ਫਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਨਾਲ ਦਿਖਾਈ ਦੇ ਰਹੇ ਨਿਕ ਜੋਨਸ ਬਾਰੇ ਜਾਣੋ

ਨਿੱਕ ਜੋਨਸ ਤੇ ਪ੍ਰਿਅੰਕਾ ਚੋਪੜਾ

ਤਸਵੀਰ ਸਰੋਤ, Gotham/GettyImages

ਪ੍ਰਿਅੰਕਾ ਚੋਪੜਾ ਦੇ ਨਾਲ ਅੱਜ ਕਲ੍ਹ ਇੱਕ ਸ਼ਖਸ ਵਾਰ ਵਾਰ ਨਜ਼ਰ ਆ ਰਿਹਾ ਹੈ। ਅਮਰੀਕਾ ਹੋਵੇ ਜਾਂ ਭਾਰਤ, ਅਦਾਕਾਰਾ ਪ੍ਰਿਅੰਕਾ ਅਤੇ ਅਮਰੀਕੀ ਗਾਇਕ, ਲੇਖਕ ਤੇ ਗੀਤਕਾਰ ਨਿਕ ਜੋਨਸ ਦੀਆਂ ਤਸਵੀਰਾਂ ਸੁਰਖੀਆਂ ਬਣਾ ਰਹੀਆਂ ਹਨ।

ਦੋਵੇਂ ਹਾਲ ਹੀ ਵਿੱਚ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਿਹਤਾ ਦੇ ਵਿਆਹ ਨਾਲ ਜੁੜੇ ਫੰਕਸ਼ਨ 'ਤੇ ਮੁੰਬਈ ਵਿੱਚ ਨਜ਼ਰ ਆਏ।

ਦੋਵੇਂ ਇਕੱਠੇ ਆਏ ਅਤੇ ਤਸਵੀਰਾਂ ਵਿੱਚ ਦੋਹਾਂ ਨੇ ਹੱਥ ਵੀ ਫੜੇ ਹੋਏ ਹਨ। ਵਾਇਰਲ ਹੋਈਆਂ ਵੀਡੀਓਜ਼ ਵਿੱਚ ਪ੍ਰਿਅੰਕਾ ਜੋਨਸ ਨੂੰ ਸਾਰਿਆਂ ਨਾਲ ਮਿਲਵਾਉਂਦੀ ਹੋਈ ਨਜ਼ਰ ਆਈ।

ਸਿਰਫ ਮੀਡੀਆ ਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਦੋਵੇਂ ਅੱਜਕੱਲ ਕਾਫ਼ੀ ਐਕਟਿਵ ਹਨ। ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਭਰਾ ਸਿੱਧਾਰਥ ਚੋਪੜਾ ਅਤੇ ਨਿੱ ਜੋਨਸ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਮੇਰੇ ਦੋ ਪਸੰਦੀਦਾ ਲੋਕ।

ਇਸ ਮਾਮਲੇ ਵਿੱਚ ਨਿਕ ਵੀ ਪਿੱਛੇ ਨਹੀਂ ਹਨ। ਉਨ੍ਹਾਂ ਵੀ ਪ੍ਰਿਅੰਕਾ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਦਿਲ ਵਾਲਾ ਈਮੋਜੀ ਬਣਿਆ ਹੋਇਆ ਸੀ।

ਇਹ ਸਭ ਦੇ ਵਿਚਾਲੇ ਦੋਹਾਂ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਗੱਲਾਂ ਹੋ ਰਹੀਆਂ ਹਨ ਪਰ ਹੁਣ ਤੱਕ ਦੋਹਾਂ ਨੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਹੈ।

ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ

ਤਸਵੀਰ ਸਰੋਤ, Daniele Venturelli/GettyImages

ਨਿਕ ਜੋਨਸ ਪਿਛਲੇ ਹਫਤੇ ਵੀ ਮੁੰਬਈ ਵਿੱਚ ਸੀ ਅਤੇ ਪੀਪਲ ਮੈਗਜ਼ੀਨ ਮੁਤਾਬਕ ਜੋਨਸ ਪ੍ਰਿਅੰਕਾ ਦੀ ਮਾਂ ਮਧੂ ਨੂੰ ਮਿਲਣ ਲਈ ਗਏ ਸੀ।

ਦੋਹਾਂ ਬਾਰੇ ਚਰਚਾ ਉਸ ਵੇਲੇ ਹੋਰ ਤੇਜ਼ ਹੋਈ ਜਦੋਂ ਦੋਹਾਂ ਨੂੰ ਕਈ ਮੌਕਿਆਂ 'ਤੇ ਇਕੱਠੇ ਵੇਖਿਆ ਗਿਆ। ਜੋਨਸ ਆਪਣੀ ਇੱਕ ਰਿਸ਼ਤੇਦਾਰ ਦੇ ਵਿਆਹ ਵਿੱਚ ਵੀ ਪ੍ਰਿਅੰਕਾ ਨੂੰ ਲੈ ਕੇ ਗਏ ਸਨ।

ਸਭ ਤੋਂ ਪਹਿਲਾਂ ਦੋਹਾਂ ਨੂੰ ਮੈੱਟ ਗਾਲਾ ਫੈਸਟੀਵਲ ਵਿੱਚ ਇਕੱਠਿਆਂ ਵੇਖਿਆ ਗਿਆ ਸੀ। ਏਬੀਸੀ ਦੇ ਸ਼ੋਅ ਜਿੰਮੀ ਕਿਮੈਲ ਲਾਈਵ 'ਤੇ ਪ੍ਰਿਅੰਕਾ ਨੂੰ ਇਸ ਐਂਟ੍ਰੀ ਬਾਰੇ ਪੁੱਛਿਆ ਵੀ ਗਿਆ ਸੀ।

ਉਸ ਵੇਲੇ ਪ੍ਰਿਅੰਕਾ ਨੇ ਕਿਹਾ ਸੀ, ''ਅਸੀਂ ਦੋਹਾਂ ਨੇ ਇੱਕੋ ਡਿਜ਼ਾਈਨ ਦੇ ਕੱਪੜੇ ਪਾਏ ਸੀ, ਇਸਲਈ ਸੋਚਿਆ ਕਿ ਕਿਉਂ ਨਾ ਇਕੱਠਿਆਂ ਹੀ ਚੱਲਿਆ ਜਾਵੇ।''

ਕੌਣ ਹੈ ਨਿਕ ਜੋਨਸ?

ਨਿਕੋਲਸ ਜੈਰੀ ਜੋਨਸ ਨਿਕ ਦਾ ਪੂਰਾ ਨਾਂ ਹੈ। ਉਹ ਇੱਕ ਅਮਰੀਕੀ ਗਾਇਕ, ਲੇਖਕ, ਅਦਾਕਾਰ ਅਤੇ ਪ੍ਰੋਡਿਊਸਰ ਹਨ। ਸੱਤ ਸਾਲ ਦੀ ਉਮਰ ਵਿੱਚ ਉਨ੍ਹਾਂ ਅਦਾਕਾਰੀ ਦੀ ਵੀ ਸ਼ੁਰੂਆਤ ਕਰ ਦਿੱਤੀ ਸੀ।

ਨਿਕ ਟੈਕਸਸ ਦੇ ਡੈਲਾਸ ਵਿੱਚ ਪਾਲ ਕੇਵਿਨ ਜੋਨਸ ਸੀਨੀਅਰ ਦੇ ਘਰ ਜੰਮੇ ਸੀ।

ਭਰਾਵਾਂ ਜੋ ਅਤੇ ਕੇਵਿਨ ਨਾਲ ਨਿਕ ਨੇ ਮਿਊਜ਼ਿਕ ਬੈਂਡ ਬਣਾਇਆ ਸੀ ਜਿਸ ਦਾ ਨਾਂ ਜੋਨਸ ਬ੍ਰਦਰਜ਼ ਸੀ।

ਨਿੱਕ ਜੋਨਸ ਤੇ ਪ੍ਰਿਅੰਕਾ ਚੋਪੜਾ

ਤਸਵੀਰ ਸਰੋਤ, SUJIT JAISWAL/GettyImages

13 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਪਹਿਲਾ ਐਲਬਮ ਇਟਸ ਅਬਾਉਟ ਟਾਈਮ ਰਿਲੀਜ਼ ਹੋਇਆ ਜੋ ਡਿਜ਼ਨੀ ਚੈਨਲ ਤੇ ਕਾਫੀ ਪ੍ਰਸਿੱਧ ਹੋਇਆ।

2014 ਵਿੱਚ ਇਹ ਬੈਂਡ ਬਿਖਰ ਗਿਆ ਜਿਸ ਤੋਂ ਬਾਅਦ ਨਿਕ ਦੀ ਸੋਲੋ ਐਲਬਮ ਆਈ।

ਉਨ੍ਹਾਂ ਨੇ ਕੁਝ ਫਿਲਮਾਂ ਵੀ ਕੀਤੀਆਂ। ਆਪਣੇ ਗਾਣੇ ਜੈਲਸ ਤੋਂ ਉਨ੍ਹਾਂ ਨੂੰ ਬੇਹੱਦ ਮਸ਼ਹੂਰੀ ਮਿਲੀ।

ਨਿਕ ਨੂੰ ਕੀ ਬਿਮਾਰੀ ਸੀ?

ਨਿਕ ਬਚਪਨ ਵਿੱਚ ਪਿਊਰਿਟੀ ਰਿੰਗ ਪਾ ਕੇ ਰੱਖਦੇ ਸੀ। ਇਹ ਸਰੀਰਕ ਸਬੰਧ ਨਾ ਬਣਾਉਣ ਦਾ ਪ੍ਰਤੀਕ ਹੁੰਦੀ ਹੈ। ਇਸਲਈ ਜਦ ਉਨ੍ਹਾਂ ਨੇ ਇਹ ਲਾਹੀ ਤਾਂ ਉਹ ਮੁੜ ਤੋਂ ਚਰਚਾ ਦਾ ਵਿਸ਼ਾ ਬਣੇ।

ਨਿਕ ਦੀ ਕੁੱਲ ਜਾਇਦਾਦ 1.8 ਕਰੋੜ ਡਾਲਰ ਹੈ, ਜਿਸ ਵਿੱਚ ਦਿ ਜੋਨਸ ਬਰਦਰਸ ਅਤੇ ਉਨ੍ਹਾਂ ਦੇ ਫਿਲਮੀ ਟੀਵੀ ਕਰੀਅਰ ਦਾ ਵੱਡਾ ਹੱਥ ਹੈ।

13 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਟਾਈਪ-1 ਡਾਈਬਿਟੀਜ਼ ਦੀ ਬਿਮਾਰੀ ਡਾਇਗਨੋਸ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਚੇਂਜ ਫਾਰ ਦਿ ਚਿਲਰਨ ਫਾਊਂਡੇਸ਼ਨ ਬਣਾਇਆ, ਤਾਂ ਜੋ ਇਸ ਬਿਮਾਰੀ ਨੂੰ ਲੈ ਕੇ ਜਾਗਰੂਕਤਾ ਫੈਲਾਈ ਜਾਵੇ।

ਪ੍ਰਿਅੰਕਾ ਤੋਂ ਪਹਿਲਾਂ ਨਿਕ ਦਾ ਹੋਰ ਕੁੜੀਆਂ ਨਾਲ ਵੀ ਨਾਂ ਜੁੜਿਆ ਜਾ ਚੁੱਕਿਆ ਹੈ। 2006-07 ਵਿੱਚ ਮਸ਼ਹੂਰ ਅਦਾਕਾਰਾ ਮਾਈਲੀ ਸਾਇਰਸ ਉਨ੍ਹਾਂ ਦੀ ਗਰਲਫਰੈਂਡ ਸੀ। ਮਾਇਲੀ ਦੀ ਇੱਕ ਕਿਤਾਬ ਵਿੱਚ ਇਸ ਬਾਰੇ ਪਤਾ ਲੱਗਿਆ ਸੀ।

ਸੇਲੀਨਾ ਗੋਮੇਜ਼, ਗੀਗੀ ਹਦੀਦ ਅਤੇ ਡੇਮੀ ਲੋਵਾਟੋ ਨਾਲ ਵੀ ਉਨ੍ਹਾਂ ਦਾ ਨਾਂ ਜੋੜਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)