You’re viewing a text-only version of this website that uses less data. View the main version of the website including all images and videos.
RSS ਦੇ ਮੰਚ 'ਤੇ ਪ੍ਰਣਬ ਮੁਖਰਜੀ: ਕਿਸ ਨੂੰ ਕਿਸ ਤੋਂ ਫਾਇਦਾ: ਨਜ਼ਰੀਆ
- ਲੇਖਕ, ਅਪਰਣਾ ਦਵਿਵੇਦੀ
- ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜਦੋਂ ਤੋਂ ਆਰਐਸਐਸ ਦਾ ਸੱਦਾ ਕਬੂਲ ਕੀਤਾ ਸੀ ਉਦੋਂ ਤੋਂ ਹੀ ਉਨ੍ਹਾਂ ਦੇ ਕਰੀਬੀਆਂ ਅਤੇ ਵਿਰੋਧੀਆਂ ਦੇ ਦਿਲਾਂ 'ਚ ਹਲਚਲ ਹੋ ਰਹੀ ਸੀ।
ਉਂਝ ਇਹ ਹਲਚਲ ਭਾਜਪਾ ਅਤੇ ਆਰਐਸਐਸ ਵਿੱਚ ਵੀ ਸੀ ਅਤੇ ਇਹ ਡਰ ਸਹੀ ਵੀ ਸੀ। ਪ੍ਰਣਬ ਮੁਖਰਜੀ ਕਾਂਗਰਸ ਦੇ ਸੀਨੀਅਰ ਲੀਡਰਾਂ ਵਿੱਚੋਂ ਇੱਕ ਹਨ। ਭਾਵੇਂ ਹੀ ਉਹ ਸਾਬਕਾ ਰਾਸ਼ਟਰਪਤੀ ਹੋਣ ਤੋਂ ਬਾਅਦ ਖ਼ੁਦ ਨੂੰ ਆਮ ਨਾਗਰਿਕ ਮੰਨਣ ਪਰ ਉਨ੍ਹਾਂ ਦੀ ਪਛਾਣ ਕਾਂਗਰਸ ਨੇਤਾ ਦੇ ਰੂਪ ਵਿੱਚ ਹੀ ਹੁੰਦੀ ਹੈ।
ਅਜਿਹੇ ਵਿੱਚ ਆਰਐਸਐਸ ਹੈੱਡਕੁਆਟਰ ਜਾਣਾ, ਇਹ ਕਾਂਗਰਸ ਲਈ ਡਰਨ ਵਾਲੀ ਗੱਲ ਸੀ। ਕਿਉਂਕਿ ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੰਘ ਦੀ ਨਿਖੇਧੀ ਕਰਨ ਵਾਲਿਆਂ ਵਿੱਚੋਂ ਹਨ।
ਸ਼ਾਇਦ ਆਰਐਸਐਸ ਵੀ ਕਿਤੇ ਨਾ ਕਿਤੇ ਇਹੀ ਕਰਨਾ ਚਾਹੁੰਦੀ ਸੀ। ਉਹ ਕਾਂਗਰਸ ਨੂੰ ਡਰਾਉਣਾ ਚਾਹੁੰਦੀ ਸੀ ਅਤੇ ਨਾਲ ਹੀ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਰਾਸ਼ਟਰਪਤੀ ਨੂੰ ਆਪਣੇ ਪ੍ਰੋਗਰਾਮ ਵਿੱਚ ਬੁਲਾ ਕੇ ਇਹ ਸਾਬਿਤ ਕਰਨਾ ਚਾਹੁੰਦੀ ਸੀ ਕਿ ਸੰਘ ਦਾ ਵਿਰੋਧ ਸਿਰਫ਼ ਗਾਂਧੀ ਪਰਿਵਾਰ ਕਰਦਾ ਹੈ। ਪੂਰੀ ਕਾਂਗਰਸ ਪਾਰਟੀ ਨਹੀਂ।
ਭਾਸ਼ਣ ਸ਼ੁਰੂ ਹੋਣ ਤੱਕ ਕਾਂਗਰਸ ਵਿੱਚ ਸਭ ਨੂੰ ਇੱਕ ਹੀ ਡਰ ਸੀ ਕਿ ਪ੍ਰਣਬ ਦਾ ਕੀ ਬੋਲਣਗੇ। ਪ੍ਰਣਬ ਮੁਖਰਜੀ ਨੇ ਜਦੋਂ ਆਰਐਸਐਸ ਪ੍ਰਚਾਰਕਾਂ ਦੇ ਪ੍ਰੋਗਰਾਮ 'ਚ ਰਾਸ਼ਟਰਵਾਦ 'ਤੇ ਸੰਬੋਧਨ ਕੀਤਾ, ਤਾਂ ਸਭ ਨੇ ਸੁੱਖ ਦਾ ਸਾਹ ਲਿਆ।
ਪ੍ਰਣਬ ਦਾ ਨੇ ਰਾਸ਼ਟਰ ਅਤੇ ਰਾਸ਼ਟਰਵਾਦ 'ਤੇ ਕਿਹਾ ਕਿ ਸੰਵਿਧਾਨ ਪ੍ਰਤੀ ਦੇਸ਼ ਭਗਤੀ ਹੀ ਅਸਲੀ ਰਾਸ਼ਟਰਵਾਦ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਇੱਕ ਧਰਮ, ਇੱਕ ਭਾਸ਼ਾ ਭਾਰਤ ਦੀ ਪਛਾਣ ਨਹੀਂ ਹੈ, ਸੰਵਿਧਾਨ ਤੋਂ ਰਾਸ਼ਟਰਵਾਦ ਦੀ ਭਾਵਨਾ ਵਹਿੰਦੀ ਹੈ।
ਆਰਐਸਐਸ ਨੇ ਬੁਲਾਇਆ ਕਿਉਂਕਿ...
ਮੁਖਰਜੀ ਨੇ ਅੱਗੇ ਕਿਹਾ ਕਿ ਅੱਜ ਲੋਕਾਂ ਵਿੱਚ ਗੁੱਸਾ ਵਧ ਰਿਹਾ ਹੈ, ਹਰ ਰੋਜ਼ ਹਿੰਸਾ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ, ਹਿੰਸਾ ਅਤੇ ਗੁੱਸੇ ਨੂੰ ਛੱਡ ਕੇ ਸਾਨੂੰ ਸ਼ਾਂਤੀ ਦੇ ਰਸਤੇ 'ਤੇ ਚੱਲਣਾ ਚਾਹੀਦਾ ਹੈ।
ਸਭ ਤੋਂ ਮਜ਼ੇ ਦੀ ਗੱਲ ਸੀ ਕਿ ਉਨ੍ਹਾਂ ਨੇ ਭਾਰਤ ਦਾ ਇਤਿਹਾਸ ਵੀ ਪੜ੍ਹਾਇਆ ਅਤੇ ਸੰਘ ਹੈੱਡਕੁਆਟਰ ਦੇ ਮੰਚ ਤੋਂ ਸਰ ਸੰਘਚਾਲਕ ਦੀ ਮੌਜੂਦਗੀ 'ਚ ਨਹਿਰੂ ਅਤੇ ਗਾਂਧੀ ਦੇ ਦਰਸ਼ਨ ਦਾ ਪਾਠ ਪੜ੍ਹਾਇਆ।
ਉਨ੍ਹਾਂ ਨੇ ਅਨੇਕਤਾ ਵਿੱਚ ਏਕਤਾ ਦੀ ਗੱਲ ਵੀ ਕੀਤੀ ਅਤੇ ਖੁਸ਼ਹਾਲੀ ਸੂਚਕ ਅੰਕ ਦੇ ਬਹਾਨੇ ਸਰਕਾਰ ਨੂੰ ਵੀ ਖੁਸ਼ਹਾਲ ਲੋਕਾਂ ਦੀ ਲੋੜ ਦੀ ਗੱਲ ਸਮਝਾਈ। ਆਪਣੇ ਭਾਸ਼ਣ ਤੋਂ ਉਨ੍ਹਾਂ ਨੇ ਸਭ ਨੂੰ ਖੁਸ਼ ਕਰ ਦਿੱਤਾ।
ਕਾਂਗਰਸ ਇਸ ਗੱਲ ਤੋਂ ਖੁਸ਼ ਹੋ ਗਈ ਕਿ ਸਾਬਕਾ ਰਾਸ਼ਟਰਪਤੀ ਦੇ ਭਾਸ਼ਣ ਤੋਂ ਠੀਕ ਪਹਿਲਾਂ ਮੋਹਨ ਭਾਗਵਤ ਨੇ ਵੀ ਅਨੇਕਤਾ ਵਿੱਚ ਏਕਤਾ ਦੀ ਗੱਲ ਕਹੀ ਸੀ ਅਤੇ ਪ੍ਰਣਬ ਮੁਖਰਜੀ ਦੇ ਭਾਸ਼ਣ ਨੇ ਉਸ 'ਤੇ ਵਿਵਹਾਰਕਤਾ ਦੀ ਮੋਹਰ ਲਗਾ ਦਿੱਤੀ।
ਪ੍ਰਣਬ ਮੁਖਰਜੀ ਦੇ ਸਿਆਸੀ ਇਤਿਹਾਸ ਨੂੰ ਜਾਣਨ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਸਿਆਸੀ ਤਜਰਬੇ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਆਰਐਸਐਸ ਨੇ ਜਦੋਂ ਆਪਣੇ ਪ੍ਰੋਗ੍ਰਾਮ ਵਿੱਚ ਕਾਂਗਰਸੀ ਪਿਛੋਕੜ ਵਾਲੇ ਸਾਬਕਾ ਰਾਸ਼ਟਰਪਤੀ ਨੂੰ ਸੱਦਿਆ ਤਾਂ ਉਹ ਇਹ ਸਾਬਿਤ ਕਰਨਾ ਚਾਹੁੰਦੇ ਸੀ ਕਿ ਸੰਘ ਆਪਣਾ ਆਧਾਰ ਮਾਣਯੋਗ ਅਤੇ ਤਜਰਬੇਕਾਰ ਸ਼ਖ਼ਸੀਅਤਾਂ ਦੇ ਜ਼ਰੀਏ ਮਜਬੂਤ ਕਰਨਾ ਚਾਹੁੰਦਾ ਹੈ।
ਮੋਦੀ ਵੀ ਕਰਦੇ ਹਨ ਤਾਰੀਫ਼
ਜ਼ਾਹਿਰ ਹੈ ਕਿ ਪ੍ਰਣਬ ਦਾ ਨੇ ਸੋਚ ਸਮਝ ਕੇ ਹੀ ਇਹ ਕਦਮ ਚੁੱਕਿਆ ਹੈ। ਐਨਾ ਤਾਂ ਸਭ ਮੰਨਦੇ ਹਨ ਕਿ ਪ੍ਰਣਬ ਐਨੇ ਹੰਢੇ ਹੋਏ ਲੀਡਰ ਤਾਂ ਹਨ ਕਿ ਉਹ ਸੰਘ ਨੂੰ ਆਪਣਾ ਇਸਤੇਮਾਲ ਨਹੀਂ ਕਰਨ ਦੇਣਗੇ।
ਸੰਘ ਦਾ ਸੱਦਾ ਕਬੂਲਣ ਨਾਲ ਕਾਂਗਰਸ ਦੇ ਕੁਝ ਲੀਡਰਾਂ ਦੇ ਮੱਥੇ 'ਤੇ ਤਿਊੜੀਆਂ ਪੈਣੀਆਂ ਤੈਅ ਸੀ। ਖ਼ਾਸ ਤੌਰ 'ਤੇ ਉਦੋਂ ਜਦੋਂ ਸਾਰੇ ਜਾਣਦੇ ਹਨ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੰਘ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ।
ਪਣਬ ਮੁਖਰਜੀ ਦੀ ਆਪਣੀ ਕੁੜੀ ਨੇ ਉਨ੍ਹਾਂ ਦੇ ਆਰਐਸਐਸ ਹੈੱਡਕੁਆਟਰ ਜਾਣ ਦਾ ਵਿਰੋਧ ਕੀਤਾ ਪਰ ਇਸਦੇ ਬਾਵਜੂਦ ਉਨ੍ਹਾਂ ਨੇ ਨਾ ਸਿਰਫ਼ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਸਗੋਂ ਉਨ੍ਹਾਂ ਨੇ ਅਜਿਹਾ ਭਾਸ਼ਣ ਦਿੱਤਾ ਕਿ ਕਾਂਗਰਸ ਨੇ ਬਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਦੇ ਭਾਸ਼ਣ ਦੀ ਤਾਰੀਫ਼ ਕੀਤੀ।
ਕਾਂਗਰਸ ਦੇ ਡਰ ਦਾ ਇੱਕ ਕਾਰਨ ਇਹ ਵੀ ਸੀ ਕਿ ਉਨ੍ਹਾਂ ਨੂੰ ਪ੍ਰਣਬ ਦਾ ਦੀ ਨਾਰਾਜ਼ਗੀ ਪਤਾ ਸੀ। ਇਤਿਹਾਸ ਵਿੱਚ ਅਜਿਹੇ ਦੋ ਮੌਕੇ ਆਏ ਜਦੋਂ ਪ੍ਰਣਬ ਮੁਖਰਜੀ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਪਰ ਪਾਰਟੀ ਨੇ ਦੋਵੇਂ ਵਾਰ ਉਨ੍ਹਾਂ ਨੂੰ ਮੌਕਾ ਨਾ ਦੇ ਕੇ ਜੂਨੀਅਰ ਲੀਡਰਾਂ ਨੂੰ ਮੌਕਾ ਦਿੱਤਾ।
ਪਹਿਲੀ ਵਾਰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਉਦੋਂ ਸੀਨੀਅਰ ਲੀਡਰ ਹੋਣ ਦੇ ਨਾਤੇ ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇਗਾ ਪਰ ਉਦੋਂ ਰਾਜੀਵ ਗਾਂਧੀ ਨੂੰ ਮੌਕਾ ਮਿਲਿਆ ਅਤੇ ਦੂਜੀ ਵਾਰ 2004 ਵਿੱਚ ਜਦੋਂ ਕਾਂਗਰਸ ਗਠਜੋੜ ਦੀ ਸਰਕਾਰ ਬਣੀ ਤਾਂ ਸੋਨੀਆ ਗਾਂਧੀ ਨੇ ਉਨ੍ਹਾਂ ਦੀ ਥਾਂ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ।
ਪ੍ਰਣਬ ਮੁਖਰਜੀ ਨੇ ਇਸਦਾ ਜ਼ਿਕਰ ਬਕਾਇਦਾ ਆਪਣੀ ਕਿਤਾਬ ਵਿੱਚ ਕੀਤਾ ਅਤੇ ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਦੀ ਹਾਜ਼ਰੀ ਵਿੱਚ ਮੰਚ 'ਤੇ ਇਹ ਗੱਲ ਆਖੀ।
ਕਾਂਗਰਸ ਨੂੰ ਡਰ ਸੀ ਕਿ ਪ੍ਰੋਗਰਾਮ ਵਿੱਚ ਉਨ੍ਹਾਂ ਦਾ ਭਾਸ਼ਣ ਕਿਤੇ ਪਾਰਟੀ ਦੀ ਕਿਰਕਿਰੀ ਨਾ ਕਰ ਦੇਵੇ। ਉਂਝ ਵੀ ਪ੍ਰਣਬ ਦਾ ਕਾਫ਼ੀ ਪ੍ਰੋਫੈਸ਼ਨਲ ਹਨ, ਜਿਸ ਪਾਰਟੀ ਵਿੱਚ ਵੀ ਰਹੇ, ਉਸ ਲਈ ਕਦੇ ਵੀ ਅਸਹਿਜ ਵਰਗੇ ਹਾਲਾਤ ਪੈਦਾ ਨਹੀਂ ਕੀਤੇ।
ਇੱਥੋਂ ਤੱਕ ਕਿ ਵਿਰੋਧੀ ਵੀ ਉਨ੍ਹਾਂ ਦਾ ਸਨਮਾਨ ਕਰਦੇ ਹਨ। ਖ਼ੁਦ ਸ਼ਿਵ ਸੈਨਾ ਨੇ ਰਾਸ਼ਟਰਪਤੀ ਅਹੁਦੇ 'ਤੇ ਉਨ੍ਹਾਂ ਦੀ ਉਮੀਦਵਾਰੀ ਨੂੰ ਸਮਰਥਨ ਕੀਤਾ ਸੀ। ਮੋਦੀ ਤਾਂ ਕਈ ਵਾਰ ਉਨ੍ਹਾਂ ਦੀ ਤਾਰੀਫ਼ ਕਰ ਚੁੱਕੇ ਹਨ।
ਹੁਣ ਸਵਾਲ ਇਹ ਉੱਠਦਾ ਹੈ ਕਿ ਪ੍ਰਣਬ ਮੁਖਰਜੀ ਦੇ ਸਰਗਰਮ ਹੋਣ ਦੇ ਕੀ ਮਾਇਨੇ ਹਨ?
ਪ੍ਰਣਬ ਮੁਖਰਜੀ ਨੇ ਕਬੀਰ ਦੀ ਤਰ੍ਹਾਂ ਦੋਵਾਂ ਨੂੰ ਰਾਹ ਦਿਖਾਈ ਹੈ। ਸੰਘ ਨੂੰ ਕਾਂਗਰਸ ਨਾਪਸੰਦ ਕਰਦੀ ਹੈ ਅਤੇ ਸੰਘ ਨਹਿਰੂ ਪਰਿਵਾਰ ਨੂੰ ਟਾਰਗੇਟ ਕਰਦਾ ਹੈ। ਪ੍ਰਣਬ ਦਾ ਨੇ ਵਿਰੋਧੀ ਤਾਕਤਾਂ 'ਚ ਸੰਵਾਦ ਦੇ ਹਾਲਾਤ ਦੀ ਤਿਆਰੀ ਤਾਂ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਣਬ ਮੁਖਰਜੀ ਸਿਆਸਤ ਵਿੱਚ ਆਪਣੀ ਵਿਵਹਾਰਕਤਾ ਨੂੰ ਖ਼ਤਮ ਨਹੀਂ ਕਰਨਾ ਚਾਹੁੰਦੇ ਸੀ।
ਮੁੰਡੇ ਲਈ ਰਸਤੇ ਖੁੱਲ੍ਹਣਗੇ
ਸਿਆਸੀ ਦ੍ਰਿਸ਼ ਦੇਖੀਏ ਤਾਂ ਕੁਝ ਸਮਾਂ ਪਹਿਲਾਂ ਹੋਈਆਂ ਉਪ-ਚੋਣਾਂ ਵਿੱਚ ਵਿਰੋਧੀ ਏਕਤਾ ਨੇ ਭਾਜਪਾ ਨੂੰ ਮਾਤ ਦਿੱਤੀ ਸੀ। ਜੇਕਰ ਮਮਤਾ ਬੈਨਰਜੀ ਦਾ ਫਾਰਮੂਲਾ ਮੰਨੀਏ ਤਾਂ 'ਇੱਕ ਸੀਟ, ਇੱਕ ਵਿਰੋਧੀ ਉਮੀਦਵਾਰ' ਦੇ ਫਾਰਮੂਲੇ ਨੂੰ ਲਾਗੂ ਕਰਕੇ 2019 ਵਿੱਚ ਭਾਜਪਾ ਨੂੰ ਮੁੜ ਸੱਤਾ ਵਿੱਚ ਆਉਣ ਤੋਂ ਰੋਕਿਆ ਜਾ ਸਕਦਾ ਹੈ।
ਮਮਤਾ ਦੇ ਇਸ ਫਾਰਮੂਲੇ ਦਾ ਇੱਕ ਬੇਸ ਹੈ-ਭਾਜਪਾ ਬਨਾਮ ਸਾਰੇ। ਇਸਦੀ ਅਗਵਾਈ ਸੂਬੇ ਦੇ ਹਿਸਾਬ ਨਾਲ ਹੋਵੇਗੀ। ਯਾਨਿ ਜਿਸ ਸੂਬੇ ਵਿੱਚ ਭਾਜਪਾ ਖ਼ਿਲਾਫ਼ ਜਿਹੜੀ ਪਾਰਟੀ ਮਜ਼ਬੂਤ ਹੋਵੇ, ਬਾਕੀ ਸਾਰੀਆਂ ਪਾਰਟੀਆਂ ਉਸਦਾ ਸਹਿਯੋਗ ਕਰਨਗੀਆਂ।
ਜਾਂ ਫਿਰ ਕਾਂਗਰਸ ਅਤੇ ਭਾਜਪਾ ਤੋਂ ਹਟ ਕੇ ਇੱਕ ਥਰਡ ਫਰੰਟ ਤਿਆਰ ਕੀਤਾ ਜਾਵੇ ਜਿਹੜਾ ਲੋਕ ਸਭਾ ਚੋਣਾਂ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ।
ਇਨ੍ਹਾਂ ਪਾਰਟੀਆਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਅਗਲੀ ਲੋਕ ਸਭਾ ਹੰਗ ਹੁਦੀ ਹੈ ਤਾਂ ਕਾਂਗਰਸ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਨੂੰ ਉਨ੍ਹਾਂ ਨੂੰ ਸਮਰਥਨ ਦੇਣ ਤੋਂ ਇਲਾਵਾ ਕੋਈ ਬਦਲ ਨਹੀਂ ਹੋਵੇਗਾ।
ਪਰ ਭਾਜਪਾ ਵਾਰ-ਵਾਰ ਇਹ ਸਵਾਲ ਚੁੱਕਦੀ ਹੈ ਕਿ ਅਗਲਾ ਪ੍ਰਧਾਨ ਮੰਤਰੀ ਕੌਣ! ਅਤੇ ਇੱਥੇ ਪ੍ਰਣਬ ਮੁਖਰਜੀ ਦਾ ਨਾਮ ਉਭਰ ਕੇ ਆ ਸਕਦਾ ਹੈ। ਸੰਵਿਧਾਨਕ ਅਤੇ ਕਾਨੂੰਨੀ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸਾਬਕਾ ਰਾਸ਼ਟਰਪਤੀ 'ਤੇ ਅਜਿਹੀ ਕੋਈ ਰੋਕ ਨਹੀਂ ਹੈ ਕਿ ਉਹ ਸਿਆਸਤ ਵਿੱਚ ਹਿੱਸਾ ਨਹੀਂ ਲੈ ਸਕਦੇ।
ਇਹ ਗੱਲ ਜ਼ਰੂਰ ਹੈ ਕਿ ਰਵਾਇਤੀ ਰੂਪ ਤੋਂ ਦੇਸ ਵਿੱਚ ਕਦੇ ਕਿਸੇ ਸਾਬਕਾ ਰਾਸ਼ਟਰਪਤੀ ਨੇ ਅਜਿਹਾ ਕਦਮ ਨਹੀਂ ਚੁੱਕਿਆ।
ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਣਬ ਮੁਖਰਜੀ ਦਾ ਸਿਆਸੀ ਅਤੇ ਪ੍ਰਬੰਧਕੀ ਤਜਰਬਾ ਕਾਫ਼ੀ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੂੰ ਸੰਸਦੀ ਪ੍ਰਕਿਰਿਆ ਦੀ ਚੰਗੀ ਜਾਣਕਾਰੀ ਹੈ ਅਤੇ ਯੂਪੀਏ ਦੇ 10 ਸਾਲ ਦੇ ਕਾਰਜਕਾਲ ਵਿੱਚ ਉਨ੍ਹਾਂ ਨੂੰ ਕਰਾਈਸਿਸ ਮੈਨੇਜਰ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ।
ਹੋਰ ਸਿਆਸੀ ਪਾਰਟੀ ਉਨ੍ਹਾਂ ਨੂੰ ਰਾਹੁਲ ਗਾਂਧੀ ਦੀ ਤੁਲਨਾ ਵਿੱਚ ਆਸਾਨੀ ਨਾਲ ਸਵੀਕਾਰ ਵੀ ਲਵੇਗੀ। ਉਂਝ ਵੀ ਸਿਆਸਤ ਵਿੱਚ ਉਨ੍ਹਾਂ ਦੀ ਵਿਰੋਧੀ ਰਹੀ ਮਮਤਾ ਬੈਨਰਜੀ ਅਤੇ ਸ਼ਿਵ ਸੈਨਾ ਨੇ 2012 ਵਿੱਚ ਰਾਸ਼ਟਰਪਤੀ ਅਹੁਦੇ ਲਈ ਪ੍ਰਣਬ ਮੁਖਰਜੀ ਦੇ ਨਾਮ ਦਾ ਸਮਰਥਨ ਕੀਤਾ ਸੀ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਅਤੇ ਟੀਆਰਐਸ ਮੁਖੀ ਚੰਦਰਸ਼ੇਖਰ ਰਾਓ ਦੀ ਬੈਠਕ ਨੂੰ ਪ੍ਰਣਬ ਮੁਖਰਜੀ ਦਾ ਵੀ ਸਮਰਥਨ ਸੀ।
ਦੂਜੇ ਪਾਸੇ ਉਨ੍ਹਾਂ ਦੇ ਆਪਣੇ ਸੂਬੇ ਪੱਛਮ ਬੰਗਾਲ ਵਿੱਚ ਉਨ੍ਹਾਂ ਦੇ ਪੁੱਤਰ ਸਿਆਸਤ ਵਿੱਚ ਸਰਗਰਮ ਹਨ। ਇੱਕ ਚਰਚਾ ਇਹ ਵੀ ਹੈ ਕਿ ਪ੍ਰਣਬ ਦਾ ਭਾਵੇਂ ਹੀ ਖ਼ੁਦ ਸਿਆਸਤ ਵਿੱਚ ਨਾ ਆਉਣ ਪਰ ਆਪਣੇ ਮੁੰਡੇ ਦੇ ਸਿਆਸੀ ਭਵਿੱਖ ਲਈ ਦੋਵੇਂ ਹੀ ਪਾਰਟੀਆਂ ਦਾ ਇਸਤੇਮਾਲ ਕਰ ਸਕਦੇ ਹਨ।
ਐਨਾ ਤਾਂ ਤੈਅ ਹੈ ਕਿ ਸੰਘ ਦੇ ਹੈੱਡਕੁਆਟਰ ਜਾ ਕੇ ਪ੍ਰਣਬ ਮੁਖਰਜੀ ਨੇ ਜਿੱਥੇ ਇੱਕ ਪਾਸੇ ਸੰਘ ਅਤੇ ਭਾਜਪਾ ਨਾਲ ਸੰਵਾਦ ਕਾਇਮ ਕੀਤਾ ਉੱਥੇ ਹੀ ਕਾਂਗਰਸ ਨੂੰ ਆਪਣੇ ਤਜਰਬੇ ਅਤੇ ਵਿਵਹਾਰਕਤਾ ਦਾ ਅਹਿਸਾਸ ਦੁਆ ਦਿੱਤਾ।
ਇਸਦਾ ਲਾਭ ਇਨ੍ਹਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਮਿਲ ਸਕਦਾ ਹੈ, ਜਿੱਥੇ ਉਹ ਚੋਣ ਨਤੀਜਿਆਂ ਤੋਂ ਬਾਅਦ ਖਿੱਚੋਤਾਣ ਦੀ ਸਿਆਸਤ ਵਿੱਚ ਅਹਿਮ ਰੋਲ ਨਿਭਾ ਸਕਦੇ ਹਨ।