ਪ੍ਰੈੱਸ ਰਿਵਿਊ: ਮੁੱਖ ਮੰਤਰੀਆਂ 'ਚ ਸਭ ਤੋਂ 'ਗ਼ਰੀਬ' ਮਨਿਕ ਸਰਕਾਰ-ਏਡੀਆਰ

ਦੈਨਿਕ ਭਾਸਕਰ ਵਿੱਚ ਛਪੀ ਖ਼ਬਰ ਮੁਤਾਬਕ ਦੇਸ ਦੇ 35 ਫ਼ੀਸਦ ਮੁੱਖ ਮੰਤਰੀਆਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ ਅਤੇ 81 ਫ਼ੀਸਦ ਮੁੱਖ ਮੰਤਰੀ ਕਰੋੜਪਤੀ ਹਨ।

ਦਿ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫੋਰਮਸ (ਏਡੀਆਰ) ਦੀ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ।

26 ਫ਼ੀਸਦ ਮੁੱਖ ਮੰਤਰੀ ਅਜਿਹੇ ਹਨ ਜਿਨ੍ਹਾਂ ਖ਼ਿਲਾਫ਼ ਕਤਲ ਕਰਨ ਦੀ ਕੋਸ਼ਿਸ਼, ਧੋਖਾਧੜੀ ਅਤੇ ਬੇਈਮਾਨੀ ਵਰਗੇ ਸੰਜੀਦਾ ਅਪਰਾਧਿਕ ਮਾਮਲੇ ਦਰਜ ਹਨ।

81 ਫ਼ੀਸਦ ਕਰੋੜਪਤੀ ਮੁੱਖ ਮੰਤਰੀ 100 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਅਮੀਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 177 ਕਰੋੜ ਤੋਂ ਵੀ ਵੱਧ ਦੀ ਹੈ।

ਇਸ ਦੌੜ ਵਿੱਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਦੂਜੇ ਨੰਬਰ 'ਤੇ (129.57 ਕਰੋੜ) ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (48.31 ਕਰੋੜ) ਤੀਜੇ ਨੰਬਰ 'ਤੇ ਹਨ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਬੀਤੇ ਦਿਨੀਂ ਸੈਸ਼ਨ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਾ ਗੱਲ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਕਿਹਾ ਜਾਵੇਗਾ।

ਜੰਮੂ ਅਤੇ ਕਸ਼ਮੀਰ ਦੀ ਵਿਧਾਨ ਸਭਾ ਵਿੱਚ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਗੱਲਬਾਤ ਤੋਂ ਇਲਾਵਾ ਦੂਜਾ ਕੋਈ ਰਾਹ ਨਹੀਂ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਵਿੱਚ ਫੌਜ 'ਤੇ 2 ਅੱਤਵਾਦੀ ਹਮਲੇ ਹੋ ਚੁੱਕੇ ਹਨ।

ਉੱਧਰ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਸੁੰਜਵਾਨ ਹਮਲੇ ਬਾਰੇ ਕਿਹਾ ਕਿ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੈ ਅਤੇ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ।

ਸਮਰਥਕਾਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਅਦਾਲਤ ਨੇ ਰਾਮ ਰਹੀਮ ਤੋਂ ਇਲਾਵਾ 2 ਹੋਰ ਲੋਕਾਂ ਨੂੰ 28 ਫਰਵਰੀ ਲਈ ਸੰਮਨ ਭੇਜੇ ਹਨ।

ਬਲਾਤਕਾਰ ਦੇ ਦੋਸ਼ਾਂ ਤਹਿਤ ਰਾਮ ਰਹੀਮ ਪਹਿਲਾਂ ਤੋਂ ਹੀ ਸਜ਼ਾ ਕੱਟ ਰਿਹਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਇੱਕ ਆਰਡੀਨੈਂਸ ਤੇ ਦਸਤਖ਼ਤ ਕੀਤੇ ਹਨ।

ਇਹ ਉਨ੍ਹਾਂ ਸਮੂਹਾਂ 'ਤੇ ਨਕੇਲ ਕੱਸਣ ਲਈ ਹੈ ਜਿਨ੍ਹਾਂ 'ਤੇ ਯੂਐਨ ਸਕਿਓਰਿਟੀ ਕੌਂਸਲ ਵੱਲੋਂ ਪਬੰਦੀ ਲਾਈ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)