ਪਾਇਲਟ ਦਾ ਸੁਫ਼ਨਾ ਸੰਜੋਣ ਵਾਲੀ ਹਰਿਆਣਾ ਦੀ ਲਖਪਤੀ ਦੇਵੀ ਬਣੇਗੀ ਬੱਸ ਡਰਾਈਵਰ

    • ਲੇਖਕ, ਸਤ ਸਿੰਘ
    • ਰੋਲ, ਭਿਵਾਨੀ ਤੋਂ ਬੀਬੀਸੀ ਪੰਜਾਬੀ ਲਈ

''ਹੁਣ ਮੇਰਾ ਸਿਰਫ਼ ਇੱਕ ਸੁਫ਼ਨਾ ਬਚਿਆ ਹੈ ਕਿ ਇੱਕ ਦਿਨ ਮੈਂ ਆਪਣੇ ਮਾਪਿਆਂ ਤੇ ਬੱਚਿਆਂ ਨਾਲ ਜਹਾਜ਼ ਵਿੱਚ ਬੈਠਾਂ।''

ਅੱਖਾਂ 'ਚ ਲੱਖਾਂ ਵਾਲੇ ਸੁਪਨੇ ਤਾਂ ਨਹੀਂ ਹਨ, ਪਰ ਨਿੱਕੇ-ਨਿੱਕੇ ਸੁਫ਼ਨਿਆਂ ਵਾਲੀ ਤੋਸ਼ਾਮ ਦੀ ਲਖਪਤੀ ਦੇਵੀ ਹੁਣ ਜਹਾਜ਼ 'ਚ ਬੈਠਣ ਦਾ ਸੁਫ਼ਨਾ ਜ਼ਰੂਰ ਹੈ।

ਭਿਵਾਨੀ ਦੇ ਬੱਸ ਸਟੈਂਡ ਨੇੜੇ ਇੱਕ ਲੋਹੇ ਦੇ ਗੇਟ ਕੋਲ ਸਲਵਾਰ ਕਮੀਜ ਪਾਈ ਇੱਕ ਔਰਤ ਮੋਢਿਆਂ 'ਤੇ ਪਰਸ ਟੰਗ ਕੇ ਲੰਘਦੀ ਹੈ ਤਾਂ ਉੱਥੇ ਮੌਜੂਦ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।

ਉਸ ਦੇ ਆਲੇ ਦੁਆਲੇ ਕਈ ਹਰਿਆਣਵੀ ਮਰਦ ਚੁਟਕੁਲੇ ਸੁਣਾ ਰਹੇ ਹਨ ਤੇ ਉਹ ਉਸ ਮਰਦਾਂ ਵਾਲੇ ਖ਼ੇਤਰ ਵਿੱਚ ਦਾਖਲ ਹੁੰਦੀ ਹੈ।

ਦੁਪਹਿਰ ਦੋ ਵਜੇ ਹਰਿਆਣਾ ਰੋਡਵੇਜ਼ ਦੇ ਸਿਖ਼ਲਾਈਯਾਫ਼ਤਾ ਡਰਾਈਵਰਾਂ ਲਈ ਬੱਸ ਚਲਾਉਣ ਦਾ ਵਕਤ ਹੈ।

ਕਈ ਮਰਦਾਂ ਵਿਚਾਲੇ ਬੱਸ ਡਰਾਈਵਿੰਗ ਸਿੱਖਦੀ ਇਕੱਲੀ ਔਰਤ

ਬੱਸ ਚਲਾਉਣ ਦੀ ਸਿਖਲਾਈ ਸੱਤ ਘੰਟੇ ਚੱਲਦੀ ਹੈ।

ਦੋ ਪੁੱਤਰਾਂ ਦੀ ਮਾਂ ਲਖਪਤੀ ਦੇਵੀ ਵੀ 30 ਬੱਸ ਸਿਖ਼ਲਾਈਯਾਫ਼ਤਾ ਡਰਾਈਵਰਾਂ ਵਿੱਚੋਂ ਇੱਕ ਹੈ।

ਉਸ ਦੀ ਇਹ ਟ੍ਰੇਨਿੰਗ ਭਾਰੀ ਵਾਹਨਾਂ ਦੇ ਲਾਇਸੈਂਸ ਲੈਣ ਲਈ 20 ਦਿਨਾਂ ਦੇ ਡਰਾਈਵਿੰਗ ਕਰੈਸ਼ ਕੋਰਸ ਤਹਿਤ ਚੱਲ ਰਹੀ ਹੈ।

ਇਸ ਸਿਖਲਾਈ ਦੌਰਾਨ ਯੋਗ ਉਮੀਦਵਾਰ ਹਰਿਆਣਾ ਰੋਡਵੇਜ਼ ਵਿੱਚ ਪੱਕੇ ਬੱਸ ਡਰਾਈਵਰ ਦੀ ਨੌਕਰੀ ਲਈ ਅਪਲਾਈ ਕਰ ਸਕਣਗੇ।

ਪਾਇਲਟ ਬਣ ਉਡਾਰੀ ਲਾਉਣ ਦਾ ਸੁਫ਼ਨਾ

ਬੁਲੰਦ ਹੌਂਸਲੇ ਨਾਲ ਲਖਪਤੀ ਕਹਿੰਦੀ ਹੈ, ''ਮੈਂ ਰੋਡਵੇਜ਼ ਦੀ ਬੱਸ ਡਰਾਈਵਰ ਆਪਣੀ ਮਰਜ਼ੀ ਨਾਲ ਬਣਨਾ ਚਾਹੁੰਦੀ ਹਾਂ ਨਾ ਕਿ ਕਿਸੇ ਮਜਬੂਰੀ ਜਾਂ ਦਬਾਅ ਹੇਠ।''

''ਮੇਰਾ ਸੁਫ਼ਨਾ ਹੈ ਕਿ ਮੈਂ ਪਾਇਲਟ ਬਣਾ ਤੇ ਅੰਬਰਾਂ 'ਚ ਜਹਾਜ਼ ਉਡਾਵਾਂ, ਪਰ ਕਿਸਮਤ ਦੀਆਂ ਯੋਜਨਾਵਾਂ ਕੁਝ ਹੋਰ ਹੀ ਹਨ।''

''ਮੈਂ ਖੁਸ਼ ਹਾਂ ਅਤੇ ਹਰ ਦਿਨ ਮੇਰੇ ਹੌਂਸਲੇ ਹੋਰ ਬੁਲੰਦ ਹੋ ਰਹੇ ਹਨ।''

ਇੱਕ ਵਿਅਕਤੀ ਉਸ ਦੇ ਹੌਂਸਲੇ ਅਤੇ ਹਾਵ-ਭਾਵ ਵੇਖਦਾ ਹੈ ਤਾਂ ਉਹ ਅੱਗੇ ਕਹਿੰਦੀ ਹੈ ਕਿ ਜਦੋਂ ਤੱਕ ਉਸ ਵਰਗੀਆਂ ਔਰਤਾਂ ਨੇ ਇਸ ਕੰਮ ਨੂੰ ਹੱਥ ਨਹੀਂ ਪਾਇਆ, ਰੋਡਵੇਜ਼ ਬੱਸ ਨੂੰ ਚਲਾਉਣਾ ਮਰਦਾਂ ਦਾ ਕਿੱਤਾ ਹੀ ਸਮਝਿਆ ਜਾਂਦਾ ਹੈ।

ਲਖਪਤੀ ਅੱਗੇ ਕਹਿੰਦੀ ਹੈ, ''ਹੁਣ ਮੈਂ ਇਸ ਪਾਸੇ ਆਪਣਾ ਯੋਗਦਾਨ ਪਾ ਦਿੱਤਾ ਹੈ ਤਾਂ ਜੋ ਹੋਰ ਵੀ ਮੇਰੇ ਤੋਂ ਪ੍ਰੇਰਿਤ ਹੋ ਕੇ ਇਸ ਕੰਮ ਨੂੰ ਕਰਨ ਲਈ ਅੱਗੇ ਆਉਣ।''

ਭਿਵਾਨੀ ਜ਼ਿਲ੍ਹੇ ਦੀਆਂ ਮਸ਼ਹੂਰ ਰੈਸਲਰ ਫੋਗਾਟ ਭੈਣਾਂ ਵਾਂਗ ਹੀ ਲਖਪਤੀ ਦੇਵੀ ਵੀ ਆਪਣੀ ਜ਼ਿੰਦਗੀ 'ਚ ਰੋਡਵੇਜ਼ ਬੱਸ ਨੂੰ ਚਲਾ ਕੇ 'ਦੰਗਲ' ਲੜ ਰਹੀ ਹੈ।

ਕਿਸੇ ਹੋਰ ਹੀ ਚੀਜ਼ ਦੀ ਬਣੀ ਹੈ ਲਖਪਤੀ

ਲਖਪਤੀ ਰੋਜ਼ਾਨਾ ਟ੍ਰੇਨਿੰਗ ਸੈਂਟਰ ਦੁਪਹਿਰ ਦੋ ਵਜੇ ਆਉਂਦੀ ਹੈ ਅਤੇ ਰਾਤ 8-9 ਵਜੇ ਘਰ ਲਈ ਜਾਂਦੀ ਹੈ।

ਤੋਸ਼ਾਮ ਵਿਖੇ ਆਪਣੇ ਘਰ ਪਹੁੰਚਣ ਲਈ ਉਸ ਨੂੰ 40 ਮਿੰਟ ਦਾ ਸਮਾਂ ਬੱਸ ਰਾਹੀਂ ਲੱਗਦਾ ਹੈ।

ਸਿਖ਼ਲਾਈਯਾਫ਼ਤਾ ਡਰਾਈਵਰਾਂ ਨੂੰ ਸਾਬਕਾ ਫ਼ੌਜੀ ਅਨੂਪ ਸਿੰਘ ਟ੍ਰੇਨਿੰਗ ਦਿੰਦੇ ਹਨ।

ਲਖਪਤੀ ਬਾਰੇ ਉਹ ਕਹਿੰਦੇ ਹਨ, ''ਲਖਪਤੀ ਇੱਕ ਅਜਿਹੀ ਔਰਤ ਹੈ ਜਿਹੜੀ ਕਿਸੇ ਹੋਰ ਹੀ ਚੀਜ਼ ਦੀ ਬਣੀ ਹੈ, ਉਸ ਨੇ ਡਰਾਈਵਿੰਗ ਦੀਆਂ ਬਾਰੀਕੀਆਂ ਉਮੀਦ ਤੋਂ ਪਰੇ ਬਹੁਤ ਜਲਦੀ ਸਿੱਖ ਲਈਆਂ ਹਨ।''

ਸਟੇਜ 'ਤੇ ਲੋਕ ਗੀਤ ਗਾਉਣ ਦੀ ਖਾਹਿਸ਼, ਪਰ....

ਭਿਵਾਨੀ ਤੋਂ ਤਕਰੀਬਨ 50 ਕਿਲੋਮੀਟਰ ਦੂਰ ਤੋਸ਼ਾਮ ਦੀ ਰਹਿਣ ਵਾਲੀ ਲਖਪਤੀ ਮੁਤਾਬਕ ਉਹ ਹਰਿਆਣਵੀ ਰਾਗਨੀਆਂ ਗਾ ਕੇ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੁੰਦੀ ਹੈ।

ਉਹ ਕਹਿੰਦੀ ਹੈ, ''ਮੇਰਾ ਹਰਿਆਣਵੀ ਰਾਗਨੀਆਂ ਨੂੰ ਗਾਉਣ ਦਾ ਸੁਫ਼ਨਾ ਬਚਪਨ ਤੋਂ ਹੀ ਹੈ, ਪਰ ਜਦੋਂ-ਜਦੋਂ ਮੈਂ ਇਸ ਸਬੰਧੀ ਕੋਸ਼ਿਸ਼ ਕੀਤੀ ਤਾਂ ਪਰਿਵਾਰ ਦੇ ਮਰਦਾਂ ਨੇ ਇਸ ਕੰਮ 'ਤੇ ਨਾਂਹ ਕੀਤੀ।''

ਲਖਪਤੀ ਮੁਤਾਬਕ ਉਨ੍ਹਾਂ ਦੇ ਘਰ ਰੇਡੀਓ, ਟੀਵੀ ਅਤੇ ਹੋਰ ਮਨੋਰੰਜਨ ਦੇ ਸਾਧਨ ਤੱਕ ਨਹੀਂ ਹਨ।

ਉਹ ਅੱਗੇ ਕਹਿੰਦੀ ਹੈ, ''ਮੈਂ ਕਦੇ ਸਿਨੇਮਾ ਹਾਲ ਅੰਦਰ ਨਹੀਂ ਗਈ ਅਤੇ ਨਾ ਹੀ ਕੋਈ ਫ਼ਿਲਮ ਅਜੇ ਤੱਕ ਦੇਖੀ ਹੈ, ਪਰ ਮੈਨੂੰ ਕੋਈ ਡਰ ਨਹੀਂ ਹੈ।''

''ਮੈਂ ਇੱਜ਼ਤ ਨਾਲ ਨੌਕਰੀਆਂ ਕਰਦਿਆਂ ਆਪਣੇ ਸਕੂਲ ਜਾਂਦੇ ਦੋ ਪੁੱਤਰਾਂ ਦਾ ਢਿੱਡ ਭਰ ਰਹੀ ਹਾਂ।''

ਲਖਪਤੀ ਦਾ ਸੰਘਰਸ਼

ਸਥਾਨਕ ਸਿਵਲ ਹਸਪਤਾਲ ਵਿੱਚ ਠੇਕੇ 'ਤੇ ਬਤੌਰ ਦਰਜਾ ਚਾਰ ਮੁਲਾਜ਼ਿਮ ਕੰਮ ਕਰ ਰਹੀ ਲਖਪਤੀ ਨੂੰ ਬਹੁਤੇ ਰਿਸ਼ਤੇਦਾਰ ਤੇ ਦੋਸਤ ਲੱਕੀ ਨਾਂ ਨਾਲ ਵਧੇਰੇ ਜਾਣਦੇ ਹਨ।

ਲਖਪਤੀ ਗੱਲਬਾਤ ਕਰਦਿਆਂ ਆਪਣੇ ਬਾਰੇ ਅੱਗੇ ਦੱਸਦੀ ਹੈ, ''ਜਦੋਂ ਮੈਂ 9-10 ਸਾਲ ਦੀ ਸੀ ਤਾਂ ਮੇਰੇ ਮਾਪਿਆਂ ਨੇ ਮੇਰਾ ਵਿਆਹ ਮਿਰਾਨ ਪਿੰਡ ਦੇ ਉੱਤਮ ਸਿੰਘ ਨਾਲ ਕਰ ਦਿੱਤਾ।''

''2013 ਵਿੱਚ ਉਸ ਨੇ ਮੇਰੇ ਤੋਂ ਰਿਸ਼ਤਾ ਤੋੜ ਲਿਆ, ਉਸ ਦੌਰਾਨ ਮੇਰੇ ਹਿੱਸੇ ਆਪਣੇ ਪਰਿਵਾਰ ਵਿੱਚੋਂ ਕੁਝ ਜ਼ਮੀਨ ਹੀ ਆਈ ਸੀ, ਜਿਹੜੀ ਸਾਡੇ ਲਈ ਰੋਜ਼ੀ ਰੋਟੀ ਸੀ।''

ਇਸ ਤੋਂ ਬਾਅਦ ਲਖਪਤੀ ਦੇ ਪਰਿਵਾਰ ਨੇ ਉਸ ਨੂੰ ਸਹਾਇਤਾ ਦੇਣ ਲਈ ਇੱਕ ਸ਼ਰਤ ਇਹ ਰੱਖੀ ਕਿ ਉਸ ਨੂੰ ਆਪਣੇ ਦੋਵਾਂ ਪੁੱਤਾਂ ਤੋਂ ਕਿਨਾਰਾ ਕਰ ਲਵੇ ਤਾਂ ਜੋ ਉਹ ਆਪਣੇ ਪਤੀ ਅਤੇ ਸਹੁਰਿਆਂ ਨੂੰ ਸਬਕ ਸਿਖਾ ਸਕੇ।

ਪਰ ਲਖਪਤੀ ਇਸ ਸ਼ਰਤ ਲਈ ਤਿਆਰ ਨਹੀਂ ਸੀ ਅਤੇ ਤੋਸ਼ਾਮ ਵਿੱਚ ਇੱਕਲੇ ਰਹਿਣ ਲੱਗੀ।

ਘਰ ਦੇ ਗੁਜ਼ਾਰੇ ਅਤੇ ਪੁੱਤਰਾਂ ਦੀ ਪੜ੍ਹਾਈ ਲਈ ਉਸ ਨੇ ਕੱਪੜੇ ਸਿਉਣ ਤੋਂ ਇਲਾਵਾ ਹੋਰ ਕੰਮ ਵੀ ਕੀਤੇ।

ਉਹ ਦੱਸਦੀ ਹੈ, ''ਜਦੋਂ ਮੈਂ ਆਪਣੇ ਛੋਟੇ ਭਰਾ ਨੂੰ ਕਿਹਾ ਕਿ ਮੈਨੂੰ 10ਵੀਂ ਜਮਾਤ 'ਚ ਦਾਖਲਾ ਦਵਾ ਦੇਵੇ ਤਾਂ ਉਸ ਨੇ ਤਾਅਨਾ ਮਾਰਿਆ ਕਿ ਇਸ ਨਾਲ ਕਿਹੜਾ ਤੂੰ ਦਰਜਾ ਇੱਕ ਦੀ ਅਫ਼ਸਰ ਬਣ ਜਾਣਾ ਹੈ।''

''ਮੈਂ ਫ਼ਿਰ ਇੱਕ-ਇੱਕ ਰੁਪੱਈਆ ਜੋੜ ਕੇ 2014 ਵਿੱਚ ਆਪਣੀ 10ਵੀਂ ਅਤੇ 2017 ਵਿੱਚ 12ਵੀਂ ਮੁਕੰਮਲ ਕੀਤੀ।''

ਆਪਣੀ ਮਿਹਨਤ ਅਤੇ ਯੋਗਤਾ ਸਦਕਾ ਉਸ ਨੇ ਪਿੰਡ ਵਿੱਚ ਆਸ਼ਾ ਵਰਕਰ ਦੇ ਤੌਰ 'ਤੇ ਵੀ ਸੇਵਾਵਾਂ ਦਿੱਤੀਆਂ ਅਤੇ ਕੁਝ ਸਮੇਂ ਬਾਅਦ ਉਸ ਨੂੰ ਠੇਕੇ 'ਤੇ ਦਰਜਾ ਚਾਰ ਕਰਮੀ ਦੇ ਤੌਰ 'ਤੇ ਭਿਵਾਨੀ ਦੇ ਸਿਵਲ ਹਸਪਤਾਲ 'ਚ ਨੌਕਰੀ ਮਿਲ ਗਈ।

ਅੱਜ ਕੱਲ ਉਹ ਹਸਪਤਾਲ ਦੀ ਨੌਕਰੀ ਦੇ ਨਾਲ-ਨਾਲ ਡ੍ਰਾਈਵਿੰਗ ਲਈ ਟ੍ਰੇਨਿੰਗ ਵੀ ਲੈ ਰਹੀ ਹੈ ਅਤੇ ਹੋਰ ਰੋਜ਼ ਰਾਤ 10 ਵਜੇ ਤੱਕ ਕੰਮ ਕਰਦੀ ਹੈ ਅਤੇ ਫ਼ਿਰ ਅਗਲੇ ਦਿਨ ਉਸ ਦਾ ਕੰਮ ਸਵੇਰੇ 4 ਵਜੇ ਸ਼ੁਰੂ ਹੋ ਜਾਂਦਾ ਹੈ।

ਇੱਕ ਚੰਗੀ ਸ਼ੁਰੂਆਤ !

ਲਖਪਤੀ ਕਹਿੰਦੀ ਹੈ ਕਿ ਉਸ ਦੀ ਪੜ੍ਹਾਈ ਸਦਕਾ ਹੀ ਉਸ ਨੇ ਸੂਬੇ ਦੇ ਰੋਡਵੇਜ਼ ਕੰਡਕਟਰ ਲਈ ਇਮਤਿਹਾਨ ਪਾਸ ਕੀਤਾ ਅਤੇ ਬਾਅਦ ਵਿੱਚ ਇੰਟਰਵੀਊ ਲਈ ਵੀ ਗਈ।

ਇਸ ਨਵੀਂ ਸ਼ੁਰੂਆਤ ਸਬੰਧੀ ਉਹ ਕਹਿੰਦੀ ਹੈ, ''ਭਾਵੇਂ ਬੱਸ ਡ੍ਰਾਈਵਰ ਜਾਂ ਬੱਸ ਕੰਡਕਟਰ, ਜਿਹੜੀ ਵੀ ਨੌਕਰੀ ਮੇਰੀ ਝੋਲੀ ਆਵੇਗੀ, ਮੈਂ ਹੱਸ ਕੇ ਪੱਕੀ ਨੌਕਰੀ ਦਾ ਆਨੰਦ ਲੈਣਾ ਚਾਹਾਂਗੀ।''

ਇਸ ਸਖ਼ਤ ਨੌਕਰੀ ਲਈ ਉਸ ਨੇ ਖ਼ੁਦ ਨੂੰ ਕਿਵੇ ਤਿਆਰ ਕੀਤਾ?

ਇਸ ਬਾਰੇ ਉਹ ਕਹਿੰਦੀ ਹੈ ਕਿ ਉਸ ਨੇ ਸਾਰੀ ਜ਼ਿੰਦਗੀ ਇਸ ਤੋਂ ਵੀ ਵੱਧ ਸਖ਼ਤ ਹਲਾਤਾਂ ਨਾਲ ਨਜਿੱਠਿਆ ਹੈ।

ਉਹ ਭਰਪੂਰ ਹੌਂਸਲੇ ਨਾਲ ਕਹਿੰਦੀ ਹੈ, ''ਇਹ ਸਭ ਇਨਸਾਨ ਤੇ ਨਿਰਭਰ ਕਰਦਾ ਹੈ ਕਿ ਜ਼ਿੰਦਗੀ ਨੂੰ ਕਿਸ ਤਰ੍ਹਾਂ ਲੈਣਾ ਹੈ। ਕਈ ਇਹ ਫ਼ੈਸਲਾ ਨਹੀਂ ਕਰ ਪਾਉਂਦੇ ਕਿ ਜ਼ਿੰਦਗੀ 'ਚ ਕੀ ਕਰਨਾ ਹੈ, ਮੈਂ ਜਾਣਦੀ ਹਾਂ ਕਿ ਲੋਕਾਂ ਨੂੰ ਕਿਵੇਂ ਸੰਭਾਲਿਆ ਜਾਵੇ।''

ਜਹਾਜ਼ 'ਚ ਬੈਠਣਾ ਚਾਹੁੰਦੀ ਹਾਂ!

ਲਖਪਤੀ ਮੁਤਾਬਕ ਆਪਣੇ ਫ਼ੈਸਲੇ 'ਤੇ ਟਿਕੇ ਰਹਿਣ ਤੋਂ ਬਾਅਦ ਉਸ ਨੇ ਲੜਾਈ ਲੜੀ ਅਤੇ ਸਹੁਰਿਆਂ ਤੋਂ ਆਪਣੇ ਹਿੱਸੇ ਦੀ ਜ਼ਮੀਨ ਵੀ ਹਾਸਿਲ ਕੀਤੀ, ਜਿਸ ਲਈ ਉਸ ਨੂੰ ਪੁਲਿਸ ਮਹਿਕਮੇ ਦਾ ਬੂਹਾ ਖੜਕਾਉਣਾ ਪਿਆ।

ਉਹ ਦੱਸਦੀ ਹੈ, ''ਹੁਣ ਮੇਰਾ ਸਿਰਫ਼ ਇੱਕ ਸੁਪਨਾ ਬਚਿਆ ਹੈ ਕਿ ਇੱਕ ਦਿਨ ਮੈਂ ਆਪਣੇ ਮਾਪਿਆਂ ਤੇ ਬੱਚਿਆਂ ਨਾਲ ਜਹਾਜ਼ ਵਿੱਚ ਬੈਠਾਂ।''

''ਜੇ ਮੈਂ ਪਾਇਲਟ ਨਾ ਬਣ ਸਕੀ ਤਾਂ ਘੱਟੋ ਘੱਟ ਮੈਂ ਜਹਾਜ਼ 'ਚ ਬੈਠਣ ਦਾ ਤਜਰਬਾ ਜ਼ਰੂਰ ਲੈਣਾ ਚਾਹਾਂਗੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)