ਵਰ, ਵਿਚੋਲੇ ਤੇ ਆਈਲੈੱਟਸ-9: ਵਿਦੇਸ਼ ਜਾਣ ਦਾ ਰੁਝਾਨ ਹਿਜਰਤ ਜਾਂ ਉਜਾੜਾ?

ਪਿੰਡ ਬੱਸੀਆਂ

ਤਸਵੀਰ ਸਰੋਤ, BBC/Jasbir Shetra

ਤਸਵੀਰ ਕੈਪਸ਼ਨ, ਪਿੰਡ ਬੱਸੀਆਂ
    • ਲੇਖਕ, ਜਸਬੀਰ ਸ਼ੇਤਰਾ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਇੱਕ ਪਿੰਡ ਵਿੱਚੋਂ ਜੇ ਦਰਜਨਾਂ ਨੌਜਵਾਨ ਕੁਝ ਹੀ ਮਹੀਨਿਆਂ ਵਿੱਚ ਵਿਦੇਸ਼ ਚਲੇ ਜਾਣ ਤਾਂ ਇਸ ਨੂੰ ਹਿਜਰਤ ਕਿਹਾ ਜਾਵੇਗਾ ਜਾਂ ਉਜਾੜਾ?

ਸਮਾਜ ਸ਼ਾਸਤਰੀ ਇਸ ਰੁਝਾਨ ਨੂੰ ਕੁਝ ਵੀ ਕਹਿਣ ਪਰ ਪਿੰਡ ਬੱਸੀਆਂ ਦੀ ਨੌਜਵਾਨ ਪੀੜ੍ਹੀ ਆਪਣੇ ਪਿੰਡ ਦੀ ਮਰਦਮਸ਼ੁਮਾਰੀ ਨੂੰ ਤਬਦੀਲ ਕਰ ਰਹੀ ਹੈ।

ਜਗਰਾਓਂ-ਰਾਏਕੋਟ ਮਾਰਗ ਉੱਤੇ ਸਥਿਤ ਕਸਬਾਨੁਮਾ ਪਿੰਡ ਵਿੱਚੋਂ ਵੱਡੀ ਗਿਣਤੀ ਵਿੱਚ ਪਰਵਾਸ ਹੋਇਆ ਹੈ।

ਪਿੰਡ ਵਿੱਚ ਵੋਟ-ਆਬਾਦੀ 6500 ਹੈ, ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇ ਜਿਨ੍ਹਾਂ ਦਾ ਕੋਈ ਜੀਅ ਵਿਦੇਸ਼ ਵਿੱਚ ਨਾ ਗਿਆ ਹੋਵੇ।

ਪਹਿਲਾਂ ਵਿਆਹ ਵਿਦੇਸ਼ ਜਾਣ ਦਾ ਜ਼ਰੀਆ ਬਣੇ। ਵਿਆਹ ਵਾਲੇ ਮੁੰਡੇ ਕੁੜੀ ਦੇ ਮਗਰ ਹੀ ਬਾਕੀ ਟੱਬਰ ਵਿਦੇਸ਼ ਪਹੁੰਚ ਜਾਂਦਾ ਸੀ।

ਬਾਅਦ ਵਿੱਚ ਪਰਮਾਨੈਂਟ ਰੈਸੀਡੈਂਸੀ (ਪੀ.ਆਰ.) ਰਾਹੀਂ ਇਸ ਰੁਝਾਨ ਨੇ ਤੇਜ਼ੀ ਫੜੀ ਅਤੇ ਹੁਣ ਆਈਲੈੱਟਸ ਕਰ ਕੇ ਪੜ੍ਹਾਈ ਲਈ ਵਿਦੇਸ਼ ਜਾਣ ਵਾਲਿਆਂ ਨੇ ਇਸ ਰੁਝਾਨ ਨੂੰ ਖੰਭ ਲਗਾ ਦਿੱਤੇ ਜਿਸ ਦੇ ਸਿਰ ਉੱਤੇ ਹਰ ਦੂਜਾ ਪੰਜਾਬੀ ਨੌਜਵਾਨ ਪਰਵਾਜ਼ ਭਰਨ ਲੱਗਿਆ ਹੈ।

ਵੀਹ ਲੱਖ ਖਰਚ ਕੇ ਸੁਰਖਰੂ

ਪਿੰਡ ਬੱਸੀਆਂ ਵਿੱਚੋਂ ਪਿਛਲੇ ਜਨਵਰੀ ਮਹੀਨੇ ਦੇ ਸੈਸ਼ਨ ਵਿੱਚ ਸੱਤ ਕੁੜੀਆਂ ਸਮੇਤ 48 ਜੀਅ ਕੈਨੇਡਾ ਸਮੇਤ ਹੋਰਨਾਂ ਮੁਲਕਾਂ ਲਈ ਆਈਲੈੱਟਸ ਕਰ ਕੇ ਪੜ੍ਹਾਈ ਲਈ ਜਹਾਜ਼ ਚੜ੍ਹੇ ਹਨ।

ਪਿੰਡ ਬੱਸੀਆਂ

ਤਸਵੀਰ ਸਰੋਤ, BBC/Jasbir Shetra

ਤਸਵੀਰ ਕੈਪਸ਼ਨ, ਪਿੰਡ ਬੱਸੀਆਂ

ਇਨ੍ਹਾਂ ਵਿੱਚੋਂ ਕੈਨੇਡਾ ਵੀਹ ਅਤੇ ਬਾਕੀ ਯੂਰਪੀ ਮੁਲਕਾਂ ਵਿੱਚ ਗਏ ਹਨ। ਮੋਹਿਤ ਕੁਮਾਰ ਆਸਟਰੇਲੀਆ ਦੇ ਸ਼ਹਿਰ ਸਿਡਨੀ ਗਿਆ ਹੈ।

ਦਿਲਦੀਪ ਰਾਏ ਨੌਰਵੇ ਦੇ ਸ਼ਹਿਰ ਓਸਲੋ ਗਿਆ ਹੈ। ਮਨਪ੍ਰੀਤ ਕੌਰ ਕੈਨੇਡਾ ਵਿੱਚ ਨਿਆਗਰਾ ਫਾਲਜ਼ ਦੇ ਲਾਗੇ ਕਿਸੇ ਕਾਲਜ ਵਿੱਚ ਪੜ੍ਹਾਈ ਲਈ ਗਈ ਹੈ।

ਬੱਚਿਆਂ ਨੂੰ ਆਈਲੈੱਟਸ ਕਰਵਾ ਕੇ ਕੈਨੇਡਾ ਭੇਜਣ ਵਾਲੇ ਪ੍ਰੀਤਮ ਸਿੰਘ, ਹਾਕਮ ਸਿੰਘ, ਕੰਵਲਜੀਤ ਸਿੰਘ, ਭੁਪਿੰਦਰ ਸਿੰਘ ਸਮੇਤ ਹੋਰਨਾਂ ਮਾਪਿਆਂ ਨੇ ਬੇਬਾਕੀ ਨਾਲ ਆਖਿਆ ਕਿ ਵੀਹ ਲੱਖ ਰੁਪਏ ਖਰਚ ਕੇ ਉਹ ਕਈ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਗਏ ਹਨ।

ਬਾਰ੍ਹਵੀਂ ਤੋਂ ਬਾਅਦ ਬੱਚਿਆਂ ਨੂੰ ਇਥੇ ਪੜ੍ਹਾਉਣ ਉੱਤੇ ਆਉਣ ਵਾਲੇ ਖਰਚ ਨਾਲੋਂ ਵੱਡੀ ਚਿੰਤਾ ਉਨ੍ਹਾਂ ਦੇ ਨਸ਼ਿਆਂ ਵਿੱਚ ਗ੍ਰਸਤ ਹੋਣ ਦੇ ਖ਼ਤਰੇ ਦੀ ਹੁੰਦੀ ਹੈ।

ਸਵੇਰ ਸਮੇਂ 'ਸੱਥ' ਵਿੱਚ ਅਖ਼ਬਾਰ ਪੜ੍ਹ ਰਹੇ ਇਨ੍ਹਾਂ ਮਾਪਿਆਂ ਨੇ ਕਿਹਾ ਕਿ ਇਥੇ ਬੱਚਿਆਂ ਦੇ ਨਸ਼ਿਆਂ ਤੋਂ ਇਲਾਵਾ ਗੈਂਗਸਟਰਪੁਣੇ ਅਤੇ ਖ਼ਰਾਬ ਸਿਸਟਮ ਵਿੱਚ ਨਪੀੜੇ ਜਾਣ ਦਾ ਖ਼ਦਸ਼ਾ ਹਮੇਸ਼ਾ ਸਤਾਉਂਦਾ ਰਹਿੰਦਾ ਹੈ।

ਇਨ੍ਹਾਂ ਨੇ ਬੈਂਕ ਵਿੱਚੋਂ ਕਰਜ਼ਾ ਲੈ ਕੇ, ਸਰਕਾਰੀ ਨੌਕਰੀ ਵਾਲਿਆਂ ਨੇ ਫੰਡ ਵਿੱਚੋਂ ਪੈਸੇ ਕੱਢਵਾ ਕੇ, ਕਿਸੇ ਨੇ ਜ਼ਮੀਨ ਵਿੱਚੋਂ ਅਤੇ ਹੋਰ ਓਹੜ-ਪੋਹੜ ਕਰ ਕੇ ਬੱਚੇ ਕੈਨੇਡਾ ਭੇਜੇ ਹਨ।

ਪਿੰਡ ਬੱਸੀਆਂ

ਤਸਵੀਰ ਸਰੋਤ, BBC/Jasbir Shetra

ਉਨ੍ਹਾਂ ਨੂੰ ਤਸੱਲੀ ਹੈ ਕਿ ਜੁਆਕ ਉਥੇ ਪੜ੍ਹਾਈ ਕਰ ਕੇ ਕਿਸੇ ਨਾ ਕਿਸੇ ਤਰ੍ਹਾਂ ਸੈੱਟ ਹੋ ਜਾਣਗੇ।

ਇਹ ਸਾਰਾ ਕੁਝ ਕੁ ਸ਼ਬਦਾਂ ਦੇ ਹੇਰ-ਫੇਰ ਨਾਲ ਇੱਕੋ ਗੱਲ ਕਹਿੰਦੇ ਹਨ ਕਿ ਜੇ ਜੁਆਕਾਂ ਨੂੰ ਇਥੇ ਆਪਣੇ ਕੋਲ ਰੱਖਦੇ ਤਾਂ ਨੌਕਰੀ ਜਾਂ ਕਾਰੋਬਾਰ ਕਰਵਾਉਣ ਤੋਂ ਲੈ ਕੇ ਘਰ ਬਣਾਉਣ ਉਪਰ ਲੱਖਾਂ ਦਾ ਖਰਚਾ ਕਰਨਾ ਪੈਣਾ ਸੀ। ਇਸ ਤੋਂ ਚੰਗਾ ਵੀਹ ਲੱਖ ਲਾ ਕੇ ਜੁਆਕਾਂ ਦੀ ਜ਼ਿੰਦਗੀ ਬਣਾ ਦਿਓ।

'ਵਿਦੇਸ਼ਾਂ ਵਿੱਚ ਮੌਕੇ ਅਤੇ ਸਹੂਲਤਾਂ ਵੱਧ'

ਤਰਲੋਚਨ ਸਿੰਘ ਨੇ ਆਖਿਆ, "ਇੰਜੀਨੀਰਿੰਗ ਕਰਵਾ ਕੇ ਇਥੇ ਦਸ ਹਜ਼ਾਰ ਦੀ ਨੌਕਰੀ ਮਿਲਣੀ ਸੀ, ਉਥੇ ਕਾਕਾ ਪੇਪਰਾਂ ਵਿੱਚੋਂ 90-90 ਨੰਬਰ ਲੈ ਰਿਹਾ ਅਤੇ ਨਾਲ ਲੋੜ ਮੁਤਾਬਕ ਕੰਮ ਵੀ ਕਰ ਲੈਂਦਾ ਹੈ।"

"ਸਾਲ ਦੀ ਫ਼ੀਸ ਭਰੀ ਹੋਈ ਹੈ ਅਤੇ ਉਦੋਂ ਤੱਕ ਉਸ ਨੇ ਪੈਰਾਂ ਸਿਰ ਹੋ ਕੇ ਕੰਮ ਕਰਨਾ ਅਤੇ ਖਰਚਾ ਕੱਢਣਾ ਸ਼ੁਰੂ ਕਰ ਦੇਣਾ।"

ਇੰਝ ਹੀ ਰਜਿੰਦਰ ਸਿੰਘ ਨੇ ਕਿਹਾ, "ਇਥੇ ਜੁਆਕ ਨੂੰ ਬਾਰ੍ਹਵੀਂ ਵਿੱਚ ਸਸਤਾ ਜਿਹਾ ਮੋਬਾਈਲ ਲੈ ਕੇ ਦਿੱਤਾ ਸੀ। ਉਥੇ ਉਸ ਨੇ ਤੀਜੇ ਮਹੀਨੇ ਹੀ ਆਈ-ਫੋਨ ਲੈ ਲਿਆ ਅਤੇ ਨਾਲੇ ਲੈਪਟਾਪ ਵੀ।"

ਰਵਿੰਦਰ ਧਾਲੀਵਾਲ

ਤਸਵੀਰ ਸਰੋਤ, BBC/Jasbir Shetra

ਤਸਵੀਰ ਕੈਪਸ਼ਨ, ਮਾਸਟਰ ਰਵਿੰਦਰ ਧਾਲੀਵਾਲ

ਬੱਚਿਆਂ ਨੂੰ ਵਿਦੇਸ਼ ਭੇਜ ਕੇ ਮਾਪੇ ਔਖ ਲਾਜ਼ਮੀ ਮਹਿਸੂਸ ਕਰਦੇ ਹਨ ਪਰ ਇਥੇ ਜ਼ਿੰਦਗੀ ਭਰ ਕੋਲ ਰੱਖ ਕੇ ਹੋਣ ਵਾਲੀ ਔਖ ਨਾਲੋਂ ਉਹ ਵਿਛੋੜੇ ਦੇ ਦਰਦ ਨੂੰ 'ਚੰਗਾ' ਦੱਸਦੇ ਹਨ।

ਉਨ੍ਹਾਂ ਕਿਹਾ ਕਿ ਬੱਚਿਆਂ ਦੇ ਬਿਹਤਰ ਭਵਿੱਖ ਕਰ ਕੇ ਆਪਣੇ ਜਜ਼ਬਾਤ ਕਾਬੂ ਵਿੱਚ ਰੱਖਣੇ ਹੀ ਪੈਣਗੇ।

ਮਾਸਟਰ ਰਵਿੰਦਰ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਲੜਕਾ ਕ੍ਰਿਕਟ ਦਾ ਖਿਡਾਰੀ ਹੈ ਅਤੇ ਦੇਸ਼ ਲਈ ਖੇਡਣਾ ਚਾਹੁੰਦਾ ਸੀ।

ਇਥੇ ਉਸ ਨੂੰ ਜ਼ਿਲ੍ਹਾ ਪੱਧਰ ਤੋਂ ਅੱਗੇ ਜਾਣ ਦਾ ਮੌਕਾ ਨਹੀਂ ਮਿਲਿਆ ਪਰ ਕੈਨੇਡਾ ਜਾ ਕੇ ਉਸ ਨੇ ਕਲੱਬ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਹੈ।

ਉਹ ਕਹਿੰਦੇ ਹਨ ਕਿ ਪੰਜਾਬ ਦੇ ਪਿੰਡਾਂ ਵਿੱਚ 'ਹਵਾ' ਹੀ ਅਜਿਹੀ ਚੱਲ ਪਈ ਹੈ ਕਿ ਹਰੇਕ ਨੌਜਵਾਨ ਆਪਣੇ ਸਹਿਪਾਠੀਆਂ ਨੂੰ ਵਿਦੇਸ਼ ਜਾਂਦਾ ਦੇਖ ਕੇ ਖ਼ੁਦ ਵਿਦੇਸ਼ ਜਾਣ ਦੇ ਸੁਫ਼ਨੇ ਦੇਖਣ ਲੱਗਦਾ ਹੈ।

ਟਿਮ ਉੱਪਲ ਦਾ ਪਿੰਡ ਹੈ ਬੱਸੀਆਂ

ਕੈਨੇਡਾ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਪਿਛਲੀ ਸਟੀਫਨ ਹਾਰਪਰ ਸਰਕਾਰ ਵਿੱਚ ਮੰਤਰੀ ਰਹੇ ਟਿਮ ਉੱਪਲ ਮੂਲ ਰੂਪ ਵਿੱਚ ਬੱਸੀਆਂ ਨਾਲ ਹੀ ਸਬੰਧਤ ਹਨ।

ਉਹ ਵੀ ਇਥੋਂ ਦੇ ਨੌਜਵਾਨਾਂ ਲਈ ਵਿਦੇਸ਼ਾਂ ਵਿੱਚ ਰੋਲ ਮਾਡਲ ਹਨ। ਪੰਜਾਬੀ ਅਧਿਆਪਕ ਰਵਿੰਦਰ ਧਾਲੀਵਾਲ ਦੇ ਦਾਦਾ ਕਰਤਾਰ ਸਿੰਘ ਧਾਲੀਵਾਲ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ।

ਮਹਿੰਦਰ ਸਿੰਘ

ਤਸਵੀਰ ਸਰੋਤ, BBC/Jasbir Shetra

ਤਸਵੀਰ ਕੈਪਸ਼ਨ, ਪਿੰਡ ਬੱਸੀਆਂ ਦਾ ਵਾਸੀ ਮਹਿੰਦਰ ਸਿੰਘ

ਸਤਾਰਾਂ ਕਿੱਲੇ ਜ਼ਮੀਨ ਦੇ ਮਾਲਕ ਸਰਕਾਰੀ ਅਧਿਆਪਕ ਦੇ ਪਿਤਾ ਏਅਰ ਫੋਰਸ ਵਿੱਚੋਂ ਸੇਵਾਮੁਕਤ ਹੋਏ ਹਨ।

ਪਿੰਡ ਵਿੱਚ ਨਵੀਂ ਕੋਠੀ ਪਾਈ ਹੈ ਅਤੇ ਭੈਣ ਤੋਂ ਇਲਾਵਾ ਚਾਚੇ-ਤਾਏ ਸਭ ਵਿਦੇਸ਼ਾਂ ਵਿੱਚ ਹਨ। ਇੱਕ ਵੱਡੀ ਅਤੇ ਇੱਕ ਛੋਟੀ ਕਾਰ ਕੋਠੀ ਦਾ ਸ਼ਿੰਗਾਰ ਹੈ।

ਵੱਡੇ ਅੱਖਰਾਂ ਵਿੱਚ ਅੰਗਰੇਜ਼ੀ ਵਿੱਚ 'ਹਮਰ' ਦੇ ਬੋਰਡ ਵਾਲਾ ਟਰੈਕਟਰ ਵੀ ਵਿਹੜੇ ਵਿੱਚ ਖੜ੍ਹਾ ਹੈ। ਸੌਖੀ ਜ਼ਿੰਦਗੀ ਦੇ ਬਾਵਜੂਦ ਉਨ੍ਹਾਂ ਬੱਚਿਆਂ ਨੂੰ ਵਿਦੇਸ਼ ਭੇਜਣ ਦਾ 'ਔਖਾ' ਫ਼ੈਸਲਾ ਲਿਆ।

ਤਿੰਨ ਮਹੀਨੇ ਪਹਿਲਾਂ ਆਪਣੇ ਬੇਟੇ ਗੁਰਦੀਪ ਸਿੰਘ ਨੂੰ +2 ਤੋਂ ਬਾਅਦ 6.5 ਬੈਂਡ ਨਾਲ ਆਈਲੈੱਟਸ ਕਰਵਾ ਕੇ ਬਰੈਂਪਟਨ (ਕੈਨੇਡਾ) ਭੇਜਣ ਤੋਂ ਬਾਅਦ ਡਿਪਲੋਮਾ ਕਰ ਰਹੇ ਦੂਜੇ ਬੇਟੇ ਗਗਨਦੀਪ ਸਿੰਘ ਨੂੰ ਵੀ ਉਹ ਕੈਨੇਡਾ ਹੀ ਭੇਜਣ ਦੀ ਤਿਆਰੀ ਕਰ ਰਹੇ ਹਨ।

ਉਹ ਖ਼ੁਦ ਪੱਕੇ ਤੌਰ 'ਤੇ ਕੈਨੇਡਾ ਜਾ ਕੇ ਵਸਣ ਦੇ ਹਾਮੀ ਨਹੀਂ ਹਨ।

ਪੰਜਾਬ ਸਰਕਾਰ ਦੇ ਖੁਫ਼ੀਆ ਵਿਭਾਗ ਵਿੱਚ ਤਾਇਨਾਤ ਇਸੇ ਪਿੰਡ ਦੇ ਮਹਿੰਦਰ ਸਿੰਘ ਦੇ ਦੋ ਲੜਕੇ ਹਨ।

ਪਰਮਜੀਤ ਸਿੰਘ ਨੂੰ ਬਾਰ੍ਹਵੀਂ ਤੋਂ ਬਾਅਦ ਕੈਨੇਡਾ ਭੇਜਣ ਦਾ ਯਤਨ ਨਾਕਾਮ ਹੋਇਆ ਤਾਂ ਹੁਣ ਬੀ.ਟੈੱਕ ਕਰਵਾ ਕੇ ਪਿਛਲੇ ਮਹੀਨੇ ਹੀ ਉਸ ਨੂੰ ਟੋਰਾਂਟੋ ਭੇਜਿਆ ਹੈ।

ਮਹਿੰਦਰ ਸਿੰਘ ਨੇ ਦੱਸਿਆ ਕਿ ਆਈਲੈੱਟਸ ਕਰਕੇ ਬੱਚਿਆਂ ਦਾ ਵਿਦੇਸ਼ ਜਾਣਾ ਆਮ ਗੱਲ ਹੈ।

ਲੋਕ ਬੱਚੇ ਵਿਦੇਸ਼ ਭੇਜਣ ਸਮੇਂ ਦੱਸਦੇ ਵੀ ਨਹੀਂ ਅਤੇ ਕਈ ਵਾਰ ਪਿੰਡ ਵਿੱਚ ਬਾਅਦ ਵਿੱਚ ਹੀ ਪਤਾ ਲੱਗਦਾ ਹੈ।

ਉਹ ਜਦ ਪਿੰਡ ਵਿਚਲੀ ਦੁਕਾਨ ਤੋਂ ਵਿਦੇਸ਼ ਜਾ ਰਹੇ ਪੁੱਤ ਦੇ ਅਟੈਚੀ ਬੰਨ੍ਹਣ ਲਈ ਰੱਸੀ ਲੈਣ ਗਏ ਤਾਂ ਦੁਕਾਨਦਾਰ ਤੋਂ ਇਹ ਗੱਲ ਪਤਾ ਲੱਗੀ ਕਿ ਹਫ਼ਤੇ ਅੰਦਰ ਤਿੰਨ ਜਣੇ ਹੋਰ ਇਹੋ ਰੱਸੀ ਲੈ ਕੇ ਗਏ ਹਨ ਕਿਉਂਕਿ ਉਨ੍ਹਾਂ ਦੇ ਕਾਕੇ ਵੀ ਆਈਲੈੱਟਸ ਕਰਕੇ ਵਿਦੇਸ਼ ਜਾਣੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)