਾਨ ਲਏ ਜਾਣਗੇ ਅਤੇ ਇਹ ਜਾਣਕਾਰੀ ਆਊਟਪੇਸ਼ੈਂਟ ਓਪੀਓਡ-ਅਸਿਸਟਿਡ ਟ੍ਰੀਟਮੈਂਟ (OOAT) ਕੇਂਦਰਾਂ ਦੇ ਨਾਲ-ਨਾਲ ਹੋਰ ਨਸ਼ਾ ਛੁਡਾਊ ਕੇਂਦਰਾਂ ਨਾਲ ਜੋੜੀ ਜਾਵੇਗੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਸ ਸਬੰਧੀ ਟਵੀਟ ਵੀ ਕੀਤਾ।

ਉਨ੍ਹਾਂ ਲਿਖਿਆ, ''ਕੈਪਟਨ ਅਮਰਿੰਦਰ ਸਿੰਘ ਨੇ OOAT ਕੇਂਦਰਾਂ ਅਤੇ ਹੋਰ ਨਸ਼ਾ ਛੁਡਾਊ ਕੇਂਦਰਾਂ ਨੂੰ ਆਧਾਰ ਨਾਲ ਜੋੜਨ ਦੇ ਹੁਕਮ ਦਿੱਤੇ ਹਨ ਤਾਂ ਜੋ ਰਜਿਸਟ੍ਰੇਸ਼ਨ ਦੀ ਨਕਲ ਨਾ ਹੋ ਸਕੇ।''

ਰਵੀਨ ਠੁਕਰਾਲ ਦੇ ਟਵੀਟ ਮੁਤਾਬਕ ਸਰਕਾਰ ਵੱਲੋਂ ਚੱਲਦੇ ਇਨ੍ਹਾਂ ਕੇਂਦਰਾਂ ਵਿੱਚ 200 ਰੁਪਏ ਦੀ ਦਾਖਲਾ ਫ਼ੀਸ ਵੀ ਹੁਣ ਨਹੀਂ ਹੋਵੇਗੀ।

ਇਹ ਵੀ ਪੜ੍ਹੋ:

ਇੱਕ ਵਾਰ ਜਦੋਂ ਮਰੀਜ਼ ਨਸ਼ਾ ਛੁਡਾਊ ਕੇਂਦਰਾਂ 'ਚ ਆਪਣਾ ਦਾਖਲਾ ਕਰਵਾਉਣਗੇ ਅਤੇ ਉਨ੍ਹਾਂ ਦੇ ਆਧਾਰ ਨਾਲ ਜੁੜੀ ਜਾਣਕਾਰੀ ਲਈ ਜਾਵੇਗੀ ਤਾਂ ਇੱਕ ਯੂਨੀਕ ਕੋਡ ਸੈਂਟਰ ਵੱਲੋਂ ਜਾਰੀ ਹੋਵੇਗਾ। ਇਸ ਯੂਨੀਕ ਕੋਡ ਦੀ ਵਰਤੋਂ ਮਰੀਜ਼ ਵੱਲੋਂ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਵਿੱਚ ਕੀਤੀ ਜਾ ਸਕੇਗੀ।

ਸਿਵਲ ਹਸਪਤਾਲ, ਕਪੂਰਥਲਾ ਦੇ ਮਨੋਰੋਗ ਮਾਹਿਰ ਡਾ. ਸੰਦੀਪ ਭੋਲਾ ਕਹਿੰਦੇ ਹਨ, ''ਆਧਾਰ ਨੂੰ ਲਿੰਕ ਕਰਨ ਦਾ ਮਕਸਦ ਹੈ ਕਿ ਮਰੀਜ਼ ਆਪਣੀ ਅਨਰੋਲਮੈਂਟ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਉੱਤੇ ਨਾ ਕਰਵਾ ਸਕਣ। ਇਸ ਨਾਲ ਅਨਰੋਲਮੈਂਟ ਦੀ ਨਕਲ ਨੂੰ ਨੱਥ ਪਵੇਗੀ।''

ਉਨ੍ਹਾਂ ਅੱਗੇ ਕਿਹਾ, ''ਸਰਕਾਰ ਨਸ਼ੇ ਦੇ ਆਦੀ ਲੋਕਾਂ ਨੂੰ ਮੁਫ਼ਤ ਦਵਾਈਆਂ ਦਿੰਦੀ ਹੈ ਜੇ ਉਹ ਰੋਜ਼ਾਨਾ ਦਵਾਈ ਲੈਣ ਆਉਂਦੇ ਹਨ। ਜੇ ਇਹ ਲੋਕ 10-15 ਕਿਲੋਮੀਟੀਰ ਦੀ ਦੂਰੀ ਉੱਤੇ ਆਪਣੀ ਅਨਰੋਲਮੈਂਟ ਦੋ ਜਾਂ ਉਸ ਤੋਂ ਵੱਧ ਨਸ਼ਾ ਛੁਡਾਊ ਕੇਂਦਰਾਂ ਵਿੱਚ ਕਰਵਾਉਂਦੇ ਹਨ ਤਾਂ ਉਨ੍ਹਾਂ ਵੱਲੋਂ ਦਵਾਈ ਲੈ ਲੈਣ ਅਤੇ ਇਸਨੂੰ ਬਾਜ਼ਾਰ ਵਿੱਚ ਵੇਚਣ ਦਾ ਖ਼ਦਸ਼ਾ ਹੈ।''

ਡਾ. ਭੋਲਾ ਕਹਿੰਦੇ ਹਨ, ''ਚਿੰਤਾ ਇਸ ਗੱਲ ਦੀ ਵੀ ਸੀ ਕਿ ਜਦੋਂ ਮਰੀਜ਼ ਆਪਣੀ ਅਨਰੋਲਮੈਂਟ ਵੱਖ-ਵੱਖ ਥਾਵਾਂ ਉੱਤੇ ਕਰਵਾਉਂਦੇ ਹਨ ਤਾਂ ਸਹੀ ਨਸ਼ੇ ਦੇ ਆਦੀ ਲੋਕਾਂ ਦੀ ਸਹੀ ਗਿਣਤੀ ਦਾ ਮੁਲਾਂਕਣ ਨਹੀਂ ਹੋ ਸਕੇਗਾ, ਪਰ ਆਧਾਰ ਨਾਲ ਇਨ੍ਹਾਂ ਦੀ ਅਨਰੋਲਮੈਂਟ ਦੇ ਲਿੰਕ ਹੋਣ ਨਾਲ ਮਰੀਜ਼ਾਂ ਦੀ ਸਹੀ ਗਿਣਤੀ ਦੀ ਤਸਵੀਰ ਜ਼ਰੂਰ ਸਾਫ਼ ਹੋਵੇਗੀ।''

ਇਸ ਗੱਲ ਦੀ ਵੀ ਚਿੰਤਾ ਜਤਾਈ ਜਾ ਰਹੀ ਹੈ ਕਿ ਨਸ਼ੇ ਦੇ ਆਦੀ ਲੋਕਾਂ ਦੀ ਜਾਣਕਾਰੀ ਆਧਾਰ ਨਾਲ ਜੁੜਨ ਨਾਲ ਮਰੀਜ਼ ਇਲਾਜ ਤੋਂ ਦੂਰ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਪਛਾਣ ਦੇ ਜਨਤਕ ਹੋਣ ਦਾ ਖ਼ਦਸ਼ਾ ਹੋਵੇਗਾ।

ਇਹ ਵੀ ਪੜ੍ਹੋ:

ਡਾ. ਸੰਦੀਪ ਭੋਲਾ ਨੇ ਮਰੀਜ਼ਾਂ ਦੀ ਨਿੱਜਤਾ ਬਾਰੇ ਕਿਹਾ, ''ਮਰੀਜ਼ਾਂ ਦੀ ਪਛਾਣ ਨਾਲ ਜੁੜੀ ਜਾਣਕਾਰੀ ਆਊਟਪੇਸ਼ੈਂਟ ਓਪੀਓਡ-ਅਸਿਸਟਿਡ ਟ੍ਰੀਟਮੈਂਟ (OOAT) ਕੇਂਦਰਾਂ ਜਾਂ ਨਸ਼ਾ ਛੁਡਾਊ ਕੇਂਦਰਾਂ ਦੇ ਡਾਟਾਬੇਸ ਵਿੱਚ ਹੀ ਰਹੇਗੀ। ਇਹ ਜਾਣਕਾਰੀ ਜ਼ਾਹਿਰ ਨਹੀਂ ਕੀਤੀ ਜਾਵੇਗੀ ਅਤੇ ਨਿੱਜਤਾ ਬਰਕਰਾਰ ਰੱਖੀ ਜਾਵੇਗੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)