You’re viewing a text-only version of this website that uses less data. View the main version of the website including all images and videos.
ਸੋਸ਼ਲ: 'UPSC ਦੀ ਆਤਮਾ ਨੂੰ ਸ਼ਾਂਤੀ ਮਿਲੇ'
ਅਫ਼ਸਰ ਬਣਨ ਲਈ ਹੁਣ ਜ਼ਰੂਰੀ ਨਹੀਂ ਕਿ ਤੁਸੀਂ UPSC ਦੀ ਪਰੀਖਿਆ ਪਾਸ ਕਰਨੀ ਹੀ ਹੈ। ਕੇਂਦਰ ਸਰਕਾਰ ਨੇ ਨੌਕਰਸ਼ਾਹੀ 'ਚ ਐਂਟਰੀ ਲਈ ਇੱਕ ਵੱਡੇ ਤੇ ਨਵੇਂ ਬਦਲਾਅ ਦਾ ਫ਼ੈਸਲਾ ਲਿਆ ਹੈ।
ਇਸ ਫ਼ੈਸਲੇ ਮੁਤਾਬਕ ਹੁਣ ਨਿੱਜੀ ਕੰਪਨੀਆਂ 'ਚ ਕੰਮ ਕਰਨ ਵਾਲੇ ਸੀਨੀਅਰ ਅਧਿਕਾਰੀ ਵੀ ਸਰਕਾਰੀ ਅਫ਼ਸਰ ਬਣ ਸਕਦੇ ਹਨ।
ਐਤਵਾਰ ਨੂੰ ਇਨ੍ਹਾਂ ਅਹੁਦਿਆਂ 'ਤੇ ਨਿਯੁਕਤੀ ਲਈ ਡਿਪਾਰਟਮੈਂਟ ਆਫ਼ ਪਰਸੋਨਲ ਐਂਡ ਟ੍ਰੇਨਿੰਗ (DoPT) ਲਈ ਤਫ਼ਸੀਲ 'ਚ ਗਾਈਡਲਾਈਨਜ਼ ਸਣੇ ਇੱਕ ਨੋਟੀਫ਼ੀਕੇਸ਼ਨ ਵੀ ਜਾਰੀ ਕੀਤੀ ਗਈ।
DoPT ਵੱਲੋਂ ਜਾਰੀ ਨੋਟੀਫ਼ੀਕੇਸ਼ਨ ਅਨੁਸਾਰ ਮੰਤਰਾਲਿਆਂ 'ਚ ਜੁਆਇੰਟ ਸੈਕਰੇਟਰੀ ਦੇ ਅਹੁਦੇ 'ਤੇ ਨਿਯੁਕਤੀ ਹੋਵੇਗੀ।
ਕੀ ਹੈ ਨੋਟੀਫ਼ੀਕੇਸ਼ਨ?
ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ਼ ਪਰਸੋਨਲ ਐਂਡ ਟ੍ਰੇਨਿੰਗ (DoPT) ਵੱਲੋਂ ਜਾਰੀ ਹੋਈ ਇਸ ਨੋਟੀਫ਼ੀਕੇਸ਼ਨ ਮੁਤਾਬਕ ਇਹ ਨਿਯੁਕਤੀਆਂ ਸਰਕਾਰ ਵਿੱਚ ਉੱਚ ਅਹੁਦਿਆਂ ਲਈ ਹੋਣਗੀਆਂ।
ਨੋਟੀਫ਼ੀਕੇਸ਼ਨ ਮੁਤਾਬਕ ਸਰਕਾਰ ਨੂੰ ਹੁਨਰਮੰਦ ਭਾਰਤੀਆਂ ਦੀ ਲੋੜ ਹੈ ਜਿਹੜੇ ਦੇਸ ਦੀ ਬਿਹਤਰੀ ਲਈ ਸਰਕਾਰ ਦਾ ਹਿੱਸਾ ਬਣ ਸਕਦੇ ਹੋਣ।
ਭਾਰਤ ਸਰਕਾਰ ਵੱਲੋਂ ਦਿੱਤੇ ਗਏ ਇਸ਼ਤਿਹਾਰ ਮੁਤਾਬਕ 10 ਅਹੁਦਿਆਂ ਲਈ ਅਸਾਮੀਆਂ ਹਨ।
- ਮਾਲ ਮਹਿਕਮਾ
- ਵਿੱਤੀ ਸੇਵਾਵਾਂ
- ਆਰਥਿਕ ਮਾਮਲਿਆਂ
- ਖੇਤੀਬਾੜੀ, ਸਹਿਯੋਗ ਤੇ ਕਿਸਾਨ ਭਲਾਈ
- ਰੋਡ ਟਰਾਂਸਪੋਰਟ ਤੇ ਹਾਈਵੇਅ
- ਸ਼ਿਪਿੰਗ
- ਵਾਤਾਵਰਨ, ਜੰਗਲਾਤ ਤੇ ਮੌਸਮੀ ਤਬਦੀਲੀ
- ਨਵੀਂ ਤੇ ਨਵਿਆਉਣਯੋਗ ਊਰਜਾ
- ਸਿਵਿਲ ਏਵੀਏਸ਼ਨ
- ਵਪਾਰ
ਇਨ੍ਹਾਂ ਅਹੁਦਿਆਂ ਦੀ ਸਮਾਂ ਸੀਮਾ 3 ਸਾਲ ਦੀ ਹੋਵੇਗੀ ਅਤੇ ਜੇ ਕਾਰਗੁਜ਼ਾਰੀ ਚੰਗੀ ਰਹਿੰਦੀ ਹੈ ਤਾਂ 5 ਸਾਲ ਤੱਕ ਲਈ ਇਨ੍ਹਾਂ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ।
ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇਣ ਵਾਲਿਆਂ ਲਈ ਉਮਰ ਦੀ ਹੱਦ ਅਜੇ ਤੈਅ ਨਹੀਂ ਕੀਤੀ ਗਈ ਪਰ ਘੱਟੋ-ਘੱਟ ਉਮਰ 40 ਸਾਲ ਹੈ। ਵੱਖ-ਵੱਖ ਅਖ਼ਬਾਰਾਂ ਵਿੱਚ ਵੀ ਇਸ ਬਾਬਤ ਬਕਾਇਦਾ ਇਸ਼ਤਿਹਾਰ ਦਿੱਤੇ ਗਏ ਹਨ।
ਅਖ਼ਬਾਰ ਹਿੰਦੁਸਤਾਨ ਟਾਈਮਜ਼ ਵਿੱਚ ਦਿੱਤੇ ਗਏ ਇਸ਼ਤਿਹਾਰ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ। ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 30 ਜੁਲਾਈ ਹੈ।
ਇਨ੍ਹਾਂ ਅਹੁਦਿਆਂ ਦੀ ਚੋਣ ਲਈ ਸਿਰਫ਼ ਇੰਟਰਵਿਊ ਹੋਵੇਗੀ ਅਤੇ ਕੈਬਿਨਟ ਸਕੱਤਰ ਦੀ ਅਗਵਾਈ 'ਚ ਬਣਨ ਵਾਲੀ ਕਮੇਟੀ ਇਹ ਇੰਟਰਵਿਊ ਲਵੇਗੀ।
ਸੋਸ਼ਲ ਮੀਡੀਆ 'ਤੇ ਪ੍ਰਤੀਕਰਮ
ਸੋਸ਼ਲ ਮੀਡੀਆ 'ਤੇ ਕੇਂਦਰ ਸਰਕਾਰ ਦੇ ਇਸ ਕਦਮ ਨੂੰ ਲੈ ਕੇ ਵੀ ਪ੍ਰਤੀਕਰਮ ਦੇਖਣ ਨੂੰ ਮਿਲ ਰਿਹਾ ਹੈ।
ਲੇਖਕ ਤੇ ਫੋਟੋਗ੍ਰਾਫ਼ਰ ਸੰਜੁਕਤਾ ਬਾਸੂ ਲਿਖਦੇ ਹਨ, ''ਇਸ ਗੱਲ ਦਾ ਹੁਣ ਹਿਸਾਬ ਨਹੀਂ ਰੱਖ ਸਕਦੇ ਕਿ ਇਹ ਸਰਕਾਰ ਹੋਰ ਕਿੰਨੀਆਂ ਸੰਸਥਾਵਾਂ ਖ਼ਤਮ ਕਰੇਗੀ।''
ਅਭੇ ਦਿਕਸ਼ਿਤ ਨੇ ਲਿਖਿਆ, ''ਚੰਗਾ ਕਦਮ''
ਕਾਂਗਰਸ ਆਗੂ ਅਭਿਸ਼ੇਕ ਸਿੰਘਵੀ ਨੇ ਟਵਿੱਟਰ 'ਤੇ ਲਿਖਿਆ, ''ਕੀ ਸਰਕਾਰ ਮੇਜਰ ਤੇ ਕਰਨਲ ਪੱਧਰ ਦੇ ਅਹੁਦੇ ਵੀ ਫ਼ੌਜ ਤੋਂ ਬਾਹਰ ਜਾ ਕੇ ਆਫ਼ਰ ਕਰੇਗੀ?''
ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬੰਸਲ ਨੇ ਲਿਖਿਆ, ''ਲਗਦਾ ਹੈ ਕਿ ਇਹ ਆਰਐਸਐਸ-ਭਾਜਪਾ ਕੈਡਰ ਨੂੰ ਸਰਕਾਰ 'ਚ ਸ਼ਾਮਿਲ ਕਰਨ ਦੀ ਘਿਣਾਉਣੀ ਯੋਜਨਾ ਹੈ।''
ਆਲੋਕ ਤਿਵਾਰੀ ਲਿਖਦੇ ਹਨ, ''ਸੱਚ ਵਿੱਚ ਬਹੁਤ ਵਧੀਆ ਫ਼ੈਸਲਾ।''
ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਿਤਿਨ ਤਿਆਗੀ ਨੇ ਲਿਖਿਆ ਹੈ, ''ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ UPSC''
ਪਦਮਾ ਰਾਨੀ ਨਾਂ ਦੇ ਇੱਕ ਟਵਿੱਟਰ ਯੂਜ਼ਰ ਲਿਖਦੇ ਹਨ, ''ਨੀਤੀ ਆਯੋਗ ਤੋਂ ਲਾਹੇ ਜਾਣ ਤੋਂ ਬਾਅਦ ਇਸ ਅਹੁਦੇ ਲਈ ਸਭ ਤੋਂ ਯੋਗ ਉਮੀਦਵਾਰ ਸਮ੍ਰਿਤੀ ਇਰਾਨੀ ਹਨ।''
ਜਾਗਰਤੀ ਸ਼ੁਕਲਾ ਨੇ ਲਿਖਿਆ, ''ਮੈਂ ਮੋਦੀ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੀ ਹਾਂ।''
ਹੇਨਾ ਪ੍ਰਸੂਨ ਲਿਖਦੇ ਹਨ, ''ਸਰਕਾਰ ਨੂੰ ਇੱਕ ਚੀਜ਼ ਜ਼ਰੂਰ ਪੱਕੀ ਕਰਨੀ ਚਾਹੀਦੀ ਹੈ ਕਿ ਨਿਯੁਕਤੀ ਮੈਰਿਟ ਦੇ ਆਧਾਰ ਤੇ ਹੋਵੇ ਬਿਨ੍ਹਾਂ ਕਿਸੇ ਭਾਈ-ਭਤੀਜਾਵਾਦ ਦੇ।''
ਸ਼ਿਵਮ ਵਿਜ ਲਿਖਦੇ ਹਨ, ''ਕੀ ਸੰਘੀਆਂ ਵਾਸਤੇ ਹੋਰ ਨੌਕਰੀਆਂ ਆ ਗਈਆਂ ਹਨ?''