ਟਰੂਡੋ ਨਾਲ ‘ਬੇਰੁਖੀ’ ਤਾਂ ਮੈਕਰੋਂ ਨਾਲ ‘ਮੋਹ’ ਕਿਉਂ?

ਜਸਟਿਨ ਟਰੂਡੋ ਤੇ ਨਰਿੰਦਰ ਮੋਰਦੀ

ਤਸਵੀਰ ਸਰੋਤ, Getty Images

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਸੋਮਵਾਰ ਨੂੰ ਬਨਾਰਸ ਵਿੱਚ ਸਨ ਅਤੇ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਆਪਣਾ ਸੰਸਦੀ ਖੇਤਰ ਬੜੇ ਚਾਅ ਨਾਲ ਦਿਖਾਇਆ ਸੀ।

ਖਾਸ ਕਿਸ਼ਤੀ ਵਿੱਚ ਬੈਠ ਕੇ ਦੋਵਾਂ ਨੇ ਗੰਗਾ ਦੇ ਦਰਸ਼ਨ ਵੀ ਕੀਤੇ ਸੀ।

ਸੌਰ ਉਰਜਾ ਸੰਗਠਨ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਦੁਨੀਆਂ ਦੇ ਕਈ ਵੱਡੇ ਆਗੂ ਵੀ ਪਹੁੰਚੇ ਹੋਏ ਸੀ ਪਰ ਸਭ ਤੋਂ ਜ਼ਿਆਦਾ ਸੁਰਖ਼ੀਆਂ ਵਿੱਚ ਮੈਕਰੋਂ ਰਹੇ।

ਮੋਦੀ ਦੁਨੀਆਂ ਦੇ ਕੁਝ ਆਗੂਆਂ ਨੂੰ ਤਰਜੀਹ ਦਿੰਦੇ ਹਨ, ਪ੍ਰੋਟੋਕੋਲ ਨੂੰ ਪਿੱਛੇ ਛੱਡ ਦਿੰਦੇ ਹਨ, ਉਨ੍ਹਾਂ ਦੀ ਅਗਵਾਈ ਕਰਨ ਲਈ ਖੁਦ ਏਅਰਪੋਰਟ ਪਹੁੰਚ ਜਾਂਦੇ ਹਨ।

ਮੈਕਰੋਂ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ। ਉਹ ਜਦੋਂ ਹਵਾਈ ਜਹਾਜ਼ ਤੋਂ ਉਤਰੇ ਤਾਂ ਮੋਦੀ ਉੱਥੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ।

ਕੈਨੇਡਾ ਨਾਲ ਬੇਰੁਖੀ ਕਿਉਂ?

ਹੁਣ ਕੁਝ ਦਿਨ ਪਹਿਲਾਂ ਦੀ ਗੱਲ ਯਾਦ ਕਰੋ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਆਏ ਤਾਂ ਨਰਿੰਦਰ ਮੋਦੀ ਉਨ੍ਹਾਂ ਦੀ ਅਗਵਾਈ ਲਈ ਨਹੀਂ ਪਹੁੰਚੇ ਸਨ।

ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਮਿਲਣ ਵਿੱਚ ਵੀ ਕਈ ਦਿਨ ਲਗਾ ਦਿੱਤੇ ਸੀ।

ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਭਾਰਤੀ ਪਹਿਰਾਵੇ ਵਿੱਚ ਭਾਰਤ ਦੀਆਂ ਕਈ ਥਾਵਾਂ 'ਤੇ ਘੁੰਮਦਾ ਰਿਹਾ ਪਰ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਵਾਪਸ ਆਉਣ ਤੋਂ ਬਾਅਦ ਹੀ ਹੋ ਸਕੀ।

ਜਸਟਿਨ ਟਰੂਡੋ

ਤਸਵੀਰ ਸਰੋਤ, Ravinder singh robin

ਟਰੂਡੋ ਦਾ ਭਾਰਤ ਦੌਰਾ ਉਂਜ ਵੀ ਖਾਲਿਸਤਾਨੀ ਹਮਾਇਤੀਆਂ ਕਾਰਨ ਵਿਵਾਦਾਂ ਵਿੱਚ ਘਿਰਿਆ ਰਿਹਾ।

ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਸਰਕਾਰ ਖਾਲਿਸਤਾਨ ਹਮਾਇਤੀਆਂ ਨੂੰ ਲੈ ਕੇ ਨਰਮ ਰੁਖ਼ ਰੱਖਦੀ ਹੈ। ਇਸ ਤੋਂ ਭਾਰਤ ਅਤੇ ਮੋਦੀ ਕੁਝ ਖਫ਼ਾ ਹਨ ਅਤੇ ਟਰੂਡੋ ਦੇ ਦੌਰੇ ਵਿੱਚ ਇਹੀ ਗੱਲ ਸਾਹਮਣੇ ਆਈ ਹੈ।

ਭਾਵੇਂ ਆਪਣੇ ਵੱਲੋਂ ਟਰੂਡੋ ਅਤੇ ਕੈਨੇਡਾ ਦੋਵਾਂ ਨੇ ਖਾਲਿਸਤਾਨ ਦਾ ਹਮਾਇਤੀ ਹੋਣ ਤੋਂ ਇਨਕਾਰ ਕੀਤਾ ਹੈ।

ਕੈਨੇਡਾ - ਭਾਰਤ ਵਿਚਾਲੇ ਕਾਰੋਬਾਰੀ ਰਿਸ਼ਤਾ

ਕਾਰੋਬਾਰੀ ਸੰਬੰਧਾਂ ਦੀ ਨਜ਼ਰ ਨਾਲ ਵੇਖੀਏ ਤਾਂ ਵੀ ਕੈਨੇਡਾ ਭਾਰਤ ਲਈ ਕਾਫੀ ਅਹਿਮੀਅਤ ਰੱਖਦਾ ਹੈ।

ਅਜਿਹੇ ਵਿੱਚ ਇਹ ਗੱਲ ਪ੍ਰੇਸ਼ਾਨ ਕਰਨ ਵਾਲੀ ਹੈ, ਕੀ ਟਰੂਡੋ ਨਾਲ ਇਸ ਬੇਰੁੱਖੀ ਦਾ ਕਾਰਨ ਸਿਰਫ ਉਨ੍ਹਾਂ ਦਾ ਕਥਿਤ ਖਾਲਿਸਤਾਨ ਲਈ ਹਮਾਇਤੀ ਰੁਖ ਹੈ?

ਅੰਕੜੇ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ। ਸੇਵਾਵਾਂ ਦੀ ਗੱਲ ਕਰੀਏ ਤਾਂ ਫਰਾਂਸ ਦੀ ਤੁਲਨਾ ਵਿੱਚ ਕੈਨੇਡਾ ਦੇ ਨਾਲ ਭਾਰਤ ਦੇ ਕਾਰੋਬਾਰੀ ਰਿਸ਼ਤੇ ਵੱਧ ਮਹੱਤਤਾ ਰੱਖਦੇ ਹਨ।

ਜਸਟਿਨ ਟਰੂਡੋ ਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਫਰਾਂਸ ਦੀ ਤੁਲਨਾ ਵਿੱਚ ਕੈਨੇਡਾ ਨੂੰ ਭਾਰਤ ਜ਼ਿਆਦਾ ਦਰਾਮਦ ਕਰਦਾ ਹੈ।

ਇਸ ਤੋਂ ਇਲਾਵਾ ਸਿੱਧੇ ਵਿਦੇਸ਼ੀ ਨਿਵੇਸ਼ ਦੀ ਜੇ ਗੱਲ ਕਰੀਏ ਤਾਂ ਫਰਾਂਸ ਅਤੇ ਕੈਨੇਡਾ ਵਿਚਾਲੇ ਜ਼ਿਆਦਾ ਫਾਸਲਾ ਨਹੀਂ ਹੈ ਪਰ ਫਿਰ ਵੀ ਕੈਨੇਡਾ ਅੱਗੇ ਖੜ੍ਹਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਸਾਲ 2010 ਵਿੱਚ ਵਪਾਰ 3.21 ਅਰਬ ਡਾਲਰ ਸੀ ਜੋ ਸਾਲ 2016 ਵਿੱਚ ਵਧ ਕੇ 6.05 ਅਰਬ ਡਾਲਰ ਤੱਕ ਪਹੁੰਚ ਗਿਆ।

ਕਈ ਭਾਰਤੀ ਕੰਪਨੀਆਂ ਦਾ ਕੈਨੇਡਾ 'ਚ ਵਪਾਰ

ਭਾਵੇਂ ਕੈਨੇਡਾ ਦੇ ਗਲੋਬਲ ਵਪਾਰ ਵਿੱਚ ਭਾਰਤ ਦੀ ਹਿੱਸੇਦਾਰੀ ਮਹਿਜ਼ 1.95 ਫੀਸਦਾ ਹੈ ਜੋ ਇਹ ਵੀ ਦੱਸਦਾ ਹੈ ਕਿ ਦੋਵੇਂ ਦੇਸਾਂ ਵਿਚਾਲੇ ਦੁਵੱਲੇ ਵਪਾਰ ਦਾ ਪੱਧਰ ਕਿੰਨਾ ਅੱਗੇ ਤੱਕ ਲਿਜਾਣ ਦੀਆਂ ਸੰਭਾਵਨਾਵਾਂ ਹਨ।

ਇਸ ਤੋਂ ਇਲਾਵਾ ਕੈਨੇਡਾ ਵਿੱਚ ਭਾਰਤੀ ਮੂਲ ਦੇ 12 ਲੱਖ ਤੋਂ ਵੱਧ ਲੋਕ ਰਹਿੰਦੇ ਹਨ ਜੋ ਉੱਥੋਂ ਦੀ ਕੁੱਲ ਆਬਾਦੀ ਦਾ 3 ਫੀਸਦ ਹਿੱਸਾ ਹਨ।

ਇਮੈਨਿਊਲ ਮੈਕਰੋਂ ਅਤੇ ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਜਿਨ੍ਹਾਂ ਭਾਰਤੀਆਂ ਕੰਪਨੀਆਂ ਨੇ ਕੈਨੇਡਾ ਵਿੱਚ ਵੱਡੇ ਪੱਧਰ 'ਤੇ ਵਪਾਰ ਫੈਲਾਇਆ ਹੋਇਆ ਹੈ ਉਨ੍ਹਾਂ ਵਿੱਚ ਆਦਿੱਤਯ ਬਿਰਲਾ ਗਰੁੱਪ, ਐੱਸਾਰ, ਟਾਟਾ ਕੰਸਲਟੈਂਸੀ ਸਰਵਿਸ, ਟਾਟਾ ਸਟੀਲ ਮਿਨਰਲਜ਼ ਕੈਨੇਡਾ, ਟੈੱਕ ਮਹਿੰਦਰ, ਵਿਪਰੋ, ਇੰਫੋਸਿਸ, ਜੁਬਿਲੈਂਟ ਲਾਈਫ ਸਾਈਸਿਜ਼, ਐਬੋਲੋਨ ਐਨਰਜੀ, ਇਫਕੋ ਅਤੇ ਗੁਜਰਾਤ ਸਟੇਟ ਫਰਟੀਲਾਈਜ਼ਰਜ਼ ਐਂਡ ਕੈਮੀਕਲ ਸ਼ਾਮਿਲ ਹਨ।

ਇੱਕ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਾਈ ਕਰਦੇ ਹਨ ਅਤੇ ਦੋਵਾਂ ਦੇਸਾਂ ਵਿਚਾਲੇ ਸਿੱਖਿਆ ਇੱਕ ਅਹਿਮ ਖੇਤਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)