ਆਪਰੇਸ਼ਨ ਬਲੂ ਸਟਾਰ ਦੇ ਜੋਧਪੁਰ ਨਜ਼ਰਬੰਦਾਂ ਲਈ ਕੈਪਟਨ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਜੇਕਰ ਕੇਂਦਰ ਸਰਕਾਰ ਜੋਧਪੁਰ ਦੇ ਨਜ਼ਬੰਦਾਂ ਨੂੰ ਮੁਆਵਜ਼ੇ ਦੀ ਬਣਦੀ ਅੱਧੀ ਰਕਮ ਨਹੀਂ ਦਿੰਦੀ ਤਾਂ ਪੰਜਾਬ ਸਰਕਾਰ 4.5 ਕਰੋੜ ਦਾ ਬਣਦਾ ਸਾਰਾ ਮੁਆਵਜ਼ਾ ਅਦਾ ਕਰੇਗੀ।

ਕੈਪਟਨ ਨੇ ਟਵਿੱਟਰ ਉੱਤੇ ਇੱਕ ਵੀਡੀਓ ਜਾਰੀ ਕਰਕੇ ਇਸ ਗੱਲ ਦਾ ਐਲਾਨ ਕੀਤਾ।

ਕੈਪਟਨ ਨੇ ਆਪਣੀ ਗੱਲ ਗ੍ਰਹਿ ਮੰਤਰਾਲੇ ਦੇ ਸਕੱਤਰ ਰਾਜੀਵ ਗਾਬਾ ਤੱਕ ਪਹੁੰਚਾ ਦਿੱਤੀ ਹੈ ਕਿਉਂਕੀ ਇਸ ਵੇਲੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਿਦੇਸ਼ੀ ਦੌਰੇ ਉੱਤੇ ਹਨ।

ਇਸ ਤੋਂ ਪਹਿਲਾਂ ਸ਼੍ਰੋਮਣੀ ਗੁਗਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਕੇਸ ਨਾਲ ਸਬੰਧਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਹੋਰ ਮਦਦ ਲਈ ਇੱਕ ਕਮੇਟੀ ਬਣਾਉਣ ਦੀ ਗੱਲ ਕਹੀ ਹੈ।

ਕੀ ਹੈ ਪੂਰਾ ਮਾਮਲਾ

ਸਾਲ 1984 ਵਿੱਚ ਆਪਰੇਸ਼ਨ ਬਲੂ ਸਟਾਰ ਵੇਲੇ 200 ਤੋਂ ਵੱਧ ਲੋਕਾਂ ਨੂੰ ਦਰਬਾਰ ਸਾਹਿਬ ਤੋਂ ਫੜ੍ਹਿਆ ਗਿਆ ਸੀ। ਇਨ੍ਹਾਂ ਲੋਕਾਂ ਨੂੰ ਰਾਜਸਥਾਨ ਦੇ ਜੋਧਪੁਰ ਵਿੱਚ ਪੰਜ ਸਾਲਾਂ ਤੱਕ ਨਜ਼ਰਬੰਦ ਕੀਤਾ ਗਿਆ ਸੀ।

ਕਈ ਸਾਲਾਂ ਬਾਅਦ ਇਨ੍ਹਾਂ ਲੋਕਾਂ ਦੀ ਰਿਹਾਈ ਹੋਈ। ਇਨ੍ਹਾਂ ਵਿੱਚੋਂ ਦੋ ਦਰਜਨ ਤੋਂ ਵੱਧ ਲੋਕਾਂ ਨੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਗੁਹਾਰ ਲਾਈ।

ਅਦਾਲਤ ਨੇ ਕਿਹਾ ਕਿ ਹਰ ਇੱਕ ਪੀੜਤ ਨੂੰ 6 ਫੀਸਦ ਦੇ ਬਿਆਜ ਸਮੇਤ 4-4 ਲੱਖ ਰੁਪਏ ਦਿੱਤੇ ਜਾਣ। ਰਕਮ ਦਾ ਅੱਧਾ ਹਿੱਸਾ ਕੇਂਦਰ ਸਰਕਾਰ ਦੇਵੇ ਅਤੇ ਬਾਕੀ ਪੰਜਾਬ ਸਰਕਾਰ ਦੇਵੇ। ਹੁਣ ਇਹ ਰਕਮ 4.5 ਕਰੋੜ ਬਣ ਚੁੱਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)