UPSC ਪ੍ਰੀਖਿਆ ਪਾਸ ਕਰਨ ਲਈ ਕਿਹੜੀਆਂ ਗੱਲਾਂ ਜ਼ਰੂਰੀ?

ਤਸਵੀਰ ਸਰੋਤ, Sachin Gupta/Facebook
- ਲੇਖਕ, ਖ਼ੁਸ਼ਬੂ ਸੰਧੂ/ਪ੍ਰਭੂ ਦਿਆਲ
- ਰੋਲ, ਬੀਬੀਸੀ ਪੱਤਰਕਾਰ/ਬੀਬੀਸੀ ਪੰਜਾਬੀ ਲਈ
"ਆਪਣੇ ਇਰਾਦੇ ਦਾ ਪੱਕਾ ਹੋਣਾ, ਮਿਹਨਤੀ ਅਤੇ ਧੀਰਜਵਾਨ ਹੋਣਾ ਸਿਵਿਲ ਸਰਵਿਸ ਦੀ ਤਿਆਰੀ ਲਈ ਬਹੁਤ ਜ਼ਰੂਰੀ ਗੁਣ ਹਨ। ਇਹ ਗੁਣ ਤੁਹਾਡੇ ਕੰਮ ਨਾ ਸਿਰਫ਼ ਸਿਵਲ ਸਰਵਿਸ ਦੀ ਤਿਆਰੀ ਲਈ ਆਉਂਦੇ ਹਨ, ਬਲਕਿ ਅਹੁਦਾ ਸਾਂਭਣ ਤੋਂ ਬਾਅਦ ਵੀ।"
ਇਹ ਕਹਿਣਾ ਹੈ ਹਰਿਆਣਾ ਦੇ ਸਿਰਸਾ ਦੇ ਸਚਿਨ ਗੁਪਤਾ ਦਾ, ਜਿਸ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ 2017 ਦੀ ਪ੍ਰੀਖਿਆ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਸਚਿਨ ਨੇ ਸਿਵਲ ਸਰਵਿਸ ਦੀ ਤਿਆਰੀ ਕਾਲਜ ਵਿੱਚ ਪੜ੍ਹਦੇ ਹੋਏ ਸ਼ੁਰੂ ਕੀਤੀ। ਸਚਿਨ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਪਟਿਆਲਾ ਦੀ ਥਾਪਰ ਯੂਨੀਵਰਸਿਟੀ ਤੋਂ ਕੀਤੀ ਹੈ।
2016 ਵਿੱਚ ਸਚਿਨ ਨੇ ਪਹਿਲੀ ਵਾਰ ਸਿਵਲ ਸਰਵਿਸ ਦਾ ਪੇਪਰ ਦਿੱਤਾ ਅਤੇ 575 ਥਾਂ 'ਤੇ ਆਏ। ਉਹ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵਿੱਚ ਅਸਿਸਟੈਂਟ ਡਾਇਰੈਕਟਰ ਦੇ ਅਹੁਦੇ 'ਤੇ ਹਨ।
ਕਿਵੇਂ ਕੀਤੀ ਤਿਆਰੀ?
ਸਚਿਨ ਨੇ ਸਿਵਲ ਸਰਵਿਸ ਵਿੱਚ ਐਨਥੋਰਪੋਲੌਜੀ ਵਿਸ਼ਾ ਪੜ੍ਹਿਆ। ਸਚਿਨ ਦਾ ਕਹਿਣਾ ਹੈ ਕਿ ਇਹ ਵਿਸ਼ਾ ਲੈ ਕੇ ਨਤੀਜੇ ਵਧੀਆ ਆ ਰਹੇ ਸਨ।

ਤਸਵੀਰ ਸਰੋਤ, Prabhu Dyal/BBC
ਉਨ੍ਹਾਂ ਕਿਹਾ, "ਮੈਨੂੰ ਇਹ ਵਿਸ਼ਾ ਦਿਲਚਸਪ ਲੱਗਿਆ। ਮੈਨੂੰ ਕੁਝ ਲੋਕ ਜਾਣਦੇ ਸਨ, ਜੋ ਇਸ ਵਿਸ਼ੇ ਨੂੰ ਲੈ ਕੇ ਸਫ਼ਲ ਹੋਏ ਸਨ ਇਸ ਲਈ ਮੈਂ ਇਹ ਵਿਸ਼ਾ ਚੁਣਿਆ।
ਮੈਂ ਇਸ ਗੱਲ 'ਤੇ ਬਹੁਤ ਜ਼ੋਰ ਦਿੱਤਾ ਕਿ ਚੰਗੀ ਤਰ੍ਹਾਂ ਸਵਾਲਾਂ ਦੇ ਜਵਾਬ ਕਿਵੇਂ ਦੇਣੇ ਹਨ। ਜੋ ਤੁਹਾਡੇ ਪੇਪਰ ਚੈੱਕ ਕਰ ਰਿਹਾ ਹੈ, ਉਹ ਤੁਹਾਨੂੰ ਕਦੇ ਮਿਲਿਆ ਨਹੀਂ ਹੈ।
ਤੁਹਾਡੇ ਲਿਖੇ ਜਵਾਬ ਹੀ ਤੁਹਾਡਾ ਅਕਸ ਹਨ। ਇਹ ਜ਼ਰੂਰੀ ਹੈ ਕਿ ਇਹ ਚੰਗੀ ਤਰ੍ਹਾਂ ਲਿਖੇ ਜਾਣ।"
ਕੀ ਹੈ ਸਿਵਲ ਸਰਵਿਸ ਲਈ ਜ਼ਰੂਰੀ?
ਸਚਿਨ ਦਾ ਕਹਿਣਾ ਹੈ ਕਿ ਜੋ ਸਿਵਲ ਸਰਵਿਸ ਦੀ ਤਿਆਰੀ ਕਰ ਰਹੇ ਹਨ ਉਨ੍ਹਾਂ ਲਈ ਇਰਾਦੇ ਦੇ ਪੱਕਾ ਹੋਣਾ ਅਤੇ ਧੀਰਜਵਾਨ ਹੋਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ, "ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਹਿਲੀ ਵਾਰ 'ਚ ਹੀ ਇਮਤਿਹਾਨ ਵਿੱਚ ਸਫਲ ਹੋ ਜਾਓ। ਤਿਆਰੀ ਲਈ ਧੀਰਜ ਹੋਣਾ ਜ਼ਰੂਰੀ ਹੈ। ਅਹੁਦਾ ਸਾਂਭਣ ਤੋਂ ਬਾਅਦ ਵੀ ਜ਼ਰੂਰੀ ਨਹੀਂ ਕਿ ਸਾਰੇ ਕੰਮ ਤੇਜ਼ੀ ਨਾਲ ਹੋਣ ਇਸ ਲਈ ਵੀ ਧੀਰਜ ਦੀ ਅਤੇ ਇਰਾਦੇ ਦਾ ਪੱਕਾ ਹੋਣ ਦੀ ਲੋੜ ਹੈ।"
ਕਿਉਂ ਹੈ ਸਿਵਲ ਸਰਵਿਸ ਵਿੱਚ ਸਫ਼ਲ ਹੋਣ ਦੀ ਇੱਛਾ?
ਹਰ ਸਾਲ ਲੱਖਾਂ ਲੋਕ ਸਿਵਲ ਸਰਵਿਸ ਦਾ ਪੇਪਰ ਦਿੰਦੇ ਹਨ ਜਿੰਨਾਂ 'ਚੋਂ ਕੁਝ ਹੀ ਸਫ਼ਲ ਹੁੰਦੇ ਹਨ। ਸਚਿਨ ਨੇ ਵੀ ਦੋ ਸਾਲ ਇੱਕ ਨਿੱਜੀ ਕੰਪਨੀ ਦੀ ਨੌਕਰੀ ਕਰਨ ਤੋਂ ਬਾਅਦ ਛੱਡ ਦਿੱਤੀ।
ਸਚਿਨ ਕਹਿੰਦੇ ਹਨ, "ਮੇਰੇ ਮਾਪਿਆਂ ਨੇ ਪੁੱਛਿਆ ਕਿ ਕੀ ਮੈਂ ਸੱਚ ਮੁੱਚ ਨੌਕਰੀ ਛੱਡਣਾ ਚਾਹੁੰਦਾ ਹਾਂ। ਜਦੋਂ ਉਨ੍ਹਾਂ ਨੂੰ ਲੱਗਿਆ ਕਿ ਮੇਰਾ ਇਰਾਦਾ ਪੱਕਾ ਹੈ ਤਾਂ ਉਨ੍ਹਾਂ ਨੇ ਮੇਰਾ ਸਾਥ ਦਿੱਤਾ। ਮੈ ਸਮਾਜ ਵਿੱਚ ਬਦਲਾਅ ਲਿਆਉਣਾ ਚਾਹੁੰਦਾ ਹਾਂ ਇਸ ਲਈ ਸਿਵਲ ਸਰਵਿਸ ਵਿੱਚ ਜਾਣਾ ਚਾਹੁੰਦਾ ਸੀ।"
ਕੀ ਸਰਕਾਰੀ ਅਫਸਰਾਂ 'ਤੇ ਨੇਤਾਵਾਂ ਦਾ ਦਬਾਅ ਰਹਿੰਦਾ ਹੈ? ਸਚਿਨ ਕਹਿੰਦੇ ਹਨ ਕਿ ਉਨ੍ਹਾਂ ਦੇ ਹਿਸਾਬ ਨਾਲ ਹਾਲਾਤ ਖ਼ਰਾਬ ਨਹੀਂ ਹਨ।

ਤਸਵੀਰ ਸਰੋਤ, Prabhu Dyal/BBC
"ਨੇਤਾਵਾਂ ਨੇ ਲੋਕਾਂ ਵਿੱਚ ਜਾ ਕੇ ਇਹ ਦੱਸਣਾ ਹੁੰਦਾ ਹੈ ਕਿ ਉਨ੍ਹਾਂ ਨੇ ਕੀ ਕੰਮ ਕਰਵਾਏ। ਲੋਕ ਬਹੁਤ ਸੁਚੇਤ ਹੋ ਗਏ ਹਨ। ਜਿਵੇਂ -ਜਿਵੇਂ ਸਿਸਟਮ ਵਿੱਚ ਪਾਰਦਰਸ਼ਤਾ ਆ ਰਹੀ ਹੈ, ਲੋਕ ਹੋਰ ਤਾਕਤਵਰ ਹੋ ਰਹੇ ਹਨ।"
ਕੀ ਕਹਿਣਾ ਹੈ ਪਰਿਵਾਰ ਦਾ?
ਸਚਿਨ ਦੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਰਿਵਾਰ 'ਚ ਦੋ ਭਰਾਵਾਂ ਤੇ ਤਿੰਨ ਭੈਣਾ ਤੋਂ ਸਚਿਨ ਸਭ ਤੋਂ ਛੋਟਾ ਹੈ। ਪਰਿਵਾਰ ਨੂੰ ਪ੍ਰੀਖਿਆ ਪਾਸ ਹੋਣ ਦੀ ਉਮੀਦ ਤਾਂ ਸੀ ਪਰ ਪਹਿਲੇ ਦਸਾਂ ਵਿੱਚ ਥਾਂ ਪ੍ਰਾਪਤ ਹੋਣ ਦੀ ਕਤਈ ਆਸ ਨਹੀਂ ਸੀ।
ਸਚਿਨ ਦੇ ਪਿਤਾ ਸੁਰਦਰਸ਼ਨ ਪਾਲ ਗੁਪਤਾ ਨੇ ਦਸਿਆ ਕਿ ਯੂ.ਪੀ.ਐਸ.ਸੀ. ਦੇ ਨਤੀਜੇ ਆਉਣ ਦੀ ਸੂਚਨਾ ਸਚਿਨ ਨੇ ਲੰਘੀ ਦੇਰ ਰਾਤ ਦਿੱਤੀ। ਪਰਿਵਾਰ ਨੇ ਖੁਸ਼ੀ ਵਿੱਚ ਪਟਾਕੇ ਚਲਾਏ।
ਇੱਕ ਸਫ਼ਲ ਕਿਸਾਨ ਤੇ ਗੁੜ ਖੰਡ ਦੇ ਵਪਾਰੀ ਸੁਰਦਰਸ਼ਨ ਪਾਲ ਗੁਪਤਾ ਦੱਸਦੇ ਹਨ ਕਿ ਉਹ ਪੰਜਾਬ ਦੇ ਬਠਿੰਡਾ 'ਚੋਂ ਸਾਲ 1992 ਵਿੱਚ ਸਿਰਸਾ ਆ ਕੇ ਵਸੇ ਸਨ।
ਉਨ੍ਹਾਂ ਨੇ ਦੱਸਿਆ ਕਿ ਸਿਰਸਾ ਆਉਣ ਤੋਂ ਬਾਅਦ ਉਨ੍ਹਾਂ ਨੇ ਸਿਰਸਾ ਦੇ ਨਾਲ ਲੱਗਦੇ ਪਿੰਡ ਮੰਗਾਲਾ ਵਿੱਚ ਵਾਹੀ ਵਾਲੀ ਸੱਠ ਕਿੱਲੇ ਜ਼ਮੀਨ ਬਣਾਈ ਹੈ।
ਵਾਹੀ ਦੇ ਨਾਲ ਇੱਕ ਦੁੱਧ ਦੀ ਡੇਅਰੀ ਵੀ ਚਲਾਈ ਜਾ ਰਹੀ ਹੈ। ਰਵਿੰਦਰ ਗੁਪਤਾ ਤੇ ਜਤਿੰਦਰ ਗੁਪਤਾ ਸਚਿਨ ਦੇ ਵੱਡੇ ਭਰਾ ਹਨ ਜਦਕਿ ਉਹਦੀਆਂ ਤਿੰਨੇ ਵੱਡੀਆਂ ਭੈਣਾ ਵਿਆਹੀਆਂ ਹੋਈਆਂ ਹਨ।
ਸਿਰਸਾ ਦੇ ਪਿੰਡ ਬੱਕਰੀਆਂ ਵਾਲੀ ਵਿੱਚ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਲੱਗੀ ਸਚਿਨ ਦੀ ਮਾਤਾ ਸੁਸ਼ਮਾ ਨੇ ਦੱਸਿਆ ਕਿ ਸਚਿਨ ਦਾ ਜਨਮ 13 ਫਰਵਰੀ 1992 ਨੂੰ ਹੋਇਆ ਸੀ। ਸ਼ੁਰੂ ਵਿੱਚ ਹੀ ਸਚਿਨ ਪੜ੍ਹਾਈ ਵਿੱਚ ਹੁਸ਼ਿਆਰ ਰਿਹਾ ਹੈ।
ਸੁਸ਼ਮਾ ਨੇ ਦੱਸਿਆ ਕਿ ਸਚਿਨ ਨੂੰ ਆਪਣੀ ਵੱਡੀ ਭੈਣ ਨੀਤੂ ਤੋਂ ਪ੍ਰੇਰਣਾ ਮਿਲੀ। ਸਚਿਨ ਨੇ ਮੁੱਢਲੀ ਪੜ੍ਹਾਈ ਸਿਰਸਾ ਦੇ ਡੀ.ਏ.ਵੀ. ਸਕੂਲ ਤੋਂ ਹੋਈ। ਉਸ ਨੇ ਸਾਲ 2007 'ਚ ਦਸਵੀਂ ਅਤੇ ਸਾਲ 2009 'ਚ ਬਾਰਵੀਂ ਪਾਸ ਕੀਤੀ।
ਸੁਦਰਸ਼ਨ ਪਾਲ ਗੁਪਤਾ ਨੇ ਦੱਸਿਆ ਕਿ ਸਚਿਨ ਦੀ ਪਹਿਲੀ ਪਸੰਦ ਮਿਲਟਰੀ ਵਿੱਚ ਅਫ਼ਸਰ ਲੱਗਣ ਦੀ ਸੀ ਤੇ ਉਸ ਨੇ ਮਿਲਟਰੀ ਦੀ ਪ੍ਰੀਖਿਆ ਵੀ ਪਾਸ ਕਰ ਲਈ ਪਰ ਫਿਜੀਕਲ ਪਾਸ ਨਹੀਂ ਹੋਇਆ।
ਬਾਅਦ 'ਚ ਮਾਰੂਤੀ ਕੰਪਨੀ ਵਿੱਚ ਨੌਕਰੀ ਕੀਤੀ ਤੇ ਜਦੋਂ ਨੌਕਰੀ ਛੱਡ ਕੇ ਆਇਆ ਤਾਂ ਪਰਿਵਾਰ ਨੇ ਨੌਕਰੀ ਛੱਡਣ 'ਤੇ ਇਤਰਾਜ਼ ਕੀਤਾ ਪਰ ਸਚਿਨ ਤਾਂ ਆਈਏਐਸ ਬਣਨ ਦੇ ਲਈ ਬਜ਼ਿੱਦ ਸੀ।
ਸੁਦਰਸ਼ਨ ਪਾਲ ਗੁਪਤਾ ਨੇ ਦੱਸਿਆ ਕਿ ਜਦੋਂ ਸਚਿਨ ਨੌਕਰੀ ਛੱਡ ਕੇ ਆਇਆ ਤਾਂ ਉਸ ਪੁੱਛਿਆ ਕਿ ਇਨੀ ਚੰਗੀ ਨੌਕਰੀ ਕਿਉਂ ਛੱਡੀ ਤਾਂ ਉਸ ਦਾ ਜੁਆਬ ਸੀ ਕਿ ਉਹ ਯੂਪੀਸੀਐਸ ਦੀ ਪ੍ਰੀਖਿਆ ਹੀ ਦੇਵੇਗਾ, ਪਾਸ ਹੋ ਗਿਆ ਤਾਂ ਠੀਕ ਨਹੀਂ ਤਾਂ ਉਹ ਖੇਤੀ ਕਰੇਗਾ।












