'ਜੋ ਅਸੰਭਵ ਲੱਗੇ ਉਸ ਨੂੰ ਟੀਚਾ ਬਣਾਉਣਾ ਹੀ ਪ੍ਰਾਪਤੀ ਦਾ ਮੂਲ ਮੰਤਰ'

ਤਰਨਪ੍ਰੀਤ ਕੌਰ

ਤਸਵੀਰ ਸਰੋਤ, Sukhcharan preet/bbc

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਖੁਰਦ ਦੀ ਰਹਿਣ ਵਾਲੀ ਤਰਨਪ੍ਰੀਤ ਕੌਰ ਨੇ ਸੀਬੀਐੱਸਸੀ ਦੇ ਦਸਵੀਂ ਦੇ ਇਮਤਿਹਾਨ 'ਚ ਪੂਰੇ ਭਾਰਤ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ।

ਬਰੌਡਵੇਅ ਪਬਲਿਕ ਸਕੂਲ ਮਨਾਲ ਦੀ ਇਸ ਵਿਦਿਆਰਥਣ ਨੇ 500 ਵਿੱਚੋਂ 497 ਅੰਕ ਹਾਸਲ ਕੀਤੇ ਹਨ। ਵੱਡੀ ਹੋ ਕੇ ਆਈਏਐੱਸ ਅਫ਼ਸਰ ਬਣਨ ਦੀ ਤਾਂਘ ਰੱਖਣ ਵਾਲੀ ਤਰਨਪ੍ਰੀਤ ਦੀ ਇਸ ਪ੍ਰਾਪਤੀ ਨੇ ਨਵੀਆਂ ਪ੍ਰਾਪਤੀਆਂ ਦਾ ਰਾਹ ਖੋਲ੍ਹ ਦਿੱਤਾ ਹੈ।

ਤਰਨਪ੍ਰੀਤ ਦੇ ਸਕੂਲ ਦੀ ਮੈਨੇਜਮੈਂਟ ਨੇ ਉਸ ਨੂੰ ਬਾਰ੍ਹਵੀਂ ਤੱਕ ਦੀ ਪੜ੍ਹਾਈ ਲਈ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਤਰਨਪ੍ਰੀਤ ਨੂੰ ਉਸਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਤਰਨਪ੍ਰੀਤ ਦੀ ਪ੍ਰਾਪਤੀ ਇਸ ਕਰਕੇ ਵੀ ਅਹਿਮ ਹੈ ਕਿ ਉਸ ਨੇ ਬਿਨਾਂ ਕਿਸੇ ਟਿਊਸ਼ਨ ਜਾਂ ਹੋਰ ਸਹਾਇਤਾ ਦੇ ਆਪਣੇ ਬਲਬੂਤੇ ਇਹ ਮੁਕਾਮ ਹਾਸਲ ਕੀਤਾ ਹੈ।

ਤਰਨਪ੍ਰੀਤ ਦੀ ਪ੍ਰਾਪਤੀ ਦਾ ਮੂਲ ਮੰਤਰ

ਤਰਨਪ੍ਰੀਤ ਮੁਤਾਬਕ ਉਹ ਸਕੂਲ ਦੀ ਪੜ੍ਹਾਈ ਅਤੇ ਹੋਮਵਰਕ ਤੋਂ ਬਿਨਾਂ ਇਮਤਿਹਾਨਾਂ ਦੇ ਦਿਨਾਂ ਵਿੱਚ ਚਾਰ ਤੋਂ ਪੰਜ ਘੰਟੇ ਵਾਧੂ ਪੜ੍ਹਾਈ ਕਰਦੀ ਸੀ।

ਤਰਨਪ੍ਰੀਤ ਦੱਸਦੀ ਹੈ, "ਮੇਰੀਆਂ ਸਹੇਲੀਆਂ ਨੂੰ ਲਗਦਾ ਸੀ ਕਿ ਮੈਂ ਟੌਪ ਨਹੀਂ ਕਰ ਸਕਦੀ ਪਰ ਮੇਰਾ ਇਹ ਵਿਸ਼ਵਾਸ ਸੀ ਕਿ ਜੋ ਅਸੰਭਵ ਲੱਗੇ ਉਸ ਨੂੰ ਟੀਚਾ ਬਣਾ ਲੈਣਾ ਹੀ ਪ੍ਰਾਪਤੀ ਦਾ ਮੂਲ ਮੰਤਰ ਹੈ।"

ਤਰਨਪ੍ਰੀਤ ਕੌਰ

ਤਸਵੀਰ ਸਰੋਤ, Sukhcharan preet/bbc

ਤਸਵੀਰ ਕੈਪਸ਼ਨ, ਰਿਸ਼ਤੇਦਾਰਾਂ ਦੇ ਵਿਚਾਲੇ ਬੈਠੀ ਤਰਨਪ੍ਰੀਤ ਕੌਰ

ਭਵਿੱਖ ਦੀਆਂ ਯੋਜਨਾਵਾਂ ਬਾਰੇ ਉਹ ਦੱਸਦੀ ਹੈ, "ਮੈਂ ਜਾਂ ਤਾਂ ਆਈਏਐਸੱ ਅਫ਼ਸਰ ਬਣ ਕੇ ਸਮਾਜ ਦੀ ਸੇਵਾ ਕਰਾਂਗੀ ਜਾਂ ਮੈਥ ਟੀਚਰ ਬਣਾਂਗੀ ਤਾਂ ਜੋ ਗ਼ਰੀਬ ਬੱਚਿਆਂ ਦੀ ਪੜ੍ਹਾਈ ਲਈ ਕੁੱਝ ਕਰ ਸਕਾਂ ਕਿਉਂਕਿ ਸਿੱਖਿਆ ਹੀ ਤੁਹਾਨੂੰ ਗ਼ੁਰਬਤ ਵਿੱਚੋਂ ਕੱਢ ਸਕਦੀ ਹੈ।"

ਤਰਨਪ੍ਰੀਤ ਕੌਰ

ਤਸਵੀਰ ਸਰੋਤ, Sukhcharan preet/bbc

ਤਸਵੀਰ ਕੈਪਸ਼ਨ, ਆਪਣੀ ਮਾਂ ਦੇ ਨਾਲ ਤਰਨਪ੍ਰੀਤ ਕੌਰ

ਤਰਨਪ੍ਰੀਤ ਦੇ ਮਾਤਾ ਹਰਪ੍ਰੀਤ ਕੌਰ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਕਹਿੰਦੇ ਹਨ, "ਅਸੀਂ ਤਾਂ ਬਹੁਤਾ ਪੜ੍ਹ ਨਹੀਂ ਸਕੇ ਪਰ ਇਸਦੇ ਸੁਪਨੇ ਪੂਰੇ ਕਰਨਾ ਚਾਹੁੰਦੇ ਹਾਂ ਇਸ ਲਈ ਅਸੀਂ ਇਸ ਨੂੰ ਘਰੇਲੂ ਕੰਮਾਂ ਤੋਂ ਦੂਰ ਰੱਖਿਆ। ਜਦੋਂ ਇਹ ਛੋਟੀਆਂ ਕਲਾਸਾਂ ਵਿੱਚ ਸੀ ਇਸਦੀ ਚਾਚੀ ਇਸ ਨੂੰ ਪੜ੍ਹਾਉਂਦੀ ਸੀ ਮੈਂ ਘਰ ਦਾ ਕੰਮ ਕਰਦੀ ਸੀ।''

ਦਾਦੀ ਦੀਆਂ ਅਸੀਸਾਂ

ਤਰਨਪ੍ਰੀਤ ਦੇ ਦਾਦੀ ਸੁਖਵੰਤ ਕੌਰ ਮਾਣ ਨਾਲ ਕਹਿੰਦੇ ਹਨ ਤਾਂ ਦਾਦਾ ਦਲਜੀਤ ਸਿੰਘ ਦੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਭਰ ਜਾਂਦੀਆਂ ਹਨ, "ਜਦੋਂ ਇਹ ਮੇਰੀ ਸੇਵਾ ਕਰਦੀ ਹੈ ਤਾਂ ਮੈਨੂੰ ਹਮੇਸ਼ਾ ਪੁੱਛਦੀ ਹੈ ਬੀਬੀ ਮੈਨੂੰ ਕੀ ਅਸੀਸ ਦਿਓਗੇ ਤਾਂ ਮੇਰਾ ਹਰ ਵਾਰ ਇਹੀ ਜਵਾਬ ਹੁੰਦਾ ਸੀ ਕਿ ਤੂੰ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ 'ਤੇ ਆਵੇਂ ਇਹ ਤਾਂ ਸੁੱਖ ਨਾਲ ਉਸ ਤੋਂ ਵੀ ਵੱਧ ਕਰ ਗਈ।"

ਤਰਨਪ੍ਰੀਤ ਕੌਰ

ਤਸਵੀਰ ਸਰੋਤ, Sukhcharan preet/bbc

ਤਸਵੀਰ ਕੈਪਸ਼ਨ, ਆਪਣੇ ਪਰਿਵਾਰ ਦੇ ਨਾਲ ਤਰਨਪ੍ਰੀਤ ਕੌਰ

ਤਰਨਪ੍ਰੀਤ ਦੇ ਇੱਕ ਰਿਸ਼ਤੇਦਾਰ ਕਹਿੰਦੇ ਹਨ, "ਇਸਦੀ ਪੜ੍ਹਾਈ ਵਿੱਚ ਐਨੀ ਲਗਨ ਸੀ ਕਿ ਇਹ ਸਾਨੂੰ ਕਈ ਸਾਲ ਤੱਕ ਮਿਲਣ ਵੀ ਨਹੀਂ ਸੀ ਆਈ। ਜਦੋਂ ਇਸ ਨੇ ਫ਼ੋਨ 'ਤੇ ਆਪਣਾ ਨਤੀਜਾ ਸੁਣਾਇਆ ਤਾਂ ਬੇਹੱਦ ਖੁਸ਼ੀ ਹੋਈ। ਮੇਰੀ ਬੇਟੀ ਹਾਲੇ ਪਹਿਲੀ ਜਮਾਤ ਵਿੱਚ ਪੜ੍ਹਦੀ ਹੈ ਉਹ ਹੁਣੇ ਕਹਿਣ ਲੱਗ ਪਈ ਹੈ ਕਿ ਮੈਂ ਦੀਦੀ ਵਰਗੀ ਬਣਨਾ ਹੈ।"

ਸਕੂਲ ਵੱਲੋਂ ਇਨਾਮ ਅਤੇ ਸਕਾਲਰਸ਼ਿਪ

ਬਰੌਡਵੇਅ ਪਬਲਿਕ ਸਕੂਲ ਮਨਾਲ ਦੀ ਮੈਨੇਜਮੈਂਟ ਨੇ ਤਰਨਪ੍ਰੀਤ ਨੂੰ 5100 ਰੁਪਏ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਹੈ ਅਤੇ ਅਗਲੀ ਪੜ੍ਹਾਈ ਲਈ ਸਕਾਲਰਸ਼ਿਪ ਦੇਣ ਦਾ ਐਲਾਨ ਵੀ ਕੀਤਾ ਹੈ।

ਸਕੂਲ ਦੇ ਪ੍ਰਿੰਸੀਪਲ ਐਮ ਏ ਸੈਫ਼ੀ ਮੁਤਾਬਿਕ, "ਅਸੀਂ ਇਸ ਹੋਣਹਾਰ ਵਿਦਿਆਰਥਣ ਲਈ ਬਾਰ੍ਹਵੀਂ ਤੱਕ ਦੀ ਪੜ੍ਹਾਈ ਲਈ ਇਸ ਨੂੰ ਸਕਾਲਰਸ਼ਿਪ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਅਗਲੀ ਪੜ੍ਹਾਈ ਲਈ ਜਿੱਥੋਂ ਤੱਕ ਇਹ ਪੜ੍ਹਨਾ ਚਾਹੇਗੀ ਸਾਡੀ ਮਦਦ ਜਾਰੀ ਰਹੇਗੀ। ਅਸੀਂ ਇਸ ਲਈ ਵਿਸ਼ੇਸ਼ ਅਧਿਆਪਕਾਂ ਦਾ ਪ੍ਰਬੰਧ ਵੀ ਕਰ ਰਹੇ ਹਾਂ ਕਿਉਂਕਿ ਇਹ ਸਾਡੇ ਸਕੂਲ ਦਾ ਚਮਕਦਾ ਸਿਤਾਰਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)