ਹਕੂਮਤਾਂ ਤੇ ਕੱਟੜਪੰਥੀਆਂ ਨੂੰ ਲਲਕਾਰਨ ਵਾਲੀ ਮਦੀਹਾ ਗੌਹਰ ਦਾ ਤੁਰ ਜਾਣਾ

ਤਸਵੀਰ ਸਰੋਤ, Kewal Dhaliwal
- ਲੇਖਕ, ਕੇਵਲ ਧਾਲੀਵਾਲ, ਨਾਟਕਕਾਰ
- ਰੋਲ, ਬੀਬੀਸੀ ਪੰਜਾਬੀ ਲਈ
ਉਹ ਔਰਤ ਜਿਸਦੇ ਹਰ ਸਾਹ ਨਾਲ ਰੰਗਮੰਚ ਧੜਕਦਾ ਸੀ, ਜੋ ਪਾਕਿਸਤਾਨ ਵਰਗੇ ਮੁਲਕ ਵਿੱਚ ਵੀ ਰੰਗਮੰਚ ਰਾਹੀਂ ਔਰਤਾਂ ਦੇ ਹੱਕ ਦੀ ਗੱਲ ਕਰਦੀ ਸੀ, ਜੋ ਪਾਕਿਸਤਾਨ ਦੀ ਹਕੂਮਤ ਨੂੰ ਵੀ ਵੰਗਾਰਦੀ ਸੀ, ਜੋ ਪਾਕਿਸਤਾਨ ਦੀ ਕਟੜਪੰਥੀ ਧਾਰਮਿਕ ਮੂਲਵਾਦ ਨੂੰ ਵੀ ਲਲਕਾਰਦੀ ਸੀ।
ਜੋ ਦੋਵ੍ਹਾਂ ਮੁਲਕਾਂ ਵਿਚ ਅਮਨ ਤੇ ਦੋਸਤੀ ਲਈ ਇਕ ਲਹਿਰ ਬਣਕੇ ਵਿਚਰਦੀ ਸੀ, ਜੋ ਦੋਵ੍ਹਾਂ ਮੁਲਕਾਂ ਦੇ ਲੋਕਾਂ ਨੂੰ ਇਕ ਦੂਜੇ ਨਾਲ ਹੱਸਦੇ, ਗਲਵਕੜੀਆਂ ਪਾਉਂਦੇ ਵੇਖਣਾ ਚਾਹੁੰਦੀ ਸੀ, ਜੋ ਦੋਵ੍ਹਾਂ ਮੁਲਕਾਂ ਵਿਚਾਲੇ ਰੰਗਮੰਚ ਦੇ ਸਾਂਝੇ ਪੁੱਲ ਵਜੋਂ ਕੰਮ ਕਰਦੀ ਸੀ, ਉਹ ਮਦੀਹਾ ਗੌਹਰ ਸਾਨੂੰ ਸਭ ਨੂੰ ਅਲਵਿਦਾ ਕਹਿ ਗਈ।
ਮਦੀਹਾ ਪਿਛਲੇ 35 ਸਾਲਾਂ ਤੋਂ ਪਾਕਿਸਤਾਨ ਵਿੱਚ ਅਗਾਂਹਵਧੂ, ਸਾਰਥਿਕ ਸੁਨੇਹੇ ਵਾਲਾ ਰੰਗਮੰਚ ਕਰ ਰਹੇ ਸਨ। ਉਨ੍ਹਾਂ ਨੇ 35 ਸਾਲ ਪਹਿਲਾਂ 'ਅਜੋਕਾ ਥੀਏਟਰ ਲਾਹੌਰ' ਦੀ ਸਥਾਪਨਾ ਕੀਤੀ ਤੇ ਪਹਿਲਾ ਨਾਟਕ ਭਾਰਤੀ ਨਾਟਕਕਾਰ ਬਾਦਲ ਸਰਕਾਰ ਦਾ ਲਿਖਿਆ 'ਜਲੂਸ' ਨਾਟਕ ਲਾਹੌਰ ਵਿਚ ਖੇਡਿਆ।
ਪਾਕਿਸਤਾਨੀ ਥੀਏਟਰ ਨੂੰ ਮਾਣ
ਪਾਕਿਸਤਾਨ ਦੀ ਹਕੂਮਤ ਨੇ ਉਸਨੂੰ ਲਾਹੌਰ ਦੇ ਕਿਸੇ ਥੀਏਟਰ ਹਾਲ ਜਾਂ ਸੜਕ 'ਤੇ ਨਾਟਕ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਤਾਂ ਇਹ ਨਾਟਕ ਉਨ੍ਹਾਂ ਨੇ ਆਪਣੀ ਮਾਂ ਦੇ ਘਰ ਦੇ ਖੁੱਲ੍ਹੇ ਵਿਹੜੇ ਵਿੱਚ ਲੋਕਾਂ ਨੂੰ ਇਕੱਠਾ ਕਰਕੇ ਖੇਡਿਆ। ਉਨ੍ਹਾਂ ਨੇ ਲਗਾਤਾਰ ਥੀਏਟਰ ਕੀਤਾ ਤੇ ਪਾਕਿਸਾਤਾਨੀ ਰੰਗਮੰਚ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੱਕ ਲੈ ਕੇ ਗਏ। ਉਨ੍ਹਾਂ ਨੇ ਭਾਰਤ ਵਿੱਚ 100 ਤੋਂ ਵੱਧ ਵਾਰ ਨਾਟਕ ਖੇਡੇ, ਦੁਨੀਆਂ ਦੇ 30-40 ਮੁਲਕਾਂ ਵਿੱਚ ਪਾਕਿਸਤਾਨੀ ਥੀਏਟਰ ਨੂੰ ਮਾਣ ਦਵਾਇਆ।

ਤਸਵੀਰ ਸਰੋਤ, Kewal Dhaliwal
ਉਨ੍ਹਾਂ ਨੇ ਉੱਚ ਕੋਟੀ ਦਾ ਥੀਏਟਰ ਕੀਤਾ, ਤੇ ਪਾਕਿਸਤਾਨੀ ਰੰਗਮੰਚ ਦੀ ਮਸੀਹਾ ਬਣ ਗਏ। ਉਨ੍ਹਾਂ ਦੇ ਰੰਗਮੰਚ ਸਫ਼ਰ ਵਿੱਚ ਉਨ੍ਹਾਂ ਦੇ ਪਤੀ ਸ਼ਾਹਿਦ ਨਦੀਮ ਨੇ ਉਸ ਲਈ ਉੱਚ ਪਾਏ ਦੇ ਨਾਟਕ ਲਿਖੇ ਤੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੇ ਉਨ੍ਹਾਂ ਦੇ ਨਾਟਕਾਂ ਵਿੱਚ ਭੂਮਿਕਾਵਾਂ ਨਿਭਾਈਆਂ।
ਉਨ੍ਹਾਂ ਲਈ ਲਾਹੌਰ ਤੇ ਅੰਮ੍ਰਿਤਸਰ ਕੋਈ ਦੋ ਸ਼ਹਿਰ ਨਹੀਂ ਸਨ, ਉਹ ਹਮੇਸ਼ਾਂ ਕਹਿੰਦੇ, ''ਇਨ੍ਹਾਂ ਦੋਵ੍ਹਾਂ ਸ਼ਹਿਰਾਂ ਦੇ ਪਾਣੀ ਦੀ ਮਿਠਾਸ ਇੱਕੋ ਜਿਹੀ ਹੈ, ਦੋਵ੍ਹਾਂ ਸ਼ਹਿਰਾਂ ਦੇ ਸ਼ਹਿਰੀਆਂ ਦਾ ਖਾਣ-ਪੀਣ ਇਕੋ ਜਿਹਾ ਹੈ, ਇਕੋ ਜਿਹੀ ਤਹਜ਼ੀਬ ਤੇ ਇਕੋ ਜਿਹਾ ਸੱਭਿਆਚਾਰ ਹੈ।''
ਦੋਵ੍ਹਾਂ ਮੁਲਕਾਂ ਵਿਚ ਠੰਡੀ ਹਵਾ ਦਾ ਬੁੱਲਾ
ਮਦੀਹਾ ਗੌਹਰ ਮੇਰੇ ਲਈ ਮੇਰੇ ਪਰਿਵਾਰ ਦਾ ਹਿੱਸਾ ਸੀ, ਉਹ 2003 'ਚ ਨਾਟਕ ''ਬੁੱਲ੍ਹਾ'' ਲੈ ਕੇ ਭਾਰਤ ਆਏ ਤਾਂ ਇੰਝ ਲੱਗਾ ਕਿ ਜਿਵੇਂ ਦੋਵ੍ਹਾਂ ਮੁਲਕਾਂ ਵਿਚ ਠੰਡੀ ਹਵਾ ਦਾ ਬੁੱਲਾ ਵਗਿਆ ਹੋਵੇ ਤੇ ਫੇਰ ਦੋਵ੍ਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਲਾਹੌਰ-ਅੰਮ੍ਰਿਤਸਰ ਵਿਚਾਲੇ ਬੱਸਾਂ ਵੀ ਚਲਾ ਦਿੱਤੀਆਂ, ਤੇ ਦੋਨਾਂ ਮੁਲਕਾਂ ਵਿੱਚ ਅਮਨ ਤੇ ਦੋਸਤੀ ਦੀਆਂ ਗੱਲਾਂ ਹੋਣ ਲੱਗੀਆਂ।

ਤਸਵੀਰ ਸਰੋਤ, Kewal Dhaliwal
ਮਦੀਹਾ ਨਿੱਤ ਨਵਾਂ ਨਾਟਕ ਕਰਨ ਨੂੰ ਕਾਹਲੀ ਹੁੰਦੀ ਸੀ, ਉਸਨੂੰ 1947 ਦੀ ਵੰਡ ਦਾ ਬਹੁੱਤ ਦੁਖ ਸੀ, ਉਸਦੀ ਆਖਰੀ ਫੇਰੀ ਦਸੰਬਰ 2017 ਦੀ ਅੰਮ੍ਰਿਤਸਰ ਦੀ ਹੈ, ਉਹ ਆਈ ਤੇ ਪਾਰਟੀਸ਼ਨ ਮਿਊਜ਼ਮ ਵਿਚ ਬੈਠਕੇ ਧਾਹਾਂ ਮਾਰ-ਮਾਰ ਕੇ ਰੋਈ।
ਉਹ ਹਰ ਇੱਕ ਲਈ ਚੰਗੀ ਦੋਸਤ, ਬਹੁਤ ਸਾਰਿਆਂ ਦੀ ਭੈਣ ਤੇ ਸਭ ਤੋਂ ਵੱਧ ਉਹ ਬੇਹੱਦ ਮਿਲਾਪੜੀ ਇੱਕ ਚੰਗੀ ਇਨਸਾਨ ਸੀ। ਉਨ੍ਹਾਂ ਦੀ ਚੰਗੀ ਇਨਸਾਨੀਅਤ ਨੇ ਹੀ ਉਨ੍ਹਾਂ ਕੋਲੋਂ ਨਾਟਕ 'ਦੁੱਖ ਦਰਿਆ', 'ਬੁੱਲ੍ਹਾ', 'ਦਾਰਾ', 'ਕਾਲਾ ਮੈਂਡਾ ਭੇਸ', 'ਕਾਰੀ ਕਰੇਂਦੇ ਨੀ ਮਾਂ', 'ਕੌਨ ਹੈ ਯੇ ਗੁਸਤਾਖ਼' ਵਰਗੇ ਨਾਟਕ ਕਰਵਾਏ।
ਪਾਕਿਸਤਾਨ ਵਿੱਚ ਉਨ੍ਹਾਂ ਦੇ ਪਤੀ ਸ਼ਾਹਿਦ ਨਦੀਮ ਨੇ ਪਹਿਲੀ ਵਾਰ ਭਗਤ ਸਿੰਘ ਬਾਰੇ ਨਾਟਕ ਲਿਖਿਆ ਤੇ ਮਦੀਹਾ ਨੇ ਖੇਡਿਆ। ਇਹ ਨਾਟਕ ਉਨ੍ਹਾਂ ਨੇ ਭਗਤ ਸਿੰਘ ਦੇ ਜਨਮ ਸਥਾਨ (ਬੰਗਾ) ਪਾਕਿਸਤਾਨ ਵਿਚ ਵੀ ਜਾ ਕੇ ਖੇਡਿਆ।
ਨਿੱਤ ਨਵਾਂ ਰੰਗਮੰਚ
ਉਹ ਨਿਤ ਨਵੇਂ ਰੰਗਮੰਚ ਦੇ ਮੇਲੇ ਲਾਉਣ ਲਈ ਉਤਸੁਕ ਰਹਿੰਦੇ। ਉਨ੍ਹਾਂ ਨੇ ਹਿੰਦ-ਪਾਕਿ ਮਿੱਤਰਤਾ ਲਈ ਦੋਵ੍ਹਾਂ ਮੁਲਕਾਂ ਦੀਆਂ ਟੀਮਾਂ ਨੂੰ ਲਾਹੌਰ ਬੁਲਾ-ਬੁਲਾ ਕੇ ਕਦੇ 'ਪੰਜ ਪਾਣੀ ਥੀਏਟਰ ਫੈਸਟੀਵਲ', ਕਦੇ 'ਹਮਸਾਇਆ ਥੀਏਟਰ ਫੈਸਟੀਵਲ', ਕਦੇ 'ਜਨਾਨੀ ਥੀਏਟਰ ਫੈਸਟੀਵਲ, ਕਦੇ 'ਮਿੱਤਰਤਾ ਥੀਏਟਰ ਫੈਸਟੀਵਲ', ਤੇ ਕਦੇ 'ਅਮਨ ਥੀਏਟਰ ਫੈਸਟੀਵਲ ਕੀਤੇ।

ਤਸਵੀਰ ਸਰੋਤ, Kewal Dhaliwal
ਉਨ੍ਹਾਂ ਨੇ ਆਪਣੇ ਨਾਟਕਾਂ ਦੇ ਮੇਲੇ 'ਇਧਰਲੇ ਪਾਸੇ ਭਾਰਤ ਵਿੱਚ ਵੀ ਵਾਰ-ਵਾਰ ਕੀਤੇ। ਉਹ ਅਮਨ ਤੇ ਦੋਸਤੀ ਦੀ ਗੱਲ ਕਦੇ ਰੰਗਮੰਚ ਰਾਹੀਂ, ਤੇ ਕਦੇ ਸੈਮੀਨਾਰ ਰਾਹੀਂ ਤੇ ਕਦੇ ਇੰਟਰਵਿਊ ਰਾਹੀਂ ਕਰਦੇ। ਉਹ ਨਿੱਤ ਨਵਾਂ ਰੰਗਮੰਚ ਦਾ ਸੰਵਾਦ ਰਚਾਉਂਦੇ ਸੀ।
ਉਹ ਏਨਾਂ ਕੁ ਅੰਮ੍ਰਿਤਸਰ ਆਉਂਦੇ ਸੀ ਕਿ ਅਸੀਂ ਹੱਸਕੇ ਕਹਿਣਾ ਕਿ ਹੁਣ ਅੰਮ੍ਰਿਤਸਰ ਨੂੰ ਵੀ ਮਦੀਹਾ ਦੇ ਆਉਣ ਦੀ ਇੰਤਜ਼ਾਰ ਰਹਿੰਦੀ ਹੈ। ਦੋਵ੍ਹਾਂ ਮੁਲਕਾ ਦੇ ਕਲਾਕਾਰਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਿਆਂ ਕਰਨ ਲਈ ਉਨ੍ਹਾਂ ਨੇ ਸੰਸਥਾ ਬਣਾਈ ''ਆਪਾਂ'' (ਆਲ ਪ੍ਰਫਾਰਮਿੰਗ ਆਰਟਿਸਟ ਨੈਟਵਰਕ) ਤੇ ਇਸ ਸੰਸਥਾ ਦੇ ਬੈਨਰ ਹੇਠ ਉਸਨੇ ਰੰਗਮੰਚ ਦੇ ਰੰਗਾਂ ਦੇ ਕਈ ਵੱਡੇ ਕੰਮ ਕੀਤੇ।
ਵਾਹਗਾ ਸਰਹੱਦ 'ਤੇ ਮੋਮਬੱਤੀਆਂ
ਉਹ ਪਾਕਿਸਤਾਨੀ ਟੀ. ਵੀ. ਨਾਟਕਾਂ ਦੀ ਵੀ ਪ੍ਰਸਿੱਧ ਅਭਿਨੇਤਰੀ ਸੀ, ਉਸ ਵਲੋਂ ਟੀ. ਵੀ. ਸੀਰੀਅਲ 'ਨੀਲੇ ਹਾਥ' ਵਿੱਚ ਨਿਭਾਇਆ ਕਿਰਦਾਰ ਦਰਸ਼ਕਾਂ ਦੇ ਚੇਤਿਆਂ ਵਿਚ ਹਮੇਸ਼ਾ ਤਾਜ਼ਾ ਰਹੇਗਾ। ਉਹ ਅਭਿਨੇਤਰੀ ਸੀ, ਉਹ ਨਿਰਦੇਸ਼ਕ ਸੀ, ਸਮਾਜਿਕ ਸਰੋਕਾਰਾਂ ਨਾਲ ਜੁੜੀ ਅਗਾਂਹ ਵਧੂ ਕਾਰਕੁਨ ਸੀ। ਉਨ੍ਹਾਂ ਨੇ ਪਾਕਿਸਤਾਨੀ ਹਕੂਮਤ ਨਾਲ ਵੀ ਟੱਕਰ ਲਈ ਤੇ ਜੇਲ੍ਹ ਗਏ।
ਉਨ੍ਹਾਂ ਨੇ 14 ਅਗਸਤ ਦੀ ਰਾਤ ਵਾਹਗਾ ਸਰਹੱਦ 'ਤੇ ਮੋਮਬੱਤੀਆਂ ਜਗਾਉਂਦਿਆਂ ਪਾਕਿਸਤਾਨੀ ਕੱਟੜਪੰਥੀਆਂ ਤੇ ਪੁਲਿਸ ਵਾਲਿਆਂ ਕੋਲੋਂ ਲਾਠੀਆਂ ਵੀ ਖਾਧੀਆਂ, ਪਰ ਉਹ ਅਮਨ ਦਾ ਹੋਕਾ ਦੇਣੋਂ ਨਾ ਰੁਕੇ।

ਤਸਵੀਰ ਸਰੋਤ, Kewal Dhaliwal
ਮਦੀਹਾ ਗੌਹਰ ਤੁਰੀ ਫਿਰਦੀ ਇੱਕ ਸੰਸਥਾ ਸੀ, ਉਨ੍ਹਾਂ ਦੇ ਟਰੇਂਡ ਕੀਤੇ ਕਲਾਕਾਰ ਹੁਣ ਪਾਕਿਸਤਾਨੀ ਟੀ. ਵੀ. ਤੇ ਪਾਕਿਸਤਾਨੀ ਫ਼ਿਲਮਾਂ ਦੇ ਵੀ ਵੱਡੇ ਕਲਾਕਾਰ ਹਨ। ਉਹ ਹਮੇਸ਼ਾਂ ਕੁਝ ਨਵਾਂ ਕਰਨ ਤੇ ਨਵਾਂ ਸਿਖਣ ਲਈ ਤੱਤਪਰ ਰਹਿੰਦੇ ਸਨ। ਉਹ ਆਪਣੇ ਰੰਗਮੰਚ ਕਲਾਕਾਰਾਂ ਨੂੰ ਟਰੇਨਿੰਗ ਦਿਵਾਉਣ ਲਈ ਹਰ ਸਾਲ ਜੂਨ ਮਹੀਨੇ ਵਿੱਚ ਅੰਮ੍ਰਿਤਸਰ ਮੇਰੇ ਕੋਲ ਇੱਕ ਮਹੀਨੇ ਲਈ ਭੇਜਦੇ।
ਅਸੀਂ ਅੰਮ੍ਰਿਤਸਰ ਤੇ ਲਾਹੌਰ ਦੇ ਕਲਾਕਾਰਾਂ ਨੇ ਮਿਲਕੇ ਨਾਟਕ 'ਯਾਤਰਾ-1947' ਵੀ ਤਿਆਰ ਕੀਤਾ, ਤੇ ਦੋਵੇਂ ਮੁਲਕਾਂ ਵਿਚ ਉਸਦੇ ਕਈ ਸ਼ੋਅ ਕੀਤੇ। ਉਹ ਰੰਗਮੰਚ ਕਰਦਿਆਂ, ਨਾਟਕ ਮੇਲੇ ਲਾਉਂਦਿਆਂ, ਸੈਮੀਨਾਰ ਕਰਦਿਆਂ, ਕਦੇ ਵੀ ਰੁਕਦੇ ਨਹੀਂ ਸਨ, ਅੱਕਦੇ ਨਹੀਂ ਸਨ। ਥੱਕਦੇ ਨਹੀਂ ਸਨ।
ਬੀਮਾਰੀ ਹੱਥੋਂ ਹਾਰ ਗਏ
ਲਗਭਗ ਪਿਛਲੇ 4-5 ਸਾਲਾਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ, ਉਪਰੇਸ਼ਨ ਵੀ ਕਰਵਾ ਰਹੀ ਸਨ, ਕੀਮੋ ਵੀ ਕਰਵਾ ਰਹੇ ਸਨ, ਪਰ ਦੋਵ੍ਹਾਂ ਮੁਲਕਾਂ ਵਿਚ ਨਾਟਕ ਮੇਲੇ ਲਾਉਣੋਂ ਨਹੀਂ ਸਨ ਰੁਕੇ। ਖ਼ਾਸ ਤੌਰ 'ਤੇ ਪਿਛਲੇ 4-5 ਸਾਲਾਂ ਵਿੱਚ ਉਨ੍ਹਾਂ ਨੇ ਦੋਵ੍ਹਾਂ ਮੁਲਕਾਂ ਵਿੱਚ 20 ਤੋਂ ਵੱਧ ਰੰਗਮੰਚ ਮੇਲੇ ਲਾਏ।
ਉਹ ਆਪਣੀ ਬੀਮਾਰੀ ਕੋਲੋਂ ਹਾਰਨਾ ਨਹੀਂ ਸੀ ਚਾਹੁੰਦੇ, ਉਹ ਬੀਮਾਰੀ ਨਾਲ ਲੜ੍ਹਦੇ ਰਹੇ, ਇਨ੍ਹਾਂ ਆਖ਼ਰੀ ਦਿਨਾਂ ਵਿੱਚ ਵੀ 15 ਦਿਨ ਪਹਿਲਾਂ ਲਾਹੌਰ ਵਿਖੇ ਤਿੰਨ ਰੋਜਾ ''ਆਜ਼ਾਦੀ ਥੀਏਟਰ ਫੈਸਟੀਵਲ'' ਕੀਤਾ। ਪੰਦਰਾਂ ਦਿਨ ਪਹਿਲਾਂ ਉਨ੍ਹਾਂ ਦੀ ਜੋ ਦਵਾਈ ਪਾਕਿਸਤਾਨ ਤੋਂ ਨਹੀਂ ਸੀ ਮਿਲ ਰਹੀ, ਉਹ ਮੈਂ ਇਧਰੋਂ ਦਿੱਲੀ ਤੋਂ ਲੈ ਕੇ ਇੱਕ ਦਿਨ ਦੇ ਵਿੱਚ-ਵਿੱਚ ਲਾਹੌਰ ਭੇਜੀ ਤਾਂ ਜੋ ਮਦੀਹਾ ਠੀਕ ਹੋ ਜਾਵੇ।
ਹੁਣ ਮਦੀਹਾ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਪੈਣੀ, ਉਹ ਮਦੀਹਾ ਜੋ ਹਕੂਮਤਾਂ ਨਾਲ ਟੱਕਰ ਲੈਂਦੇ ਸੀ, ਕਦੇ ਹਾਰੇ ਨਹੀਂ ਸੀ, ਬੀਮਾਰੀ ਹੱਥੋਂ ਹਾਰ ਗਏ।

ਤਸਵੀਰ ਸਰੋਤ, JATINDER BRAR
ਉਨ੍ਹਾਂ ਨੇ ਪਾਕਿਸਤਾਨੀ ਅੱਤਵਾਦ ਦੇ ਖ਼ਿਲਾਫ਼ ਸਟੇਜ 'ਤੇ ਖੜ੍ਹੇ ਹੋ ਕੇ ਕਿਹਾ, 'ਥੀਏਟਰ ਅਗੇਂਸਟ ਤਾਲਿਬਾਨ'। ਉਨ੍ਹਾਂ ਨੇ ਪਾਕਿਸਤਾਨੀ ਕੱਟੜਪੰਥੀ ਮੁਲਾ-ਮੁਲਾਣਿਆਂ ਨੂੰ ਵੰਗਾਰਿਆ ਤੇ 'ਬੁਰਕਾ' ਪਰੰਪਰਾ ਦੇ ਖ਼ਿਲਾਫ਼ ਨਾਟਕ ਖੇਡਿਆ ''ਬੁਰਕਾ ਵਗੈਂਜਾ''।
ਇਹ ਨਾਟਕ ਬੈਨ ਕਰ ਦਿੱਤਾ ਗਿਆ, ਪਰ ਉਸਨੇ ਫਰ ਵੀ ਇਹ ਨਾਟਕ ਖੇਡਿਆ ਤੇ ਕੱਟੜਪੰਥੀਆਂ ਨੂੰ ਵੰਗਾਰਿਆ। ਲਾਹੌਰ ਵਿਚ ਜਦੋਂ ਬਸੰਤ ਫੈਸਟੀਵਲ ਬੈਨ ਕੀਤਾ ਗਿਆ ਤਾਂ ਉਸਨੇ ਫਿਰ ਨਾਟਕ ਖੇਡਿਆ ''ਲੋ ਫਿਰ ਬਸੰਤ ਆਈ''। ਉਸਨੇ ਮਜ਼ਦੂਰਾਂ ਦੇ ਹੱਕ 'ਚ ਨਾਟਕ ''ਇੱਟ'' ਵੀ ਖੇਡਿਆ ਤੇ ਧੀਆਂ ਦੇ ਹੱਕ 'ਚ ''ਝੱਲੀ ਕਿੱਥੇ ਜਾਵੇ'', ''ਸ਼ਰਮ ਦੀ ਗੱਲ'', ''ਥੱਪੜ' ਤੇ ''ਧੀ ਰਾਣੀ'' ਖੇਡੇ।
ਅੱਜ ਲਾਹੌਰ ਅਤੇ ਅੰਮ੍ਰਿਤਸਰ ਵੀ ਉਦਾਸ ਹੈ
ਮਦੀਹਾ ਗੌਹਰ ਦੀ ਯਾਦ ਅੰਮ੍ਰਿਤਸਰ ਦੇ ਕੋਨੇਂ-ਕੋਨੇ ਗਲੀਆਂ ਬਾਜ਼ਾਰਾਂ ਵਿਚ ਵਸੀ ਹੈ, ਉਹ ਅੰਮ੍ਰਿਤਸਰ ਆਉਂਦੀ ਤਾਂ ਕਦੇ ਮੇਰੇ ਰੰਗਮੰਚ ਭਵਨ ਵਿੱਚ, ਕਦੇ ਪੰਜਾਬ ਨਾਟਸ਼ਾਲਾ ਵਿ੍ਰਚ, ਕਦੇ ਵਿਰਸਾ ਵਿਹਾਰ ਵਿੱਚ, ਕਦੇ ਪ੍ਰੀਤ ਨਗਰ, ਕਦੇ ਆਰਟ ਗੈਲਰੀ ਤੇ ਕਦੇ ਅੰਮ੍ਰਿਤਸਰ ਦੇ ਸ਼ਾਪਿੰਗ ਸੈਂਟਰਾਂ 'ਚ, ਕਦੇ ਖਾਣੇ ਵਾਲੀਆਂ ਦੁਕਾਨਾਂ, ਕਦੇ ਸਪਰਿੰਗ ਡੇਲ ਸਕੂਲ, ਕਦੇ ਪੁਲ ਕੰਜਰੀ, ਕਦੇ ਹਾਸ਼ਮ ਸ਼ਾਹ ਦੇ ਮੇਲੇ ਤੇ ਕਦੇ ਕਿਤੇ ਤੇ ਕਦੇ ਕਿਤੇ, ਮਦੀਹਾ ਅੰਮ੍ਰਿਤਸਰ ਵਿਚ ਕਿੱਥੇ ਨਹੀਂ ਸੀ।
ਅੱਜ ਲਾਹੌਰ ਵੀ ਉਦਾਸ ਹੈ, ਅੱਜ ਅੰਮ੍ਰਿਤਸਰ ਵੀ ਉਦਾਸ ਹੈ। ਮਦੀਹਾ ਸਾਡਾ ਤਾਂ ਲਾਹੌਰ ਹੀ ਤੇਰੇ ਨਾਲ ਵੱਸਦਾ ਸੀ, ਤੂੰ ਨਾਟਕਾਂ ਦੇ ਮੇਲੇ ਲਾਉਣੇ ਸ਼ੁਰੂ ਕੀਤੇ ਤੇ ਇਧਰਲੇ ਪੰਜਾਬ ਦੇ ਕਲਾਕਾਰਾਂ ਨੇ ਲਾਹੌਰ ਦੇ ਦਰਸ਼ਨ ਕੀਤੇ। ਮਦੀਹਾ ਦੀ ਦੋਵਾਂ ਮੁਲਕਾਂ ਨੂੰ, ਇਸ ਧਰਤੀ ਨੂੰ, ਸੰਵੇਦਨਸ਼ੀਲ ਲੋਕਾਂ ਨੂੰ, ਇਨਸਾਨਾਂ ਅੰਦਰ ਵਸਦੀ ਸੰਵੇਦਨਸ਼ੀਲਤਾ ਨੂੰ ਹਾਲੇ ਬੜੀ ਲੋੜ ਸੀ।

ਤਸਵੀਰ ਸਰੋਤ, Kewal Dhaliwal
ਮਦੀਹਾ ਤੇਰੇ ਅਮਨ ਪਸੰਦ ਸਾਥੀ, ਤੇਰੇ ਦੋਸਤ, ਤੇਰੇ ਆਪਣੇ, ਤੇਰੇ ਵਲੋਂ ਸ਼ੁਰੂ ਕੀਤੀ ਅਮਨ ਤੇ ਦੋਸਤੀ ਦੀ ਲਹਿਰ ਨੂੰ ਰੁਕਣ ਨਹੀਂ ਦੇਣਗੇ। ਦੋਵ੍ਹਾਂ ਮੁਲਕਾਂ ਵਿੱਚ ਠੰਡੀ 'ਵਾਅ ਦਾ 'ਬੁੱਲਾ' ਵਗਦਾ ਰਹੇਗਾ। ਅਸੀਂ ਵਾਰਿਸ ਨੂੰ ਯਾਦ ਕਰਾਂਗੇ, ਬੁੱਲੇ ਨੂੰ ਯਾਦ ਕਰਾਂਗੇ, ਆਸਮਾਂ ਜਹਾਂਗੀਰ ਨੂੰ ਯਾਦ ਕਰਾਂਗੇ, ਮਦੀਹਾ ਗੌਹਰ ਨੂੰ ਯਾਦ ਕਰਾਂਗੇ ਤੇ ਦੋਵ੍ਹਾਂ ਮੁਲਕਾਂ ਦੀ ਇਨਸਾਨੀਅਤ ਨੂੰ ਝੰਜੋੜਦੇ ਰਹਾਂਗੇ।
ਅਲਵਿਦਾ ਮਦੀਹਾ, ਤੂੰ ਹੈਵਾਨੀਅਤ ਦੇ ਦੌਰ ਵਿਚ ਇਨਸਾਨੀਅਤ ਦੀ ਜੀਂਦੀ ਜਾਗਦੀ ਮਿਸਾਲ ਸੀ। ਅਲਵਿਦਾ ਦੋਵੇਂ ਮੁਲਕਾਂ ਦੀਏ ਧੀਏ ਅਲਵਿਦਾ।












