ਜਦੋਂ ਕਰਾਟੇ ਖ਼ਿਡਾਰਨ ਪੁਲਿਸ ਵਾਲੇ ਨੂੰ ਘੜੀਸ ਕੇ ਥਾਣੇ ਲੈ ਗਈ

ਤਸਵੀਰ ਸਰੋਤ, SAT SINGH/BBC
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਰੋਹਤਕ ਦੇ ਸਿਪਾਹੀ ਯਾਸੀਨ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਵੀਰਵਾਰ ਦੀ ਰਾਤ ਸੁੰਨਸਾਨ ਥਾਂ ਦੇਖਕੇ ਆਟੋ ਵਿੱਚ ਸਫ਼ਰ ਕਰਦੀ ਉਹ ਜਿਸ ਕੁੜੀ ਨੂੰ ਛੇੜ ਰਿਹਾ ਹੈ ਉਹ ਉਸ ਨੂੰ ਸਲਾਖ਼ਾ ਪਿੱਛੇ ਪਹੁੰਚਾ ਦੇਵੇਗੀ।
ਰੋਹਤਕ ਦੇ ਐੱਸਪੀ ਪੰਕਜ ਨੈਨ ਮੁਤਾਬਕ ਸਥਾਨਕ ਪੁਲਿਸ ਨੇ ਆਪਣੇ ਸਿਪਾਹੀ ਖ਼ਿਲਾਫ਼ ਧਾਰਾ 354 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਲਿਆ ਹੈ।
ਨੇਹਾ ਨੇ ਦਾਅਵਾ ਕੀਤਾ ਕਿ ਸਿਪਾਹੀ ਨੇ ਜਿਸ 21 ਸਾਲਾ ਕੁੜੀ ਨੇਹਾ ਜੰਗਰਾ ਨੂੰ ਛੇੜ ਕੇ ਪੰਗਾ ਲਿਆ ਉਹ ਕੌਮੀ ਪੱਧਰ ਦੀ ਕਰਾਟੇ ਚੈਂਪੀਅਨ ਹੈ ਅਤੇ ਇਸ ਹਿੰਮਤੀ ਕੁੜੀ ਨੂੰ ਜਦੋਂ ਇਸ ਸਿਪਾਹੀ ਨੇ ਛੇੜਿਆ ਤਾਂ ਨਾ ਸਿਰਫ਼ ਉਸ ਕੁੱਟਮਾਰ ਕੀਤੀ ਬਲਕਿ ਨਾਲ ਹੀ ਉਸ ਨੂੰ ਖਿੱਚਕੇ ਥਾਣੇ ਲੈ ਗਈ। ਇਹ ਘਟਨਾ ਵੀਰਵਾਰ ਨੂੰ ਕਰੀਬ 8 ਕੂ ਵਜੇ ਵਾਪਰੀ।
ਨੇਹਾ ਨੇ ਦੱਸਿਆ ਕਿ ਜਦੋਂ ਉਸ ਨੂੰ ਧੂਹ ਕੇ ਥਾਣੇ ਲਿਜਾ ਰਹੀ ਸੀ ਤਾਂ ਡਿਊਟੀ ਉੱਤੇ ਤਾਇਨਾਤ ਦੋ ਹੋਰ ਪੁਲਿਸ ਵਾਲੇ ਉਸ ਨੂੰ ਬਚਾਉਣ ਲਈ ਅੱਗੇ ਵਧੇ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਵਰਦੀ ਵਾਲੇ ਨੇ ਗੈਰ-ਕਾਨੂੰਨੀ ਕੰਮ ਕੀਤਾ ਹੈ ਤਾਂ ਉਹ ਵੀ ਪਿੱਛੇ ਹਟ ਗਏ।
ਧੂਹ ਕੇ ਲੈ ਗਈ ਥਾਣੇ
ਚਾਰ ਭੈਣਾਂ ਭਰਾਵਾਂ ਵਿੱਚੋਂ ਦੂਜੇ ਨੰਬਰ ਵਾਲੀ ਨੇਹਾ ਨੇ ਦੱਸਿਆ, ''ਮੈਂ ਪੰਜ ਤੋਂ ਸੱਤ ਵਜੇ ਕਰਾਟੇ ਪ੍ਰੈਕਟਿਸ ਲਈ ਜਾਂਦੀ ਹਾਂ, ਉਸ ਦਿਨ ਮੈਂ ਸ਼ਾਮੀ ਵਾਪਸ ਆਟੋ ਵਿੱਚ ਘਰ ਵਾਪਸ ਆ ਰਹੀ ਸੀ ਤਾਂ ਪੁਲਿਸ ਵਰਦੀ ਵਾਲਾ ਇਹ ਵਿਅਕਤੀ ਜਿਸ ਨੇ ਨੇਮ ਪਲੇਟ ਨਹੀਂ ਲਗਾਈ ਹੋਈ ਸੀ, ਮੈਡੀਕਲ ਮੋੜ ਉੱਤੇ ਰਿਕਸ਼ੇ ਵਿੱਚ ਸਵਾਰ ਹੋਇਆ।''
''ਅਸੀਂ ਆਟੋ ਵਿੱਚ ਸਿਰਫ਼ ਦੋ ਜਣੇ ਹੀ ਸੀ ਅਤੇ ਉਸ ਨੇ ਮੇਰਾ ਮੋਬਾਈਲ ਨੰਬਰ ਮੰਗਿਆ। ਜਦੋਂ ਮੈਂ ਨੰਬਰ ਮੰਗਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਮੇਰੇ ਨਾਲ ਦੋਸਤੀ ਕਰਨਾ ਚਾਹੁੰਦਾ ਹੈ।''

ਤਸਵੀਰ ਸਰੋਤ, SAT SINGH/BBC
ਨੇਹਾ ਨੇ ਕਿਹਾ, ''ਪਹਿਲਾਂ ਤਾਂ ਮੈਂ ਅਣਗੌਲਿਆ ਕਰ ਦਿੱਤਾ ਪਰ ਉਹ ਦੁਬਾਰਾ ਇਹੀ ਕੁਝ ਦੁਹਰਾਉਣ ਲੱਗਾ। ਉਸ ਨੇ ਮੇਰੇ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਕੁੱਟਣ ਲਈ ਮਜ਼ਬੂਰ ਹੋਣਾ ਪਿਆ।''
''ਕਰਾਰਾ ਜਵਾਬ ਮਿਲਣ ਕਾਰਨ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਸ ਨੂੰ ਫ਼ੜ ਲਿਆ ਅਤੇ ਆਟੋ ਡਰਾਇਵਰ, ਜਿਸ ਨੇ ਸਾਡੀ ਸਾਰੀ ਗੱਲ ਸੁਣੀ ਸੀ ਉਸ ਨੂੰ ਰਿਕਸ਼ਾ ਮਹਿਲਾ ਪੁਲਿਸ ਥਾਣੇ ਲਿਜਾਣ ਲਈ ਕਿਹਾ।''
ਕੇਸ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼
ਨੇਹਾ ਮੁਤਾਬਕ ਥਾਣੇ ਅੱਗੇ ਡਿਊਟੀ ਉੱਤੇ ਤਾਇਨਾਤ ਪੁਲਿਸ ਵਾਲਿਆਂ ਨੇ ਵਰਦੀ ਵਾਲੇ ਦੇ ਕਰੀਅਰ ਦਾ ਖ਼ਿਆਲ ਕਰਕੇ ਉਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਸਲਾਹ ਦਿੱਤੀ।
ਕਰਾਟੇ ਖਿਡਾਰਨ ਕੁੜੀ ਦਾ ਰੌਲ਼ਾ ਸੁਣ ਕਿ ਮਹਿਲਾ ਥਾਣੇ ਦੀ ਇੰਚਾਰਜ ਬਾਹਰ ਆਈ ਅਤੇ ਉਸ ਨੇ ਗੜਬੜੀ ਦੀ ਕਾਰਨ ਪੁੱਛਿਆ। ਪਰ ਉਹ ਵੀ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੇ ਰੌਅ ਵਿੱਚ ਹੀ ਸੀ।
ਨੇਹਾ ਨੇ ਫੋਨ ਕਰਕੇ ਆਪਣੇ ਪਿਤਾ ਨੂੰ ਬੁਲਾ ਲਿਆ ਅਤੇ ਪੁਲਿਸ ਵਾਲੇ ਦਾ ਆਈਡੀ ਕਾਰਡ ਦੇਖਣ ਲਈ ਕਢਵਾਇਆ ਤੇ ਉਸ ਦੀ ਫੋਟੋ ਖਿੱਚ ਲਈ।
ਕੁੜਿੱਕੀ ਵਿੱਚ ਫਸਿਆ ਦੇਖ ਪੁਲਿਸ ਵਾਲਾ ਮਾਫ਼ੀ ਮੰਗਣ ਲੱਗ ਪਿਆਰ। ਪਰ ਥਾਣੇਦਾਰ ਸਮਝੌਤਾ ਕਰਨ ਦੀ ਸਲਾਹ ਦਿੰਦੀ ਰਹੀ ਅਤੇ ਕਾਰਵਾਈ ਕਰਨ ਲਈ ਤਿਆਰ ਨਹੀਂ ਸੀ।
ਨੇਹਾ ਦੇ ਪਿਤਾ ਸੁਰੇਸ਼ ਕੁਮਾਰ ਜੋ ਕਿੱਤੇ ਵਜੋਂ ਮਿਸਤਰੀ ਹਨ, ਨੇ ਕਿਹਾ ਕਿ ਘਟਨਾ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ ਕਿਉਂ ਕਿ ਮੁਲਜ਼ਮ ਇੱਕ ਪੁਲਿਸ ਵਾਲਾ ਹੈ।
ਉਸ ਨੇ ਕਿਹਾ, ''ਮੈਂ ਤਿੰਨ ਧੀਆਂ ਦਾ ਬਾਪ ਹਾਂ, ਤੁਸੀਂ ਮੇਰੀ ਹਾਲਤ ਸਮਝ ਸਕਦੇ ਹੋ ਅਤੇ ਜੇਕਰ ਮੈਂ ਇਸ ਘਟਨਾ ਉੱਤੇ ਨਹੀਂ ਬੋਲਦਾ ਤਾਂ ਕੀ ਮੈਂ ਆਪਣੀਆਂ ਧੀਆਂ ਨਾਲ ਇਸ ਤੋਂ ਵੀ ਭਿਆਨਕ ਕੁਝ ਵਾਪਰਨ ਦਾ ਉਡੀਕ ਵਿੱਚ ਹਾਂ।''
ਇਹ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਰੋਹਤਕ ਦੀ ਪ੍ਰੀਤ ਵਿਹਾਰ ਕਾਲੋਨੀ ਵਿੱਚ ਇੱਕ ਕਮਰੇ ਦੇ ਘਰ ਵਿੱਚ ਰਹਿ ਰਿਹਾ ਹੈ।
ਕੌਮੀ ਕਰਾਟੇ ਚੈਂਪੀਅਨ
ਨੇਹਾ ਕਰਾਟੇ ਦੀ ਕੌਮੀਂ ਚੈਂਪੀਅਨ ਹੈ ਅਤੇ 25-26 ਫਰਵਰੀ 2017 ਨੂੰ ਗੋਆ ਵਿੱਚ ਹੋਈ ਸੀਨੀਅਰ ਕਰਾਟੇ ਚੈਂਪੀਅਨਸ਼ਿੱਪ ਵਿੱਚ ਉਸਨੇ ਸੋਨ ਤਮਗਾ ਜਿੱਤਿਆ ਸੀ।
ਜਦੋਂ ਬੀਬੀਸੀ ਨੇ ਮਹਿਲਾ ਪੁਲਿਸ ਥਾਣੇ ਦੀ ਇੰਚਾਰਜ ਇੰਸਪੈਕਟਰ ਸੁਨੀਤਾ ਨਾਲ ਗੱਲ ਕੀਤੀ ਤਾਂ ਉਸਨੇ ਮੰਨਿਆ ਕਿ ਇਹ ਕੁੜੀ ਵੀਰਵਾਰ ਰਾਤ ਥਾਣੇ ਆਈ ਸੀ ਪਰ ਉਸਨੇ ਕਿਹਾ ਕਿ ਉਸ ਸਮੇਂ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਗਈ ਸੀ।
ਕਾਰਵਾਈ ਨਾ ਕਰਨ ਸਬੰਧੀ ਉਸਨੇ ਕਿਹਾ ਕਿ ਉਹ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ, ਪੀੜ੍ਹਤ ਕਿਸੇ ਵੀ ਸਮੇਂ ਲਿਖਤੀ ਸ਼ਿਕਾਇਤ ਨਾਲ ਉਨ੍ਹਾਂ ਕੋਲ ਆ ਸਕਦੇ ਹਨ।
ਪੰਜਾਬ 24 ਵੇਂ 'ਤੇ ਹਰਿਆਣਾ 6ਵੇਂ ਨੰਬਰ 'ਤੇ
- ਜ਼ਿਲ੍ਹਾ ਪੁਲਿਸ ਨੇ ਰੋਹਤਰ ਵਿੱਚ 2017 ਦੌਰਾਨ ਔਰਤਾਂ ਖ਼ਿਲਾਫ਼ ਅਪਰਾਧ ਦੇ 80 ਮਾਮਲੇ ਦਰਜ ਕੀਤੇ ਹਨ ,ਜਿਨ੍ਹਾਂ ਵਿੱਚੋਂ 25 ਮਾਮਲੇ ਬਲਾਤਾਕਾਰ ਦੇ ਹਨ।
- ਐੱਨਸੀਆਰਬੀ (2016)ਦੇ ਡਾਟੇ ਨੂੰ ਜਾਰੀ ਕਰਨ ਸਮੇਂ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੇ ਕਿਹਾ ਸੀ ਕਿ ਔਰਤਾਂ ਖ਼ਿਲਾਫ਼ ਹੁੰਦੇ ਅਪਰਾਧਾਂ ਦੇ ਮਾਮਲੇ ਵਿੱਚ 5150 ਕੇਸਾਂ ਨਾਲ ਪੰਜਾਬ ਦੇਸ਼ ਵਿੱਚ 24ਵੇਂ ਨੰਬਰ ਉੱਤੇ ਸੀ।
- ਜਦਕਿ ਰਹਿਆਣਾ 9839 ਮਾਮਲਿਆ ਨਾਲ 6ਵੇਂ ਨੰਬਰ ਉੱਤੇ ਸੀ।












