ਮਹਾਰਾਸ਼ਟਰ 'ਚ ਬੱਚਾ ਚੁੱਕਣ ਵਾਲੇ ਸਮਝ ਕੇ 5 ਲੋਕਾਂ ਦਾ ਕੁੱਟ-ਕੁੱਟ ਕਤਲ

ਤਸਵੀਰ ਸਰੋਤ, DEEPAK KHAIRNAR/BBC
- ਲੇਖਕ, ਪ੍ਰਵੀਣ ਠਾਕਰੇ
- ਰੋਲ, ਬੀਬੀਸੀ ਮਰਾਠੀ ਲਈ
ਮਹਾਰਾਸ਼ਟਰ ਵਿੱਚ 5 ਲੋਕਾਂ ਨੂੰ ਬੱਚੇ ਚੁੱਕਣ ਵਾਲੇ ਸਮਝ ਕੇ ਭੀੜ ਵੱਲੋਂ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਦੀ ਘਟਨਾ ਸਾਹਮਣੇ ਆਈ ਹੈ।
ਘਟਨਾ ਸੂਬੇ ਦੇ ਧੁਲੇ ਜ਼ਿਲ੍ਹੇ ਦੀ ਹੈ। ਇੱਥੋਂ ਦੇ ਪਿੰਪਲਨੇਰ ਇਲਾਕੇ ਰੈਨਪਾੜਾ ਪਿੰਡ ਵਿੱਚ ਘਟਨਾ ਵਾਪਰੀ।
ਕਿਹਾ ਜਾ ਰਿਹਾ ਹੈ ਕਿ ਦੁਪਹਿਰ ਨੂੰ ਪਿੰਡ ਵਿੱਚ 5 ਲੋਕ ਦਾਖਲ ਹੋਏ। ਸਥਾਨਕ ਲੋਕਾਂ ਨੇ ਮੁੱਢਲੀ ਪੁੱਛਗਿੱਛ ਕੀਤੀ ਅਤੇ ਤਸੱਲੀਬਖਸ਼ ਜਵਾਬ ਨਾ ਮਿਲਣ ਉੱਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।

ਤਸਵੀਰ ਸਰੋਤ, DEEPAK KHAIRANAR/BBC
ਮਾਰੇ ਗਏ ਲੋਕ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਦੱਸੇ ਜਾ ਰਹੇ ਹਨ।
ਧੁਲੇ ਜ਼ਿਲ੍ਹੇ ਦੇ ਪੁਲਿਸ ਮੁਖੀ ਐੱਮ. ਰਾਮਕੁਮਾਰ ਨੇ ਦੱਸਿਆ, ''ਦੁਪਹਿਰ ਤਕਰੀਬਨ 1 ਵਜੇ ਪੰਜ ਲੋਕ ਪਿੰਡ ਵਿੱਚ ਦਾਖਲ ਹੋਏ। ਪਿੰਡ ਵਾਲਿਆਂ ਨੂੰ ਲੱਗਿਆ ਕਿ ਇਹ ਬੱਚਿਆਂ ਨੂੰ ਕਿਡਨੈਪ ਕਰਨ ਵਾਲੇ ਰੈਕੇਟ ਦੇ ਲੋਕ ਹਨ, ਜਦੋਂ ਉਨ੍ਹਾਂ ਤੋਂ ਸਵਾਲ ਕੀਤੇ ਗਏ ਤਾਂ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਅਤੇ ਪਿੰਡ ਵਾਲਿਆਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ।''
ਉਨ੍ਹਾਂ ਅੱਗੇ ਦੱਸਿਆ ਕਿ ਸਾਰਿਆਂ ਨੂੰ ਪਿੰਡ ਵਾਲਿਆਂ ਨੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਦੀ ਪੱਥਰਾਂ ਤੇ ਰਾਡ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

ਤਸਵੀਰ ਸਰੋਤ, DEEPAK KHAIRANAR
ਰਾਮਕੁਮਾਰ ਮੁਤਾਬਕ ਮੌਕੇ ਉੱਤੇ ਪਹੁੰਚੇ ਪੁਲਿਸ ਵਾਲਿਆਂ ਨੂੰ ਵੀ ਭੀੜ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਸਥਾਨਕ ਸਾਕਰੀ ਪੁਲਿਸ ਥਾਣੇ ਤੋਂ ਵਾਧੂ ਫੋਰਸ ਪਿੰਡ ਵਿੱਚ ਤੈਨਾਤ ਕੀਤੀ ਗਈ ਹੈ।
ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ 11 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।












