ਪ੍ਰੈੱਸ ਰਿਵੀਊ: ਬਰਗਾੜੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ 'ਚ ਡੇਰਾ ਸਮਰਥਕ ਗ੍ਰਿਫ਼ਤਾਰ

ਤਸਵੀਰ ਸਰੋਤ, Getty Images
ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ, ਸਿਰਸਾ ਦੇ ਤਿੰਨ ਸਮਰਥਕ ਗ੍ਰਿਫ਼ਤਾਰ ਹੋਏ ਹਨ।
ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ 2015 ਦੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਐੱਸਆਈਟੀ ਨੇ ਸਿਰਸਾ ਡੇਰਾ ਦੇ ਤਿੰਨ ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਤਿੰਨੋਂ ਇਸ ਮਮਾਲੇ ਵਿੱਚ ਮੁੱਖ ਦੋਸ਼ੀ ਮੰਨੇ ਜਾ ਰਹੇ ਹਨ।
ਇੱਕ ਪੁਲਿਸ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਤਿੰਨ ਲੋਕਾਂ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸਾਡੇ ਕੋਲ ਹੁਣ ਲੋੜੀਂਦੀ ਲੀਡ ਹੈ।
ਪੁਲਿਸ ਸੂਤਰਾਂ ਮੁਤਾਬਕ ਡੇਰੇ ਦੇ ਬਲਾਕ ਕਮੇਟੀ ਦੇ ਤਿੰਨ ਮੈਂਬਰਾਂ ਨੂੰ ਕੋਟਕਪੁਰਾ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।
ਗੈਂਗਸਟਰ ਨਹਿਰਾ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਸੀ: ਪੁਲਿਸ
ਦਿ ਟ੍ਰਿਬਿਊਨ ਮੁਤਾਬਕ ਪੁਲਿਸ ਦਾ ਦਾਅਵਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਮੌਜੂਦਾ ਮੁਖੀ ਸੰਪਤ ਨਹਿਰਾ ਨੇ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਇਹ ਯੋਜਨਾ ਕਥਿਤ ਤੌਰ 'ਤੇ ਭਰਤਪਰ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੇ ਹੁਕਮ 'ਤੇ ਹੀ ਬਣਾਈ ਗਈ ਸੀ।

ਤਸਵੀਰ ਸਰੋਤ, AFP/Getty Images
ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਦਾਅਵਾ ਕੀਤਾ ਕਿ ਇਸ ਲਈ ਉਹ ਮੁੰਬਈ ਗਿਆ ਅਤੇ ਸਲਮਾਨ ਖਾਨ ਦੀ ਰੁਟੀਨ ਜਾਣਨ ਲਈ ਰੇਕੀ ਕੀਤੀ ਤੇ ਫਿਰ ਹੈਦਰਾਬਾਦ ਸ਼ਿਫਟ ਹੋ ਗਿਆ।
ਹਾਲਾਂਕਿ ਹਰਿਆਣਾ ਦੀ ਸਪੈਸ਼ਲ ਟਾਸਕ ਫੋਰਸ ਦੇ ਡੀਆਈਜੀ ਦਾ ਕਹਿਣਾ ਹੈ ਕਿ ਇਸ ਪਿੱਛੇ ਮਕਸਦ ਤਾਂ ਸਪਸ਼ਟ ਨਹੀਂ ਹੋ ਸਕਿਆ ਹੈ ਪਰ ਸੂਤਰਾਂ ਮੁਤਾਬਕ ਲਾਰੈਂਸ ਬਿਸ਼ਨੋਈ ਨੇ ਜੋਧਪੁਰ ਕੋਰਟ ਦੀ ਸੁਣਵਾਈ ਦੌਰਾਨ ਸਲਮਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਉਸੇ ਦੇ ਕੰਮ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਨਹਿਰਾ ਨੂੰ ਦਿੱਤੀ ਸੀ।
ਬੱਚਾ ਚੋਰੀ ਦੀ ਅਫ਼ਵਾਹ ਨੇ ਲਈਆਂ ਦੋ ਜਾਨਾਂ
ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਗੋਹਾਟੀ ਤੋਂ ਅਸਾਮ ਦੇ ਕਾਰਬੀ ਐਂਗਲੋਂਗ ਜ਼ਿਲ੍ਹੇ ਤੋਂ ਆਏ ਦੋ ਨੌਜਵਾਨਾਂ ਨੂੰ ਪਿੰਡਵਾਸੀਆਂ ਨੇ ਸ਼ੁੱਕਰਵਾਰ ਰਾਤ ਨੂੰ ਮਾਰ ਦਿੱਤਾ। ਉਨ੍ਹਾਂ ਨੂੰ ਸ਼ੱਕ ਸੀ ਕਿ ਇਹ ਦੋਨੋ ਬੱਚਾ ਚੁੱਕਣ ਵਾਲੇ ਲੋਕ ਹਨ।

ਤਸਵੀਰ ਸਰੋਤ, facebook
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਕਰੀਬਨ 20 ਸਾਲ ਦੇ ਅਭਿਜੀਤ ਨਾਥ ਅਤੇ ਨਿਲੋਤਪਾਲ ਦਾਸ ਨੂੰ ਭੀੜ ਡਾਂਗਾਂ ਨਾਲ ਮਾਰ ਰਹੀ ਹੈ। ਦਾਸ ਗੋਆ ਵਿੱਚ ਸੰਗੀਤਕਾਰ ਸੀ ਜਦੋਂਕਿ ਨਾਥ ਇੰਜੀਨੀਅਰ ਸੀ ਜਿਸ ਨੂੰ ਮੱਛੀਆਂ ਅਤੇ ਪਸ਼ੂਆਂ ਵਿੱਚ ਖਾਸ ਰੁਚੀ ਸੀ।
ਮੋਦੀ-ਸ਼ੀ ਮੁਲਾਕਾਤ
ਦਿ ਹਿੰਦੂ ਮੁਤਾਬਕ ਚਾਰ ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸ਼ੀ ਜਿਨਪਿੰਗ ਨਾਲ 14ਵੀਂ ਮੁਲਾਕਾਤ ਕੀਤੀ। ਸ਼ੰਘਾਈ ਕੋਓਪਰੇਸ਼ਨ ਓਰਗਨਾਈਜ਼ਸ਼ਨ ਸਮਿਟ ਅਧੀਨ ਚੱਲੀ ਇੱਕ ਘੰਟੇ ਦੀ ਬੈਠਕ ਤੋਂ ਬਾਅਦ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਦੱਸਿਆ ਕਿ ਬੈਠਕ ਸਕਾਰਾਤਮਕ ਰਹੀ।

ਤਸਵੀਰ ਸਰੋਤ, Getty Images
ਇਸ ਦੌਰਾਨ ਸ਼ੀ ਜਿਨਪਿੰਗ ਨੇ ਅਗਲੇ ਸਾਲ ਭਾਰਤ ਵਿੱਚ ਗੈਰ-ਰਸਮੀ ਬੈਠਕ ਲਈ ਮੋਦੀ ਦੇ ਸੱਦੇ ਨੂੰ ਕਬੂਲ ਕਰ ਲਿਆ ਹੈ। ਉਨ੍ਹਾਂ ਭਾਰਤ-ਚੀਨ ਰਿਸ਼ਤਿਆਂ ਵਿੱਚ ਵੂਹਾਨ ਨੂੰ ਨਵੀਂ ਸ਼ੁਰੂਆਤ ਕਰਾਰ ਦਿੱਤਾ।












