ਕੰਮ-ਧੰਦਾ: ਨੌਕਰੀ ਖੁੱਸਣ ਜਾਂ ਬੇਰੁਜ਼ਗਾਰ ਹੋਣ ਦੀ ਸੂਰਤ 'ਚ EPF ਦਾ ਪੈਸਾ ਕੰਮ ਆਵੇਗਾ

ਜੇਕਰ ਤੁਸੀਂ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਹੋ ਤਾਂ ਅੱਜ ਕੱਲ ਦੇ ਕੰਪੀਟੀਸ਼ਨ ਦੇ ਦੌਰ ਵਿੱਚ ਹਮੇਸ਼ਾ ਨੌਕਰੀ ਖੁੱਸਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬੇਰੁਜ਼ਗਾਰੀ ਵਿੱਚ ਸਾਨੂੰ ਪੈਸੇ ਦੀ ਵੱਧ ਲੋੜ ਹੁੰਦੀ ਹੈ। ਇਸ ਹਾਲਤ ਵਿੱਚ ਪੀਐਫ਼ ਯਾਨਿ ਕਿ ਪ੍ਰਾਵੀਡੈਂਟ ਫੰਡ ਕਿਵੇਂ ਕਢਵਾਇਆ ਜਾ ਸਕਦਾ ਹੈ ਅਤੇ ਇਹ ਹੈ ਕੀ। ਅੱਜ ਅਸੀਂ ਕੰਮ-ਧੰਦਾ ਵਿੱਚ ਇਸ ਬਾਰੇ ਗੱਲ ਕਰਾਂਗੇ।

ਸਾਡੇ ਵਿੱਚੋਂ ਬਹੁਤੇ ਕਈ ਵਾਰ ਤਾਂ ਇੱਥੋਂ ਤੱਕ ਵੀ ਸੋਚ ਲੈਂਦੇ ਹਨ ਜਾਂ ਆਪਣੇ ਦੋਸਤਾਂ ਨਾਲ ਗੱਲ ਕਰ ਲੈਂਦੇ ਹਨ, ''ਯਾਰ ਮੈਂ ਸਭ ਕੁਝ ਛੱਡ ਦੇਣਾ ਚਾਹੁੰਦਾ ਹੈ ਤੇ ਆਪਣਾ ਹੀ ਕਾਰੋਬਾਰ ਜਾਂ ਸਟਾਰਟ-ਅੱਪ ਸ਼ੁਰੂ ਕਰਨਾ ਚਾਹੁੰਦਾ ਹਾਂ।''

ਹਾਲਾਂਕਿ ਸਾਡੇ ਵਿੱਚੋਂ ਬਹੁਤੇ ਅਚਾਨਕ ਸਭ ਕੁਝ ਛੱਡ ਨਹੀਂ ਸਕਦੇ ਅਤੇ ਸੁਰੱਖਿਅਤ ਭਵਿੱਖ ਬਾਰੇ ਸੋਚ ਕੇ ਜਾ ਨਹੀਂ ਸਕਦੇ।

ਇਹ ਵੀ ਪੜ੍ਹੋ:

ਪਰ ਹੁਣ ਨੌਕਰੀ ਛੱਡਣ ਜਾਂ ਹੱਥੋਂ ਚਲੇ ਜਾਣ ਅਤੇ ਬੇਰੁਜ਼ਗਾਰ ਹੋਣ ਦੀ ਹਾਲਤ 'ਚ ਅਕਾਊਂਟ ਐਕਟਿਵ ਰੱਖਦੇ ਹੋਏ ਈਪੀਐਫ਼ 'ਚੋਂ ਕੁਝ ਪੈਸਾ ਕਢਵਾਇਆ ਵੀ ਜਾ ਸਕਦਾ ਹੈ।

ਕੀ ਹੈ EPF?

ਐਂਪਲਾਈਜ਼ ਪ੍ਰਾਵੀਡੈਂਟ ਫੰਡ (EPF) ਦੇ ਜ਼ਰੀਏ ਕਰਮਚਾਰੀ ਪ੍ਰਾਵੀਡੈਂਟ ਫੰਡ ਤਹਿਤ ਆਪਣੇ ਭਵਿੱਖ ਲਈ ਪੈਸਾ ਸੁਰੱਖਿਅਤ ਰੱਖਦੇ ਹਨ, ਹਾਲ ਹੀ 'ਚ ਇਸ ਨਾਲ ਜੁੜੇ ਨਿਯਮਾਂ ਵਿੱਚ ਕੁਝ ਤਬਦੀਲੀਆਂ ਵੀ ਹੋਈਆਂ ਹਨ।

ਹੁਣ ਚੰਗੀ ਖ਼ਬਰ ਇਹ ਹੈ ਕਿ ਨੌਕਰੀ ਖੁਸਣ ਅਤੇ ਬੇਰੁਜ਼ਗਾਰ ਹੋਣ ਦੀ ਸੂਰਤ 'ਚ ਵੀ ਅਕਾਊਂਟ ਐਕਟਿਵ ਰੱਖਦਿਆਂ ਹੋਇਆਂ ਈਪੀਐਫ਼ 'ਚੋਂ ਕੁਝ ਪੈਸਾ ਕਢਵਾਇਆ ਜਾ ਸਕਦਾ ਹੈ

ਨਿਯਮਾਂ 'ਚ ਤਬਦੀਲੀ

ਕੁਝ ਸਾਲ ਪਹਿਲਾਂ ਈਪੀਐਫ਼ਓ ਨੇ ਨਿਯਮ ਬਣਾਇਆ ਸੀ ਕਿ ਇਸ ਫੰਡ 'ਚੋਂ ਕੁਝ ਪੈਸੇ ਬੱਚੇ ਦੇ ਵਿਆਹ, ਉੱਚ ਸਿੱਖਿਆ ਅਤੇ ਮਕਾਨ ਖਰੀਦਣ ਲਈ ਕਢਵਾਏ ਜਾ ਸਕਦੇ ਹਨ।

ਹੁਣ ਈਪੀਐਫ਼ਓ ਦੇ ਨਵੇਂ ਨਿਯਮ ਮੁਤਾਬਕ ਨੌਕਰੀ ਛੱਡਣ ਦੇ ਇੱਕ ਮਹੀਨੇ ਬਾਅਦ ਹੀ ਮੈਂਬਰ 75 ਫੀਸਦੀ ਪੈਸਾ ਕਢਵਾ ਸਕਦੇ ਹਨ।

ਇਹ ਵੀ ਪੜ੍ਹੋ:

ਇਹ ਹੀ ਨਹੀਂ ਮੈਂਬਰ ਆਪਣੇ ਫੰਡ ਦਾ ਬਾਕੀ ਬਚਿਆ ਹੋਇਆ 25 ਫੀਸਦੀ ਹਿੱਸਾ ਵੀ ਕਢਵਾ ਸਕਦੇ ਹਨ।

ਇਸ ਤੋਂ ਪਹਿਲਾਂ ਨੌਕਰੀ ਛੱਡਣ ਜਾਂ ਬੇਰੁਜ਼ਗਾਰ ਹੋਣ ਦੀ ਹਾਲਤ 'ਚ ਦੋ ਮਹੀਨੇ ਤੋਂ ਬਾਅਦ ਹੀ ਪੀਐਫ਼ ਦੀ ਰਕਮ ਕਢਵਾਈ ਜਾ ਸਕਦੀ ਸੀ।

ਕਿਵੇਂ ਜਮ੍ਹਾਂ ਹੁੰਦਾ ਹੈ ਪੈਸਾ?

ਜਦੋਂ ਕੋਈ ਵਿਅਕਤੀ ਕਿਸੇ ਕੰਪਨੀ 'ਚ ਕੰਮ ਕਰਨਾ ਸ਼ੁਰੂ ਕਰਦਾ ਹੈ ਤਾਂ ਉਸਦੀ ਬੇਸਿਕ ਸੈਲਰੀ ਦਾ 12% ਉਸਦੀ ਸੈਲਰੀ ਵਿੱਚੋਂ ਕੱਟਿਆ ਜਾਂਦਾ ਹੈ ਅਤੇ ਇੰਨਾ ਹੀ ਯੋਗਦਾਨ ਕੰਪਨੀ ਵੱਲੋਂ ਦਿੱਤਾ ਜਾਂਦਾ ਹੈ।

ਵਿਅਕਤੀ ਦੀ ਤਨਖ਼ਾਹ ਦਾ 12% ਕਰਮਚਾਰੀ ਈਪੀਐਫ਼ 'ਚ ਜਮ੍ਹਾਂ ਹੋ ਜਾਂਦਾ ਹੈ ਜਦਕਿ ਕੰਪਨੀ ਵੱਲੋਂ ਪਾਏ ਗਏ ਯੋਗਦਾਨ ਦਾ ਸਿਰਫ਼ 3.67% ਹੀ ਇਸ 'ਚ ਜਮ੍ਹਾਂ ਹੁੰਦਾ ਹੈ।

ਬਕਾਇਆ 8.33% ਕਰਮਚਾਰੀ ਪੈਨਸ਼ਨ ਯੋਜਨਾ (ਈਪੀਐਫ਼) 'ਚ ਜਮ੍ਹਾਂ ਹੁੰਦਾ ਹੈ।

ਈਪੀਐਫ਼ ਦੀ ਰਕਮ ਉੱਤੇ ਵਿਆਜ

ਕਰਮਚਾਰੀਆਂ ਦੇ ਈਪੀਐਫ਼ ਦੀ ਰਕਮ ਉੱਤੇ ਉਨ੍ਹਾਂ ਨੂੰ ਵਿਆਜ ਵੀ ਮਿਲਦਾ ਹੈ।

ਇਸ ਵਿਆਜ ਦਾ ਨਿਰਧਾਰਨ ਸਰਕਾਰ ਅਤੇ ਕੇਂਦਰੀ ਟਰੱਸਟ ਬੋਰਡ ਕਰਦਾ ਹੈ।

ਇਹ ਵੀ ਪੜ੍ਹੋ:

ਮੌਜੂਦਾ ਸਾਲ 'ਚ ਦਿੱਤੀ ਜਾਣ ਵਾਲੀ ਵਿਆਜ ਦਰ 8.55% ਹੈ।

ਇਸ ਤੋਂ ਇਲਾਵਾ ਕਰਮਚਾਰੀ ਆਪਣੀ ਬੇਸਿਕ ਸੈਲਰੀ 'ਚੋਂ 12% ਤੋਂ ਵੀ ਵੱਧ ਰਕਮ ਕਟਵਾ ਸਕਦਾ ਹੈ। ਇਸ ਨੂੰ ਵਾਲੰਅਟਰੀ ਪ੍ਰਾਵੀਡੈਂਟ ਫੰਡ ਕਹਿੰਦੇ ਹਨ।

ਇਹ ਹੀ ਨਹੀਂ ਤੁਸੀਂ ਆਪਣੇ ਈਪੀਐਫ਼ ਦੇ ਲਈ ਨਾਮੀਨੇਸ਼ਨ ਸੁਵਿਧਾ ਵੀ ਲੈ ਸਕਦੇ ਹੋ।

ਜੇ ਤੁਹਾਡੀ ਸੈਲਰੀ 15000 ਰੁਪਏ ਪ੍ਰਤੀ ਮਹੀਨੇ ਤੋਂ ਵੱਧ ਹੈ ਤਾਂ ਤੁਸੀਂ ਪੀਐਫ਼ 'ਚ ਨਿਵੇਸ਼ ਕਰਨ ਤੋਂ ਇਨਕਾਰ ਕਰ ਸਕਦੇ ਹੋ (ਨਿਯਮ ਤੇ ਸ਼ਰਤਾਂ ਲਾਗੂ)

ਕੀ ਹੈ ਪੀਐਫ਼ ਪੈਨਸ਼ਨ ਸਕੀਮ?

ਪੀਐਫ਼ 'ਚ ਐਂਪਲਾਇਰ ਦਾ ਯੋਗਦਾਨ 12 ਫੀਸਦੀ ਹੀ ਹੁੰਦਾ ਹੈ, ਇਸਦਾ ਇੱਕ ਹਿੱਸਾ 8.33 ਫੀਸਦੀ ਕਰਮਚਾਰੀ ਪੈਨਸ਼ਨ ਸਕੀਮ 'ਚ ਚਲਾ ਜਾਂਦਾ ਹੈ।

  • ਪੈਨਸ਼ਨ 58 ਸਾਲ ਦੀ ਉਮਰ ਤੋਂ ਬਾਅਦ ਹੀ ਮਿਲਦੀ ਹੈ।
  • ਨੌਕਰੀ ਦੇ 10 ਸਾਲ ਲਗਾਤਾਰ ਪੂਰੇ ਕਰਨੇ ਜ਼ਰੂਰੀ ਹਨ।
  • ਘੱਟੋ-ਘੱਟ ਪੈਨਸ਼ਨ 1000 ਰੁਪਏ ਹੈ, ਜਦਕਿ ਵੱਧ ਤੋਂ ਵੱਧ ਪੈਨਸ਼ਨ 3250 ਰੁਪਏ ਪ੍ਰਤੀ ਮਹੀਨਾ ਹੈ।
  • ਪੈਨਸ਼ਨ ਈਪੀਐਫ਼ ਖਾਤਾਧਾਰਕ ਨੂੰ ਤਾ-ਉਮਰ ਜਾਂ ਉਸਦੇ ਮਰਨ ਤੋਂ ਬਾਅਦ ਆਸ਼ਰਿਤ ਨੂੰ ਕੀਤੀ ਜਾਂਦੀ ਹੈ।

ਕੀ ਅਸੀਂ ਐਡਵਾਂਸ ਲੈ ਸਕਦੇ ਹਾਂ?

ਨੌਕਰੀ ਕਰਦੇ ਸਮੇਂ ਸਾਨੂੰ ਕਈ ਵਾਰ ਘਰ ਦੇ ਕੰਮਾਂ ਜਾਂ ਹੋਰ ਨਿੱਜੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਪੈਸੇ ਦੀ ਲੋੜ ਪੈਂਦੀ ਹੈ।

ਇਹ ਵੀ ਪੜ੍ਹੋ:

ਇਸ ਸੂਰਤ ਵਿੱਚ ਅਸੀਂ ਕਈ ਵਾਰ ਵਿਆਜ 'ਤੇ ਵੀ ਪੈਸੇ ਲੈਣ ਤੋਂ ਗੁਰੇਜ਼ ਨਹੀਂ ਕਰਦੇ।

ਹਾਲਾਂਕਿ ਇਸ ਸੂਰਤ ਵਿੱਚ ਈਪੀਐਫ਼ ਦਾ ਪੈਸਾ ਕੱਢਣ ਦੀ ਇਜਾਜ਼ਤ ਨਹੀਂ ਹੁੰਦੀ, ਪਰ ਅਜਿਹੇ ਕੁਝ ਖ਼ਾਸ ਮੌਕੇ ਹਨ ਜਿਨ੍ਹਾਂ ਲਈ ਈਪੀਐਫ਼ ਦੀ ਕੁਝ ਰਾਸ਼ੀ ਕੱਢੀ ਜਾ ਸਕਦੀ ਹੈ।

ਰਕਮ ਕਦੋਂ ਕਢਵਾ ਸਕਦੇ ਹਾਂ?

  • ਆਪਣੇ ਜਾਂ ਪਰਿਵਾਰ ਦੇ ਕੁਝ ਮੈਂਬਰਾਂ ਦੇ ਇਲਾਜ ਲਈ
  • ਆਪਣੇ ਜਾਂ ਪਰਿਵਾਰ ਦੇ ਕੁਝ ਮੈਂਬਰਾਂ ਦੇ ਵਿਆਹ ਲਈ
  • ਪੜ੍ਹਾਈ ਦੇ ਲਈ
  • ਹੋਮ ਲੋਨ ਦੇ ਭੁਗਤਾਨ ਲਈ
  • ਮਕਾਨ ਦੀ ਮੁਰੰਮਤ ਲਈ
  • ਪਲਾਟ ਜਾਂ ਮਕਾਨ ਖਰੀਦਣ ਲਈ

ਇਸ ਮਾਮਲੇ 'ਚ ਜ਼ਰੂਰੀ ਗੱਲ ਇਹ ਹੈ ਕਿ ਇਸ ਤਹਿਤ ਵੀ ਤੁਸੀਂ ਪੂਰੀ ਰਾਸ਼ੀ ਨਹੀਂ ਕੱਢ ਸਕਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)