''ਖੁਸ਼ੀ ਤਾਂ ਬਹੁਤ ਹੈ ਪਰ ਸਮਝ ਨਹੀਂ ਆ ਰਿਹਾ ਜ਼ਾਹਿਰ ਕਿਵੇਂ ਕਰਾਂ?''

ਤਸਵੀਰ ਸਰੋਤ, InSTAGRAM
- ਲੇਖਕ, ਇੰਦੂ ਪਾਂਡੇ ਤੇ ਤਾਹਿਰਾ ਭਸੀਨ
- ਰੋਲ, ਬੀਬੀਸੀ ਪੱਤਰਕਾਰ
ਇੱਕ ਗਾਣੇ ਰਾਹੀਂ ਇੰਟਰਨੈੱਟ ਸਨਸਨੀ ਬਣੀ ਮਲਿਆਲੀ ਅਦਾਕਾਰਾ ਪ੍ਰੀਆ ਪ੍ਰਕਾਸ਼ ਵਾਰੀਅਰ ਸੱਤਵੇਂ ਆਸਮਾਨ 'ਤੇ ਹੈ। ਪ੍ਰੀਆ ਦਾ ਇੱਕ ਵੀਡੀਓ ਮੰਗਲਵਾਰ ਨੂੰ ਵਾਇਰਲ ਹੋ ਗਿਆ ਸੀ।
ਵੀਡੀਓ ਵਿੱਚ ਪ੍ਰੀਆ ਅਤੇ ਇੱਕ ਮੁੰਡੇ ਦਾ ਸਕੂਲ ਦੇ ਦਿਨਾਂ ਦਾ ਪਿਆਰ ਵਿਖਾਇਆ ਗਿਆ ਹੈ। ਦਰਅਸਲ ਇਹ ਵੀਡੀਓ ਮਲਿਆਲੀ ਫਿਲਮ 'ਓਰੂ ਅਦਾਰ ਲਵ' ਦੇ ਇੱਕ ਗਾਣੇ ਦੀ ਹੈ।
ਬੀਬੀਸੀ ਨਿਊਜ਼ ਪੰਜਾਬੀ ਨੇ ਇਸ ਬਾਰੇ ਅਦਾਕਾਰ ਪ੍ਰੀਆ ਅਤੇ ਰੌਸ਼ਨ ਨਾਲ ਗੱਲ ਕੀਤੀ।
ਵਾਇਰਲ ਵੀਡੀਓ ਬਾਰੇ ਪ੍ਰੀਆ ਨੇ ਕਿਹਾ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਵੀਡੀਓ ਇੰਨਾ ਪਸੰਦ ਕੀਤਾ ਜਾਏਗਾ।

ਤਸਵੀਰ ਸਰੋਤ, Muzik247/video grab
ਉਸ ਨੇ ਕਿਹਾ, ''ਮੈਨੂੰ ਸਿਰਫ ਇੰਨਾ ਕਿਹਾ ਗਿਆ ਸੀ ਕਿ ਕੁਝ ਵੀ ਕਿਊਟ ਜਿਹਾ ਕਰਨਾ ਹੈ। ਇਸ ਦੇ ਲਈ ਕੋਈ ਵੀ ਰਿਹਰਸਲ ਨਹੀਂ ਕੀਤੀ ਗਈ ਅਤੇ ਇੱਕ ਟੇਕ ਵਿੱਚ ਹੀ ਇਹ ਸ਼ੌਟ ਹੋ ਗਿਆ ਸੀ।''
ਉਨ੍ਹਾਂ ਅੱਗੇ ਕਿਹਾ, ''ਮੈਨੂੰ ਸਭ ਕਹਿ ਰਹੇ ਸੀ ਕਿ ਬਹੁਤ ਚੰਗਾ ਸ਼ੌਟ ਦਿੱਤਾ ਹੈ ਪਰ ਇਸ ਨੂੰ ਇਸ ਹੱਦ ਤਕ ਪਸੰਦ ਕੀਤਾ ਜਾਏਗਾ, ਇਹ ਨਹੀਂ ਪਤਾ ਸੀ।''
18 ਸਾਲ ਦੀ ਪ੍ਰੀਆ ਕੇਰਲਾ ਵਿੱਚ ਬੀਕਾਮ ਦੀ ਪੜਾਈ ਕਰ ਰਹੀ ਹੈ ਅਤੇ ਇਹ ਉਸਦੀ ਪਹਿਲੀ ਫਿਲਮ ਹੈ।
ਉਨ੍ਹਾਂ ਦੱਸਿਆ, ''ਮੈਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਹੈ। ਇਸ ਫਿਲਮ ਲਈ ਮੈਂ ਆਡੀਸ਼ਨ ਦਿੱਤਾ ਅਤੇ ਮੇਰੀ ਚੋਣ ਹੋ ਗਈ।''
'ਟ੍ਰੋਲਜ਼ ਨੂੰ ਵੇਖ ਕੇ ਮਜ਼ਾ ਆਇਆ'
ਪ੍ਰੀਆ ਦੇ ਇਸ ਵੀਡੀਓ ਨੂੰ ਕਈ ਹੋਰ ਸ਼ਖਸੀਅਤਾਂ ਨਾਲ ਜੋੜ ਕੇ ਟ੍ਰੋਲ ਵੀ ਕੀਤਾ ਗਿਆ। ਇਸ 'ਤੇ ਪ੍ਰੀਆ ਨੇ ਕਿਹਾ, ''ਮੈਂ ਬਹੁਤ ਖੁਸ਼ ਹਾਂ ਪਰ ਸਮਝ ਨਹੀਂ ਆ ਰਿਹਾ ਕਿ ਖੁਸ਼ੀ ਜ਼ਾਹਿਰ ਕਿਵੇਂ ਕਰਾਂ। ਟ੍ਰੋਲਜ਼ ਵੇਖ ਕੇ ਮਜ਼ਾ ਆ ਰਿਹਾ ਹੈ।''
ਪ੍ਰੀਆ ਹੁਣ ਅਦਾਕਾਰੀ ਵੱਲ ਜਾਣਾ ਚਾਹੁੰਦੀ ਹੈ ਪਰ ਨਾਲ-ਨਾਲ ਪੜ੍ਹਾਈ ਵੀ ਜਾਰੀ ਰੱਖੇਗੀ।
ਉਨ੍ਹਾਂ ਕਿਹਾ, ''ਮੈਨੂੰ ਵੀਡੀਓ ਲਈ ਪੂਰੇ ਦੇਸ਼ ਤੋਂ ਪਿਆਰ ਮਿਲ ਰਿਹਾ ਹੈ। ਉਮੀਦ ਕਰਦੀ ਹਾਂ ਕਿ ਇਸ ਤੋਂ ਬਾਅਦ ਮੈਨੂੰ ਬਾਲੀਵੁੱਡ ਤੋਂ ਵੀ ਆਫਰ ਆਉਣਗੇ ਪਰ ਪੜ੍ਹਾਈ ਨੂੰ ਪੂਰੀ ਤਰ੍ਹਾਂ ਛੱਡਣਾ ਨਹੀਂ ਚਾਹੁੰਦੀ ਹਾਂ।''

ਤਸਵੀਰ ਸਰੋਤ, Muzik247/video grab
ਪ੍ਰੀਆ ਨੇ ਚਿਹਰੇ ਦੇ ਹਾਵ-ਭਾਵ ਦਾ ਸਾਰਾ ਸਿਹਰਾ ਆਪਣੇ ਨਿਰਦੇਸ਼ਕ ਅਤੇ ਸਹਿ ਕਲਾਕਾਰ ਦੇ ਸਿਰ ਬੰਨ੍ਹਿਆ। ਅਦਾਕਾਰ ਰੌਸ਼ਨ ਅਬਦੁੱਲ ਦਾ ਵੀ ਇਹੀ ਮੰਨਣਾ ਹੈ।
ਉਨ੍ਹਾਂ ਕਿਹਾ, ''ਮੈਂ ਪਹਿਲੀ ਵਾਰ ਅਦਾਕਾਰੀ ਕਰ ਰਿਹਾ ਹਾਂ। ਮੈਂ ਕਦੇ ਵੀ ਅਦਾਕਾਰੀ ਲਈ ਕੋਈ ਸਿਖਲਾਈ ਨਹੀਂ ਲਈ ਹੈ। ਮੈਨੂੰ ਲੱਗਦਾ ਹੈ ਕਿ ਪ੍ਰੀਆ ਕਰਕੇ ਹੀ ਮੈਂ ਇਸ ਨੂੰ ਕਰ ਸਕਿਆ ਹਾਂ। ਫਿਲਹਾਲ ਤਾਂ ਉਹੀ ਮੇਰੀ ਪਸੰਦੀਦਾ ਅਦਾਕਾਰਾ ਬਣ ਗਈ ਹੈ।''
ਇੰਟਰਨੈੱਟ 'ਤੇ ਪ੍ਰੀਆ ਨੂੰ ਵੱਧ ਪ੍ਰਸਿੱਧੀ ਮਿਲਣ 'ਤੇ ਰੌਸ਼ਨ ਬੋਲੇ ਕਿ ਉਨ੍ਹਾਂ ਨੂੰ ਬਿਲਕੁਲ ਬੁਰਾ ਨਹੀਂ ਲੱਗ ਰਿਹਾ।
ਉਨ੍ਹਾਂ ਕਿਹਾ, ''ਮੈਨੂੰ ਬੁਰਾ ਕਿਉਂ ਲੱਗੇਗਾ, ਉਹ ਮੇਰੀ ਹੀਰੋਇਨ ਹੈ। ਮੈਂ ਬਹੁਤ ਖੁਸ਼ ਹਾਂ।''
ਅਸਲ ਜ਼ਿੰਦਗੀ ਦਾ ਪਿਆਰ
ਰੌਸ਼ਨ ਨੇ ਦੱਸਿਆ ਕਿ ਉਹ ਅਸਲ ਜ਼ਿੰਦਗੀ ਵਿੱਚ ਬਿਲਕੁਲ ਵੀ ਰੋਮੈਂਟਿਕ ਨਹੀਂ ਹਨ। ਫਿਲਮ ਵਿੱਚ ਹਾਲਾਂਕਿ ਉਹ ਇੱਕ ਰੁਮਾਂਟਿਕ ਕਿਰਦਾਰ ਨਿਭਾ ਰਹੇ ਹਨ।
ਫਿਲਮ ਦੇ ਨਾਂ ਦਾ ਮਤਲਬ ਜਨੂੰਨੀ ਪਿਆਰ ਹੁੰਦਾ ਹੈ। ਇਹ ਸਕੂਲ ਵਿੱਚ ਪੜ੍ਹਣ ਵਾਲੀਆਂ ਪੰਜ ਜੋੜੀਆਂ ਦੀ ਕਹਾਣੀ ਹੈ।
ਪ੍ਰਿਆ ਨੇ ਦੱਸਿਆ ਕਿ ਫਿਲਹਾਲ ਫਿਲਮ ਦਾ ਸਿਰਫ ਇੱਕ ਗਾਣਾ ਹੀ ਸ਼ੂਟ ਹੋਇਆ ਹੈ। ਵੈਲਨਟਾਈਨਜ਼ ਡੇਅ ਮੌਕੇ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਜਾਵੇਗਾ।












