#BBCShe: 'ਉਹ ਕੁੜੀਆਂ ਨੂੰ ਚੀਜ਼ ਵਾਂਗ ਵੇਖਦੇ ਹਨ'

- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
"ਅੱਜ ਕੱਲ੍ਹ ਸਿਰਫ ਔਰਤਾਂ ਦੀ ਹੀ ਗੱਲ ਹੁੰਦੀ ਹੈ। ਸਾਡੇ ਹੱਕਾਂ ਬਾਰੇ ਤਾਂ ਕੋਈ ਬੋਲਦਾ ਹੀ ਨਹੀਂ।''
''ਵਿਮੈਨਜ਼ ਡੇਅ 'ਤੇ ਇੰਨੇ ਪ੍ਰੋਗਰਾਮ ਹੁੰਦੇ ਹਨ ਪਰ ਮੈਨਜ਼ ਡੇਅ ਦਾ ਤਾਂ ਜ਼ਿਕਰ ਵੀ ਨਹੀਂ ਹੁੰਦਾ।''
''ਹੁਣ ਤਾਂ ਔਰਤਾਂ ਨੂੰ ਸਾਰੇ ਅਧਿਕਾਰ ਮਿਲ ਗਏ ਹਨ, ਹੁਣ ਸਾਨੂੰ ਇੱਕ ਸਮਾਨ ਮੰਨਿਆ ਜਾਣਾ ਚਾਹੀਦਾ ਹੈ।''
ਗੁਜਰਾਤ ਦੇ ਰਾਜਕੋਟ ਵਿੱਚ ਬੀਬੀਸੀ ਸ਼ੀ ਲਈ ਕੁੜੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੁੰਡਿਆਂ ਨਾਲ ਗੱਲ ਕਰਨ ਦੀ ਸੋਚੀ।
ਜਦ ਉਨ੍ਹਾਂ ਨੂੰ ਮਿਲੇ ਤਾਂ ਸ਼ਿਕਾਇਤਾਂ ਦੀ ਝੜੀ ਲੱਗ ਗਈ। ਹੈਰਾਨੀ ਹੋਈ ਕਿ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋ ਰਿਹਾ ਸੀ।
ਮੈਂ ਉਨ੍ਹਾਂ ਨੂੰ ਕਿਹਾ ਕਿ ਮੁੰਡਿਆਂ ਦੀ ਚਰਚਾ ਵਿੱਚ ਕੋਈ ਕਮੀ ਤਾਂ ਨਹੀਂ ਆਈ ਹੈ, ਉਹ ਕੁਝ ਹਾਸਿਲ ਕਰਦੇ ਹਨ ਤਾਂ ਉਸਦੀ ਵੀ ਓਨੀ ਹੀ ਸਰਾਹਨਾ ਹੁੰਦੀ ਹੈ। ਆਖਿਰ ਉਨ੍ਹਾਂ ਤੋਂ ਕੁਝ ਵਾਪਸ ਤਾਂ ਨਹੀਂ ਲਿਆ ਜਾ ਰਿਹਾ।
ਉੱਥੋਂ ਜਵਾਬ ਮਿਲਿਆ ਕਿ ਸਰਾਹਨਾ ਤਾਂ ਠੀਕ ਹੈ ਪਰ ਨਿੰਦਾ ਕੁਝ ਜ਼ਿਆਦਾ ਹੀ ਹੋਣ ਲੱਗੀ ਹੈ। ਕੁਝ ਮੁੰਡਿਆਂ ਕਰਕੇ ਸਾਰੇ ਮੁੰਡਿਆਂ ਦੀ ਛਬੀ ਖਰਾਬ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਹੁਣ ਮੁੰਡਿਆਂ ਦੀ ਜ਼ਿੰਦਗੀ ਬਹੁਤ ਔਖੀ ਹੋ ਗਈ ਹੈ। ਕਿਸੇ ਵੀ ਕੁੜੀ ਨਾਲ ਗੱਲ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਾ ਪੈਂਦਾ ਹੈ ਕਿ ਕਿਤੇ ਉਸ ਨੂੰ ਬੁਰਾ ਨਾ ਲੱਗ ਜਾਵੇ।
ਗੱਲ ਸਹੀ ਸੀ। ਇਨ੍ਹਾਂ ਮੁੰਡਿਆਂ ਦੇ ਕਾਲਜ ਦੀਆਂ ਕੁੜੀਆਂ ਨੇ ਹੀ ਸਾਨੂੰ ਦੱਸਿਆ ਸੀ ਕਿ ਮੁੰਡਿਆਂ ਦੀਆਂ ਕੁਝ ਗੱਲਾਂ ਉਨ੍ਹਾਂ ਨੂੰ ਬੁਰੀਆਂ ਲਗਦੀਆਂ ਹਨ।
ਮੁੰਡੇ ਛੇੜਛਾੜ ਕਰਦੇ ਹਨ, ਮਨ੍ਹਾਂ ਕਰਨ 'ਤੇ ਵੀ ਪਿੱਛੇ ਪੈ ਜਾਂਦੇ ਹਨ ਅਤੇ ਸੋਚਦੇ ਹਨ ਕਿ ਉਹ ਹੀਰੋ ਹਨ। ਕੁੜੀਆਂ ਨੂੰ ਇਹ ਸਭ ਪਸੰਦ ਨਹੀਂ।
ਰਾਜਕੋਟ ਦਾ ਮਾਹੌਲ
ਰਾਜਕੋਟ ਛੋਟਾ ਸ਼ਹਿਰ ਹੈ। ਇੱਥੇ 20 ਲੱਖ ਆਬਾਦੀ ਹੈ। ਸੜਕ 'ਤੇ ਮੁੰਡੇ ਕੁੜੀਆਂ ਨਾਲ ਘੁੰਮਦੇ ਘੱਟ ਹੀ ਦਿੱਸਦੇ ਹਨ।
ਨਾਲ ਪੜ੍ਹਦੇ ਜ਼ਰੂਰ ਹਨ ਪਰ ਕਾਲਜ ਵਿੱਚ ਵੀ ਇਕੱਲੇ ਕੁੜੀਆਂ ਅਤੇ ਇਕੱਲੇ ਮੁੰਡਿਆਂ ਦੇ ਗਰੁੱਪ ਵੱਧ ਮਿਲਦੇ ਹਨ ।
ਇੰਟਰਨੈੱਟ ਦੀ ਪਹੁੰਚ ਚੰਗੀ ਹੈ। ਸੋਸ਼ਲ ਮੀਡੀਆ ਦਾ ਇੰਸਟਾਗ੍ਰਾਮ ਇੱਥੇ ਪਸੰਦ ਕੀਤਾ ਜਾਂਦਾ ਹੈ।
ਪਰ ਫੇਸਬੁੱਕ 'ਤੇ ਕੁੜੀਆਂ ਅਜੇ ਵੀ ਆਪਣਾ ਅਕਾਊਂਟ 'ਪ੍ਰਾਈਵੇਟ' ਰੱਖਦੀਆਂ ਹਨ।

ਇੱਕ ਕੁੜੀ ਨੇ ਸਾਨੂੰ ਦੱਸਿਆ ਕਿ ਉਹ ਬਹੁਤ ਸੋਚ ਸਮਝ ਕੇ ਮੁੰਡਿਆਂ ਦੀ ਫਰੈਂਡ-ਰਿਕਵੈਸਟ ਮਨਜ਼ੂਰ ਕਰਦੀ ਹੈ, ਫੇਰ ਵੀ ਕਈ ਵਾਰ ਧੋਖਾ ਹੋ ਜਾਂਦਾ ਹੈ।
ਮੁੰਡਿਆਂ ਨੂੰ ਇਹ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਇਹ ਮੁੱਠੀ ਭਰ ਮੁੰਡਿਆਂ ਕਰਕੇ ਹੁੰਦਾ ਹੈ। ਜਿਨ੍ਹਾਂ ਨੂੰ ਕੁੜੀ ਦੀ ਨਾਂਹ ਵਿੱਚ ਵੀ ਹਾਂ ਸੁਣਾਈ ਦਿੰਦੀ ਹੈ।
ਇੱਕ ਮੁੰਡੇ ਨੇ ਇਸ ਦੇ ਲਈ ਬਾਲੀਵੁੱਡ ਨੂੰ ਦੋਸ਼ੀ ਠਹਿਰਾਇਆ।
ਉਸਨੇ ਕਿਹਾ, ''ਸਾਲਾਂ ਤੋਂ ਵੇਖ ਰਹੇ ਹਾਂ ਕਿ ਕੁੜੀ ਦੇ ਪਿੱਛੇ ਪੈ ਜਾਓ, ਨਾ ਮੰਨੇ ਤਾਂ ਹੋਰ ਪਿੱਛੇ ਪਵੋ, ਅਖੀਰ ਵਿੱਚ ਮੰਨ ਹੀ ਜਾਵੇਗੀ। ਫੇਰ ਪਿਆਰ ਕਰਨ ਲੱਗੇਗੀ, ਫੇਰ ਵਿਆਹ ਹੋ ਜਾਵੇਗਾ ਅਤੇ ਬੱਚੇ, ਜਿਸ ਤੋਂ ਬਾਅਦ ਜੀਵਨ ਸੁੰਦਰ ਹੋ ਜਾਵੇਗਾ।''
ਫਿਲਮਾਂ ਦਾ ਅਸਰ
ਮੈਂ ਪੁੱਛਿਆ ਕਿ ਮੁੰਡੇ ਇਸ ਗੱਲ ਨੂੰ ਸੱਚ ਮੰਨਦੇ ਹਨ?
ਉਸ ਮੁੰਡੇ ਨੇ ਕਿਹਾ, ''ਹਾਂ ਅਤੇ ਇੱਕ ਸਮੇਂ ਤੱਕ ਮੈਂ ਵੀ ਇਹ ਮੰਨਦਾ ਸੀ। ਫੇਰ ਇੰਨੀਆਂ ਕੁੜੀਆਂ ਨੇ ਮੈਨੂੰ ਰਿਜੈਕਟ ਕੀਤਾ ਕਿ ਗੱਲ ਸਮਝ ਆਈ ਕਿ ਉਨ੍ਹਾਂ ਨੂੰ ਜ਼ਬਰਦਸਤੀ ਪਸੰਦ ਨਹੀਂ ਹੈ।''
ਪਰ ਇਹ ਸਮਝਣ ਵਿੱਚ ਸਮਾਂ ਕਿਉਂ ਲੱਗਾ?
ਕੁਝ ਸਮੇਂ ਲਈ ਸਭ ਚੁੱਪ ਹੋ ਗਏ।

ਫੇਰ ਇੱਕ ਮੁੰਡੇ ਨੇ ਦੱਬਵੀਂ ਆਵਾਜ਼ ਵਿੱਚ ਕਿਹਾ, ''ਦਰਅਸਲ ਮੁੰਡੇ, ਕੁੜੀਆਂ ਨੂੰ ਇਨਸਾਨ ਵਾਂਗ ਨਹੀਂ ਬਲਕਿ 'ਆਬਜੈਕਟ' ਵਾਂਗ ਵੇਖਦੇ ਹਨ।''
''ਤੁਸੀਂ ਨਹੀਂ ਜਾਣਦੇ ਕਿ ਜਦ ਦੋ ਮੁੰਡੇ ਨਾਲ ਬੈਠੇ ਹੁੰਦੇ ਹਨ ਅਤੇ ਇੱਕ ਕੁੜੀ ਸਾਹਮਣੇ ਤੋਂ ਲੰਘ ਕੇ ਜਾਂਦੀ ਹੈ ਤਾਂ ਉਸ ਬਾਰੇ ਕੀ ਕਹਿੰਦੇ ਹਨ, ਕੀ ਸੋਚਦੇ ਹਨ?''
ਮੈਂ ਪੁੱਛਿਆ, ਕੀ?
ਸ਼ਾਇਦ ਉਹ ਮੁੰਡਾ ਖੁੱਲ੍ਹ ਕੇ ਕਹਿ ਵੀ ਦਿੰਦਾ ਪਰ ਨਾਲ ਬੈਠੇ ਦੋਸਤ ਨੇ ਜਦ ਇਸ਼ਾਰਾ ਕਰ ਦਿੱਤਾ ਤਾਂ ਉਸਨੇ ਕਿਹਾ ਕਿ ਹੁਣ ਰਹਿਣ ਦੋ, ਨਾ ਪੁੱਛੋ।
ਉਹ ਜਾਣਦੇ ਸੀ ਕਿ ਮੈਂ ਉਨ੍ਹਾਂ ਦੀ ਅਣਕਹੀ ਗੱਲ ਨੂੰ ਸਮਝ ਗਈ ਸੀ।
ਉਨ੍ਹਾਂ ਨੇ ਮੈਨੂੰ ਆਪਣੀ ਦੁਨੀਆਂ ਵਿੱਚ ਦਾਖਲ ਹੋਣ ਦਿੱਤਾ ਸੀ ਪਰ ਹੁਣ ਚੁੱਪ ਰਹਿ ਕੇ ਸ਼ਾਇਦ ਉਹ ਇਹ ਵੀ ਕਹਿਣਾ ਚਾਹੁੰਦੇ ਸੀ ਕਿ ਅਜਿਹੀ ਸੋਚ ਵਾਲੇ ਮੁੰਡਿਆਂ ਦੀ ਤਰਫੋਂ ਉਹ ਸ਼ਰਮਿੰਦਾ ਹਨ।

ਇੱਕ ਔਰਤ ਅੱਗੇ ਖੁੱਲ੍ਹ ਕੇ ਆਪਣੇ 'ਤੇ ਉਂਗਲ ਚੁੱਕਣਾ ਅਤੇ ਗਲਤੀ ਮੰਨਣਾ ਸ਼ਲਾਘਾਯੋਗ ਕਦਮ ਸੀ।
ਘੱਟੋ ਘੱਟ ਇੱਕ ਅਹਿਸਾਸ ਸੀ। ਦੂਜੇ ਪੱਖ ਨੂੰ ਸਮਝਣ ਦੀ ਇੱਕ ਕੋਸ਼ਿਸ਼ ਸੀ।
ਅਖੀਰ ਵਿੱਚ ਇੱਕ ਮੁੰਡਾ ਬੋਲਿਆ, ''ਸਾਨੂੰ ਦੋਗਲਾ ਨਹੀਂ ਹੋਣਾ ਚਾਹੀਦਾ। ਇੱਕ ਮੁੰਡੇ ਦਾ ਬ੍ਰੇਕ-ਅੱਪ ਹੋਣ 'ਤੇ ਜੇ ਉਹ ਦੂਜੀ ਗਰਲਫਰੈਂਡ ਬਣਾਉਂਦਾ ਹੈ ਤਾਂ ਠੀਕ ਪਰ ਜੇ ਕੁੜੀ ਅਜਿਹਾ ਕਰੇ ਤਾਂ ਉਸਦੇ ਕਿਰਦਾਰ 'ਤੇ ਸ਼ੱਕ ਕੀਤਾ ਜਾਂਦਾ ਹੈ।''
ਇਹੀ ਗੱਲ ਨਾਗਪੁਰ ਵਿੱਚ ਇੱਕ ਕੁੜੀ ਨੇ ਸਾਨੂੰ ਦੱਸੀ ਸੀ। ਵੱਧ ਕੁੜੀਆਂ ਨਾਲ ਦੋਸਤੀ ਕਰਨ ਵਾਲੇ ਮੁੰਡੇ ਨੂੰ 'ਸਟੱਡ' ਪਰ ਵੱਧ ਮੁੰਡਿਆਂ ਨਾਲ ਦੋਸਤੀ ਕਰਨ ਨਾਲੀ ਕੁੜੀ ਨੂੰ 'ਸਲੱਟ' ਕਿਹਾ ਜਾਂਦਾ ਹੈ।
ਬਾਅਦ ਵਿੱਚ ਲੱਗਿਆ ਕਿ ਕੁੜੀਆਂ ਦੇ ਹੱਕਾਂ ਦੀ ਗੱਲ ਕਰਨੀ ਕਿਉਂ ਜ਼ਰੂਰੀ ਹੈ, ਮੁੰਡਿਆਂ ਅੱਗੇ ਇਸ ਦੇ ਕੋਈ ਖਾਸ ਤਰਕ ਰੱਖਣ ਦੀ ਲੋੜ ਨਹੀਂ ਸੀ।
ਸੋਚ ਸਾਂਝੀ ਹੋ ਰਹੀ ਹੈ, ਇਨ੍ਹਾਂ ਸ਼ਹਿਰਾਂ ਵਿੱਚ ਭਾਵੇਂ ਇਹ ਇੱਕ ਦੂਜੇ ਨਾਲ ਘੱਟ ਵਿਖਾਈ ਦਿੰਦੇ ਹਨ, ਇੱਕ ਦੂਜੇ ਨੂੰ ਸੁਨਣ ਅਤੇ ਸਮਝਣ ਦੀ ਕੋਸ਼ਿਸ਼ ਪੂਰੀ ਹੈ।












