ਪ੍ਰੈੱਸ ਰਿਵੀਊ: ਔਰਤਾਂ ਦੇ ਜੀਨਸ ਜਾਂ ਸਕਰਟ ਪਾਉਣ 'ਤੇ ਕੀ ਕਹਿੰਦੇ ਹਨ SGPC ਦੇ ਸਾਬਕਾ ਪ੍ਰਧਾਨ?

ਤਸਵੀਰ ਸਰੋਤ, JASON MERRITT/GETTY IMAGES
ਇੰਡੀਅਨ ਐਕਸਪ੍ਰੈੱਸ ਮੁਤਾਬਕ ਐੱਸਜੀਪੀ ਵੱਲੋਂ ਦਰਬਾਰ ਸਾਹਿਬ ਦੇ ਬਾਹਰ ਲੱਗੇ ਸਟਾਲਾਂ 'ਤੇ ਇੱਕ ਪੁਸਤਕ ਮੁਫ਼ਤ ਵਿੱਚ ਵੇਚੀ ਜਾ ਰਹੀ ਹੈ। ਇਸ ਵਿੱਚ ਔਰਤਾਂ ਦੇ ਜੀਨਸ ਅਤੇ ਸਕਰਟ ਪਾਉਣ ਅਤੇ ਸਮਲਿੰਗੀ ਵਿਆਹ ਕਰਵਾਉਣ ਨੂੰ ਇਤਰਾਜ਼ਯੋਗ ਦੱਸਿਆ ਗਿਆ ਹੈ।
ਇਸ ਬੁੱਕਲੈਟ 'ਤੇ ਸਾਬਕਾ ਐੱਸਜੀਪੀ ਪ੍ਰਧਾਨ ਕਿਰਪਾਲ ਬਡੂੰਗਰ ਦਾ ਨਾਮ ਲੇਖਕ ਵਜੋਂ ਛਪਿਆ ਹੈ।
ਐੱਸਜੀਪੀ ਨੇ ਜੁਲਾਈ 2016 ਤੋਂ ਹੁਣ ਤੱਕ 8 ਪੰਨਿਆਂ ਦੀ ਬੁੱਕਲੈੱਟ 'ਗੁਰਮਤ ਅਤੇ ਇਸਤਰੀ ਲਿਬਾਸ' ਦੀਆਂ 50 ਹਜ਼ਾਰ ਕਾਪੀਆਂ ਵੰਡੀਆਂ ਹਨ।
ਇਸ ਬੁੱਕਲੈੱਟ ਵਿੱਚ ਦੱਸਿਆ ਗਿਆ ਹੈ ਕਿ ਸੰਗਤ ਵਿੱਚ ਔਰਤ ਨੂੰ ਕਿਸ ਤਰ੍ਹਾਂ ਦੇ ਕਪੜੇ ਪਾਉਣੇ ਪੈਂਦੇ ਹਨ।
ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਯੂਰਪ ਦੇ ਯੂਕੇ ਸਥਿਤ ਸਭ ਤੋਂ ਵੱਡੇ ਗੁਰਦੁਆਰੇ ਨੂੰ ਇੰਗਲੈਂਡ ਦੇ ਪਹਿਲੇ ਦੱਸ ਧਾਰਮਿਕ ਸਥਾਨਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਇਸ ਨੂੰ 'ਏ ਹਿਸਟਰੀ ਆਫ਼ ਇੰਗਲੈਂਡ ਇਨ 100 ਪਲੇਸਿਜ਼' ਵਿੱਚ ਪੇਸ਼ ਕੀਤਾ ਗਿਆ ਹੈ ਜੋ 'ਹਿਸਟੌਰਿਕ ਇੰਗਲੈਂਡ' ਵੱਲੋਂ ਚਲਾਇਆ ਜਾ ਰਿਹਾ ਹੈ।

ਤਸਵੀਰ ਸਰੋਤ, Guru Nanak Gurdwara Smethwick/Facebook
ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। ਬਰਮਿੰਘਮ ਮੇਲ ਦੀ ਰਿਪੋਰਟ ਅਨੁਸਾਰ ਸਮਿਥਵਿਕ ਵਿੱਚ ਸਥਿਤ ਗੁਰੂ ਨਾਨਕ ਗੁਰਦੁਆਰੇ ਨੂੰ ਸਟੋਨਹੈਂਜ ਅਤੇ ਕੈਂਟਰਬਰੀ ਕੈਥੇਡਰਲ ਵਰਗੇ ਸਥਾਨਾਂ ਨਾਲ ਸ਼ਾਮਿਲ ਕੀਤਾ ਗਿਆ ਹੈ।
ਇਸ ਗੁਰਦੁਆਰੇ ਦਾ ਨਿਰਮਾਣ 1990 ਵਿੱਚ ਕਰਵਾਇਆ ਗਿਆ ਸੀ।
ਇੰਡੀਅਨ ਐਕਸਪ੍ਰੈੱਸ ਅਖ਼ਬਾਰ ਮੁਤਾਬਕ ਸਾਫ਼ਟ ਡ੍ਰਿੰਕਸ, ਸ਼ਰਾਬ ਅਤੇ ਤੰਬਾਕੂ 'ਤੇ ਟੈਕਸ ਲਾਉਣ ਨਾਲ ਕਈ ਬਿਮਾਰੀਆਂ ਦੇ ਵੱਧਦੇ ਮਰੀਜ਼ਾਂ ਦੀ ਗਿਣਤੀ 'ਤੇ ਰੋਕ ਲੱਗੀ ਹੈ।
'ਦਿ ਲੈਂਸੇਟ' ਜਰਨਲ ਵਿੱਚ ਛਪੇ ਇੱਕ ਸਰਵੇਖਣ ਜ਼ਰੀਏ ਇਹ ਖੁਲਾਸਾ ਹੋਇਆ ਹੈ।

ਤਸਵੀਰ ਸਰੋਤ, Getty Images
ਸਰਵੇਖਣ ਮੁਤਾਬਕ ਸਿਹਤ ਲਈ ਖਰਾਬ ਪਦਾਰਥਾਂ 'ਤੇ ਟੈਕਸ ਲਾਉਣ ਨਾਲ ਸਿਹਤ ਸਬੰਧੀ ਅੰਕੜਿਆਂ ਵਿੱਚ ਸੁਧਾਰ ਹੋਇਆ ਹੈ।
ਭਾਰਤੀ ਮਾਹਿਰਾਂ ਦਾ ਮੰਨਣਾ ਹੈ ਕਿ ਤੰਬਾਕੂ 'ਤੇ ਟੈਕਸ ਵਧਾਉਣ ਨਾਲ ਇਸ ਦੀ ਵਰਤੋਂ ਘਟੀ ਹੈ।
ਦਿ ਟ੍ਰਿਬਿਊਨ ਮੁਤਾਬਕ ਕਿਸਾਨ ਕਰਜ਼ ਮਾਫ਼ੀ ਦਾ 6/3 ਇੰਚ ਦਾ ਪ੍ਰਮਾਣ ਪੱਤਰ ਮਿਲਣ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਪਾਕਿਸਤਾਨ ਵਿੱਚ ਛਪਣ ਵਾਲੇ ਅਖ਼ਬਾਰ ਡਾਨ ਮੁਤਾਬਕ ਯੂਐੱਨ ਵੱਲੋਂ ਜਾਰੀ ਅਤਿਵਾਦੀਆਂ ਦੀ ਸੂਚੀ ਵਿੱਚ 139 ਪਾਕਿਸਤਾਨੀਆਂ ਦੇ ਨਾਮ ਸ਼ੁਮਾਰ ਹਨ।
ਇਸ ਵਿੱਚ ਉਨ੍ਹਾਂ ਪਾਕਿਸਤਾਨ ਅਤਿਵਾਦੀਆਂ ਦੇ ਨਾਮ ਹਨ ਜੋ ਕਿ ਪਾਕਿਸਤਾਨ ਵਿੱਚ ਰਹੇ ਹਨ, ਉੱਥੋਂ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ ਜਾਂ ਫਿਰ ਉਨ੍ਹਾਂ ਨੇ ਅਤਿਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨੀ ਜ਼ਮੀਨ ਦੀ ਵਰਤੋਂ ਕੀਤੀ ਹੈ।












