ਦੁਬਈ ’ਚ 93 ਜ਼ਿੰਦਗੀਆਂ ਬਚਾਉਣ ਵਾਲਾ ਸਰਦਾਰ
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਜੇ ਕੋਈ ਵਿਦੇਸ਼ ਵਿੱਚ ਰਹਿ ਰਿਹਾ ਹੋਵੇ ਅਤੇ ਉਸ ਨੂੰ ਫਾਂਸੀ ਜਾਂ ਉਮਰ ਕੈਦ ਹੋ ਜਾਏ ਤਾਂ ਉਸਨੂੰ ਬਚਾਉਣ ਵਾਲਾ ਕੋਈ ਨਹੀਂ ਹੁੰਦਾ ਖਾਸ ਤੌਰ 'ਤੇ ਯੂ.ਏ.ਈ ਵਿੱਚ।
ਪਰ ਦੁਬਈ ਵਿੱਚ ਇੱਕ ਅਜਿਹਾ ਭਾਰਤੀ ਰਹਿੰਦਾ ਹੈ ਜੋ ਆਪਣੀ ਜੇਬ ਚੋਂ ਪੈਸੇ ਖਰਚ ਕੇ ਉਨ੍ਹਾਂ ਲੋਕਾਂ ਦੀ ਸਜ਼ਾ ਮੁਆਫ਼ ਕਰਵਾਉਂਦਾ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਕੇ ਆਪਣੇ ਮੁਲਕ ਵਾਪਸ ਭੇਜਦਾ ਹੈ।
ਇਹ ਸ਼ਖਸ਼ੀਅਤ ਹੈ ਐੱਸ.ਪੀ ਸਿੰਘ ਓਬਰਾਏ। ਭਾਰਤੀ ਪੰਜਾਬ ਤੋਂ ਦੁਬਈ ਆ ਕੇ ਵੱਸੇ ਓਬਰਾਏ ਯੂ.ਏ.ਈ ਵਿੱਚ ਉਨ੍ਹਾਂ ਅਪਰਾਧੀਆਂ ਨੂੰ ਜੇਲ੍ਹ ਤੋਂ ਛੁਡਾਉਂਦੇ ਹਨ ਜਿਨ੍ਹਾਂ ਨੂੰ ਜਾਂ ਤਾਂ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਜਾਂ ਉਮਰ ਕੈਦ ਦੀ।
'ਮੁਸ਼ਕਿਲ ਹੈ ਮ੍ਰਿਤਕ ਦੇ ਪਰਿਵਾਰ ਨੂੰ ਪੇਸ਼ਕਸ਼'
ਓਬਰਾਏ ਇਨ੍ਹਾਂ ਅਪਰਾਧੀਆਂ ਦਾ ਮੁਕੱਦਮਾ ਖੁਦ ਲੜਦੇ ਹਨ। ਉਹ ਪਿਛਲੇ 7 ਸਾਲਾਂ ਵਿੱਚ 93 ਅਪਰਾਧੀਆਂ ਦੀਆਂ ਜਾਨਾਂ ਬਚਾ ਚੁੱਕੇ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਹਨ।

ਖਾਸ ਗੱਲ ਤਾਂ ਇਹ ਹੈ ਕਿ ਉਨ੍ਹਾਂ ਵਿੱਚ 13 ਪਾਕਿਸਤਾਨੀ ਤੇ ਪੰਜ ਬੰਗਲਾਦੇਸ਼ੀ ਵੀ ਸ਼ਾਮਲ ਹਨ।
ਐੱਸ.ਪੀ. ਓਬਰਾਏ ਦਾ ਕਹਿਣਾ ਹੈ ਕਿ ਉਹ ਦੇਸ ਵੇਖ ਕੇ ਲੋਕਾਂ ਨੂੰ ਨਹੀਂ ਬਚਾਉਂਦੇ।
ਉਹ ਕਹਿੰਦੇ ਹਨ, "ਮੈਂ ਇਹ ਨਹੀਂ ਦੇਖਦਾ ਕਿ ਉਹ ਭਾਰਤੀ ਹਨ, ਪਾਕਿਸਤਾਨੀ ਹਨ ਜਾਂ ਬੰਗਲਾਦੇਸ਼ੀ। ਮੈਂ ਇਨ੍ਹਾਂ ਸਾਰਿਆਂ ਨੂੰ ਇਨਸਾਨਾਂ ਵਜੋਂ ਦੇਖਦਾ ਹਾਂ ਤੇ ਇਨਸਾਨਾਂ ਨੂੰ ਹੀ ਬਚਾਉਂਦਾ ਹਾਂ।''
ਅਮੀਰਾਤ ਵਿੱਚ ਇਸਲਾਮੀ ਸ਼ਰੀਆ ਕਾਨੂੰਨ ਚੱਲਦਾ ਹੈ ਜਿਸ ਦੇ ਤਹਿਤ ਮਾਰੇ ਗਏ ਸ਼ਖਸ ਦੇ ਪਰਿਵਾਰ ਵਾਲਿਆਂ ਨੂੰ ਬਲੱਡ ਮਨੀ ਦੇ ਕੇ ਅਪਰਾਧੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਈ ਜਾ ਸਕਦੀ ਹੈ।
ਪਰ ਅਜਿਹੇ ਪਰਿਵਾਰ ਦੇ ਸਾਹਮਣੇ ਪੈਸੇ ਦੀ ਪੇਸ਼ਕਸ਼ ਕਰਨਾ ਕਿੰਨਾ ਮੁਸ਼ਕਿਲ ਹੈ? ਓਬਰਾਏ ਕਹਿੰਦੇ ਹਨ ਕਿ ਇਹ ਇੱਕ ਪੇਚੀਦਾ ਮਸਲਾ ਹੁੰਦਾ ਹੈ।

ਓਬਰਾਏ ਮੁਤਾਬਕ, "ਕਿਸੇ ਦਾ ਪੁੱਤਰ ਮਾਰਿਆ ਗਿਆ ਹੈ ਅਤੇ ਤੁਸੀਂ ਉਸ ਨੂੰ ਪੈਸਿਆਂ ਦੀ ਪੇਸ਼ਕਸ਼ ਕਰੋ ਤਾਂ ਬਹੁਤ ਅਜੀਬ ਲੱਗਦਾ ਹੈ ਪਰ ਕੁਝ ਮਹੀਨਿਆਂ ਦੀ ਕੋਸ਼ਿਸ਼ ਤੋਂ ਬਾਅਦ ਇਹ ਮਸਲਾ ਹੱਲ ਹੋ ਜਾਂਦਾ ਹੈ।''
ਕਿਨ੍ਹਾਂ ਲਈ ਕਰਦੇ ਹਨ ਅਦਾਇਗੀ?
ਆਖ਼ਰ ਉਹ ਅਪਰਾਧੀਆਂ ਨੂੰ ਕਿਉਂ ਬਚਾਉਣਾ ਚਾਹੁੰਦੇ ਹਨ?
ਓਬਰਾਏ ਕਹਿੰਦੇ ਹਨ, "ਮੈਨੂੰ ਸਕੂਨ ਮਿਲਦਾ ਹੈ। ਕਿਸੇ ਭੈਣ ਨੂੰ ਉਸਦਾ ਭਰਾ ਦਿੰਦਾ ਹਾਂ, ਕਿਸੇ ਬੱਚੇ ਨੂੰ ਉਸਦਾ ਪਿਓ ਦਿੰਦਾ ਹਾਂ, ਜਾਂ ਕਿਸੇ ਮਾਂ ਨੂੰ ਉਸ ਦਾ ਪੁੱਤਰ ਦਿੰਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ।''
ਓਬਰਾਏ ਸਾਰੇ ਅਪਰਾਧੀਆਂ ਦੀ ਮਦਦ ਨਹੀਂ ਕਰਦੇ ਹਨ। ਉਹ ਕਹਿੰਦੇ ਹਨ, "ਮੈਂ ਇਹ ਸਾਫ਼ ਕਰਨਾ ਚਾਹੁੰਦਾ ਹਾਂ ਕਿ ਜੋ ਮਾਮਲੇ ਮੈਂ ਲੈਂਦਾ ਹਾਂ ਉਹ ਸਿਰਫ਼ ਸਮੂਹਕ ਝਗੜਿਆਂ ਦੇ ਮੁਕੱਦਮੇ ਹਨ।''
"ਇਨ੍ਹਾਂ ਝਗੜਿਆਂ ਵਿੱਚ 40-50 ਲੋਕ ਸ਼ਾਮਲ ਹੁੰਦੇ ਹਨ ਅਤੇ ਕਿਸ ਨੇ ਕਿਸ ਨੂੰ ਮਾਰਿਆ ਇਸਦਾ ਸਹੀ ਤਰੀਕੇ ਨਾਲ ਪਤਾ ਨਹੀਂ ਚੱਲ ਸਕਦਾ।''

ਓਬਰਾਏ ਇਹ ਸਾਫ਼ ਕਰਨਾ ਚਾਹੁੰਦੇ ਹਨ ਕਿ ਜੋ ਉਹ ਸੋਚ ਸਮਝ ਕੇ ਕਤਲ ਕਰਨ ਵਾਲਿਆਂ ਦੀ ਮਦਦ ਨਹੀਂ ਕਰਦੇ ਹਨ।
ਉਹ ਡਰੱਗਜ਼ ਦੇ ਬਲਾਤਕਾਰ ਦੇ ਮਾਮਲਿਆਂ ਵਿੱਚ ਵੀ ਕਿਸੇ ਤਰੀਕੇ ਦਾ ਦਖਲ ਨਹੀਂ ਦਿੰਦੇ।
ਬਿਨਾਂ ਸੋਚੇ-ਸਮਝੇ ਹੋਏ ਸਮੂਹਿਕ ਅਪਰਾਧ ਵਿੱਚ ਸ਼ਾਮਲ ਲੋਕਾਂ ਦੀ ਮਦਦ ਕਰਨਾ ਉਨ੍ਹਾਂ ਦਾ ਮਿਸ਼ਨ ਹੈ।
ਉਨ੍ਹਾਂ ਮੁਤਾਬਕ ਉਹ ਇਸ ਕੰਮ ਵਿੱਚ ਹੁਣ ਤੱਕ 18-20 ਕਰੋੜ ਰੁਪਏ ਖਰਚ ਕਰ ਚੁੱਕੇ ਹਨ।
ਉਨ੍ਹਾਂ ਮੁਤਾਬਕ ਉਹ ਜੇਲ੍ਹ ਚੋਂ ਰਿਹਾਅ ਹੋਣ ਵਾਲੇ ਲੋਕਾਂ ਨੂੰ ਅਕਸਰ ਖੁਦ ਉਨ੍ਹਾਂ ਦੇ ਮੁਲਕ ਛੱਡ ਕੇ ਆਉਂਦੇ ਹਨ।
'ਅਪਰਾਧੀਆਂ ਦੇ ਪਰਿਵਾਰਾਂ ਦੀ ਕੀ ਕਸੂਰ'
ਅਪਰਾਧੀਆਂ ਨੂੰ ਬਚਾਉਣ ਪਿੱਛੇ ਉਨ੍ਹਾਂ ਕੀ ਮਕਸਦ ਹੈ? ਇਸ ਵਿੱਚ ਉਨ੍ਹਾਂ ਦਾ ਕੀ ਫਾਇਦਾ ਹੈ?
ਉਬਰਾਏ ਮੁਤਾਬਕ ਮੌਤ ਦੀ ਸਜ਼ਾ ਪਾਉਣ ਵਾਲੇ ਇੱਕ ਸ਼ਖਸ ਦੇ ਪਿੱਛੇ 160 ਲੋਕ ਪ੍ਰਭਾਵਿਤ ਹੁੰਦੇ ਹਨ।
ਇਸਦਾ ਅਹਿਸਾਸ ਉਨ੍ਹਾਂ ਨੂੰ 2010 ਦੇ ਇੱਕ ਮੁਕੱਦਮੇ ਵਿੱਚ ਹੋਇਆ ਜਦੋਂ ਉਨ੍ਹਾਂ ਨੇ ਕੁਝ ਭਾਰਤੀਆਂ ਨੂੰ ਫਾਂਸੀ ਦੇ ਫੰਦੇ ਤੋਂ ਬਚਾਇਆ ਸੀ।
ਜਦੋਂ ਉਹ ਉਨ੍ਹਾਂ ਦੇ ਪਿੰਡ ਪਹੁੰਚੇ ਤਾਂ ਪਤਾ ਲੱਗਿਆ ਕਿ ਕਾਫ਼ੀ ਲੋਕ ਉਨ੍ਹਾਂ ਅਪਰਾਧੀਆਂ ਦੀ ਤਨਖ਼ਾਹ 'ਤੇ ਨਿਰਭਰ ਸਨ।
ਉਨ੍ਹਾਂ ਵਿੱਚੋਂ ਇੱਕ ਦੇ ਪਰਿਵਾਰ ਬਾਰੇ ਉਨ੍ਹਾਂ ਕਿਹਾ, "ਮੈਂ ਪਿੰਡ ਗਿਆ ਅਤੇ ਉੱਥੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਕੀ ਕਸੂਰ ਹੈ। ਉਨ੍ਹਾਂ ਨੇ ਤਾਂ ਕਰਜ਼ ਲੈ ਕੇ ਆਪਣੇ ਮੁੰਡੇ ਨੂੰ ਭੇਜਿਆ ਸੀ ਤਾਂ ਜੋ ਉਹ ਉੱਥੋਂ ਪੈਸੇ ਭੇਜਿਆ ਕਰੇਗਾ।''
"ਉਸ ਮੁੰਡੇ ਕਰਕੇ ਮੈਂ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਅਤੇ ਉਸਦੀ ਪਤਨੀ ਦਾ ਪਰਿਵਾਰ, ਸਾਰੇ ਮੁਸੀਬਤ ਵਿੱਚ ਆ ਗਏ ਹਨ।''

ਓਬਰਾਏ ਅੱਜ ਇੱਕ ਅਮੀਰ ਆਦਮੀ ਹਨ ਅਤੇ ਦੁਬਈ ਦੇ ਬੁਰਜ ਖਲੀਫ਼ਾ ਵਰਗੀ ਮਹਿੰਗੀ ਇਮਾਰਤ ਵਿੱਚ ਦੋ ਫਲੈਟ ਦੇ ਮਾਲਿਕ ਹਨ।
ਅੱਜ ਉਹ ਇੱਥੇ ਇੱਕ ਵੱਡੀ ਕੰਪਨੀ ਦੇ ਮਾਲਕ ਹਨ ਪਰ ਉਨ੍ਹਾਂ ਦੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਇੱਕ ਮਜ਼ਦੂਰ ਵਜੋਂ ਹੋਈ ਸੀ।
ਓਬਰਾਏ 20 ਸਾਲ ਦੀ ਉਮਰ ਵਿੱਚ ਘਰ ਤੋਂ ਭੱਜੇ ਸੀ। ਪਹਿਲੀ ਨੌਕਰੀ ਸੜਕ ਦੀ ਮੁਰੰਮਤ ਕਰਵਾਉਣ ਵਾਲਿਆਂ ਦੇ ਨਾਲ ਪੱਥਰ ਤੋੜਨ ਦੀ ਮਿਲੀ ਸੀ ਪਰ ਪੱਥਰ ਤੋੜਨ ਦੀ ਜ਼ਰੂਰਤ ਨਹੀਂ ਪਈ।
'ਇਹ ਮੇਰੀ ਔਕਾਤ ਦੱਸਦਾ ਹੈ'
ਐੱਸ ਪੀ ਐੱਸ ਓਬਰਾਏ ਨੂੰ ਇੱਥੇ ਸਰਕਾਰੀ ਨੌਕਰੀ ਮਿਲ ਗਈ ਸੀ। ਉਸ ਨੌਕਰੀ ਤੋਂ ਮਿਲੇ ਪਛਾਣ ਪੱਤਰ ਨੂੰ ਉਨ੍ਹਾਂ ਨੇ ਅੱਜ ਤੱਕ ਸਾਂਭ ਕੇ ਰੱਖਿਆ ਹੋਇਆ ਹੈ।
ਉਸ ਪਛਾਣ ਪੱਤਰ ਨੂੰ ਹਵਾ ਵਿੱਚ ਲਹਿਰਾਉਂਦੇ ਹੋਏ ਉਹ ਕਹਿੰਦੇ ਹਨ, "ਇਸ ਨੂੰ ਮੈਂ ਆਪਣੀ ਮੇਜ਼ ਦੀ ਦਰਾਜ਼ ਵਿੱਚ ਰੱਖਿਆ ਹੋਇਆ ਹੈ।"
"ਜਦੋਂ ਮੈਂ ਇੱਥੇ ਬੈਠਦਾ ਹਾਂ (ਦਫ਼ਤਰ ਵਿੱਚ) ਤਾਂ ਮੈਂ ਇਸ ਪਛਾਣ ਪੱਤਰ ਨੂੰ ਕੱਢ ਕੇ ਸਾਹਮਣੇ ਜ਼ਰੂਰ ਰੱਖਦਾ ਹਾਂ ਤਾਂ ਜੋ ਉਹ ਆਪਣੇ ਪਿਛੋਕੜ ਨੂੰ ਨਾ ਭੁੱਲਣ। ਇਹ ਮੇਰੀ ਔਕਾਤ ਦੱਸਦਾ ਹੈ।"
ਇਹ ਗੱਲ 1974 ਦੀ ਹੈ। ਤਿੰਨ ਸਾਲ ਬਾਅਦ ਇੱਕ ਛੋਟੇ ਮਿਸਤਰੀ ਵਜੋਂ ਉਹ ਦੁਬਈ ਆ ਗਏ।
ਐੱਸ.ਪੀ.ਐੱਸ. ਓਬਰਾਏ ਸ਼ੁਰੂ ਵਿੱਚ ਜੱਦੋਜਹਿਦ ਕਰਨ ਵਾਲੇ ਉਹ ਦਿਨ ਨਹੀਂ ਭੁੱਲੇ ਹਨ।

ਉਹ ਕਹਿੰਦੇ ਹਨ, "ਮੈਂ ਮਜ਼ਦੂਰ ਸੀ ਅਤੇ ਅੱਜ ਵੀ ਇੱਕ ਮਜ਼ਦੂਰੀ ਦੀ ਸੋਚ ਤੋਂ ਬਾਹਰ ਨਹੀਂ ਨਿਕਲ ਸਕਿਆ ਹਾਂ। ਮੈਂ ਅੱਜ ਵੀ ਵਰਕਸ਼ਾਪ ਵਿੱਚ ਜਾਂਦਾ ਹਾਂ ਤਾਂ ਕੰਮ ਕਰ ਸਕਦਾ ਹਾਂ।
ਓਬਰਾਏ ਸਮਾਜ ਸੇਵੀ ਦੇ ਤੌਰ 'ਤੇ ਇੱਥੇ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਏਅਰ ਐਂਬੂਲੈਂਸ ਦੇ ਜ਼ਰੀਏ ਉਨ੍ਹਾਂ ਦੇ ਦੇਸ਼ ਭਿਜਵਾਉਣ ਦਾ ਵੀ ਕੰਮ ਕਰਦੇ ਹਨ।
ਉਨ੍ਹਾਂ ਨੇ ਇੱਕ ਟਰੱਸਟ ਬਣਾਇਆ ਹੋਇਆ ਹੈ ਜੋ ਉਨ੍ਹਾਂ ਦੇ ਮੁਤਾਬਕ 4000 ਬੱਚਿਆਂ ਦੀ ਪੜ੍ਹਾਈ ਦਾ ਖਰਚ ਚੁੱਕਦਾ ਹੈ।
ਐੱਸ.ਪੀ.ਐੱਸ. ਓਬਰਾਏ ਦਾ ਵਪਾਰ ਦੁਬਈ ਵਿੱਚ ਅੱਜ ਵੀ ਚੱਲ ਰਿਹਾ ਹੈ ਜਿਸ ਨਾਲ ਹੋਈ ਕਮਾਈ ਦਾ ਇੱਕ ਵੱਡਾ ਹਿੱਸਾ ਉਹ ਮੌਤ ਦੀ ਸਜ਼ਾ ਵਾਲੇ ਲੋਕਾਂ ਨੂੰ ਛੁਡਾਉਣ ਅਤੇ ਦੂਜੇ ਸਮਾਜਿਕ ਕਾਰਜਾਂ ਵਿੱਚ ਖਰਚ ਕਰ ਦਿੰਦੇ ਹਨ।
ਉਨ੍ਹਾਂ ਦਾ ਇਰਾਦਾ ਇਸ ਕੰਮ ਨੂੰ ਮਰਦੇ ਦਮ ਤੱਕ ਜਾਰੀ ਰੱਖਣ ਦਾ ਹੈ।













