ਕਿਹੜਾ ਡ੍ਰੀਮ ਰੋਲ ਸੀ ਜੋ ਸ਼੍ਰੀਦੇਵੀ ਨਾ ਕਰ ਸਕੀ?

Sridevi

ਤਸਵੀਰ ਸਰੋਤ, Jag Gundu/Getty Images

    • ਲੇਖਕ, ਵੰਦਨਾ
    • ਰੋਲ, ਬੀਬੀਸੀ ਪੱਤਰਕਾਰ

"ਜਦੋਂ ਮੈਂ ਹਵਾ ਹਵਾਈ ਗਾਣਾ ਸ਼ੂਟ ਕਰ ਰਿਹਾ ਸੀ ਤਾਂ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਸ਼੍ਰੀਦੇਵੀ ਦਾ ਕਲੋਜ ਅੱਪ ਲਵਾਂ ਜਾਂ ਦੂਰੋਂ ਸ਼ੂਟ ਕਰਾ।"

ਸ਼੍ਰੀਦੇਵੀ ਨਾਲ ਫਿਲਮ 'ਮਿਸਟਰ ਇੰਡੀਆ' 'ਚ ਕੰਮ ਕਰਦੇ ਸਮੇਂ ਆਪਣੀ ਦੁਵਿਧਾ ਨੂੰ ਨਿਰਦੇਸ਼ਕ ਸ਼ੇਖਰ ਕਪੂਰ ਨੇ ਕੁਝ ਇਸ ਤਰ੍ਹਾਂ ਬਿਆਂ ਕੀਤਾ ਸੀ।

ਉਨ੍ਹਾਂ ਕਿਹਾ, "ਸ਼੍ਰੀਦੇਵੀ ਦੇ ਚਿਹਰੇ ਦੇ ਭਾਵ, ਉਨ੍ਹਾਂ ਦੀਆਂ ਅੱਖਾਂ ਇੰਨੀਆਂ ਸੋਹਣੀਆਂ ਸਨ ਕਿ ਲਗਦਾ ਸੀ ਕਿ ਇਨ੍ਹਾਂ ਨੂੰ ਦਿਖਾਉਂਦਾ ਰਹਾਂ, ਜੋ ਕਲੋਜ਼ ਅੱਪ ਵਿੱਚ ਸੰਭਵ ਸੀ ਪਰ ਉਸ ਵਿੱਚ ਉਨ੍ਹਾਂ ਦਾ ਡਾਂਸ ਰਹਿ ਜਾਂਦਾ ਸੀ। ਉਨ੍ਹਾਂ ਦਾ ਡਾਂਸ ਇੰਨਾਂ ਵਧੀਆ ਸੀ ਕਿ ਲਗਦਾ ਸੀ ਕਿ ਕੈਮਰੇ ਵਿੱਚ ਹਰ ਇੱਕ ਅਦਾ ਕੈਦ ਕਰ ਲਵਾਂ।"

ਵੱਖ ਵੱਖ ਫਿਲਮਾਂ 'ਚ ਕੁਝ ਅਜਿਹਾ ਸੀ ਸ਼੍ਰੀਦੇਵੀ ਦਾ ਕ੍ਰਿਸ਼ਮਾ...

'ਸਦਮਾ' ਦੀ ਉਹ ਸ਼੍ਰੀਦੇਵੀ

'ਸਦਮਾ' ਦੀ 20 ਸਾਲ ਦੀ ਕੁੜੀ ਜੋ ਪੁਰਾਣੀ ਜ਼ਿੰਦਗੀ ਭੁੱਲ ਚੁੱਕੀ ਹੈ ਅਤੇ ਉਹ 7 ਸਾਲ ਦੀ ਮਾਸੂਮੀਅਤ ਨਾਲ ਇੱਕ ਛੋਟੀ ਜਿਹੀ ਬੱਚੀ ਵਾਂਗ ਕਮਲ ਹਾਸਨ ਨਾਲ ਉਨ੍ਹਾਂ ਦੇ ਘਰ ਰਹਿਣ ਲਗਦੀ ਹੈ।

ਸ਼੍ਰੀਦੇਵੀ

ਤਸਵੀਰ ਸਰੋਤ, Sadma Movie Poster

ਰੇਲਵੇ ਸਟੇਸ਼ਨ ਦਾ ਉਹ ਸੀਨ ਜਿੱਥੇ ਯਾਦਦਾਸ਼ਤ ਵਾਪਸ ਆਉਣ ਤੋਂ ਬਾਅਦ ਰੇਲਗੱਡੀ ਵਿੱਚ ਬੈਠੀ ਸ਼੍ਰੀਦੇਵੀ ਕਮਲ ਹਾਸਨ ਨੂੰ ਭਿਖਾਰੀ ਸਮਝ ਬੇਰੁਖੀ ਨਾਲ ਅੱਗੇ ਵੱਧ ਜਾਂਦੀ ਹੈ।

ਕਮਲ ਹਾਸਨ ਵੀ ਬੱਚਿਆਂ ਵਾਂਗ ਹਰਕਤਾਂ ਕਰਦੇ ਹੋਏ ਸ਼੍ਰੀਦੇਵੀ ਨੂੰ ਪੁਰਾਣੇ ਦਿਨ ਯਾਦ ਦਿਵਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਰਤਬ ਕਰਦੇ ਹਨ, ਇਹ ਸ਼ਾਇਦ ਹਿੰਦੀ ਫਿਲਮਾਂ ਦੇ ਵਧੀਆ ਦ੍ਰਿਸ਼ਾਂ ਵਿਚੋਂ ਇੱਕ ਹੋਵੇਗਾ।

ਇੱਕ ਅਜਿਹੀ ਅਦਾਕਾਰਾ ਜੋ ਮੋਮ ਵਾਂਗ ਕਿਸੇ ਵੀ ਰੋਲ ਵਿੱਚ ਖੁਭ ਜਾਂਦੀ ਸੀ। 11 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਤੇਲੁਗੂ ਫਿਲਮ ਵਿੱਚ ਇੱਕ ਅਜਿਹੀ ਬੱਚੀ ਦਾ ਰੋਲ ਕੀਤਾ ਜੋ ਦੇਖ ਨਹੀਂ ਸਕਦੀ ਸੀ।

'ਲੰਮਹੇ' ਦੀ ਪੂਜਾ

'ਚਿੱਟੇ ਲਿਬਾਸ ਵਾਲੀ 'ਚਾਂਦਨੀ' ਜੋ ਆਪਣੇ ਮੰਗੇਤਰ ਵੱਲੋਂ ਠੁਕਰਾਏ ਜਾਣ 'ਤੇ ਦੁਖੀ ਹੈ ਪਰ ਕਿਸੇ ਹੋਰ ਨਾਲ ਦੁਬਾਰਾ ਜ਼ਿੰਦਗੀ ਸ਼ੁਰੂ ਕਰਨ ਤੋਂ ਹਿਚਕਿਚਾਉਂਦੀ ਨਹੀਂ ਬੇਸ਼ੱਕ ਉਹ ਕੋਸ਼ਿਸ਼ ਭਾਵੇਂ ਅਸਫਲ ਰਹੀ।

ਜਾਂ ਫੇਰ ਆਪਣੀ ਉਮਰ ਤੋਂ ਦੁਗਣੇ ਵਿਅਕਤੀ ਨਾਲ ਮੁਹੱਬਤ ਕਰਨ ਦੀ ਹਿੰਮਤ ਕਰਨ ਵਾਲੀ ਲੰਮਹੇ' ਦੀ ਪੂਜਾ।

ਸ਼੍ਰੀਦੇਵੀ

ਤਸਵੀਰ ਸਰੋਤ, CHANDNI MOVIE POSTER/YASHRAJ FILMS

ਜਾਂ ਫਿਰ ਇੱਕ ਹੀ ਫਿਲਮ 'ਚ ਨਰਮ ਅਤੇ ਲੜਾਕੂ ਮਿਜ਼ਾਜ ਵਾਲੀਆਂ ਦੋ ਭੈਣਾਂ ਦਾ ਰੋਲ ਹੋਵੇ 'ਚਾਲਬਾਜ਼' ਦੀ ਮੰਜੂ ਅਤੇ ਅੰਜੂ ਦਾ, ਜਾਂ ਫੇਰ ਫਿਲਮ 'ਮੌਮ' 'ਚ ਆਪਣੀ ਬੇਟੀ ਦੇ ਗੈਂਗਰੇਪ ਦਾ ਬਦਲਾ ਲੈਣ ਨਿਕਲੀ ਮਾਂ ਦਾ ਇਹ ਉਹ ਰੂਪ ਜਿਸ ਵਿੱਚ ਉਹ ਪੁੱਛਦੀ ਹੈ ਕਿ ਜੇ ਗਲਤ ਅਤੇ ਬਹੁਤ ਗਲਤ ਵਿਚੋਂ ਕੁਝ ਚੁਣਨਾ ਹੋਵੇਗਾ ਤਾਂ ਕਿਸ ਨੂੰ ਚੁਣੋਗੇ?

ਪੂਰੀ ਜ਼ਿਦਗੀ ਫਿਲਮਾਂ ਦੇ ਨਾਂ

ਇਹ ਪਿਛਲੇ ਸਾਲ ਦੀ ਗੱਲ ਹੈ ਕਿ ਸ਼੍ਰੀਦੇਵੀ ਨੇ ਫਿਲਮਾਂ ਵਿੱਚ 50 ਸਾਲ ਪੂਰੇ ਕੀਤੇ ਸਨ ਅਤੇ 54 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ।

ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਲਗਭਗ ਪੂਰੀ ਜ਼ਿੰਦਗੀ ਫਿਲਮਾਂ 'ਚ ਬਿਤਾ ਦਿੱਤੀ ਹੈ।

ਸ਼੍ਰੀਦੇਵੀ

ਤਸਵੀਰ ਸਰੋਤ, LAMHE FILM POSTER/YASHRAJ FILMS

51 ਸਾਲ ਪਹਿਲਾਂ 4 ਸਾਲ ਦੀ ਇੱਕ ਛੋਟੀ ਜਿਹੀ ਬੱਚੀ ਤਮਿਲ ਫਿਲਮਾਂ ਦੀ ਸਕਰੀਨ ਉੱਤੇ ਨਜ਼ਰ ਆਈ ਸੀ। ਦਰਅਸਲ ਪਰਦੇ 'ਤੇ ਉਨ੍ਹਾਂ ਨੇ ਇੱਕ ਛੋਟੇ ਮੁੰਡੇ ਦਾ ਰੋਲ ਕੀਤਾ ਸੀ। ਨਾਂ ਸੀ ਸ਼੍ਰੀਦੇਵੀ।

ਤਮਿਲ-ਤੇਲੁਗੂ ਵਿੱਚ ਚਾਇਲਡ ਆਰਟਿਸ ਦਾ ਕੰਮ ਕਰਦੇ ਹੋਏ, ਉਹ ਹਿੰਦੀ ਸਿਨੇਮਾ ਤੱਕ ਆ ਪਹੁੰਚੀ, ਜਦੋਂ ਲੋਕਾਂ ਨੇ 1975 'ਚ ਉਨ੍ਹਾਂ ਨੇ ਫਿਲਮ 'ਜੂਲੀ' 'ਚ ਬਾਲ ਕਲਾਕਾਰ ਵਜੋਂ ਦੇਖਿਆ।

ਲੋਕ 'ਥੰਡਰ ਥਾਈਜ਼' ਕਹਿੰਦੇ ਸਨ

ਇਹੀ ਸ਼੍ਰੀਦੇਵੀ ਹਿੰਦੀ ਫਿਲਮਾਂ ਦੀ ਪਹਿਲੀ ਸੁਪਰਸਟਾਰ ਬਣੀ। ਬਤੌਰ ਲੀਡ ਐਕਟਰ ਸਭ ਤੋਂ ਪਹਿਲਾਂ ਰਜਨੀਕਾਂਤ ਨਾਲ 1976 ਵਿੱਚ ਤਮਿਲ ਫਿਲਮ ਵਿੱਚ ਕੰਮ ਕੀਤਾ ਸੀ ਜਿਸ ਵਿੱਚ ਕਮਲ ਹਾਸਨ ਦੀ ਖ਼ਾਸ ਭੂਮਿਕਾ ਸੀ।

ਸ਼੍ਰੀਦੇਵੀ

ਤਸਵੀਰ ਸਰੋਤ, SOLVA SAWAN MOVIE POSTER

1978 ਵਿੱਚ ਭਾਰਤੀਰਾਜਾ ਦੀ ਹਿੰਦੀ ਫਿਲਮ 'ਸੋਲਵਾਂ ਸਾਵਣ' 'ਚ ਸ਼੍ਰੀਦੇਵੀ ਪਰਦੇ 'ਤੇ ਆਈ ਤਾਂ ਸ਼ਾਇਦ ਹੀ ਕਿਸੇ ਦੀ ਨਜ਼ਰ ਫਿਲਮ 'ਤੇ ਪਈ ਹੋਵੇ।

ਸ਼੍ਰੀਦੇਵੀ ਦਾ ਉਸ ਵੇਲੇ ਵਜ਼ਨ 75 ਕਿਲੋ ਸੀ ਅਤੇ ਲੋਕ ਉਨ੍ਹਾਂ ਨੂੰ ਥੰਡਰ-ਥਾਈਜ਼ ਕਹਿੰਦੇ ਸਨ। ਫੇਰ 1983 'ਚ 'ਹਿੰਮਤਵਾਲਾ' ਰਿਲੀਜ਼ ਹੋਈ।

ਵੱਡੀਆਂ-ਵੱਡੀਆਂ ਅੱਖਾਂ ਵਾਲੀ ਸ਼੍ਰੀਦੇਵੀ ਨੇ ਹੌਲੀ-ਹੌਲੀ ਆਪਣੇ ਕੰਮ ਅਤੇ ਅਦਾਕਾਰੀ ਨਾਲ ਸਭ ਦਾ ਮੂੰਹ ਬੰਦ ਕਰ ਦਿੱਤਾ। ਉਸ ਜ਼ਮਾਨੇ ਵਿੱਚ ਲੋਕ ਉਨ੍ਹਾਂ ਨੂੰ 'ਲੇਡੀ ਅਮਿਤਾਭ' ਕਹਿੰਦੇ ਸਨ।

ਸ਼ੁਰੂਆਤੀ ਜੀਵਨ

ਉਨ੍ਹਾਂ ਦੇ ਪਰਿਵਾਰ ਬਾਰੇ ਗੱਲ ਕੀਤੀ ਜਾਵੇ ਤਾਂ ਪਿਤਾ ਕੇ.ਆਈਅੱਪਨ ਇੱਕ ਵਕੀਲ ਸਨ ਅਤੇ ਘਰ ਵਿੱਚ ਭੈਣ ਸ਼ੀਲਤਾ ਅਤੇ ਭਰਾ ਸਤੀਸ਼।

ਸ਼੍ਰੀਦੇਵੀ

ਤਸਵੀਰ ਸਰੋਤ, NAGINA FILM POSTER

ਕਿਸੇ ਜ਼ਮਾਨੇ ਵਿੱਚ ਉਨ੍ਹਾਂ ਦੇ ਪਿਤਾ ਨੇ ਕਾਂਗਰਸ ਦੀ ਟਿਕਟ 'ਤੇ ਸ਼ਿਵਕਾਸੀ ਤੋਂ ਚੋਣਾਂ ਵੀ ਲੜੀਆਂ ਸਨ ਅਤੇ ਸ਼੍ਰੀਦੇਵੀ ਨੇ ਆਪਣੇ ਪਿਤਾ ਦੀ ਚੋਣ ਮੁਹਿੰਮ ਵਿੱਚ ਹਿੱਸਾ ਵੀ ਲਿਆ ਸੀ।

ਸ਼੍ਰੀਦੇਵੀ ਦੀ ਮਾਂ ਨੇ ਸ਼ੁਰੂਆਤੀ ਦੌਰ 'ਚ ਉਨ੍ਹਾਂ ਦੇ ਕੈਰੀਅਰ ਵਿੱਚ ਅਹਿਮ ਭੂਮਿਕਾ ਨਿਭਾਈ।

ਮੁਕੰਮਲ ਅਦਾਕਾਰਾ ਨੂੰ ਬਿਆਂ ਕਰਦੇ ਹੋਏ ਜਿੰਨਾਂ ਲੋਕਾਂ ਦਾ ਨਾਂ ਜ਼ਹਿਨ ਵਿੱਚ ਆਉਂਦਾ ਹੈ, ਉਸ ਵਿੱਚ ਸ਼੍ਰੀਦੇਵੀ ਜ਼ਰੂਰ ਇੱਕ ਹਨ। ਕਾਮੇਡੀ, ਐਕਸ਼ਨ, ਡਾਂਸ, ਡਰਾਮਾ ਹਰ ਚੀਜ਼ 'ਚ ਉਹ ਮਾਹਿਰ ਸੀ।

'ਮਿਸਟਰ ਇੰਡੀਆ' ਦੇ ਇੱਕ ਸੀਨ ਵਿੱਚ ਉਹ ਚਾਰਲੀ ਚੈਂਪਲਿਨ ਵਾਂਗ ਬਣ ਕੇ ਇੱਕ ਹੋਟਲ ਵਿੱਚ ਜਾਂਦੀ ਹੈ। ਉਸ ਸੀਨ ਵਿੱਚ ਕਾਮਿਕ ਟਾਈਮਿੰਗ ਰਾਹੀਂ ਉਨ੍ਹਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ।

ਅੱਵਲ ਡਾਂਸਰ

ਡਾਂਸ ਦੇ ਮਾਮਲੇ ਵਿੱਚ ਉਹ ਅੱਵਲ ਸੀ, ਫਿਰ ਉਹ 'ਹਵਾ ਹਵਾਈ' ਹੋਏ, 'ਮੇਰੇ ਹਾਥੋ ਮੈਂ ਨੌ ਨੌ ਚੂੜੀਆਂ ਹੈਂ' ਜਾਂ 'ਨੈਨੋਂ ਮੇਂ ਸਪਨਾ' ਹੋ ਜਾਂ ਫਿਲਮ 'ਨਗੀਨਾ' ਦਾ ਉਹ ਕਲਾਈਮੈਕਸ ਡਾਂਸ ਜਿਸ ਵਿੱਚ ਉਹ ਨਾਗਿਨ ਬਣੀ ਸੀ।

ਸ਼੍ਰੀਦੇਵੀ

ਤਸਵੀਰ ਸਰੋਤ, CHAALBAAZ MOVIE POSTER

ਇੱਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਫਿਲਮ 'ਨਗੀਨਾ' 'ਚ ਕਲਾਈਮੈਕਸ ਗਾਣਾ ਅਤੇ ਡਾਂਸ ਸ਼ੂਟ ਹੋਣਾ ਸੀ ਅਤੇ ਸੈਟ ਇੱਕ ਦਿਨ ਲਈ ਉਪਲਬਧ ਸੀ।

ਸਵੇਰੇ ਉਨ੍ਹਾਂ ਨੇ ਡਾਂਸ ਸ਼ੂਟ ਕੀਤਾ ਅਤੇ ਨਾਲ ਹੀ ਸੈਟ ਨੂੰ ਤੋੜ ਦਾ ਕੰਮ ਸ਼ੁਰੂ ਹੋ ਗਿਆ।

ਖਾਲੀ ਇੱਕ ਕੰਧ ਬਚੀ ਸੀ ਅਤੇ ਉਨੇ ਦਾਇਰੇ ਵਿੱਚ ਹੀ ਉਨ੍ਹਾਂ ਨੂੰ ਡਾਂਸ ਕਰਨਾ ਸੀ ਪਰ ਗਾਣਾ ਦੇਖਣ ਤੋਂ ਬਾਅਦ ਇਸ ਗੱਲ ਦਾ ਬਿਲਕੁਲ ਅਹਿਸਾਸ ਨਹੀਂ ਹੁੰਦਾ। ਆਪਣੀ ਆਵਾਜ਼ ਲਈ ਸ਼ੁਰੂ ਵਿੱਚ ਉਨ੍ਹਾਂ ਨੇ ਆਲੋਚਨਾ ਵੀ ਝੱਲੀ ਸੀ।

ਜਦੋਂ ਸ਼੍ਰੀਦੇਵੀ ਨੇ ਵਿਆਹ ਦਾ ਫੈਸਲਾ ਲਿਆ

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ 90 ਦੇ ਦਹਾਕੇ ਵਿੱਚ ਉਨ੍ਹਾਂ ਦੇ ਜੀਵਨ ਵਿੱਚ ਉਥਲ-ਪੁਥਲ ਮੱਚੀ। ਜਦੋਂ ਬੋਨੀ ਕਪੂਰ ਨਾਲ ਉਨ੍ਹਾਂ ਦਾ ਵਿਆਹ ਹੋਇਆ, ਜੋ ਪਹਿਲਾਂ ਤੋਂ ਵਿਆਹੇ ਹੋਏ ਸਨ।

ਸ਼੍ਰੀਦੇਵੀ

ਤਸਵੀਰ ਸਰੋਤ, TWITTER @SrideviBKapoor

ਬਤੌਰ ਨਿਰਦੇਸ਼ਕ ਬੋਨੀ ਕਪੂਰ ਨਾਲ ਸ਼੍ਰੀਦੇਵੀ ਕਈ ਫਿਲਮਾਂ ਕਰ ਚੁੱਕੇ ਸਨ ਅਤੇ 1997 ਵਿੱਚ 'ਜੁਦਾਈ' ਦੇ ਬਾਅਦ ਉਨ੍ਹਾਂ ਨੇ ਲੰਬਾ ਬ੍ਰੈਕ ਲਿਆ।

ਸਾਲ 2012 ਵਿੱਚ ਜਦੋਂ ਉਹ 'ਇੰਗਲਿਸ਼-ਵਿੰਗਲਿਸ਼' ਹਿੰਦੀ ਫਿਲਮ ਨਾਲ ਵਾਪਸ ਆਏ ਤਾਂ ਲੱਗਾ ਹੀ ਨਹੀਂ ਕਿ ਇਹ ਕਦੀ ਪਰਦੇ ਤੋਂ ਗਏ ਸੀ।

"ਮਰਦ ਖਾਣਾ ਬਣਾਵੇ ਤਾਂ ਕਲਾ, ਔਰਤ ਬਣਾਵੇ ਤਾਂ ਉਸ ਦਾ ਫਰਜ਼"-ਫਿਲਮ ਵਿੱਚ ਜਦੋਂ ਉਹ ਇਹ ਡਾਇਲਾਗ ਬੋਲਦੇ ਹਨ ਤਾਂ ਸ਼ਸ਼ੀ ਦੇ ਰੋਲ ਵਿੱਚ ਇੱਕ ਘਰੇਲੂ ਔਰਤ ਦੀਆਂ ਦੱਬੀਆਂ ਇੱਛਾਵਾਂ ਤੇ ਉਸ ਨੂੰ ਅਣਗੋਲਿਆ ਕੀਤੇ ਜਾਣ ਨੂੰ ਬਿਆਨ ਕਰ ਜਾਂਦੀ ਹੈ।

ਪਿਛਲੇ ਸਾਲ 2017 'ਚ ਆਈ 'ਮੌਮ' ਉਨ੍ਹਾਂ ਦੀ ਆਖ਼ਰੀ ਫਿਲਮ ਰਹੀ। ਆਪਣੀਆਂ ਦੋਵੇਂ ਕੁੜੀਆਂ ਨਾਲ ਕਿਸੇ ਵੀ ਮਾਂ ਵਾਂਗ ਸ਼੍ਰੀਦੇਵੀ ਦਾ ਬੇਹੱਦ ਲਗਾਅ ਸੀ।

ਸ਼੍ਰੀਦੇਵੀ

ਤਸਵੀਰ ਸਰੋਤ, MOM MOVIE POSTER

ਸੋਸ਼ਲ ਮੀਡੀਆ 'ਤੇ ਉਹ ਅਕਸਰ ਦੋਵੇਂ ਕੁੜੀਆਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਸਨ।

ਡ੍ਰੀਮ ਰੋਲ ਸੀ

ਉਨ੍ਹਾਂ ਦਾ ਕੁੜੀ ਜਾਹਨਵੀ ਦੀ ਪਹਿਲੀ ਫਿਲਮ 'ਧੜਕ' 5 ਮਹੀਨੇ ਬਾਅਦ 20 ਜੁਲਾਈ 2018 ਨੂੰ ਰਿਲੀਜ਼ ਹੋਣ ਵਾਲੀ ਹੈ।

ਅਕਸਰ ਜਦੋਂ ਵੀ ਸ਼੍ਰੀਦੇਵੀ ਦੇ ਟਵਿੱਟਰ ਪੇਜ਼ 'ਤੇ ਜਾਉ ਤਾਂ ਉਨ੍ਹਾਂ ਦੀ ਬੇਟੀ ਦੀ ਪਹਿਲੀ ਫਿਲਮ ਦਾ ਪੋਸਟਰ ਸਭ ਤੋਂ ਉਪਰ ਮਿਲਦਾ, ਜਿਸ ਨੂੰ ਉਨ੍ਹਾਂ ਨੇ ਪਿੰਨ ਟੂ ਟੋਪ ਕਰਕੇ ਰੱਖਿਆ ਸੀ।

ਉਹ ਅਕਸਰ ਕਹਿੰਦੀ ਹੁੰਦੀ ਸੀ 'ਮਦਰ ਇੰਡੀਆ' ਉਨ੍ਹਾਂ ਦਾ ਡ੍ਰੀਮ ਰੋਲ ਸੀ। 'ਮੌਮ' ਉਨ੍ਹਾਂ ਦੇ ਕੈਰੀਅਰ ਦੀ ਆਖ਼ਰੀ ਅਤੇ 300ਵੀਂ ਫਿਲਮ ਸੀ।

ਸ਼੍ਰੀਦੇਵੀ

ਤਸਵੀਰ ਸਰੋਤ, Mr. India Film Poster

ਪਿਛਲੇ ਸਾਲ ਦਾ ਇੱਕ ਇੰਤਰਵਿਊ ਯਾਦ ਹੈ ਜਦੋਂ ਪਤੀ ਬੋਨੀ ਕਪੂਰ ਨੇ ਬੜੇ ਮਾਣ ਨਾਲ ਕਿਹਾ ਸੀ, "ਸ਼੍ਰੀਦੇਵੀ ਨੇ ਅਦਾਕਾਰੀ ਵਿੱਚ 50 ਸਾਲ ਪੂਰੇ ਕਰ ਲਏ ਹਨ, ਉਨ੍ਹਾਂ ਦਾ 300ਵੀਂ ਫਿਲਮ ਆ ਰਹੀ ਹੈ। ਤੁਸੀਂ ਜਾਣਦੇ ਹੋ ਅਜਿਹੇ ਕਿਸੇ ਹੋਰ ਅਦਾਕਾਰ ਨੂੰ। ਅਜਿਹੇ ਅਦਾਕਾਰ ਹੋਰ ਵੀ ਹੋਣਗੇ ਸ਼ਾਇਦ।"

ਪਰ 'ਚਾਂਦਨੀ' ਜਿਹੀ ਰੌਸ਼ਨੀ ਖਿਲਾਰਨ ਵਾਲੀ, ਵੱਡੀਆਂ-ਵੱਡੀਆਂ ਅੱਖਾਂ ਵਾਲੀ ਸ਼੍ਰੀਦੇਵੀ ਇਕਦਮ ਵੱਖਰੀ ਸੀ। ਜਿਸ ਦੀਆਂ ਫਿਲਮਾਂ ਹਮੇਸ਼ਾ ਮੂੰਹ 'ਤੇ ਮੁਸਕਰਾਹਟ ਛੱਡ ਜਾਂਦੀ ਸੀ।

ਫਿਲਮਫੇਅਰ ਐਵਾਰਡ

ਫਿਲਮ 'ਚਾਲਬਾਜ਼' ਦੇ ਇੱਕ ਸੀਨ ਵਿੱਚ ਰਜਨੀਕਾਂਤ ਸ਼੍ਰੀਦੇਵੀ ਕੋਲੋਂ ਤੰਗ ਆ ਕੇ ਉਨ੍ਹਾਂ ਨੂੰ ਤਾਨੇ ਮਾਰਦੇ ਹਨ-'ਇਹ ਰੋਜ਼ ਰੋਜ਼ ਨਾਚ ਗਾਣਾ ਤੇਰੇ ਵਸ ਦਾ ਨਹੀਂ।'

ਵੀਡੀਓ ਕੈਪਸ਼ਨ, ਇੱਕ ਮਿੰਟ 'ਚ ਜਾਣੋ ਸ਼੍ਰੀਦੇਵੀ ਦੀ ਜ਼ਿੰਦਗੀ ਦਾ ਸਫ਼ਰ

ਅਤੇ ਸ਼੍ਰੀਦੇਵੀ ਚੈਲੰਜ ਕਰਦਿਆਂ ਕਹਿੰਦੀ ਹੈ-'ਤੈਨੂੰ ਤਾਂ ਆਲ ਇੰਡੀਆ ਸਟਾਰ ਬਣ ਕੇ ਦਿਖਾਵਾਂਗੀ।' ਜ਼ਿੰਦਗੀ ਵਿੱਚ ਉਨ੍ਹਾਂ ਨੇ ਅਜਿਹਾ ਹੀ ਕਰ ਦਿਖਾਇਆ।

ਸ਼੍ਰੀਦੇਵੀ ਉਨ੍ਹਾਂ ਕੁਝ ਅਦਾਕਾਰ ਵਿੱਚੋਂ ਸੀ, ਜਿਨ੍ਹਾਂ ਨੂੰ ਹਿੰਦੀ, ਤਮਿਲ, ਤੇਲੁਗੂ ਫਿਲਮਾਂ ਲਈ ਫਿਲਮੇਅਰ ਐਵਾਰਡ ਮਿਲਿਆ।

ਇੱਥੋਂ ਤੱਕ ਕਿ ਕੇਰਲ ਫਿਲਮ ਇੰਡਸਟ੍ਰੀ 'ਚ ਵੀ ਉਨ੍ਹਾਂ ਨੂੰ 1970 'ਚ ਬਤੌਰ ਬਾਲ ਕਲਾਕਾਰ ਸਨਮਾਨਿਤ ਕੀਤਾ ਗਿਆ ਸੀ।

(ਹਿੰਦੀ ਹੀ ਨਹੀਂ ਉਨ੍ਹਾਂ ਨੇ ਤੇਲੁਗੂ, ਤਮਿਲ, ਕੰਨੜ ਅਤੇ ਮਲਿਆਲਮ ਫਿਲਮਾਂ 'ਚ ਵੀ ਬਹੁਤ ਕੰਮ ਕੀਤਾ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)