ਬੇਅਦਬੀ ਮਾਮਲੇ: 'ਅਸੀਂ ਮੁੜ ਉਹੀ ਬਿਆਨ ਦੁਹਰਾਏ'

ਤਸਵੀਰ ਸਰੋਤ, jasbir singh shetra
- ਲੇਖਕ, ਜਸਬੀਰ ਸਿੰਘ ਸ਼ੇਤਰਾ
- ਰੋਲ, ਬੀਬੀਸੀ ਪੰਜਾਬੀ ਲਈ
ਪੰਜਾਬ ਅੰਦਰ ਪਿਛਲੇ ਸਮੇਂ ਵਿੱਚ ਹੋਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਲਈ ਕੈਪਟਨ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਸੋਮਵਾਰ ਨੂੰ ਜਗਰਾਉਂ ਪਹੁੰਚਿਆ।
ਪੜਤਾਲੀਆ ਕਮਿਸ਼ਨ ਨੇ ਬੇਅਦਬੀ ਮਾਮਲਿਆਂ ਨਾਲ ਜੁੜੇ ਗਵਾਹਾਂ ਦੇ ਬਿਆਨ ਦਰਜ ਕੀਤੇ। ਜਿਨ੍ਹਾਂ ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਉਨ੍ਹਾਂ ਅਨੁਸਾਰ ਜਾਂਚ ਕਮਿਸ਼ਨ ਦੇ ਸਾਹਮਣੇ ਉਨ੍ਹਾਂ ਉਹੀ ਬਿਆਨ ਦੁਹਰਾਏ ਜੋ ਉਨ੍ਹਾਂ ਪੁਲਿਸ ਦੇ ਸਾਹਮਣੇ ਦਿੱਤੇ ਸੀ।
ਕਮਿਸ਼ਨ ਦੀ ਅਗਵਾਈ ਕਰ ਰਹੇ ਜਸਟਿਸ ਰਣਜੀਤ ਸਿੰਘ ਤੋਂ ਜਾਂਚ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਬੇਅਦਬੀ ਦੀ ਘਟਨਾ ਦੀ ਜਾਂਚ ਰਿਪੋਰਟ ਨਾਲੋ-ਨਾਲ ਤਿਆਰ ਕੀਤੀ ਜਾ ਰਹੀ ਹੈ ਤੇ ਜਾਂਚ ਬਾਰੇ ਖੁਲਾਸਾ ਪੰਜਾਬ ਸਰਕਾਰ ਵੱਲੋਂ ਹੀ ਕੀਤਾ ਜਾਵੇਗਾ।''
'ਅਸੀਂ ਪਹਿਲਾਂ ਵਾਲੇ ਬਿਆਨ ਹੀ ਦਿੱਤੇ'
ਪੜਤਾਲੀਆ ਕਮਿਸ਼ਨ ਵੱਲੋਂ ਜਗਰਾਉਂ ਦੇ ਰਾਏਕੋਟ ਰੋਡ ਸਥਿਤ ਮੁਹੱਲਾ ਅਜੀਤ ਨਗਰ ਵਿੱਚ 7 ਨਵੰਬਰ 2015 ਨੂੰ ਵਾਪਰੀ ਬੇਅਦਬੀ ਦੀ ਘਟਨਾ ਸਬੰਧੀ ਉੱਥੇ ਸਥਿਤ ਗੁਰਦੁਆਰਾ ਭਗਤ ਰਵਿਦਾਸ ਜੀ ਦੇ ਗ੍ਰੰਥੀ ਹੀਰਾ ਸਿੰਘ ਅਤੇ ਨੰਦ ਲਾਲ ਦੇ ਬਿਆਨ ਦਰਜ ਕੀਤੇ।

ਤਸਵੀਰ ਸਰੋਤ, jasbir singh shetra
ਗ੍ਰੰਥੀ ਹੀਰਾ ਸਿੰਘ ਨੇ ਦੱਸਿਆ, "ਜੋ ਬਿਆਨ ਅਸੀਂ ਉਸ ਵੇਲੇ ਪੁਲਿਸ ਨੂੰ ਦਿੱਤੇ ਸਨ ਉਹੀ ਬਿਆਨ ਕਮਿਸ਼ਨ ਅੱਗੇ ਦੁਹਰਾਏ ਹਨ।"
ਦੂਜੇ ਗਵਾਹ ਨੰਦ ਸਿੰਘ ਦਾ ਕਹਿਣਾ ਸੀ, "ਪੜਤਾਲੀਆ ਕਮਿਸ਼ਨ ਜਾਂਚ ਲਈ ਮੁਹੱਲੇ ਵਿੱਚ ਤਾਂ ਪਹੁੰਚਿਆ ਪਰ ਮੁਹੱਲਾ ਨਿਵਾਸੀਆਂ ਵਿੱਚੋਂ ਕਿਸੇ ਦੇ ਬਿਆਨ ਦਰਜ ਨਹੀਂ ਕੀਤੇ ਗਏ।"
ਇਸੇ ਤਰ੍ਹਾਂ ਜਗਰਾਉਂ ਤੋਂ ਰਾਏਕੋਟ ਨੂੰ ਜਾ ਰਹੀ ਬੱਸ ਵਿੱਚ 11 ਅਗਸਤ 2016 ਨੂੰ ਵਾਪਰੀ ਗੁਟਕਾ ਸਾਹਿਬ ਦੀ ਬੇਅਦਬੀ ਦੀ ਦੂਜੀ ਘਟਨਾ ਸਬੰਧੀ ਪੜਤਾਲੀ ਕਮਿਸ਼ਨ ਨੇ ਬੱਸ ਵਿੱਚ ਸਵਾਰ ਰਹੇ ਮੌਕੇ ਦੇ ਗਵਾਹ ਨਿਹੰਗ ਰਛਪਾਲ ਸਿੰਘ ਅਤੇ ਪਿੰਡ ਕਮਾਲਪੁਰਾ ਦੇ ਹਰਜੀਤ ਸਿੰਘ ਦੇ ਬਿਆਨ ਵੀ ਲਏ।

ਤਸਵੀਰ ਸਰੋਤ, jasbir singh shetra
ਇਨ੍ਹਾਂ ਦੋਹਾਂ ਕੇਸਾਂ ਦੇ ਤਫਤੀਸ਼ ਕਰਨ ਵਾਲੇ ਅਫ਼ਸਰ ਏਐਸਆਈ ਗੁਰਦੀਪ ਸਿੰਘ ਅਤੇ ਏਐਸਆਈ ਬਲਜਿੰਦਰ ਕੁਮਾਰ ਦੇ ਵੀ ਪੜਤਾਲੀਆ ਕਮਿਸ਼ਨ ਨੇ ਬਿਆਨ ਦਰਜ ਕੀਤੇ।
ਅਗਲਾ ਦੌਰਾ 15 ਫਰਵਰੀ ਨੂੰ
ਬੱਸ ਵਿੱਚ ਹੋਈ ਬੇਅਦਬੀ ਮਾਮਲੇ ਵਿੱਚ ਜਾਂਚ ਅਫ਼ਸਰ ਏਐਸਆਈ ਬਲਜਿੰਦਰ ਕੁਮਾਰ ਅਨੁਸਾਰ, "ਘਟਨਾ ਦੇ ਗਵਾਹਾਂ ਨੇ ਵੀ ਉਹੀ ਬਿਆਨ ਕਮਿਸ਼ਨ ਅੱਗੇ ਦੁਹਰਾਏ ਜਿਹੜੇ ਪੁਲਿਸ ਨੂੰ ਦਿੱਤੇ ਸਨ।"
ਬੱਸ ਵਾਲੀ ਬੇਅਦਬੀ ਵਾਲੀ ਘਟਨਾ ਵਿੱਚ ਤਾਂ ਅਦਾਲਤ ਗਵਾਹਾਂ ਦੇ ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਹੀ ਮੁਲਜ਼ਮ ਸੀਰਾ ਸਿੰਘ ਨੂੰ ਇੱਕ ਸਾਲ ਦੀ ਸਜ਼ਾ ਵੀ ਸੁਣਾ ਚੁੱਕੀ ਹੈ।

ਤਸਵੀਰ ਸਰੋਤ, jasbir singh shetra
ਜਸਟਿਸ ਰਣਜੀਤ ਸਿੰਘ ਨੇ ਦੱਸਿਆ, "ਇਸ ਖੇਤਰ ਦੀਆਂ ਹੋਰ ਘਟਨਾਵਾਂ ਦੀ ਪੜਤਾਲ ਲਈ ਪੜਤਾਲੀਆ ਕਮਿਸ਼ਨ ਦੀ ਟੀਮ ਰਸੂਲਪੁਰ, ਲੰਮਾ, ਪਮਾਲ, ਲਿਬੜਾ, ਅਕਾਲਗੜ੍ਹ ਸੁਧਾਰ ਆਦਿ ਵਿੱਚ 15 ਫਰਵਰੀ ਨੂੰ ਜਾ ਕੇ ਬਿਆਨ ਦਰਜ ਕਰੇਗੀ।''
ਇਸ ਦੇ ਨਾਲ ਹੀ ਕਮਿਸ਼ਨ ਨੇ ਪਿੰਡ ਜੰਡੀ ਦਾ ਵੀ ਸੋਮਵਾਰ ਨੂੰ ਦੌਰਾ ਕੀਤਾ।












