ਕਰਨਾਟਕ: ਇਨ੍ਹਾਂ 5 ਤਰੀਕਿਆਂ ਨਾਲ ਸਰਕਾਰ ਬਚਾ ਸਕਦੀ ਸੀ ਭਾਜਪਾ

ਤਸਵੀਰ ਸਰੋਤ, Getty Images
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੰਗਲੁਰੂ ਤੋਂ ਬੀਬੀਸੀ ਪੰਜਾਬੀ ਲਈ
ਕਰਨਾਟਕ ਵਿਧਾਨ ਸਭਾ ਵਿੱਚ ਸ਼ਾਮ ਚਾਰ ਵਜੇ ਯਾਨਿ ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਬੀਐਸ ਯੇਦੂਰੱਪਾ ਨੂੰ ਬਹੁਮਤ ਸਾਬਿਤ ਕਰਨਾ ਹੋਵੇਗਾ।
15 ਮਈ ਨੂੰ ਆਏ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਨੂੰ ਕੁੱਲ 222 ਸੀਟਾਂ 'ਚੋਂ 104 ਸੀਟਾਂ ਹੀ ਮਿਲੀਆਂ ਸਨ। ਰਾਜਪਾਲ ਵਜੂਭਾਈ ਵਾਲਾ ਨੇ ਸਾਧਾਰਣ ਬਹੁਮਤ ਤੋਂ 8 ਸੀਟਾਂ ਘੱਟ ਹੋਣ ਦੇ ਬਾਵਜੂਦ ਭਾਜਪਾ ਦੇ ਯੇਦੂਰੱਪਾ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁਕਾ ਦਿੱਤੀ ਸੀ।
ਇਸ ਤੋਂ ਪਹਿਲਾਂ ਰਾਜਪਾਲ ਨੇ ਯੇਦੂਰੱਪਾ ਨੂੰ ਵਿਧਾਨ ਸਭਾ ਵਿੱਚ ਬਹੁਮਤ ਸਾਬਿਤ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ, ਪਰ ਕਾਂਗਰਸ ਨੇ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਅਤੇ ਸ਼ੁੱਕਰਵਾਰ ਨੂੰ ਅਦਾਲਤ ਨੇ ਕਿਹਾ ਕਿ 19 ਮਈ ਨੂੰ ਸ਼ਾਮ 4 ਵਜੇ ਬਹੁਮਤ ਸਾਬਿਤ ਕਰਨਾ ਹੋਵੇਗਾ।

ਤਸਵੀਰ ਸਰੋਤ, Getty Images
ਕਰਨਾਟਕ ਵਿਧਾਨ ਸਭਾ ਚੋਣਾਂ ਦੀ ਤਸਵੀਰ ਚੋਣਾਂ ਦੇ ਨਤੀਜੇ ਵਾਲੇ ਦਿਨ ਸਪੱਸ਼ਟ ਹੋਣ ਨੂੰ ਜਿੰਨਾਂ ਸਮਾਂ ਲੱਗਾ ਸੀ, ਉਸ ਦੀ ਤੁਲਨਾ ਵਿੱਚ ਅੱਜ ਸ਼ਕਤੀ ਪਰੀਖਣ ਤੋਂ ਬਾਅਦ ਦੀ ਉਹ ਤਸਵੀਰ ਕਿ ਯੇਦੁਰੱਪਾ ਸਰਕਾਰ ਰਹੇਗੀ ਜਾਂ ਜਾਵੇਗੀ, ਸਾਫ਼ ਹੋਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ।
ਪਰ ਇਸ ਵਿਚਾਲੇ ਇੱਕ ਵੱਡਾ ਸਵਾਲ ਇਹ ਹੈ ਕਿ ਸਭ ਤੋਂ ਵੱਡੇ ਦਲ ਵਜੋਂ ਭਾਜਪਾ ਯੇਦੂਰੱਪਾ ਦੀ ਮੁੱਖ ਮੰਤਰੀ ਦੀ ਕੁਰਸੀ ਬਚਾ ਸਕੇਗੀ, ਜਦੋਂ ਕਿ ਉਸ ਕੋਲ ਬਹੁਮਤ ਹਾਸਿਲ ਕਰਨ ਲਈ ਅੱਠ ਵਿਧਾਇਕ ਘੱਟ ਹਨ।
ਦੂਜੇ ਪਾਸੇ ਕਾਂਗਰਸ 78 ਅਤੇ ਜੇਡੀਐਸ ਦੇ 37 ਵਿਧਾਇਕ ਹਨ (ਜੇਡੀਐਸ ਦੇ ਨਾਲ ਬੀਐਸਪੀ ਦੇ ਇੱਕ ਵਿੱਧਾਇਕ ਵੀ ਹਨ) ਅਤੇ ਇਨ੍ਹਾਂ ਨੂੰ ਮਿਲਾ ਕੇ 116 ਵਿਧਾਇਕ ਹੋ ਰਹੇ ਹਨ। ਮਤਲਬ ਇਸ ਗਠਜੋੜ ਕੋਲ ਸਾਧਾਰਣ ਬਹੁਮਤ ਨਾਲੋਂ ਤਿੰਨ ਵਿਧਾਇਕ ਜ਼ਿਆਦਾ ਹਨ।

ਤਸਵੀਰ ਸਰੋਤ, Getty Images
ਇਸ ਦੇ ਨਾਲ ਹੀ ਦੋ ਆਜ਼ਾਦ ਵਿਧਾਇਕ ਵੀ ਹਨ। 224 ਸੀਟਾਂ ਵਾਲੀ ਵਿਧਾਨ ਸਭਾ ਵਿੱਚ 222 ਸੀਟਾਂ 'ਤੇ ਹੀ ਵੋਟਾਂ ਪਈਆਂ ਸਨ ਅਤੇ ਦੋ ਸੀਟਾਂ 'ਤੇ ਚੋਣਾਂ ਹੋਣੀਆਂ ਹਨ।
ਭਾਜਪਾ ਲਈ ਸਰਕਾਰ ਬਚਾਉਣ ਦੇ 5 ਰਸਤੇ:-
- ਜੇਕਰ ਭਾਜਪਾ 15 ਵਿਧਇਕਾਂ ਨੂੰ ਬਹੁਮਤ ਪਰੀਖਣ ਦੌਰਾਨ ਵਿਧਾਨ ਸਭਾ ਤੋਂ ਗ਼ੈਰ-ਹਾਜ਼ਰ ਰੱਖਣ ਵਿੱਚ ਸਫਲ ਰਹਿੰਦੀ ਹੈ ਤਾਂ ਇਸ ਨਾਲ ਸਦਨ ਵਿੱਚ ਮੌਜੂਦ ਵਿਧਾਇਕਾਂ ਦੀ ਕੁੱਲ ਗਿਣਤੀ 208 ਹੋ ਜਾਵੇਗੀ।
- ਜੇਕਰ ਜੇਡੀਐਸ ਜਾਂ ਕਾਂਗਰਸ 15 ਵਿਧਾਇਕ ਆਪਣੀ ਪਾਰਟੀ ਹਿੱਤ ਨੂੰ ਛੱਡ ਕੇ ਬੀਐਸ ਯੇਦੂਰੱਪਾ ਲਈ ਸਮਰਥਨ ਦੇ ਦੇਣ ਜਾਂ ਫੇਰ ਸਦਨ ਤੋਂ ਅਸਤੀਫਾ ਦੇ ਦੇਣ ਤਾਂ ਭਾਜਪਾ ਦੀ ਸਰਕਾਰ ਬਚ ਜਾਵੇਗੀ। ਦੋਵੇਂ ਮਾਮਲਿਆਂ ਵਿੱਚ ਵਿਧਾਇਕਾਂ ਨੂੰ ਆਪਣੀ ਵਿਧਾਇਕੀ ਤੋਂ ਹੱਥ ਧੋਣਾ ਪਵੇਗਾ।
- ਵਿਧਾਨ ਸਭਾ ਵਿੱਚ ਸ਼ਕਤੀ ਪਰੀਖਣ ਦੌਰਾਨ ਕੁਝ ਵਿਧਾਇਕ ਹੰਗਾਮਾ ਖੜਾ ਕਰ ਦੇਣ ਅਤੇ ਉਨ੍ਹਾਂ ਵਿਧਾਇਕਾਂ ਨੂੰ ਪ੍ਰਧਾਨ ਸਦਨ ਤੋਂ ਬਾਹਰ ਜਾਣ ਦਾ ਆਦੇਸ਼ ਦੇ ਦੇਣ ਤਾਂ ਵੀ ਇਸ ਸਦਨ ਵਿੱਚ ਮੌਜੂਦ ਵਿਧਾਇਕਾਂ ਦੀ ਕੁੱਲ ਗਿਣਤੀ ਘੱਟ ਹੋ ਜਾਵੇਗੀ। ਇਸ ਨਾਲ ਵੀ ਭਾਜਪਾ ਦੀ ਯੇਦੂਰੱਪਾ ਸਰਕਾਰ ਬਚ ਜਾਵੇਗੀ।
- ਕਾਂਗਰਸ ਵਿੱਚ ਇੱਕ ਤੋਂ ਜ਼ਿਆਦਾ ਲਿੰਗਾਯਤ ਵਿਧਾਇਕ ਹਨ। ਲਿੰਗਾਯਤ ਮਠਾਧੀਸ਼ਾਂ ਵੱਲ ਅਪੀਲ ਕੀਤੀ ਜਾ ਸਕਦੀ ਹੈ ਕਿ ਯੇਦੂਰੱਪਾ ਲਿੰਗਾਯਤ ਹੈ ਅਤੇ ਸ਼ਕਤੀ ਪਰੀਖਣ ਵਿੱਚ ਲਿੰਗਾਯਤ ਵਿਧਾਇਕ ਉਨ੍ਹਾਂ ਦਾ ਸਾਥ ਦੇਣ। ਇਹ ਤਰਕ ਦਿੱਤਾ ਜਾ ਸਕਦਾ ਹੈ ਕਿ ਕਾਂਗਰਸ ਪਹਿਲਾਂ ਤੋਂ ਹੀ ਵੀਰਸ਼ੈਵ ਭਾਈਚਾਰੇ ਰਾਹੀਂ ਲਿੰਗਾਯਤਾਂ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਸੀ।
- ਭਾਜਪਾ ਕੋਸ਼ਿਸ਼ ਕਰ ਰਹੀ ਹੈ ਕਿ ਬਹੁਮਤ ਹਾਸਿਲ ਕਰਨ ਦੌਰਾਨ ਗੁਪਤ ਬੈਲੇਟ ਦੀ ਵਰਤੋਂ ਕੀਤੀ ਜਾਵੇ, ਜਿਸ ਨਾਲ ਵਿਧਾਇਕਾਂ ਦੀ ਪਛਾਣ ਜ਼ਾਹਿਰ ਨਾ ਹੋਵੇ। ਯੇਦੁਰੱਪਾ ਦੀ ਸੀਐਮ ਦੀ ਕੁਰਸੀ ਇਸ ਨਾਲ ਵੀ ਬਚ ਸਕਦੀ ਹੈ।












