ਸਟੱਰਲਾਈਟ ਪ੍ਰਦਰਸ਼ਨ: ਕਦੋਂ ਅਤੇ ਕਿਸਦੇ ਹੁਕਮ 'ਤੇ ਪੁਲਿਸ ਗੋਲੀ ਚਲਾ ਸਕਦੀ ਹੈ

ਪੁਲਿਸ

ਤਸਵੀਰ ਸਰੋਤ, Getty Images

22 ਮਈ ਨੂੰ ਤਮਿਲਨਾਡੂ ਦੇ ਤੂਤੂਕੁਡੀ (ਟਿਊਟੀਕੋਰਿਨ) ਜ਼ਿਲ੍ਹੇ ਵਿੱਚ ਵੇਦਾਂਤਾ ਗਰੁੱਪ ਦੀ ਤਾਂਬਾ ਬਣਾਉਣ ਵਾਲੀ ਕੰਪਨੀ ਸਟੱਰਲਾਈਟ ਨੂੰ ਬੰਦ ਕਰਾਉਣ ਲਈ ਵੱਡਾ ਪ੍ਰਦਰਸ਼ਨ ਹੋਇਆ ਸੀ।

ਜ਼ਿਲ੍ਹੇ 'ਚੋਂ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋਇਆ ਅਤੇ ਉਨ੍ਹਾਂ ਨੇ ਜ਼ਿਲ੍ਹਾ ਕਲੈਕਟਰ ਦੇ ਦਫ਼ਤਰ ਵੱਲ ਮਾਰਚ ਕੱਢਿਆ।

ਪ੍ਰਦਰਸ਼ਨ ਇੰਨਾਂ ਵੱਡਾ ਸੀ ਕਿ ਕਾਬੂ ਤੋਂ ਬਾਹਰ ਹੋ ਗਿਆ ਜਿਸ ਕਾਰਨ ਪੁਲਿਸ ਨੇ ਭੀੜ 'ਤੇ ਗੋਲੀ ਚਲਾਈ। ਦੋ ਦਿਨ ਚੱਲੀ ਗੋਲੀ ਵਿੱਚ ਕਰੀਬ 13 ਲੋਕ ਮਾਰੇ ਗਏ।

ਇਸ ਦੌਰਾਨ ਕਈ ਮੀਡੀਆ ਚੈਨਲਾਂ 'ਤੇ ਦਿਖਾਇਆ ਗਿਆ ਕਿ ਪੁਲਿਸ ਵਾਲੇ ਬਿਨਾਂ ਵਰਦੀ ਤੋਂ ਭੀੜ 'ਤੇ ਗੋਲੀ ਚਲਾ ਰਹੇ ਸਨ।

ਟਿਊਟੀਕੋਰਿਨ ਹਿੰਸਾ

ਤਸਵੀਰ ਸਰੋਤ, Getty Images

ਤਮਿਲਨਾਡੂ ਦੇ ਮੁੱਖ ਮੰਤਰੀ ਈ. ਪਲਾਨੀਸੇਮੀ ਮੁਤਾਬਕ ਭੀੜ ਵਿੱਚ ਕੁਝ ਅਸਾਮਜਕ ਤੱਤ ਵੀ ਮੌਜੂਦ ਸਨ ਜਿਨ੍ਹਾਂ ਨੇ ਗੋਲੀ ਚਲਾਈ।

ਇਸ ਤੋਂ ਪਹਿਲਾਂ ਤਮਿਲਨਾਡੂ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ, "ਭੀੜ ਕਾਨੂੰਨ ਤੋੜ ਰਹੀ ਸੀ। ਜਨ-ਜੀਵਨ ਅਤੇ ਜਨਤਕ ਪ੍ਰੋਪਰਟੀ ਦੇ ਨੁਕਸਾਨੇ ਜਾਣ ਤੋਂ ਬਚਾਉਣ ਲਈ ਚਿਤਾਵਨੀ ਦਿੱਤੀ ਗਈ ਸੀ।"

ਇੱਥੋਂ ਤੱਕ ਹੰਝੂ ਗੈਸ ਦੇ ਗੋਲੇ ਵੀ ਛੱਡੇ ਤੇ ਲਾਠੀਚੀਰਜ਼ ਵੀ ਕੀਤਾ ਗਿਆ ਪਰ ਭੀੜ ਨਹੀਂ ਖਿਲਰੀ ਅਤੇ ਉਸ ਨੇ ਹਿੰਸਾ ਨੂੰ ਜਾਰੀ ਰੱਖਿਆ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਕਿਉਂਕਿ ਹੋਰ ਕੋਈ ਬਦਲ ਨਹੀਂ ਸੀ ਅਤੇ ਫੇਰ ਭੀੜ ਉਥੋਂ ਭੱਜੀ।"

ਟਿਊਟੀਕੋਰਿਨ ਹਿੰਸਾ

ਤਸਵੀਰ ਸਰੋਤ, Getty Images

ਬੀਬੀਸੀ ਨੇ ਤਮਿਲਨਾਡੂ ਪੁਲਿਸ ਕਾਲਜ ਦੇ ਸਾਬਕਾ ਚੇਅਰਮੈਨ ਸਿੰਥਾਨੰਨ ਨਾਲ ਸੰਪਰਕ ਸਾਧਿਆ ਅਤੇ ਪੁੱਛਿਆ ਕਿ ਪੁਲਿਸ ਕਿਹੜੇ ਹਾਲਾਤ ਵਿੱਚ ਗੋਲੀ ਚਲਾ ਸਕਦੀ ਹੈ ਤੇ ਇਸ ਤੋਂ ਪਹਿਲਾਂ ਕਦੋਂ ਅਜਿਹੀ ਵਾਰਦਾਤ ਹੋਈ ਹੈ।

'ਇਸ ਸਬੰਧੀ ਨੇਮ ਬਹੁਤ ਸਪੱਸ਼ਟ ਹਨ'

ਜਦੋਂ ਹਾਲਾਤ ਚਿੰਤਾਜਨਕ ਹੋਣ ਤਾਂ ਧਾਰਾ 144 ਲਗਾ ਦਿੱਤੀ ਜਾਂਦੀ ਹੈ। ਜੇ ਇਹ ਇਲਾਕਾ ਸ਼ਹਿਰੀ ਹੈ ਤਾਂ ਪੁਲਿਸ ਕਮਿਸ਼ਨਰ ਆਦੇਸ਼ ਦਿੰਦਾ ਹੈ ਅਤੇ ਜੇਕਰ ਇਹ ਪੇਂਡੂ ਇਲਾਕਾ ਹੈ ਤਾਂ ਜ਼ਿਲ੍ਹਾਂ ਕਲੈਕਟਰ ਇਸ ਸਬੰਧੀ ਆਦੇਸ਼ ਜਾਰੀ ਕਰਦਾ ਹੈ।

ਇਹ ਧਾਰਾ 8 ਵੱਖ-ਵੱਖ ਹਾਲਤਾਂ 'ਚ ਲਾਗੂ ਹੋ ਸਕਦੀਆਂ ਹਨ।

ਧਾਰਾ 144 ਲਾਗੂ ਤੋਂ ਬਾਅਦ 5 ਤੋਂ ਵੱਧ ਲੋਕਾਂ ਦਾ ਬਿਨਾਂ ਪੁਲਿਸ ਦੀ ਆਗਿਆ ਦੇ ਇਕੱਠੇ ਹੋਣਾ ਕਾਨੂੰਨ ਦੇ ਖ਼ਿਲਾਫ਼ ਹੈ।

ਟਿਊਟੀਕੋਰਿਨ ਹਿੰਸਾ

ਤਸਵੀਰ ਸਰੋਤ, Getty Images

ਪਰ ਜੇਕਰ ਇਸ ਦੇ ਬਾਵਜੂਦ ਵੀ ਪ੍ਰਦਰਸ਼ਨ ਦਾ ਐਲਾਨ ਹੁੰਦਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਹਨ ਤਾਂ ਕਾਨੂੰਨ ਦੀਆਂ ਧਾਰਾਵਾਂ 129, 130, 131 ਤਹਿਤ ਭੀੜ ਨੂੰ ਉਸ ਥਾਂ ਤੋਂ ਹਟਾਉਣ ਲਈ ਕਾਰਵਾਈ ਕੀਤੀ ਜਾ ਸਕਦੀ ਹੈ।

ਕੋਡ ਆਫ ਕ੍ਰਿਮੀਨਲ ਪ੍ਰੋਸੀਜਰ 1973 ਦੀ ਧਾਰਾ 129 ਦੇ ਤਹਿਤ ਜ਼ਿਲ੍ਹਾ ਰੈਵੇਨਿਊ ਅਧਿਕਾਰੀ ਆਦੇਸ਼ ਦੇ ਸਕਦਾ ਹੈ।

ਜੇਕਰ ਹਿੰਸਾ ਹੁੰਦੀ ਹੈ ਤਾਂ ਪੁਲਿਸ ਮਹਿਕਮਾ ਰੈਵੀਨਿਊ ਅਧਿਕਾਰੀ ਨੂੰ ਹਾਲਾਤ ਦੇ ਮੱਦੇਨਜ਼ਰ ਉੱਥੇ ਆਉਣ ਲਈ ਅਪੀਲ ਕਰ ਸਕਦਾ ਹੈ।

ਜੇਕਰ ਰੈਵੀਨਿਊ ਅਧਿਕਾਰੀ ਕਿਸੇ ਜ਼ਰੂਰੀ ਕੰਮਾਂ ਕਾਰਨ ਜਾਂ ਉੱਥੇ ਪੇਸ਼ ਨਾ ਹੋਣ ਦੀ ਸਥਿਤੀ ਕਾਰਨ ਉੱਥੇ ਨਹੀਂ ਆ ਸਕਦਾ ਤਾਂ ਪੁਲਿਸ ਅਫਸਰ, ਜੋ ਸਬ-ਇੰਸਪੈਕਟਰ ਦੇ ਅਹੁਦੇ ਤੋਂ ਘੱਟ ਨਾ ਹੋਵੇ, ਨੂੰ ਫ਼ੈਸਲਾ ਲੈਣ ਦਾ ਅਧਿਕਾਰ ਹੁੰਦਾ ਹੈ। ਇਸ ਧਾਰਾ ਦੇ ਤਹਿਤ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਦਸਤੀ ਉੱਥੋਂ ਬਾਹਰ ਜਾਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।

ਟਿਊਟੀਕੋਰਿਨ ਹਿੰਸਾ

ਤਸਵੀਰ ਸਰੋਤ, Getty Images

ਜੇਕਰ ਫੇਰ ਹਾਲਾਤ ਸੰਜੀਦਾ ਹਨ ਤਾਂ ਭੀੜ ਨੂੰ ਹਟਾਉਣ ਅਤੇ ਗ੍ਰਿਫ਼ਤਾਰ ਕਰਨ ਲਈ ਸੁਰੱਖਿਆ ਬਲਾਂ ਦੀ ਮਦਦ ਲਈ ਜਾ ਸਕਦੀ ਹੈ।

ਜੇਕਰ ਹਿੰਸਾ ਭੜਕ ਜਾਂਦੀ ਹੈ ਤਾਂ ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ ਦੀ ਧਾਰਾ 131 ਮੁਤਾਬਕ ਸੁਰੱਖਿਆ ਬਲਾਂ ਨੂੰ ਜ਼ਿਲ੍ਹਾ ਕਲੈਕਟਰਾਂ ਦਾ ਹੁਕਮਾਂ ਦੀ ਪਾਲਣਾ ਕਰਨੀ ਪੈਂਦੀ ਹੈ।

ਜੇਕਰ ਜ਼ਿਲ੍ਹਾ ਕਲੈਕਟਰ ਉਸ ਸਥਾਨ 'ਤੇ ਹਾਜ਼ਰ ਨਹੀਂ ਹੋ ਸਕਦਾ ਤਾਂ ਟੀਮ ਆਪਣੇ ਬਟਾਲੀਅਨ ਮੁਖੀ ਦੇ ਆਦੇਸ਼ਾਂ ਦੀ ਪਾਲਣਾ ਕਰ ਸਕਦੀ ਹੈ।

ਤਮਿਲਨਾਡੂ ਪੁਲਿਸ ਮਹਿਕਮੇ ਦੇ ਸਿਖਲਾਈ ਕਾਨੂੰਨ 73 ਦੀ ਵਿਖਾਇਆ-

  • ਪਹਿਲਾਂ ਭੀੜ ਨੂੰ ਗ਼ੈਰ-ਕਾਨੂੰਨੀ ਐਲਾਨਣਾ ਹੋਵੇਗਾ ਅਤੇ ਉਸ ਨੂੰ ਥਾਂ ਖਾਲੀ ਕਰਨ ਦੀਆਂ ਹਦਾਇਤਾਂ ਦੇਣਗੀਆਂ ਹੋਣਗੀਆਂ।
  • ਜੇਕਰ ਉਹ ਥਾਂ ਨਹੀਂ ਛੱਡਦੇ ਤਾਂ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨੀ ਹੋਵੇਗੀ।
  • ਜੇਕਰ ਫੇਰ ਵੀ ਭੀੜ ਉੱਥੇ ਰਹਿੰਦੀ ਹੈ ਤਾਂ ਭੀੜ ਕੰਟ੍ਰੋਲ ਕਰਨ ਵਾਲੀ ਗੱਡੀ 'ਵਜਰ' ਦਾ ਭੀੜ 'ਤੇ ਪਾਣੀ ਦੀਆਂ ਬੋਛਾਰਾਂ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
  • ਜੇਕਰ ਇਹ ਵੀ ਕਾਰਗਰ ਸਾਬਿਤ ਨਹੀਂ ਹੁੰਦਾ ਤਾਂ ਲਾਠੀ ਚਾਰਜ ਕੀਤਾ ਜਾ ਸਕਦਾ ਹੈ।
  • ਜੇਕਰ ਇਨ੍ਹਾਂ ਵਿਚੋਂ ਕੋਈ ਵੀ ਲਾਹੇਵੰਦ ਨਹੀਂ ਹੁੰਦਾ ਅਤੇ ਭੀੜ ਜਨ-ਜੀਵਨ ਤੇ ਜਨਤਕ ਚੀਜ਼ਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਤਾਂ ਪੁਲਿਸ ਗੋਲੀ ਚਲਾ ਸਕਦੀ ਹੈ।

ਪਰ ਇਸ ਤਰ੍ਹਾਂ ਦੀ ਕਾਰਵਾਈ ਦਾ ਉਦੇਸ਼ ਸਿਰਫ਼ ਭੀੜ ਹਟਾਉਣਾ ਹੁੰਦਾ ਹੈ, ਲੋਕ ਮਾਰਨਾ ਨਹੀਂ।

ਇਸ ਲਈ ਪੁਲਿਸ ਨੂੰ ਹਦਾਇਤ ਦਿੱਤੀ ਗਈ ਹੈ ਕਿ ਕੁਲ੍ਹੇ ਤੋਂ ਜਿੰਨੀ ਸੰਭਵ ਹੋ ਸਕੇ ਓਨੀਂ ਹੀ ਹੇਠਾਂ ਗੋਲੀ ਚਲਾਈ ਜਾਵੇ।

ਇੰਡੀਅਨ ਪੀਨਲ ਕੋਡ ਸੈਕਸ਼ਨ 100, 103 ਅਜਿਹੀਆਂ ਕਾਰਵਾਈਆਂ ਕਰਨ ਲਈ ਅਧਿਕਾਰ ਦਿੰਦਾ ਹੈ।

ਸਿੰਥਾਨੰਨ ਮੁਤਾਬਕ, "ਜ਼ਿਆਦਾਤਰ ਪੁਲਿਸ ਪਹਿਲਾਂ 'ਪੈਲੇਟ ਗੋਲੀਆਂ' ਦਾ ਇਸਤੇਮਾਲ ਕਰਦੀ ਹੈ। ਇਸ ਨਾਲ ਪਹਿਲੀ ਵਾਰ 'ਚ ਹੀ ਕਈ ਜਖ਼ਮੀ ਹੋ ਜਾਂਦੇ ਅਤੇ ਕਈ ਭੱਜ ਜਾਂਦੇ ਹਨ। ਪਰ ਇਸ ਨਾਲ ਕੋਈ ਮਰਦਾ ਨਹੀਂ ਹੈ। ਟਿਊਟੀਕੋਰਿਨ ਦੇ ਹਾਲਾਤ ਦੇ ਮੱਦੇਨਜ਼ਰ ਜੇਕਰ ਪੁਲਿਸ ਇਸ ਦੀ ਵਰਤੋਂ ਵੱਡੀ ਗਿਣਤੀ 'ਚ ਇਕੱਠੀ ਹੋਈ ਭਾੜ 'ਤੇ ਕਰਦੀ ਤਾਂ ਸ਼ਾਇਦ ਇਹ ਮੌਤਾਂ ਨਾ ਹੁੰਦੀਆਂ। ਪਰ ਹਾਲਾਤ ਦੀ ਗੰਭੀਰਤਾ ਬਾਰੇ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਦੱਸ ਸਕਦੇ ਹਨ।"

ਟਿਊਟੀਕੋਰਿਨ ਹਿੰਸਾ

ਤਸਵੀਰ ਸਰੋਤ, Getty Images

ਇਸ ਤੋਂ ਇਲਾਵਾ ਅਜਿਹੀ ਹਿੰਸਾ ਦੌਰਾਨ ਪੁਲਿਸ ਸਿਰਫ ਸਾਧਾਰਨ ਰਾਈਫਲ ਦੀ ਵਰਤੋਂ ਕਰਦੀ ਹੈ। ਉਹ ਸੈਮੀ-ਆਟੋਮੈਟਿਕ ਜਾਂ ਆਟੋ-ਰਿਫਿਲਿੰਗ ਰਾਈਫਲ ਦੀ ਵਰਤੋਂ ਨਹੀਂ ਕਰਦੀ।

ਸਿੰਥਾਨੰਨ ਕਹਿੰਦੇ ਹਨ, "ਮੀਡੀਆ ਵਿੱਚ ਦਿਖਾਏ ਵੀਡੀਓ ਵਿੱਚ ਆਟੋਮੈਟਿਕ ਰਾਈਫਲਜ਼ ਹਨ। ਆਮਤੌਰ 'ਤੇ ਅਜਿਹੇ ਹਥਿਆਰਾਂ ਦੀ ਵਰਤੋਂ ਅੱਤਵਾਦੀਆਂ ਖ਼ਿਲਾਫ਼ ਕੀਤੀ ਜਾਂਦੀ ਹੈ। ਜਦੋਂ ਅਸੀਂ ਆਮ ਰਾਈਫਲ ਇਸਤਮਾਲ ਕਰੀਏ ਤਾਂ ਸਾਨੂੰ ਹਰ ਵਾਰ ਗੋਲੀਆਂ (ਮੈਗ਼ਜ਼ੀਨਸ) ਭਰਨੀਆਂ ਪੈਂਦੀਆਂ ਹਨ। ਇਸ ਦੌਰਾਨ ਭੀੜ ਸਾਡੇ 'ਤੇ ਗੋਲੀਆਂ ਦਾਗ ਸਕਦੀ ਹੈ। ਇਸ ਲਈ ਆਟੋਮੈਟਿਕ ਰਾਈਫਲਜ਼ ਦੀ ਵਰਤੋਂ ਉੱਥੇ ਕੀਤੀ ਜਾਂਦੀ ਹੈ।"

"ਅਜਿਹੇ ਹਿੰਸਾਤਕ ਪ੍ਰਦਰਸ਼ਨਾਂ ਦੌਰਾਨ ਆਮਤੌਰ 'ਤੇ ਭੀੜ ਵੱਲੋਂ ਪੈਟ੍ਰੋਲ ਬੰਬ, ਪੱਥਰ ਅਤੇ ਲੱਕੜ ਦੇ ਡੰਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਮੈਨੂੰ ਸਮਝ ਨਹੀਂ ਆਇਆ ਕਿ ਪੁਲਿਸ ਨੇ ਭੀੜ ਦੇ ਖ਼ਿਲਾਫ ਅਜਿਹੀਆਂ ਆਟੋਮੈਟਿਕ ਰਾਈਫਲਜ਼ ਦੀ ਵਰਤੋਂ ਕਿਉਂ ਕੀਤੀ।"

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਹਾਲਾਤ ਦੀ ਗੰਭੀਰਤਾ ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਉਸ ਹਾਲਾਤ ਬਾਰੇ ਜਾਣਕਾਰੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)