ਕਰਨਾਟਕ: ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੀ ਹੋਵੇਗਾ

ਤਸਵੀਰ ਸਰੋਤ, Reuters
ਦੂਰਦਰਸ਼ਨ ਮੁਤਾਬਕ ਸੁਪਰੀਮ ਕੋਰਟ ਨੇ ਸ਼ਨੀਵਾਰ ਸ਼ਾਮ ਚਾਰ ਵਜੇ ਕਰਨਾਟਕ ਦੀ ਭਾਜਪਾ ਸਰਕਾਰ ਨੂੰ ਬਹੁਮਤ ਸਾਬਿਤ ਕਰਨ ਨੂੰ ਕਿਹਾ ਹੈ।
ਕਰਨਾਟਕ ਵਿਧਾਨਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ ਪਰ ਭਾਰਤੀ ਜਨਤਾ ਪਾਰਟੀ 104 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਬਣੀ ਸੀ।
ਪਰ ਚੋਣਾਂ ਤੋਂ ਬਾਅਦ ਕਾਂਗਰਸ ਨੇ ਜੇਡੀਐਸ ਦੇ ਨਾਲ ਮਿਲ ਕੇ ਸਰਕਾਰ ਦਾ ਦਾਅਵਾ ਪੇਸ਼ ਕੀਤਾ ਸੀ। ਕਾਂਗਰਸ ਨੂੰ 78 ਅਤੇ ਜੇਡੀਐਸ ਨੂੰ 37 ਸੀਟਾਂ ਮਿਲੀਆਂ ਸਨ।
ਪਰ ਰਾਜਪਾਲ ਨੇ ਬੀਐਸ ਯੇਦੂਰੱਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਕਾਂਗਰਸ ਅਤੇ ਜੇਡੀਐਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਇਆ।
ਸੁਪਰੀਮ ਕੋਰਟ ਨੇ ਯੇਦੂਰੱਪਾ ਦੇ ਸਹੁੰ ਚੁੱਕਣ 'ਤੇ ਰੋਕ ਤਾਂ ਨਹੀਂ ਲਗਾਈ ਪਰ ਸੁਣਵਾਈ ਜਾਰੀ ਰੱਖਣ ਦਾ ਫ਼ੈਸਲਾ ਕੀਤਾ।

ਤਸਵੀਰ ਸਰੋਤ, Getty Images
ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਯੇਦੂਰੱਪਾ ਵਿਧਾਨ ਸਭਾ ਵਿੱਚ ਸ਼ਨੀਵਾਰ ਸ਼ਾਮ ਚਾਰ ਵਜੇ ਤੱਕ ਆਪਣਾ ਬਹੁਮਤ ਸਾਬਿਤ ਕੀਤਾ ਜਾਵੇ।
ਇਸ ਦੀ ਪ੍ਰਕਿਰਿਆ ਕੀ ਹੋਵੇਗੀ?
- ਸਭ ਤੋਂ ਪਹਿਲਾਂ ਕਰਨਾਟਕ ਵਿਧਾਨ ਮੰਡਲ ਦੇ ਸਕੱਤਰ ਨੂੰ ਸਦਨ ਦੇ ਸਭ ਤੋਂ ਸੀਨੀਅਰ ਵਿਧਾਇਕ ਦੀ ਪਛਾਣ ਕਰਨੀ ਹੋਵੇਗੀ, ਜਿਨ੍ਹਾਂ ਨਬੰ ਸਭ ਤੋਂ ਵੱਧ ਚੁਣਿਆ ਗਿਆ ਹੋਵੇ।
- ਇਸ ਤੋਂ ਬਾਅਦ ਵਿਧਾਨ ਮੰਡਲ ਦੇ ਸਕੱਤਰ ਉਸ ਵਿਅਕਤੀ ਦਾ ਨਾਮ ਪ੍ਰੋ-ਟੇਮ ਸਪਾਕਰ ਲਈ ਕਰਨਾਟਕ ਦੇ ਰਾਜਪਾਲ ਨੂੰ ਸੌਂਪਣਗੇ। ਕਰਨਾਟਕ ਦੇ ਗਵਰਨਰ ਪ੍ਰੋ-ਟੇਮ ਸਪੀਕਰ ਸਹੁੰ ਚੁਕਾਉਣਗੇ।
- ਉਸ ਤੋਂ ਬਾਅਦ ਪ੍ਰੋ-ਟੇਮ ਸਪੀਕਰ ਵਿਧਾਨ ਮੰਡਲ ਦੇ ਸਕੱਤਰ ਨੂੰ ਨਿਰਦੇਸ਼ ਦੇਣਗੇ ਕਿ ਉਹ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁੱਕਣ ਲਈ ਸਦਨ ਵਿੱਚ ਮੌਜੂਦ ਹੋਣ ਲਈ ਸੰਦੇਸ਼ ਦੇਣ, ਸੱਦਾ ਭੇਜਣ।
- ਫੇਰ ਨਵੇਂ ਚੁਣੇ ਵਿਧਆਇਕ ਸਹੁੰ ਚੁੱਕਣ। ਇਸ ਵਿੱਚ ਸਮਾਂ ਲੱਗ ਸਕਦਾ ਹੈ। ਹੋ ਸਕਦਾ ਹੈ ਕਿ ਇਸ ਪ੍ਰਕਿਰਿਆ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤਾ ਸ਼ਾਮ 4 ਵਜੇ ਦੀ ਡੈਡਲਾਈਨ ਪਾਰ ਹੋ ਜਾਵੇ।
- ਕਰਨਾਟਕ ਅਸੈਂਬਲੀ ਦੇ ਸਾਬਕਾ ਸਪੀਕਰ ਕੇਆਰ ਰਮੇਸ਼ ਕੁਨਾਰ ਨੇ ਬੀਬੀਸੀ ਨੂੰ ਦੱਸਿਆ ਕਿ ਮੌਜੂਦਾ ਹਾਲਾਤ ਥੋੜੇ ਵੱਖਰੇ ਸਨ। ਅਜਿਹੇ ਹਾਲਾਤ ਵਿੱਚ ਇਹ ਜ਼ਰੂਰੀ ਹੈ ਕਿ ਸੁਪਰੀਮ ਕੋਰਟ ਦਾ ਭਾਵਨਾ ਦਾ ਖ਼ਿਆਲ ਰਖਿਆ ਜਾਵੇ।
- ਇੱਕ ਵਾਰ ਜਦੋਂ ਸਾਰੇ ਵਿਧਾਇਕਾਂ ਦੇ ਸਹੁੰ ਚੁੱਕਣ ਦਾ ਕੰਮ ਪੂਰਾ ਹੋ ਜਾਵੇਗਾ, ਉਸ ਤੋਂ ਬਾਅਦ ਪ੍ਰੋ-ਟੇਮ ਸਪੀਕਰ ਕੋਲ ਦੋ ਬਦਲ ਹੋਣਗੇ। ਇੱਕ ਇਹ ਕਿ ਫਲੋਰ ਟੈਸਟ ਸ਼ੁਰੂ ਕਰਾਇਆ ਜਾਵੇ ਅਤੇ ਬਹੁਮਤ ਲਈ ਵੋਟਿੰਗ ਹੋਵੇ ਜਾਂ ਫੇਰ ਉਹ ਪਹਿਲਾਂ ਸਦਨ ਦੇ ਸਪੀਕਰ ਦੀ ਚੋਣ ਕਰਨ।
- ਜਦ ਵਿਧਾਇਕਾਂ ਦਾ ਵੋਟਿੰਗ ਹੋਵੇਗੀ ਤਾਂ ਪਹਿਲਾਂ ਮੌਖਿਕ ਵੋਟ (ਵਾਇਸ ਵੋਟ) ਲਿਆ ਜਾਵੇਗਾ। ਇਸ ਤੋਂ ਬਾਅਦ ਕੋਰਮ ਬੈਲ ਵੱਜੇਗੀ ਅਤੇ ਸਾਰੇ ਵਿਧਾਇਕਾਂ ਨੂੰ ਖੇਮੇ ਵਿੱਚ ਵੰਡਣ ਲਈ ਕਿਹਾ ਜਾਵੇਗਾ। ਇਸ ਦੌਰਾਨ ਸਦਨ ਦੇ ਦਰਵਾਜ਼ੇ ਬੰਦ ਹੋਣਗੇ ਅਤੇ ਫੇਰ ਦੋਵੇਂ ਖੇਮਿਆਂ ਵਿੱਚ ਵਿਧਾਇਕਾਂ ਦੀ ਗਿਣਤਾ ਕੀਤੀ ਜਾਵੇਗੀ।
ਇਸ ਪੂਰੀ ਪ੍ਰਕਿਰਿਆ ਤੋਂ ਬਾਅਦ ਸਪੀਕਰ ਨਤੀਜੇ ਦਾ ਐਲਾਨ ਕਰਨਗੇ।












