ਵੈਲੇਨਟਾਈਨ ਵਿਸ਼ੇਸ਼: 'ਮੇਰੀ ਪਤਨੀ ਹੀ ਮੇਰਾ ਪਹੀਆ ਹੈ'

ਤਸਵੀਰ ਸਰੋਤ, ASHRAF REZA
- ਲੇਖਕ, ਮੀਨਾ ਕੋਟਵਾਲ ਤੇ ਗੁਰਪ੍ਰੀਤ ਕੌਰ
- ਰੋਲ, ਪੱਤਰਕਾਰ, ਬੀਬੀਸੀ
"ਮੈਂ ਕਦੇ ਕੁਰਸੀ ਦਾ ਇਸਤੇਮਾਲ ਨਹੀਂ ਕਰਦਾ, ਮੇਰੀ ਪਤਨੀ ਹੀ ਮੇਰਾ ਪਹੀਆ ਹੈ।"
30 ਸਾਲ ਦੇ ਅਸ਼ਰਫ਼ ਰਜ਼ਾ ਅਤੇ 25 ਸਾਲ ਦੀ ਪਿੰਕੀ ਅੱਜ ਆਪਣਾ ਪੰਜਵਾਂ ਵੈਲੇਨਟਾਈਨ ਡੇਅ ਮਨਾ ਰਹੇ ਹਨ। ਉਨ੍ਹਾਂ ਦੇ ਵਿਆਹ ਨੂੰ ਸਾਢੇ ਤਿੰਨ ਸਾਲ ਹੋ ਗਏ ਹਨ।
ਅਸ਼ਰਫ਼ ਅਤੇ ਪਿੰਕੀ ਦੀ ਕਹਾਣੀ ਕੋਈ ਆਮ ਪ੍ਰੇਮ ਕਹਾਣੀ ਨਹੀਂ ਹੈ। ਅਸ਼ਰਫ਼ ਅਪਾਹਿਜ ਹਨ ਅਤੇ ਆਪਣੇ ਪੈਰਾਂ 'ਤੇ ਚੱਲ ਨਹੀਂ ਸਕਦਾ ਜਦਕਿ ਪਿੰਕੀ ਇੱਕ ਆਮ ਨੌਕਰੀਪੇਸ਼ਾ ਕੁੜੀ ਹੈ।
ਦੋਹਾਂ ਦਾ ਧਰਮ ਵੀ ਵੱਖੋ-ਵੱਖਰਾ ਹੈ। ਅਸ਼ਰਫ਼ ਮੁਸਲਮਾਨ ਅਤੇ ਪਿੰਕੀ ਹਿੰਦੂ ਧਰਮ ਨਾਲ ਸਬੰਧਤ ਹੈ ਪਰ ਦੋਹਾਂ ਵਿਚਾਲੇ ਸਰੀਰਕ ਅਤੇ ਧਾਰਮਿਕ ਫ਼ਰਕ ਕਦੇ ਨਹੀਂ ਆਉਂਦਾ। ਦੋਵੇਂ ਇੱਕ-ਦੂਜੇ ਦਾ ਪੂਰਾ ਖਿਆਲ ਰੱਖਦੇ ਹਨ।
ਪਿੰਕੀ ਕਹਿੰਦੀ ਹੈ, "ਅਸ਼ਰਫ਼ ਵਿੱਚ ਸੋਚ ਅਤੇ ਆਤਮ-ਵਿਸ਼ਵਾਸ ਕਿਸੇ ਆਮ ਮੁੰਡੇ ਤੋਂ ਵੀ ਵੱਧ ਹੈ। ਉਹ ਮੇਰਾ ਸਪੋਰਟ ਸਿਸਟਮ ਹੈ। ਮੈਂ ਕਈ ਵਾਰੀ ਕਮਜ਼ੋਰ ਹੋ ਜਾਂਦੀ ਹਾਂ ਪਰ ਉਹ ਮੇਰੀ ਆਤਮ ਸ਼ਕਤੀ ਵਧਾਉਂਦੇ ਹਨ।"
ਪੀਐੱਚ.ਡੀ ਕਰ ਰਹੇ ਅਸ਼ਰਫ਼ ਦਾ ਕਹਿਣਾ ਹੈ, "ਮੈਂ ਭਾਵੇਂ ਸਰੀਰਕ ਤੌਰ 'ਤੇ ਅਸਮਰਥ ਹਾਂ ਪਰ ਦਿਮਾਗੀ ਤੌਰ 'ਤੇ ਸਿਹਤਮੰਦ ਹਾਂ।"

ਦਿੱਲੀ ਵਿੱਚ 10X10 ਫੁੱਟ ਦੇ ਘਰ ਵਿੱਚ ਕੋਈ ਧਾਰਮਿਕ ਪ੍ਰਤੀਕ ਨਜ਼ਰ ਨਹੀਂ ਆਉਂਦਾ। ਉਨ੍ਹਾਂ ਦਾ ਮੰਨਣਾ ਹੈ ਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈ।
ਪਿੰਕੀ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਸਾਡੇ ਦੋਹਾਂ ਵਿਚਾਲੇ ਕਦੇ ਹਿੰਦੂ-ਮੁਸਲਮਾਨ ਧਰਮ ਦੀ ਗੱਲ ਨਹੀਂ ਆਉਂਦੀ। ਇਨ੍ਹਾਂ ਨੂੰ ਜੋ ਸਹੀ ਲਗਦਾ ਹੈ ਉਹ ਕਰਦੇ ਹਨ।
ਮੈਨੂੰ ਜੋ ਸਹੀ ਲੱਗਦਾ ਹੈ ਉਹ ਮੈਂ ਕਰਦੀ ਹਾਂ। ਕੋਈ ਕਿਸੇ 'ਤੇ ਧਰਮ ਦੇ ਨਾਂ 'ਤੇ ਦਬਾਅ ਨਹੀਂ ਪਾਉਂਦਾ। ਅਸੀਂ ਇੱਕ-ਦੂਜੇ ਦੇ ਤਿਉਹਾਰ ਮਿਲ ਕੇ ਮਨਾਉਂਦੇ ਹਾਂ।
ਮੈਂ ਇਨ੍ਹਾਂ ਦੇ ਰੋਜ਼ੇ ਰੱਖਦੀ ਹਾਂ ਅਤੇ ਇਹ ਮੇਰੇ ਤਿਉਹਾਰ ਚੰਗੇ ਤਰੀਕੇ ਨਾਲ ਮਨਾਉਂਦੇ ਹਨ।"
ਬਚਪਨ ਦੇ ਦੋਸਤ
ਅਸ਼ਰਫ਼ ਅਤੇ ਪਿੰਕੀ ਦਾ ਰਿਸ਼ਤਾ ਭਾਵੇਂ ਪੰਜ ਸਾਲ ਦਾ ਹੈ ਪਰ ਦੋਹਾਂ ਦੀ ਦੋਸਤੀ ਬਚਪਨ ਤੋਂ ਸੀ।

ਤਸਵੀਰ ਸਰੋਤ, ASHRAF REZA
ਦੋਵੇਂ ਬਚਪਨ ਤੋਂ ਚੰਗੇ ਦੋਸਤ ਸਨ।
ਪਿੰਕੀ ਦੱਸਦੀ ਹੈ, "ਇੱਕ ਦਿਨ ਇਨ੍ਹਾਂ ਨੇ ਆਪਣਾ ਫੋਨ ਨੰਬਰ ਦਿੱਤਾ ਅਤੇ ਹੱਸਦੇ ਹੋਏ ਕਿਹਾ ਕਿ ਮੇਰਾ ਨੰਬਰ ਰੱਖ ਲਓ, ਇੱਕ ਦਿਨ ਜਦੋਂ ਮੈਂ ਬਹੁਤ ਵੱਡਾ ਆਦਮੀ ਬਣ ਜਾਊਂਗਾ ਅਤੇ ਉਦੋਂ ਤੈਨੂੰ ਮੇਰਾ ਨੰਬਰ ਲੈਣ ਲਈ ਲਾਈਨ ਵਿੱਚ ਨਹੀਂ ਲਗਣਾ ਪਏਗਾ।"
ਕੁਝ ਸਾਲਾਂ ਬਾਅਦ ਫਿਰ ਦੋਹਾਂ ਵਿਚਾਲੇ ਹਰ ਰੋਜ਼ ਗੱਲਬਾਤ ਹੋਣ ਲੱਗੀ ਅਤੇ ਦੋਵੇਂ ਇੱਕ ਦੂਜੇ ਨਾਲ ਆਪਣੀਆਂ ਸਾਰੀਆਂ ਗੱਲਾਂ ਸਾਂਝੀਆਂ ਕਰਨ ਲੱਗੇ। ਇਹ ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ ਦੋਹਾਂ ਨੂੰ ਪਤਾ ਹੀ ਨਹੀਂ ਲਗਦਾ।
ਅਸ਼ਰਫ਼ ਕਹਿੰਦੇ ਹਨ, "ਮੈਨੂੰ ਪਿੰਕੀ ਦੀ ਸੋਚ ਚੰਗੀ ਲਗਦੀ ਸੀ। ਉਸ ਦਾ ਵੀ ਮੇਰੀ ਤਰ੍ਹਾਂ ਧਰਮ ਪ੍ਰਤੀ ਜ਼ਿਆਦਾ ਝੁਕਾਅ ਨਹੀਂ ਸੀ। ਮੈਨੂੰ ਲੱਗਿਆ ਕਿ ਸਾਡੀ ਦੋਵਾਂ ਦੀ ਸੋਚ ਮਿਲਦੀ ਹੈ ਇਸ ਲਈ ਅਸੀਂ ਭਵਿੱਖ ਇਕੱਠੇ ਬਿਤਾ ਸਕਦੇ ਹਾਂ।"
ਸਕੂਟੀ 'ਤੇ ਪਿਆਰ ਦਾ ਸਫ਼ਰ
ਸ਼ੁਰੂ ਵਿੱਚ ਪਿੰਕੀ ਦੇ ਸਾਹਮਣੇ ਕੁਝ ਮੁਸ਼ਕਿਲਾਂ ਸਨ। ਉਨ੍ਹਾਂ ਨੂੰ ਲਗਦਾ ਸੀ ਕਿ ਜਦੋਂ ਉਹ ਇਕੱਠੇ ਚੱਲਦੇ ਸਨ ਤਾਂ ਲੋਕ ਉਨ੍ਹਾਂ ਨੂੰ ਅਜੀਬ ਤਰੀਕੇ ਨਾਲ ਦੇਖਦੇ ਹਨ।

ਉਹ ਕਹਿੰਦੀ ਹੈ, "ਮੈਨੂੰ ਨਾਲ ਚੱਲਣ ਵਿੱਚ ਅਜੀਬ ਲੱਗਦਾ ਸੀ। ਜਦੋਂ ਇਕੱਠੇ ਚੱਲਦੇ ਸੀ ਤਾਂ ਲੋਕ ਸਾਨੂੰ ਦੇਖਦੇ ਸਨ। ਉਦੋਂ ਮੈਂ ਇਨ੍ਹਾਂ ਨੂੰ ਸਕੂਟੀ ਲੈਣ ਲਈ ਕਿਹਾ। ਇਨ੍ਹਾਂ ਦੇ ਸਕੂਟੀ ਲੈਣ ਤੋਂ ਬਾਅਦ ਅਸੀਂ ਆਸਾਨੀ ਨਾਲ ਮਿਲ ਸਕਦੇ ਸੀ।"
''ਜੇ ਕੋਈ ਸਾਨੂੰ ਅਜੀਬ ਤਰ੍ਹਾਂ ਨਾਲ ਦੇਖਦਾ ਸੀ ਤਾਂ ਅਸੀਂ ਦੂਰ ਚਲੇ ਜਾਂਦੇ ਸੀ। ਸਕੂਟੀ ਦਾ ਇੱਕ ਹੋਰ ਫਾਇਦਾ ਹੁੰਦਾ ਸੀ ਕਿ ਮੈਂ ਗੱਲ ਕਰਦੇ ਹੋਏ ਖੜ੍ਹੀ ਰਹਿੰਦੀ ਸੀ ਅਤੇ ਉਹ ਸਕੂਟੀ 'ਤੇ ਬੈਠ ਕੇ ਆਰਾਮ ਨਾਲ ਗੱਲ ਕਰ ਸਕਦੇ ਸੀ। ਅਸੀਂ ਮਿਲਣ ਲੱਗੇ ਅਤੇ ਸਾਰੇ ਡਰ ਖ਼ਤਮ ਹੁੰਦੇ ਗਏ।"
ਜਦੋਂ ਘਰ ਵਾਲਿਆਂ ਨੂੰ ਪਤਾ ਲੱਗਿਆ
ਪਿੰਕੀ ਦੇ ਘਰ ਵਾਲਿਆਂ ਨੇ ਉਨ੍ਹਾਂ ਦੇ ਵਿਆਹ ਲਈ ਮੁੰਡਾ ਦੇਖਣਾ ਸ਼ੁਰੂ ਕਰ ਦਿੱਤਾ ਸੀ ਪਰ ਪਿੰਕੀ ਫੈਸਲਾ ਕਰ ਚੁੱਕੀ ਸੀ ਕਿ ਜੇ ਵਿਆਹ ਕਰੇਗੀ ਤਾਂ ਸਿਰਫ਼ ਅਸ਼ਰਫ਼ ਨਾਲ ਹੀ ਨਹੀਂ ਤਾਂ ਨਹੀਂ ਕਰੇਗੀ।
ਇਸ ਤੋਂ ਬਾਅਦ ਦੋਹਾਂ ਨੇ ਕੋਰਟ ਮੈਰਿਜ ਕਰ ਲਈ।

ਪਿੰਕੀ ਕਹਿੰਦੀ ਹੈ, "ਵਿਆਹ ਦੇ ਦੋ-ਤਿੰਨ ਮਹੀਨਿਆਂ ਬਾਅਦ ਪਰਿਵਾਰ ਵਾਲੇ ਮੰਨ ਗਏ। ਹੁਣ ਰਿਸ਼ਤੇ ਠੀਕ ਹਨ ਅਤੇ ਦੋਹਾਂ ਦੇ ਹੀ ਘਰ ਵਾਲੇ ਇੱਕ-ਦੂਜੇ ਦੇ ਘਰ ਆਉਂਦੇ-ਜਾਂਦੇ ਰਹਿੰਦੇ ਹਨ।"
ਇੰਨੇ ਵਿੱਚ ਹੀ ਅਸ਼ਰਫ਼ ਕਹਿੰਦੇ ਹਨ ਕਿ ਅਸੀਂ ਦਿੱਲੀ ਵਿੱਚ ਰਹਿੰਦੇ ਹਾਂ ਇਸ ਲਈ ਇੱਥੇ ਵਿਆਹ ਕਰਨਾ ਸੌਖਾ ਸੀ। ਇਸ ਤਰ੍ਹਾਂ ਦੇ ਵਿਆਹ ਪਿੰਡਾਂ ਵਿੱਚ ਸ਼ਾਇਦ ਮਨਜ਼ੂਰ ਨਹੀਂ ਕੀਤੇ ਜਾਂਦੇ।
ਧਰਮ ਤੋਂ ਵੱਡੀ ਹੈ ਇਨਸਾਨੀਅਤ
ਅਸ਼ਰਫ਼ ਅਤੇ ਪਿੰਕੀ ਇਨਸਾਨੀਅਤ ਨੂੰ ਸਭ ਤੋਂ ਵੱਡਾ ਧਰਮ ਮੰਨਦੇ ਹਨ।
ਅਸ਼ਰਫ਼ ਕਹਿੰਦੇ ਹਨ, "ਜਿੱਥੇ ਪਿਆਰ ਹੈ, ਉੱਥੇ ਰਾਹ ਹੈ। ਉਹੀ ਇਬਾਦਤ ਵੀ ਹੈ। ਧਰਮ, ਮਜ਼ਬ, ਜਾਤੀ ਜਾਂ 'ਆਨਰ' ਦੇ ਨਾਮ 'ਤੇ ਕੁਝ ਵੀ ਕਰਨਾ ਗਲਤ ਹੈ।"
ਇੰਨੇ ਵਿੱਚ ਪਿੰਕੀ ਕਹਿੰਦੀ ਹੈ ਕਿ ਧਰਮ ਦੇ ਨਾਮ 'ਤੇ ਸਿਰਫ਼ ਬਹਿਸ, ਲੜਾਈ ਜਾਂ ਮਾਹੌਲ ਖਰਾਬ ਕੀਤਾ ਜਾ ਸਕਦਾ ਹੈ। ਜੇ ਤੁਹਾਡੇ ਵਿੱਚ ਇਨਸਾਨੀਅਤ ਹੈ ਤਾਂ ਤੁਸੀਂ ਚੰਗੇ ਗੁਆਂਢੀ, ਚੰਗੇ ਦੋਸਤ, ਬਹੁਤ ਚੰਗੇ ਪਤੀ-ਪਤਨੀ ਜਾਂ ਕੋਈ ਵੀ ਚੰਗਾ ਰਿਸ਼ਤਾ ਬਣਾ ਸਕਦੇ ਹੋ।
ਦੋਵੇਂ ਆਪਣੇ ਖੁਸ਼ਹਾਲ ਜੀਵਨ ਦੀ ਵਜ੍ਹਾ ਆਪਸੀ ਤਾਲਮੇਲ ਦੱਸਦੇ ਹਨ। ਉਹ ਕਹਿੰਦੇ ਹਨ, "ਸਾਡੇ ਲਈ ਪਿਆਰ ਦਾ ਮਤਲਬ 'ਆਪਸੀ ਸਮਝ' ਅਤੇ ਧਰਮ ਦਾ ਮਤਲਬ 'ਇਨਸਾਨੀਅਤ' ਹੈ।"












