ਸ਼ਿਲਾਂਗ ਹਿੰਸਾ: ਛੇਵੇਂ ਦਿਨ ਵੀ ਹਾਲਾਤ ਤਣਾਅਪੂਰਨ

ਸ਼ਿਲਾਂਗ ਤਣਾਅ

ਤਸਵੀਰ ਸਰੋਤ, Dilip Sharma/BBC

    • ਲੇਖਕ, ਦਿਲੀਪ ਕੁਮਾਰ ਸ਼ਰਮਾ
    • ਰੋਲ, ਗੁਹਾਟੀ ਤੋਂ ਬੀਬੀਸੀ ਲਈ

ਮੇਘਾਲਿਆ ਦੀ ਰਾਜ਼ਧਾਨੀ ਸ਼ਿਲਾਂਗ ਵਿੱਚ ਪਿਛਲੇ ਵੀਰਵਾਰ ਨੂੰ ਇੱਕ ਮਾਮੂਲੀ ਜਿਹੇ ਵਿਵਾਦ ਤੋਂ ਬਾਅਦ ਭੜਕੀ ਹਿੰਸਾ ਕਾਰਨ ਛੇਵੇਂ ਦਿਨ ਵੀ ਹਾਲਾਤ ਕਾਫ਼ੀ ਤਣਾਅ ਵਾਲੇ ਬਣੇ ਹੋਏ ਹਨ।

ਬੀਤੇ ਵੀਰਵਾਰ ਨੂੰ ਖਾਸੀ ਭਾਈਚਾਰੇ ਨਾਲ ਸਬੰਧਤ ਇੱਕ ਬੱ ਕੰਡਕਟਰ ਅਤੇ ਦਲਿਤ ਪੰਜਾਬੀ ਕੁੜੀ ਵਿਚਾਲੇ ਤਕਰਾਰ ਤੇ ਕੁੱਟਮਾਰ ਵਾਲਾ ਇਹ ਵਿਵਾਦ ਹੁਣ ਸਿਆਸੀ ਰੰਗ ਲੈਂਦਾ ਜਾ ਰਿਹਾ ਹੈ।

ਸੂਬਾ ਸਰਕਾਰ ਨੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੂੰ ਸ਼ਾਮਿਲ ਕਰ ਕੇ ਇੱਕ ਸ਼ਾਂਤੀ ਕਮੇਟੀ ਦਾ ਗਠਨ ਜ਼ਰੂਰ ਕੀਤਾ ਹੈ ਪਰ ਫਿਲਹਾਲ ਹਾਲਾਤ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਰਿਹਾ ਹੈ।

ਈਸਟ ਖਾਸੀ ਹਿਲਜ਼ ਜ਼ਿਲ੍ਹੇ ਦੇ ਡੀਐੱਮ ਪੀਐੱਸ ਦਖਾਰ ਨੇ ਮੰਗਲਵਾਰ ਨੂੰ ਸ਼ਿਲਾਂਗ ਦੀ ਮੌਜੂਦਾ ਹਾਲਤ 'ਤੇ ਬੀਬੀਸੀ ਨੂੰ ਦੱਸਿਆ, "ਸ਼ਿਲਾਂਗ ਵਿੱਚ ਹਾਲੇ ਕਰਫਿਊ ਹੈ ਪਰ ਹਾਲਾਤ ਫਿਲਹਾਲ ਕਾਬੂ ਹੇਠ ਹਨ। ਅੱਜ ਹਿੰਸਾ ਦੀ ਕੋਈ ਘਟਨਾ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਅਸੀਂ ਪੈਰਾਮਿਲੀਟ੍ਰੀ ਫੌਜ ਦੀ ਇੱਕ ਟੁਕੜੀ ਨੂੰ ਸ਼ਹਿਰ ਵਿੱਚ ਤੈਨਾਤ ਕੀਤਾ ਹੈ।"

ਪੰਜਾਬੀ ਕਲੋਨੀ ਦੀ ਗੁਰਦੁਆਰਾ ਕਮੇਟੀ ਦੇ ਮੈਂਬਰ ਸੰਗਮ ਸਿੰਘ ਨੇ ਬੀਬੀਸੀ ਨੂੰ ਕਿਹਾ, "ਸਾਡੇ ਇਲਾਕੇ ਵਿੱਚ ਲਗਾਤਾਰ ਕਰਫਿਊ ਹੈ। ਅਸੀਂ ਬਾਹਰ ਨਹੀਂ ਨਿਕਲ ਸਕਦੇ। ਅਜਿਹੇ ਵਿੱਚ ਹਾਲਾਤ ਸੁਧਰਨ ਦੀ ਗੱਲ ਕਿਵੇਂ ਕਹਿ ਸਕਦੇ ਹਾਂ। ਫਿਲਹਾਲ ਮਾਹੌਲ ਤਣਾਅ ਵਾਲਾ ਹੀ ਹੈ।"

ਸ਼ਿਲਾਂਗ

ਤਸਵੀਰ ਸਰੋਤ, Dilip Sharma/BBC

ਦਰਅਸਲ ਮੁਜ਼ਾਹਰਾਕਾਰੀਆਂ ਦੇ ਲਗਾਤਾਰ ਵਿਰੋਧ ਦੇ ਕਾਰਨ ਪ੍ਰਸ਼ਾਸਨ ਲਈ ਹਾਲਾਤ 'ਤੇ ਕਾਬੂ ਪਾਉਣਾ ਔਖਾ ਹੁੰਦਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਐਤਵਾਰ ਨੂੰ ਕਰਫਿਊ ਲਾਗੂ ਹੋਣ ਦੇ ਬਾਵਜੂਦ ਦੰਗਾਈਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਰਾਤ ਭਰ ਚੱਲੇ ਸੰਘਰਸ਼ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਸ਼ਹਿਰ ਦੇ 14 ਖੇਤਰਾਂ ਵਿੱਚ ਕਰਫਿਊ ਲਾ ਦਿੱਤਾ।

ਇਸ ਤੋਂ ਅਲਾਵਾ ਸ਼ਹਿਰ ਵਿੱਚ ਹਿੰਸਾ ਦੀਆਂ ਵਾਰਦਾਤਾਂ ਦੇਖਦੇ ਹੋਏ ਸੋਮਵਾਰ ਨੂੰ ਫਿਰ ਤੋਂ ਫੌਜ ਨੇ ਫਲੈਗ ਮਾਰਚ ਕੀਤਾ।

ਇਸ ਵਿਚਾਲੇ ਕਈ ਦੰਗਾਈਆਂ ਦੀ ਗ੍ਰਿਫਤਾਰੀ ਵੀ ਹੋਈ ਹੈ ਪਰ ਇਨ੍ਹਾਂ ਗ੍ਰਿਫ਼ਤਾਰੀਆਂ ਕਾਰਨ ਪ੍ਰਦਰਸ਼ਨ ਕਰ ਰਹੇ ਸੰਗਠਨ ਬੇਹੱਦ ਗੁੱਸੇ ਵਿੱਚ ਹਨ।

ਅਜਿਹੇ ਵਿੱਚ ਕਾਨੂੰਨੀ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਕੇਂਦਰ ਨੇ ਪੈਰਾਮਿਲੀਟ੍ਰੀ ਫੌਜ ਦੀ ਇੱਕ ਕੰਪਨੀ ਭੇਜੀ ਹੈ।

ਇਲਾਕੇ ਵਿੱਚ ਜਾਰੀ ਹਿੰਸਾ ਅਤੇ ਤਣਾਅ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇੰਟਰਨੈੱਟ ਸੇਵਾਵਾਂ ਨੂੰ ਬੰਦ ਕੀਤਾ ਹੋਇਆ ਹੈ।

ਮੁਜ਼ਾਹਾਰਕਾਰੀਆਂ ਦੀ ਮੰਗ

ਅਜਿਹੀ ਖ਼ਬਰ ਆ ਰਹੀ ਹੈ ਕਿ ਮੇਘਾਲਿਆ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਮੰਗ ਮੰਨ ਲਈ ਹੈ। ਹਾਲਾਂਕਿ ਹਾਲੇ ਤੱਕ ਇਸ ਦੀ ਸਰਕਾਰੀ ਪੁਸ਼ਟੀ ਨਹੀਂ ਹੋਈ ਹੈ।

ਪ੍ਰਦਰਸ਼ਨਕਾਰੀ ਸ਼ਿਲਾਂਗ ਸ਼ਹਿਰ ਦੇ ਇੱਕਦਮ ਵਿਚਕਾਰ ਪੰਜਾਬੀ ਲੇਨ ਦੀ ਤਕਰੀਬਨ ਦੋ ਏਕੜ ਜ਼ਮੀਨ 'ਤੇ ਵਸੇ ਦਲਿਤ ਸਿੱਖਾਂ ਨੂੰ ਤੁਰੰਤ ਦੂਜੀ ਥਾਂ ਸ਼ਿਫ਼ਟ ਕਰਨ ਦੀ ਮੰਗ ਕਰ ਰਹੇ ਹਨ।

ਸ਼ਿਲਾਂਗ ਤਣਾਅ

ਤਸਵੀਰ ਸਰੋਤ, Dilip Sharma/BBC

ਇਸ ਦਾ ਜਵਾਬ ਦਿੰਦੇ ਹੋਏ ਸੰਗਮ ਸਿੰਘ ਕਹਿੰਦੇ ਹਨ, "ਮੁਜ਼ਾਹਰਾਕਾਰੀਆਂ ਦੀ ਮੰਗ ਮੰਨ ਲੈਣ ਦੀ ਗੱਲ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ। ਸਰਕਾਰ ਮੰਨ ਲਏ ਪਰ ਅਸੀਂ ਆਪਣੀ ਥਾਂ ਨਹੀਂ ਛੱਡਾਂਗੇ।"

ਉਹ ਅੱਗੇ ਕਹਿੰਦੇ ਹਨ, "ਸਾਡੇ ਲੋਕਾਂ ਨੇ ਵੀ ਮੁੱਖ ਮੰਤਰੀ ਕੋਨਰਾਡ ਸੰਗਮਾ ਦੇ ਨਾਲ ਬੈਠਕ ਕੀਤੀ ਹੈ ਪਰ ਅਜਿਹੀ ਕੋਈ ਚਰਚਾ ਨਹੀਂ ਹੋਈ। ਸਰਕਾਰ ਪਹਿਲਾਂ ਇਲਾਕੇ ਵਿੱਚ ਸ਼ਾਂਤੀ ਬਹਾਲ ਕਰਨਾ ਚਾਹੁੰਦੀ ਹੈ। ਇਸ ਤੋਂ ਬਾਅਦ ਹੀ ਕੋਈ ਗੱਲਬਾਤ ਹੋਵੇਗੀ।"

ਅਖੀਰ ਇਹ ਮਾਮੂਲੀ ਜਿਹਾ ਵਿਵਾਦ ਇੰਨਾ ਵੱਡਾ ਕਿਵੇਂ ਹੋ ਗਿਆ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸੰਗਮ ਸਿੰਘ ਕਹਿੰਦੇ ਹਨ, "ਜੋ ਥਾਂ ਸਾਡੇ ਕੋਲ ਹੈ ਉਹ ਸ਼ਹਿਰ ਦੀ ਪ੍ਰਾਈਮ ਲੋਕੇਸ਼ਨ ਹੈ। ਕਾਫ਼ੀ ਮਹਿੰਗੀ ਵੀ ਹੈ। ਇਸ 'ਤੇ ਪਹਿਲਾਂ ਵੀ ਸਿਆਸਤ ਚੱਲ ਰਹੀ ਹੈ। ਉਹ ਲੋਕ ਸਾਨੂੰ ਇੱਥੋਂ ਹਟਾ ਕੇ ਮਾਰਕਿਟ ਬਣਾਉਣਾ ਚਾਹੁੰਦੇ ਹਨ।"

ਤਣਾਅ ਦੀ ਵਜ੍ਹਾ ਕੀ?

ਪਿਛਲੇ ਤਕਰੀਬਨ 200 ਸਾਲਾਂ ਤੋਂ ਸ਼ਿਲਾਂਗ ਦੀ ਪੰਜਾਬੀ ਲੇਨ ਵਿੱਚ ਵਸੇ ਦਲਿਤ ਸਿੱਖਾਂ ਦਾ ਇੱਥੇ ਗੁਰਦੁਆਰਾ ਹੈ। ਗੁਰੂ ਨਾਨਕ ਪ੍ਰਾਈਮਰੀ ਸਕੂਲ ਹੈ। ਸ਼ਿਵ ਮੰਦਿਰ ਅਤੇ ਚਰਚ ਹੈ। ਇਨ੍ਹਾਂ ਵਿੱਚੋਂ ਕਈ ਸਿੱਖਾਂ ਨੇ ਖਾਸੀ ਭਾਈਚਾਰੇ ਦੀਆਂ ਔਰਤਾਂ ਨਾਲ ਵਿਆਹ ਵੀ ਕਰਵਾਇਆ ਹੋਇਆ ਹੈ।

ਪੰਜਾਬੀ ਲੇਨ ਵਿੱਚ ਰਹਿਣ ਵਾਲੇ ਸਨੀ ਸਿੰਘ ਕਹਿੰਦੇ ਹਨ, "ਸਾਨੂੰ ਖਾਸੀ ਭਾਈਚਾਰੇ ਦੇ ਲੋਕਾਂ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਪਰ ਕੁਝ ਲੋਕਾਂ ਦਾ ਮਕਸਦ ਸਾਨੂੰ ਇੱਥੋਂ ਹਟਾ ਕੇ ਮਾਰਕਿਟ ਬਣਾਉਣ ਦਾ ਹੈ।"

ਮੁੱਖ ਮੰਤਰੀ ਕੌਨਾਰਡ ਸੰਗਮਾਂ ਨੇ ਸਭ ਧੜਿਆਂ ਨਾਲ ਗੱਲਬਾਤ ਕਰਕੇ ਸ਼ਾਂਤੀ ਦੀ ਅਪੀਲ ਕੀਤੀ

ਤਸਵੀਰ ਸਰੋਤ, KULENDU KALITA/AFP/Getty Images

ਸਨੀ ਦੀ ਜਾਣਕਾਰੀ ਮੁਤਾਬਕ ਅਜਿਹੇ ਸੱਤ-ਅੱਠ ਸਿੱਖ ਪਰਿਵਾਰ ਹਨ ਜਿਨ੍ਹਾਂ ਨੇ ਇਸਾਈ ਧਰਮ ਅਪਣਾ ਲਿਆ ਹੈ। ਉਹ ਇਸ ਦਾ ਮੂਲ ਕਾਰਨ ਨਹੀਂ ਦੱਸਦੇ।

ਆਮ ਤੌਰ 'ਤੇ ਦੇਸ ਦੇ ਹੋਰਨਾਂ ਸੂਬਿਆਂ ਵਿੱਚ ਦਲਿਤ ਸਿੱਖਾਂ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਮਿਲਿਆ ਹੋਇਆ ਹੈ ਪਰ ਮੇਘਾਲਿਆ ਵਿੱਚ ਦਿਲਤ ਸਿੱਖਾਂ ਨੂੰ ਐੱਸਟੀ ਦਾ ਕੋਈ ਦਰਜਾ ਨਹੀਂ ਹੈ।

ਸਨੀ ਕਹਿੰਦੇ ਹਨ, "ਸਾਡੇ ਕੋਲ ਐੱਸਟੀ ਦਾ ਪ੍ਰਮਾਣ ਪੱਤਰ ਹੈ ਪਰ ਇੱਥੋਂ ਦੀ ਸਰਕਾਰ ਇਸ ਨੂੰ ਨਹੀਂ ਮੰਨਦੀ। ਸਾਡੇ ਪੁਰਖਿਆਂ ਨੂੰ ਮੇਘਾਲਿਆ ਵਿੱਚ ਵਸੇ ਹੋਏ 200 ਸਾਲ ਤੋਂ ਉੱਪਰ ਹੋ ਗਏ ਹਨ ਪਰ ਉਹ (ਖਾਸੀ) ਹੁਣ ਵੀ ਬਾਹਰੀ ਹੀ ਮੰਨਦੇ ਹਨ।"

ਸ਼ਿਲਾਂਗ ਵਿੱਚ ਯੂਐੱਨ ਨਾਮ ਦੇ ਕੇਬਲ ਟੀਵੀ ਨਿਊਜ਼ ਚਲਾਉਣ ਵਾਲੇ ਸਥਾਨਕ ਪੱਤਰਕਾਰ ਦੀਪਕ ਵਰਮਾ ਵੀ ਇਸ ਪੂਰੇ ਵਿਵਾਦ ਦੇ ਇੰਨਾ ਵਧਣ ਦੇ ਪਿੱਛੇ ਸਿਆਸੀ ਕਾਰਨ ਮੰਨਦੇ ਹਨ।

ਉਹ ਕਹਿੰਦੇ ਹਨ, "ਮੁੱਖ ਮੰਤਰੀ ਨੇ ਮੁਜ਼ਾਹਰਾਕਾਰੀਆਂ ਸਣੇ ਸਾਰੇ ਪੱਖਾਂ ਨਾਲ ਬੈਠਕ ਕਰ ਕੇ ਸ਼ਹਿਰ ਵਿੱਚ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ ਅਤੇ ਸਾਰੇ ਲੋਕ ਸਹਿਮਤ ਵੀ ਹੋਏ। ਫਿਰ ਵੀ ਤਣਾਅ ਬਰਕਰਾਰ ਹੈ। ਕੁਝ ਲੋਕ ਆਪਣੇ ਫਾਇਦੇ ਲਈ ਅਜਿਹਾ ਕਰ ਰਹੇ ਹਨ।"

ਸ਼ਿਲਾਂਗ ਤਣਾਅ

ਤਸਵੀਰ ਸਰੋਤ, DILIP SHARMA-BBC

ਦੀਪਕ ਕਹਿੰਦੇ ਹਨ, "ਸ਼ਿਲਾਂਗ ਵਿੱਚ ਦੂਰ-ਦੂਰ ਤੋਂ ਸੈਲਾਨੀ ਆਉਂਦੇ ਹਨ ਪਰ ਇਸ ਹਿੰਸਾ ਦਾ ਕਾਰਨ ਇੱਥੋਂ ਦਾ ਸੈਰ-ਸਪਾਟਾ ਵਿਭਾਗ ਕਾਫ਼ੀ ਪ੍ਰਭਾਵਿਤ ਹੋਇਆ ਹੈ। ਇਸ ਨਾਲ ਸਥਾਨਕ ਲੋਕਾਂ ਨੂੰ ਹੀ ਨੁਕਸਾਨ ਹੋ ਰਿਹਾ ਹੈ। ਇਹ ਸਾਰੇ ਲੋਕ ਸ਼ਾਂਤੀ ਦੇ ਪੱਖ ਵਿੱਚ ਹਨ।"

ਖਾਸੀ ਸੰਗਠਨਾਂ ਦੇ ਵਿਰੋਧ ਵਿੱਚ ਵਰਮਾ ਕਹਿੰਦੇ ਹਨ, "ਉਹ ਲੋਕ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ ਪਰ ਇਹ ਇੰਨਾ ਸੌਖਾ ਨਹੀਂ ਹੈ। ਉਸ ਜ਼ਮੀਨ 'ਤੇ ਕੁਝ ਵਿਵਾਦ ਅਦਾਲਤ ਵਿੱਚ ਵੀ ਹਨ।"

"ਸਿੱਖਾਂ ਨਾਲ ਇਨ੍ਹਾਂ ਦੀ ਨਾਰਾਜ਼ਗੀ ਦੇ ਕਈ ਕਾਰਨ ਹਨ। ਕੁਝ ਸੰਗਠਨਾਂ ਦਾ ਇਲਜ਼ਾਮ ਹੈ ਕਿ ਪੰਜਾਬੀ ਲੇਨ ਵਿੱਚ ਗੈਰ-ਕਾਨੂੰਨੀ ਕੰਮ ਹੁੰਦੇ ਹਨ। ਇਸ ਤੋਂ ਇਲਾਵਾ ਉਹ ਇਲਾਕਾ ਕਾਫ਼ੀ ਭੀੜਾ ਹੈ ਜਿਸ ਕਾਰਨ ਸਥਾਨਕ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਪੇਸ਼ ਆਉਂਦੀਆਂ ਹਨ।"

ਸੈਲਾਨੀਆਂ ਦੀ ਮੁਸ਼ਕਿਲ

ਸ਼ਿਲਾਂਗ ਹਮੇਸ਼ਾਂ ਹੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਹਿੰਸਾ ਅਤੇ ਤਣਾਅ ਨੂੰ ਦੇਖਦੇ ਹੋਏ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ। ਇੱਥੇ ਤਕਰਬੀਨ ਸਾਰੇ ਹੋਟਲਾਂ ਦੀ ਬੁਕਿੰਗ ਰੱਦ ਹੋ ਗਈ ਹੈ।

ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਮੁਤਾਬਕ ਸ਼ਿਲਾਂਗ ਵਿੱਚ ਫਸੇ ਸੈਲਾਨੀਆਂ ਦੀ ਸੁਰੱਖਿਅਤ ਵਾਪਸੀ ਲਈ ਪ੍ਰਸ਼ਾਸਨ ਠੋਸ ਇੰਤਜਾਮ ਕਰ ਰਿਹਾ ਹੈ।

ਸ਼ਿਲਾਂਗ ਪਹੁੰਚਣ ਲਈ ਗੁਹਾਟੀ ਤੋਂ ਹੀ ਟੈਕਸੀ ਫੜ੍ਹਨੀ ਪੈਂਦੀ ਹੈ ਪਰ ਪਿਛਲੇ ਹਫ਼ਤੇ ਤੋਂ ਜਾਰੀ ਹਿੰਸਾ ਵਿੱਚ ਕਥਿਤ ਤੌਰ 'ਤੇ ਟੈਕਸੀ ਵਾਲਿਆਂ 'ਤੇ ਹੋਏ ਹਮਲਿਆਂ ਤੋਂ ਬਾਅਦ ਟੈਕਸੀ ਡਰਾਈਵਰਾਂ ਦੇ ਸੰਗਠਨਾਂ ਨੇ ਸੋਮਵਾਰ ਤੋਂ ਬੇਮਿਆਦੀ ਹੜਤਾਲ ਕਰ ਦਿੱਤੀ ਹੈ। ਅਜਿਹੇ ਵਿੱਚ ਸੈਲਾਨੀਆਂ ਲਈ ਸ਼ਿਲਾਂਗ ਤੋਂ ਨਿਕਲਣਾ ਹੋਰ ਔਖਾ ਹੋ ਗਿਆ ਹੈ।

ਸ਼ਿਲਾਂਗ, ਮੇਘਾਲਿਆ

ਤਸਵੀਰ ਸਰੋਤ, dilip sharma/BBC

ਇਸ ਵਿਚਾਲੇ ਕਾਂਗਰਸ ਆਗੂ ਅਤੇ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਨੇ ਸ਼ਿਲਾਂਗ ਵਿੱਚ ਪੈਦਾ ਇਨ੍ਹਾਂ ਹਾਲਾਤਾਂ ਲਈ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਉਨ੍ਹਾਂ ਨੇ ਇੱਕ ਪੱਤਰਕਾਰ ਮਿਲਣੀ ਵਿੱਚ ਕਿਹਾ ਕਿ ਸੂਬੇ ਦੀ ਮੌਜੂਦਾ ਸਰਕਾਰ ਹਾਲਾਤ ਤੋਂ ਨਿਪਟਨ ਵਿੱਚ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ।

ਮੇਘਾਲਿਆ 'ਚ ਨੈਸ਼ਨਲ ਪੀਪਲਜ਼ (ਐੱਨਪੀਪੀ), ਭਾਜਪਾ ਅਤੇ ਹੋਰਨਾਂ ਸਹਿਯੋਗੀ ਦਲਾਂ ਦੀ ਮਦਦ ਨਾਲ ਸਰਕਾਰ ਚਲਾ ਰਹੀ ਹੈ ਜਦੋਂਕਿ ਕਾਂਗਰਸ 21 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਹੈ। 60 ਸੀਟਾਂ ਵਾਲੀ ਮੇਘਾਲਿਆ ਵਿਧਾਨਸਭਾ ਵਿੱਚ ਐੱਨਪੀਪੀ ਕੋਲ ਸਿਰਫ਼ 19 ਵਿਧਾਇਕ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)