ਇਰਾਕ 'ਚ ਕਿਵੇਂ ਹੋਈ 39 ਭਾਰਤੀਆਂ ਦੇ ਮਰਨ ਦੀ ਪੁਸ਼ਟੀ?

ਇਰਾਕੀ ਨੌਜਵਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 28 ਅਕਤੂਬਰ 2017 ਅੰਮ੍ਰਿਤਸਰ: ਇਰਾਕ ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰ, ਇਹ ਤਸਵੀਰ ਡੀਐੱਨਏ ਟੈਸਟ ਲਈ ਸੈਂਪਲ ਲੈਣ ਸਮੇਂ ਦੀ ਹੈ।

ਇਰਾਕ ਦੇ ਮੂਸਲ 'ਚ ਲਾਪਤਾ ਸਾਰੇ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਗਈ ਹੈ। ਇਨ੍ਹਾਂ ਦੇ ਮਾਰੇ ਜਾਣ ਦੀ ਪੁਸ਼ਟੀ ਡੀਐੱਨਏ ਟੈਸਟ ਤੋਂ ਬਾਅਦ ਕੀਤੀ ਗਈ ਹੈ । ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ਵਿੱਚ ਮੂਸਲ 'ਚ ਲਾਪਤਾ ਸਾਰੇ 39 ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਮੰਗਲਵਾਰ ਨੂੰ ਰਾਜ ਸਭਾ 'ਚ ਦਿੱਤੇ ਬਿਆਨ ਵਿੱਚ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਇਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਸੀ, ਪਰ ਸਰਕਾਰ ਕੋਲ ਕੋਈ ਪੱਕਾ ਸਬੂਤ ਨਾ ਹੋਣ ਕਾਰਨ ਪੁਸ਼ਟੀ ਨਹੀਂ ਕੀਤੀ ਜਾ ਰਹੀ ਸੀ।

ਸੁਸ਼ਮਾ ਸਵਰਾਜ ਨੇ ਕਿਹਾ ਕਿ 39 ਵਿੱਚੋਂ 38 ਜਣਿਆਂ ਦੀ ਪਛਾਣ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 31 ਪੰਜਾਬੀ, 4 ਹਿਮਾਚਲ ਪ੍ਰਦੇਸ਼ ਅਤੇ ਬਾਕੀ ਬਿਹਾਰ ਅਤੇ ਪੱਛਮੀ ਬੰਗਾਲ ਦੇ ਹਨ।

ਉਨ੍ਹਾਂ ਕਿਹਾ ਕਿ ਉਹ ਸਿਰਫ਼ ਐਲਾਨ ਤੱਕ ਹੀ ਸੀਮਤ ਨਹੀਂ ਰਹਿਣਗੇ ਬਲਕਿ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਆਪ ਵਿਸ਼ੇਸ਼ ਜਹਾਜ਼ ਲੈ ਕੇ ਇਰਾਕ ਜਾਣਗੇ ਅਤੇ ਮਾਰਟੀਅਰ ਫਾਊਡੇਸ਼ਨ ਦੇ ਸਰਟੀਫਿਕੇਟ ਨਾਲ ਲਾਸ਼ਾਂ ਲੈ ਕੇ ਆਉਣਗੇ।

ਕਿਵੇਂ ਹੋਈ ਭਾਲ ਸ਼ੁਰੂ

ਸਾਲ 2014 ਦੇ ਜੂਨ ਮਹੀਨੇ ਵਿੱਚ ਇਰਾਕ ਵਿੱਚ 39 ਭਾਰਤੀਆਂ ਨੂੰ ਆਈਐੱਸਆਈਐੱਸ ਵਲੋਂ ਬੰਧਕ ਬਣਾਉਣ ਦੀ ਖ਼ਬਰ ਆਈ ਸੀ।

ਇਹ ਮੁੱਦਾ ਵਾਰ ਵਾਰ ਸੰਸਦ ਵਿੱਚ ਉੱਠਦਾ ਰਿਹਾ ਹੈ ਅਤੇ ਪੀੜਤ ਪਰਿਵਾਰਾਂ ਵੱਲੋਂ ਵੀ ਵਿਦੇਸ਼ ਮੰਤਰੀ ਕੋਲ ਚੁੱਕਿਆ ਜਾਂਦਾ ਰਿਹਾ ਹੈ।

ਪੰਜਾਬ ਇਰਾਕੀ ਨੌਜਵਾਨ

ਤਸਵੀਰ ਸਰੋਤ, SUKHCHARAN PREET/BBC

ਤਸਵੀਰ ਕੈਪਸ਼ਨ, ਧੂਰੀ ਦੇ ਪ੍ਰਿਤਪਾਲ ਸ਼ਰਮਾ ਦਾ ਪਰਿਵਾਰ

ਆਖਰੀ ਵਾਰ 27 ਜੁਲਾਈ 2017 ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਇਹ ਮੁੱਦਾ ਚੁੱਕਿਆ ਸੀ। ਉਦੋਂ ਸਰਕਾਰ ਨੇ ਕਿਹਾ ਸੀ ਕਿ ਜਦੋਂ ਤੱਕ ਸਬੂਤ ਨਹੀਂ ਮਿਲਦਾ ਉਦੋਂ ਤੱਕ ਮੌਤ ਦੀ ਪੁਸ਼ਟੀ ਨਹੀਂ ਹੋ ਸਕਦੀ।

ਹਰਜੀਤ ਮਸੀਹ ਦੀ ਕਹਾਣੀ ਝੂਠੀ

ਹਰਜੀਤ ਮਸੀਹ ਦੀ ਕਹਾਣੀ ਠੀਕ ਨਹੀਂ ਸੀ। ਵਿਦੇਸ਼ ਰਾਜ ਮੰਤਰੀ ਜਨਰਲ ਵੀ ਕੇ ਸਿੰਘ ਨੂੰ ਹਰਜੀਤ ਦੇ ਦਾਅਵੇ ਤੋਂ ਬਾਅਦ ਇਰਾਕ ਭੇਜਿਆ ਗਿਆ।

ਉਹ ਉਸ ਕੰਪਨੀ ਦੇ ਮਾਲਕ ਨੂੰ ਮਿਲੇ ਸੀ ਜਿਸ ਦੀ ਕੰਪਨੀ ਵਿੱਚ ਲਾਪਤਾ ਹੋਏ ਭਾਰਤੀ ਕੰਮ ਕਰਦੇ ਸਨ।

ਮੂਸਲ ਵਿੱਚ ਉਸ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਉਸ ਕੋਲ 40 ਭਾਰਤੀ ਅਤੇ ਕੁਝ ਬੰਗਲਾਦੇਸ਼ੀ ਕੰਮ ਕਰਦੇ ਸਨ।

ਜਦੋਂ ਆਈਐੱਸਆਈਐੱਸ ਨੇ ਮੂਸਲ ਉੱਤੇ ਕਬਜ਼ਾ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਸਾਰਿਆਂ ਨੂੰ ਸ਼ਹਿਰ ਛੱਡ ਕੇ ਜਾਣ ਲਈ ਕਿਹਾ ।

ਕੰਪਨੀ ਮਾਲਕ ਮੁਤਾਬਕ ਬਾਕੀ ਸਾਰੇ ਚਲੇ ਗਏ ਪਰ ਭਾਰਤੀ ਨਹੀਂ ਗਏ। ਉਸ ਨੇ ਫਿਰ ਉਸ ਕੇਟਰਰ ਨੂੰ ਬੁਲਾਇਆ ਜੋ ਉਨ੍ਹਾਂ ਨੂੰ ਖਾਣਾ ਖੁਆ ਰਹੇ ਸੀ।

ਉਸ ਨੇ ਦੱਸਿਆ ਕਿ ਇੱਕ ਦਿਨ ਜਦੋਂ ਉਹ ਖਾਣਾ ਖਾਣ ਆ ਰਹੇ ਸਨ ਤਾਂ ਉਨ੍ਹਾਂ ਨੂੰ ਆਈਐੱਸਆਈਐੱਸ ਦੇ ਕਾਰਕੁਨਾਂ ਨੇ ਦੇਖ ਲਿਆ ।

ਕੇਟਰਰ ਨੇ ਖੋਲ੍ਹਿਆ ਭੇ

ਉਨ੍ਹਾਂ ਨੇ ਪੁੱਛਿਆ ਕਿ ਉਹ ਕੌਣ ਲੋਕ ਹਨ। ਬੰਗਲਾਦੇਸ਼ੀਆਂ ਨੇ ਦੱਸਿਆ ਕਿ ਅਸੀਂ ਬੰਗਲਾਦੇਸ਼ੀ ਹਾਂ ਤੇ ਇਹ ਭਾਰਤੀ ਹਨ। ਆਈਐੱਸਆਈਐੱਸ ਕਾਰਕੁਨਾਂ ਨੇ ਕਿਹਾ ਕਿ ਇਹ ਇੱਥੇ ਨਹੀਂ ਰਹਿਣਗੇ, ਉਨ੍ਹਾਂ ਨੂੰ ਕੱਪੜਾ ਮਿੱਲ ਵਿੱਚ ਭੇਜ ਦਿੱਤਾ ਗਿਆ। ਕੱਪੜਾ ਫੈਕਟਰੀ ਵਿੱਚ ਬੰਗਲਾਦੇਸ਼ੀ ਤੇ ਭਾਰਤੀਆਂ ਨੂੰ ਅਲੱਗ-ਅਲੱਗ ਕਰ ਦਿੱਤਾ ਗਿਆ।

ਕੇਟਰਰ ਨੇ ਦੱਸਿਆ ਕਿ ਬੰਗਲਾਦੇਸ਼ੀਆਂ ਨੂੰ ਐਰਬਿਲ ਛੱਡਣ ਲਈ ਉਸ ਨੂੰ ਭੇਜਿਆ ਗਿਆ। ਉਹ ਵੈਨ ਵਿੱਚ ਬਿਠਾ ਕੇ ਬੰਗਲਾਦੇਸ਼ੀਆਂ ਨੂੰ ਐਰਬਿਲ ਲੈ ਗਿਆ । ਉਹੀ ਕੇਟਰਰ ਉਸੇ ਰਾਤ ਹਰਜੀਤ ਮਸੀਹ ਨੂੰ ਮੁਸਲਿਮ ਨਾਂ ਦੇ ਕੇ ਬੰਗਲਾਦੇਸ਼ੀਆਂ ਨਾਲ ਲੈ ਗਿਆ।

ਪੰਜਾਬ ਇਰਾਕੀ ਨੌਜਵਾਨ

ਤਸਵੀਰ ਸਰੋਤ, RAVINDER Singh Robin/BBC

ਤਸਵੀਰ ਕੈਪਸ਼ਨ, ਅੰਮ੍ਰਿਤਸਰ ਦੇ ਮਨਜਿੰਦਰ ਦਾ ਪਰਿਵਾਰ

ਕੰਪਨੀ ਮਾਲਕ ਮੁਤਾਬਕ ਉਸ ਨੂੰ ਇੱਕ ਦਿਨ ਅਲੀ ਨਾਂ ਦੇ ਬੰਦੇ ਦਾ ਫੋਨ ਆਇਆ ਤੇ ਉਸਨੇ ਕਿਹਾ ਕਿ ਮੇਰੀ ਕੰਪਨੀ ਵਿੱਚ ਤਾਂ ਕੋਈ ਅਲੀ ਕੰਮ ਨਹੀਂ ਕਰਦਾ ਤਾਂ ਉਸ ਨੇ ਅੱਗੋਂ ਜਵਾਬ ਦਿੱਤਾ ਕਿ ਉਹ ਉਹੀ ਹੈ, ਜਿਸ ਨੂੰ ਬੰਗਲਾਦੇਸ਼ੀ ਮੁਸਲਮਾਨਾਂ ਨਾਲ ਉੱਥੋਂ ਕੱਢ ਲਿਆ ਗਿਆ ਹੈ।

ਕੇਟਰਰ ਦਾ ਦਾਅਵਾ ਹੈ ਕਿ ਉਹ ਹਰਜੀਤ ਨੂੰ ਅਲੀ ਬਣਾ ਕੇ ਬੰਗਲਾਦੇਸ਼ੀਆਂ ਨਾਲ ਐਰਬਿਲ ਛੱਡ ਕੇ ਆਇਆ ਸੀ।

ਸੁਸ਼ਮਾ ਸਵਰਾਜ ਮੁਤਾਬਕ, 'ਐਰਬਿਲ ਨਾਕੇ ਤੋਂ ਹੀ ਮਸੀਹ ਮੈਨੂੰ ਫੋਨ ਕੀਤਾ ਸੀ। ਮੈਂ ਪੁੱਛਿਆ ਕਿ ਉਹ ਉੱਥੋਂ ਕਿਸ ਤਰ੍ਹਾਂ ਆਇਆ। ਉਸ ਨੇ ਕਿਹਾ ਪਤਾ ਨਹੀਂ। ਬਾਅਦ ਵਿੱਚ ਉਸ ਨੇ ਫਾਇਰਿੰਗ ਵਾਲੀ ਕਹਾਣੀ ਘੜ ਲਈ।

ਕਿਵੇਂ ਹੋਈ ਦੇਹਾਂ ਦੀ ਸ਼ਨਾਖ਼ਤ

ਅਗਲੇ ਦਿਨ ਆਈਐੱਸਆਈਐੱਸ ਵਾਲਿਆਂ ਨੇ ਜਦੋਂ ਭਾਰਤੀਆਂ ਦੀ ਗਿਣਤੀ ਕੀਤੀ ਅਤੇ ਇੱਕ ਬੰਦਾ ਘੱਟ ਪਾਇਆ ਤਾਂ ਉਨ੍ਹਾਂ ਦੇ ਕਮਾਂਡਰ ਨੇ ਉਨ੍ਹਾਂ ਨੂੰ ਬਦੂਸ਼ ਲਿਜਾਉਣ ਦਾ ਹੁਕਮ ਦੇ ਦਿੱਤਾ। ਜਿੱਥੇ ਜੇਲ੍ਹ ਵੀ ਹੈ, ਕੰਪਨੀ ਮਾਲਕ ਨੂੰ ਅੱਗੇ ਦੀ ਜਾਣਕਾਰੀ ਨਹੀਂ ਸੀ।

ਪੰਜਾਬੀ ਇਰਾਕੀ ਨੌਜਵਾਨ ਦਾ ਪਰਿਵਾਰ

ਤਸਵੀਰ ਸਰੋਤ, SUKHCHARANPREET/BBC

ਇਸ ਤੋਂ ਬਾਅਦ ਵੀਕੇ ਸਿੰਘ ਭਾਰਤੀ ਰਾਜਦੂਤ ਤੇ ਇੱਕ ਇਰਾਕੀ ਅਧਿਕਾਰੀ ਨਾਲ ਬਦੂਸ਼ ਗਏ।

ਉੱਥੇ ਭਾਲ ਦੌਰਾਨ ਇੱਕ ਵਿਅਕਤੀ ਨੇ ਦੱਸਿਆ ਕਿ ਉੱਥੋਂ ਕਾਫ਼ੀ ਦੂਰ ਇੱਕ ਪਿੰਡ ਵਿੱਚ ਬਹੁਤ ਲੋਕਾਂ ਦੀ ਸਮੂਹਿਕ ਕਬਰ ਬਣਾਈ ਗਈ ਹੈ। ਉਹ ਪਹਾੜੀ ਉੱਤੇ ਗਏ ਤਾਂ ਉੱਪਰੋਂ ਕੁਝ ਦਿਖਦਾ ਨਹੀਂ ਸੀ।

ਡੀਐੱਨਏ ਟੈਸਟ ਤੋਂ ਹੋਈ ਤਸੱਲੀ

ਵੀਕੇ ਸਿੰਘ ਨੇ ਡੂੰਘਾਈ 'ਚ ਜਾ ਕੇ ਭਾਲ ਸਕਣ ਵਾਲੇ ਰਡਾਰ ਦੀ ਮੰਗ ਕੀਤੀ। ਜਿਸ ਨਾਲ ਦੇਖਣ ਉੱਤੇ ਪਤਾ ਲੱਗਿਆ ਕਿ ਥੱਲੇ ਲਾਸ਼ਾਂ ਪਈਆਂ ਹਨ। ਉਸ ਟਿੱਬੇ ਨੂੰ ਪੁੱਟਿਆ ਗਿਆ ਅਤੇ ਦੇਹਾਂ ਕਢਵਾਈਆਂ ਗਈਆਂ।

ਉੱਥੋਂ ਲੰਬੇ ਵਾਲ ਅਤੇ ਕੜਾ ਮਿਲਿਆ ਤਾਂ ਪਤਾ ਲੱਗਿਆ ਕਿ ਇਹ ਭਾਰਤੀ ਸਨ। ਇਸ ਦੇ ਨਾਲ ਕੁਝ ਆਈਡੀ ਕਾਰਡ, ਅਤੇ ਗੈਰ ਇਰਾਕੀ ਜੁੱਤੀਆਂ ਵੀ ਮਿਲੀਆਂ।

ਉਨ੍ਹਾਂ ਸਾਰੀਆਂ ਦੇਹਾਂ ਨੂੰ ਬਗਦਾਦ ਲਿਜਾਇਆ ਗਿਆ। ਮਾਰਟੀਅਰ ਸੰਸਥਾ ਨੇ ਉਨ੍ਹਾਂ ਦਾ ਡੀਐੱਨਏ ਟੈਸਟ ਕੀਤਾ। ਸਭ ਤੋਂ ਪਹਿਲਾਂ ਡੀਐੱਨਏ ਟੈਸਟ ਸੰਦੀਪ ਦਾ ਮੈਚ ਹੋਇਆ। ਇਨ੍ਹਾਂ ਵਿੱਚੋਂ 38 ਦੇ ਡੀਐੱਨਏ ਮੈਚ ਕਰ ਗਏ ਹਨ। ਇੱਕ ਬੰਦੇ ਦਾ ਡੀਐੱਨਏ 70 ਫੀਸਦੀ ਹੋ ਚੁੱਕਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)