ਕੰਮ-ਧੰਦਾ: ਸ਼ੌਪਿੰਗ ਦੇ ਸ਼ੌਕੀਨ ਸਾਵਧਾਨ, ਧੋਖੇ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਭਾਰੀ ਡਿਸਕਾਊਂਟਸ, ਢੇਰ ਸਾਰੀ ਵੈਰਾਈਟੀ ਅਤੇ ਹੁਣ ਤਾਂ ਇੱਕ ਬਟਨ ਨਾਲ ਵੀ ਸ਼ੌਪਿੰਗ ਘਰ ਆ ਜਾਂਦੀ ਹੈ। ਇੰਨੀਆਂ ਸਹੂਲਤਾਂ ਅਤੇ ਆਕਰਸ਼ਕ ਆਫ਼ਰ ਗਾਹਕ ਨੂੰ ਗੁਮਰਾਹ ਵੀ ਕਰ ਸਕਦੇ ਹਨ।
ਅਜਿਹੀਆਂ ਮਨ ਲੁਭਾਉਣ ਵਾਲੀਆਂ ਆਫਰਾਂ 'ਚ ਫਸ ਕੇ ਨੁਕਸਾਨ ਨਾ ਹੋਵੇ, ਇਸ ਲਈ 'ਕੰਮ ਧੰਦਾ' ਵਿੱਚ ਅੱਜ ਗੱਲ ਕਰਾਂਗੇ ਗਾਹਕ ਦੇ ਹੱਕਾਂ ਦੀ।
ਇਹ ਵੀ ਦੱਸਾਂਗੇ ਕਿ ਸ਼ੌਪਿੰਗ ਕਰਦੇ ਸਮੇਂ ਧੋਖੇ ਤੋਂ ਕਿਵੇਂ ਬਚਿਆ ਜਾਵੇ।
ਐਮਆਰਪੀ ਬਾਰੇ ਤੁਸੀਂ ਸਭ ਜਾਣਦੇ ਹੋ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਦੁਕਾਨਦਾਰ ਐਮਆਰਪੀ ਤੋਂ ਵੱਧ ਪੈਸੇ ਨਹੀਂ ਮੰਗ ਸਕਦਾ।
ਐਮਆਰਪੀ ਵਿੱਚ ਜੀਐੱਸਟੀ ਵੀ ਸ਼ਾਮਲ ਹੁੰਦਾ ਹੈ। ਕੁਝ ਅਜਿਹੀਆਂ ਵੀ ਚੀਜ਼ਾਂ ਹਨ ਜਿਨ੍ਹਾਂ 'ਤੇ ਟੈਕਸ ਲੱਗਦਾ ਹੀ ਨਹੀਂ ਹੈ।
ਕਈ ਐਪਸ ਅਤੇ ਵੈੱਬਸਾਈਟਸ ਰਾਹੀਂ ਤੁਹਾਨੂੰ ਚੀਜ਼ਾਂ ਦੀ ਸਹੀ ਕੀਮਤ ਅਤੇ ਟੈਕਸ ਦਾ ਪਤਾ ਲੱਗ ਸਕਦਾ ਹੈ।
ਗਲਤ ਮਸ਼ਹੂਰੀ ਖਿਲਾਫ਼ ਕਾਰਵਾਈ ਦੀ ਤਜਵੀਜ਼
ਕੁਝ ਮਸ਼ਹੂਰੀਆਂ ਸਹੀ ਢੰਗ ਨਾਲ ਚੀਜ਼ਾਂ ਦੀ ਜਾਣਕਾਰੀ ਨਹੀਂ ਦਿੰਦੀਆਂ। ਤੁਹਾਨੂੰ ਗਲਤ ਜਾਣਕਾਰੀ ਦੇਣ ਵਾਲੀਆਂ ਮਸ਼ਹੂਰੀਆਂ ਖਿਲਾਫ਼ ਕਾਰਵਾਈ ਦਾ ਵੀ ਹੱਕ ਹੈ।
ਇੱਕ ਜਾਗਰੂਕ ਗਾਹਕ ਹੋਣ ਦੇ ਨਾਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਮੋਬਾਈਲ ਫੋਨ ਅਤੇ ਬੈਂਕ ਖਾਤੇ ਨਾਲ ਲਿੰਕ ਕਰਾਉਣ ਦੀ ਸਮਾਂ ਦੀ ਸੀਮਾ ਨੂੰ ਵਧਾ ਦਿੱਤੀ ਹੈ।
ਇਸ ਤੋਂ ਪਹਿਲਾਂ ਆਧਾਰ ਕਾਰਡ ਨੂੰ ਲਿੰਕ ਕਰਾਉਣ ਦੀ ਤਾਰੀਕ 31 ਮਾਰਚ ਤੈਅ ਕੀਤੀ ਗਈ ਸੀ।
ਇੱਕ ਸੂਝਵਾਨ ਗਾਹਕ ਨੂੰ ਆਪਣੇ ਹੱਕਾਂ ਦਾ ਪਤਾ ਹੁੰਦਾ ਹੈ।
- ਸਾਮਾਨ ਲੈਂਦੇ ਸਮੇਂ ਕੀਮਤ, ਐਕਸਪਾਇਰੀ ਡੇਟ ਅਤੇ ਟੈਕਸ ਚੈੱਕ ਕਰੋ।
- ਨਾਲ ਹੀ ਬਿੱਲ ਵੀ ਜ਼ਰੂਰ ਲਵੋ।
- ਕੁਝ ਵੀ ਖਰੀਦਣ ਤੋਂ ਪਹਿਲਾਂ ਸਰਟੀਫਿਕੇਸ਼ਨ ਮਾਰਕ ਜ਼ਰੂਰ ਵੇਖੋ।
ਆਨਲਾਈਨ ਸ਼ੌਪਿੰਗ ਦੇ ਬਹੁਤ ਫਾਇਦੇ ਹਨ, ਪਰ ਕੁਝ ਗੱਲਾਂ ਤੋਂ ਸਾਵਧਾਨ ਰਹਿਣ ਦੀ ਵੀ ਲੋੜ ਹੈ।
ਕੁਝ ਲਿੰਕਸ 'ਤੇ ਕਲਿੱਕ ਕਰਨ ਨਾਲ ਤੁਹਾਡੀ ਜਾਣਕਾਰੀ ਚੋਰੀ ਹੋ ਸਕਦੀ ਹੈ। ਆਪਣੀਆਂ ਬੈਂਕ ਡੀਟੇਲਸ ਆਨਲਾਈਨ ਭਰਨ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ ਕਿ ਉਹ ਭਰੋਸੇ ਵਾਲੀ ਵੈੱਬਸਾਈਟ ਹੈ ਵੀ ਜਾਂ ਨਹੀਂ।
ਫਿਸ਼ਿੰਗ ਫਿਲਟਰਜ਼ ਦੇ ਸਹਾਰੇ ਤੁਸੀਂ ਅਜਿਹੀ ਸ਼ੱਕੀ ਵੈੱਬਸਾਈਟਸ ਤੋਂ ਬਚਾਅ ਕਰ ਸਕਦੇ ਹੋ।
ਡੈਬਿਟ ਦੀ ਥਾਂ ਕਰੈਡਿਟ ਕਾਰਡ ਦਾ ਇਸਤੇਮਾਲ
ਆਨਲਾਈਨ ਸ਼ੌਪਿੰਗ ਤੋਂ ਬਾਅਦ ਸਮੇਂ ਸਮੇਂ 'ਤੇ ਆਪਣੀ ਬੈਂਕ ਸਟੇਟਮੈਂਟ ਚੈੱਕ ਕਰੋ।
ਜੇ ਹੋ ਸਕੇ ਤਾਂ ਡੈਬਿਟ ਕਾਰਡ ਦੀ ਥਾਂ ਕਰੈਡਿਟ ਕਾਰਡ ਤੋਂ ਭੁਗਤਾਨ ਕਰੋ। ਅਜਿਹਾ ਇਸ ਲਈ ਕਿਉਂਕਿ ਬੈਂਕ ਜੋ ਗਾਰੰਟੀ ਕਰੈਡਿਟ ਕਾਰਡ ਨਾਲ ਦਿੰਦਾ ਹੈ ਉਹ ਡੈਬਿਟ ਕਾਰਡ ਦੇ ਨਾਲ ਨਹੀਂ ਦਿੰਦਾ।
ਗਾਹਕ ਦੀ ਮਦਦ ਲਈ ਕਈ ਕਾਨੂੰਨ ਬਣੇ ਹਨ। ਕਈ ਪਲੈਟਫੌਰਮਜ਼ ਅਤੇ ਹੈਲਪ ਲਾਈਨ ਨੰਬਰ ਹਨ ਜਿੱਥੇ ਗਾਹਕ ਆਪਣੀ ਸ਼ਿਕਾਇਤ ਦੇ ਸਕਦਾ ਹੈ। ਪਰ ਧਿਆਨ ਰਹੇ ਕਿ ਸਮੇਂ ਰਹਿੰਦੇ ਸ਼ਿਕਾਇਤ ਕਰ ਦਿੱਤੀ ਜਾਵੇ।













