ਅਰੁਣ ਜੇਟਲੀ ਨੇ ਕੀਤੀ ਇੰਦਰਾ ਗਾਂਧੀ ਦੀ ਹਿਟਲਰ ਨਾਲ ਤੁਲਨਾ: ਪ੍ਰੈੱਸ ਰਿਵੀਊ

ਟਾਈਮਜ਼ ਆਫ਼ ਇੰਡੀਆ ਮੁਤਾਬਕ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਜਰਮਨ ਦੇ ਤਾਨਾਸ਼ਾਹ ਐਡੌਲਫ ਹਿਟਲਰ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤੁਲਨਾ ਕੀਤੀ ਹੈ।

ਅਰੁਣ ਜੇਟਲੀ ਨੇ ਦੋਵਾਂ ਨੂੰ ਇੱਕ-ਦੂਜੇ ਨਾਲ ਮੇਲਦਿਆਂ ਕਿਹਾ, "ਦੋਵਾਂ ਨੇ ਜਮਹੂਰੀਅਤ ਨੂੰ ਤਾਨਾਸ਼ਾਹੀ ਵਿੱਚ ਤਬਦੀਲ ਕੀਤਾ।''

'ਦਿ ਐਮਰਜੈਂਸੀ ਰੀਵਿਜ਼ਟਿਡ' ਸਿਰਲੇਖ ਹੇਠ ਲਿਖੇ ਤਿੰਨ ਹਿੱਸਿਆਂ ਵਾਲੇ ਲੇਖ ਵਿੱਚ ਜੇਟਲੀ ਨੇ ਕਿਹਾ ਇੰਦਰਾ ਗਾਂਧੀ ਭਾਰਤ ਨੂੰ 'ਵੰਸ਼ਵਾਦੀ ਜਮਹੂਰੀਅਤ' ਵਿੱਚ ਤਬਦੀਲ ਕਰਨ ਦੇ ਯਤਨਾਂ ਦੌਰਾਨ ਹਿਟਲਰ ਤੋਂ ਵੀ ਇੱਕ ਕਦਮ ਅੱਗੇ ਨਿਕਲ ਗਏ ਸਨ।

ਉਨ੍ਹਾਂ ਆਪਣੀ ਫੇਸਬੁੱਕ ਪੋਸਟ 'ਤੇ ਹੈਰਾਨੀ ਜ਼ਾਹਰ ਕਰਦਿਆਂ ਲਿਖਿਆ ਕਿ ਚਾਰ ਦਹਾਕਿਆਂ ਪਹਿਲਾਂ ਲਾਗੂ ਕੀਤੀ ਗਈ ਐਮਰਜੈਂਸੀ ਦੀ ਪਟਕਥਾ ਕਿਤੇ ਨਾ ਕਿਤੇ 1933 ਵਿੱਚ ਜੋ ਕੁਝ ਨਾਜ਼ੀ ਜਰਮਨੀ ਵਿੱਚ ਵਾਪਰਿਆ, ਉਸ ਤੋਂ ਪ੍ਰੇਰਿਤ ਸੀ।

ਉਨ੍ਹਾਂ ਕਿਹਾ, "ਹਿਟਲਰ ਅਤੇ ਇੰਦਰਾ ਗਾਂਧੀ ਦੋਹਾਂ ਨੇ ਸੰਵਿਧਾਨ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਲੋਕਤੰਤਰ ਨੂੰ ਤਾਨਾਸ਼ਾਹੀ ਸ਼ਾਸਨ ਵਿੱਚ ਬਦਲਣ ਲਈ ਰਿਪਬਲੀਕਨ ਸੰਵਿਧਾਨ ਦਾ ਸਹਾਰਾ ਲਿਆ।"

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣ ਜੇਟਲੀ ਦੀ ਲੇਖ ਦੀ ਵਕਾਲਤ ਅਤੇ ਤਾਰੀਫ਼ ਕਰਦਿਆਂ ਉਸਨੂੰ ਟਵਿੱਟਰ 'ਤੇ ਸ਼ੇਅਰ ਕੀਤਾ।

ਇੰਡੀਅਨ ਐਕਸਪ੍ਰੈੱਸ ਮੁਤਾਬਕ ਭਾਜਪਾ ਆਗੂ ਰਾਮ ਵਿਲਾਸ ਵੇਦਾਂਤੀ ਵੱਲੋਂ ਇੱਕ ਸੰਤ ਸੰਮੇਲਨ ਦੌਰਾਨ ਮੰਚ ਤੋਂ ਬਿਆਨ ਦਿੱਤਾ ਗਿਆ ਕਿ ਮੰਦਿਰ ਦੀ ਉਸਾਰੀ ਦਾ ਕੰਮ ਅਦਾਲਤ ਦੇ ਹੁਕਮਾਂ ਦੀ ਉਡੀਕ ਕੀਤੇ ਬਿਨਾਂ ਹੀ ਸ਼ੁਰੂ ਕਰ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੰਚ ਤੋਂ ਦਾਅਵਾ ਕੀਤਾ ਹੀ ਕਿ ਰਾਮ ਮੰਦਿਰ ਅਯੋਧਿਆ ਵਿੱਚ ਹੀ ਬਣੇਗਾ।

ਅਯੋਧਿਆ ਵਿੱਚ ਸੰਤ ਸੰਮੇਲਨ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ, "ਰਾਮ ਦੀ ਜਦੋਂ ਕਿਰਪਾ ਹੋਵੇਗੀ ਤਾਂ ਅਯੋਧਿਆ ਵਿੱਚ ਭਗਵਾਨ ਰਾਮ ਦਾ ਮੰਦਿਰ ਬਣ ਕੇ ਰਹੇਗਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰਾਮ ਮੰਦਿਰ ਅਯੋਧਿਆ ਵਿੱਚ ਹੀ ਬਣੇਗਾ। ਤੁਸੀਂ ਬਹੁਤ ਸਬਰ ਰੱਖਿਆ ਹੈ, ਥੋੜ੍ਹਾ ਹੋਰ ਸਬਰ ਰੱਖੋ।

ਹਿੰਦੁਸਤਾਨ ਟਾਈਮਜ਼ ਮੁਤਾਬਕ ਪੰਜਾਬ ਨਾਲ ਸਬੰਧਤ ਚਾਰ ਗੈਂਗ ਮੈਂਬਰਾਂ ਵੱਲੋਂ ਯੂਕੇ ਦੇ ਇੱਕ ਸਿੱਖ ਨੂੰ ਕਤਲ ਕਰਨ ਦੇ ਦੋਸ਼ ਵਿੱਚ 90 ਸਾਲ ਦੀ ਸਜ਼ਾ ਹੋਈ ਹੈ।

31 ਸਾਲਾ ਅਮਨਦੀਪ ਸੰਧੂ, 32 ਸਾਲਾ ਰਵਿੰਦਰ ਸਿੰਘ ਸ਼ੇਰਗਿਲ 'ਤੇ 33 ਸਾਲਾ ਸੁਖਜਿੰਦਰ ਸਿੰਘ ਨੂੰ ਬੇਰਹਿਮੀ ਨਾਲ ਕਤਲ ਕਰਨ ਦਾ ਇਲਜ਼ਾਮ ਹੈ। ਬਾਕੀ ਦੋ ਨੌਜਵਾਨਾਂ ਨੂੰ ਕਤਲ ਦੇ ਇਲਜ਼ਾਮ ਤੋਂ ਤਾਂ ਬਰੀ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ 'ਤੇ ਕਾਤਲਾਂ ਦੀ ਮਦਦ ਕਰਨ ਦਾ ਇਲਜ਼ਾਮ ਹੈ।

ਇਹ ਇਲਜ਼ਾਮ ਸੀ ਕਿ ਮ੍ਰਿਤਕ ਗੁਰਿੰਦਰ ਦੇ ਗੈਂਗ ਦੇ ਇੱਕ ਮੈਂਬਰ ਦੀ ਪਤਨੀ ਨਾਲ ਸਬੰਧ ਸਨ ਜਿਸ ਕਾਰਨ ਉਸ ਤੋਂ ਬਦਲਾ ਲੈਣ ਲਈ ਉਨ੍ਹਾਂ ਨੇ ਕਤਲ ਕਰ ਦਿੱਤਾ।

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ 14 ਜੂਨ ਨੂੰ ਮਹਿਕਮੇ ਦੇ ਜਿਹੜੇ 8 ਅਫ਼ਸਰਾਂ ਨੂੰ ਸਸਪੈਂਡ ਕੀਤਾ ਸੀ ਉਨ੍ਹਾਂ ਨੂੰ ਕਲੀਨ ਚਿਟ ਮਿਲ ਸਕਦੀ ਹੈ।

ਮਿਊਨਸੀਪਲ ਕਾਰਪੋਰੇਸ਼ਨ ਨੇ ਉਨ੍ਹਾਂ ਨੂੰ ਹਾਲੇ ਤੱਕ ਸਸਪੈਂਸ਼ਨ ਲਿਖਤੀ ਹੁਕਮ ਨਹੀਂ ਦਿੱਤੇ ਹਨ। ਇਹ ਅਫ਼ਸਰ ਆਪਣੇ ਕੰਮ 'ਤੇ ਰੋਜ਼ਾਨਾ ਦਫ਼ਤਰ ਆ ਰਹੇ ਹਨ।

ਟੈਲੀਗਰਾਫ ਯੂਕੇ ਦੀ ਖ਼ਬਰ ਅਨੁਸਾਰ ਮੈਡੀਟੇਰੀਅਨ ਸਾਗਰ ਵਿੱਚ ਕਰੀਬ 1,000 ਪ੍ਰਵਾਸੀ ਫਸੇ ਹੋਏ ਹਨ ਅਤੇ ਇਟਲੀ ਨੇ ਉਨ੍ਹਾਂ ਦੇ ਲਈ ਆਪਣੇ ਬੰਦਰਗਾਹ ਨਹੀਂ ਖੋਲ੍ਹੇ ਹਨ।

ਇਟਲੀ ਦੀ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਲੀਬੀਆ ਕੋਸਟ ਗਾਰਡ ਵੱਲੋਂ ਇਨ੍ਹਾਂ ਪ੍ਰਵਾਸੀਆਂ ਨੂੰ ਬਚਾਇਆ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)