ਪਾਕਿਸਤਾਨ꞉ ਮਸ਼ਾਲ ਖ਼ਾਨ ਕਤਲ ਕੇਸ ਵਿੱਚ ਇੱਕ ਨੂੰ ਫ਼ਾਂਸੀ, ਪੰਜ ਨੂੰ ਉਮਰ ਕੈਦ

ਤਸਵੀਰ ਸਰੋਤ, FACEBOOK
ਪਾਕਿਸਤਾਨ ਦੇ ਬਹੁ-ਚਰਚਿਤ ਮਸ਼ਾਲ ਖ਼ਾਨ ਕਤਲ ਕਾਂਡ ਵਿੱਚ ਅੱਤਵਾਦ ਵਿਰੋਧੀ ਅਦਾਲਤ ਨੇ ਇੱਕ ਨੂੰ ਫ਼ਾਂਸੀ, ਪੰਜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਘਟਨਾ ਪਖ਼ਤੂਨਖਵਾ ਸੂਬੇ ਦੀ ਹੈ। 13 ਅਪ੍ਰੈਲ 2017 ਨੂੰ ਮਰਦਾਨ ਸ਼ਹਿਰ ਦੀ ਅਬਦੁਲ ਵਲੀ ਖ਼ਾਨ ਯੂਨੀਵਰਸਿਟੀ ਵਿੱਚ ਕੁਝ ਵਿਦਿਆਰਥੀਆਂ ਨੇ ਇਸਲਾਮ ਦੀ ਨਿੰਦਾ ਦੇ ਇਲਜ਼ਾਮ ਵਿੱਚ ਮਸ਼ਾਲ ਖ਼ਾਨ ਦਾ ਕਤਲ ਕਰ ਦਿੱਤਾ ਸੀ।
ਇਸ ਮਗਰੋਂ ਯੂਨੀਵਰਸਿਟੀ ਦੇ ਵਿਦਿਆਰਥੀ ਕਈ ਘੰਟਿਆਂ ਤੱਕ ਉਹਨਾਂ ਦੀ ਲਾਸ਼ ਨਾਲ ਬੁਰਾ ਸਲੂਕ ਕਰਦੇ ਰਹੇ। ਉਹਨਾਂ ਦੇ ਘਰ ਵਾਲਿਆ ਨੂੰ ਲਾਸ਼ ਦੇਰ ਰਾਤ ਹੀ ਮਿਲ ਸਕੀ ਸੀ।
ਇਸ ਮਾਮਲੇ ਵਿੱਚ 57 ਵਿਅਕਤੀ ਕਾਬੂ ਕੀਤੇ ਗਏ ਸਨ,ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਕਰਮਚਾਰੀ ਸ਼ਾਮਲ ਸਨ।

ਫ਼ਾਂਸੀ ਦੀ ਸਜ਼ਾ ਮੁਲਜ਼ਮ ਇਮਰਾਨ ਅਲੀ ਨੂੰ ਮਿਲੀ ਹੈ ਜਦਕਿ ਬਿਲਾਲ ਬਖ਼ਸ਼, ਫਜ਼ਲ ਰਾਜ਼ਿਕ, ਮੁਜੀਬੁਲਾਹ, ਅਸ਼ਫਾਕ ਖ਼ਾਨ ਅਤੇ ਮੁਦਿਸਰ ਬਸ਼ੀਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
25 ਨੂੰ ਚਾਰ ਸਾਲ ਦੀ ਸਜ਼ਾ ਅਤੇ 26 ਬਰੀ
ਇਹਨਾਂ ਸਾਰਿਆਂ ਨੂੰ ਡੇਢ-ਡੇਢ ਲੱਖ ਰੁਪਏ ਜੁਰਮਾਨਾ ਵੀ ਭਰਨਾ ਪਵੇਗਾ।
ਇਨ੍ਹਾਂ ਤੋਂ ਇਲਾਵਾ 25 ਵਿਅਕਤੀਆਂ ਨੂੰ ਚਾਰ ਸਾਲ ਦੀ ਸਜ਼ਾ ਅਤੇ 26 ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਮਸ਼ਾਲ ਖ਼ਾਨ ਕੌਣ ਸੀ?
ਮਸ਼ਾਲ ਖ਼ਾਨ 26 ਮਾਰਚ 1992 ਨੂੰ ਜ਼ਿਲ੍ਹਾ ਸਵਾਬੀ ਦੇ ਪਿੰਡ ਜ਼ੈਦਾ ਵਿੱਚ ਪੈਦਾ ਹੋਏ ਸਨ। ਚਾਰ ਭੈਣਾਂ ਅਤੇ ਭਰਾਵਾਂ ਵਿੱਚੋਂ ਉਹ ਸਭ ਤੋਂ ਹੁਸ਼ਿਆਰ ਸਨ।
ਲੰਮੇ ਕੱਦ, ਸੂਝ-ਸਿਆਣਪ ਤੇ ਪੜ੍ਹਾਈ-ਲਿਖਾਈ ਕਰਕੇ ਉਹਨਾਂ ਦੀ ਅਬਦੁਲ ਵਲੀ ਖ਼ਾਨ ਯੂਨੀਵਰਸਿਟੀ ਵਿੱਚ ਵੱਖਰੀ ਪਛਾਣ ਬਣੀ ਹੋਈ ਸੀ।

ਤਸਵੀਰ ਸਰੋਤ, Getty Images
ਇਸ ਯੂਨੀਵਰਸਿਟੀ ਵਿੱਚ ਪੱਤਰਕਾਰੀ ਵਿਭਾਗ ਵਿੱਚ ਛੇਵੇਂ ਸਮੈਸਟਰ ਦੇ ਵਿਦਿਆਰਥੀ ਮਸ਼ਾਲ ਇੱਕ ਵਾਰ ਰੂਸ ਵੀ ਜਾ ਚੁੱਕੇ ਸਨ।
ਉਹ ਚੈਖ਼ਵ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਗਏ ਸਨ ਪਰ ਪਿਤਾ ਦੀ ਮੁਰਾਦ ਪੂਰੀ ਨਾ ਹੋ ਸਕੀ।
ਮਸ਼ਾਲ ਦਾ ਮੰਨਣਾ ਸੀ ਕਿ ਉਹਨਾਂ ਅੰਦਰ ਇੱਕ ਕਵੀ ਤੇ ਲੇਖਕ ਵਸਦਾ ਹੈ। ਇਸੇ ਕਰਕੇ ਉਹ ਇੰਜੀਨੀਅਰਿੰਗ ਵਿੱਚਾਲੇ ਛੱਡ ਕੇ ਵਤਨ ਪਰਤ ਆਏ ਸਨ।
'ਯਾਰਾਂ ਦਾ ਯਾਰ ਸੀ ਮਸ਼ਾਲ ਖ਼ਾਨ'
ਉਹਨਾਂ ਦੀ ਮੌਤ ਮਗਰੋਂ ਯੂਨੀਵਰਸਿਟੀ ਦੇ ਇੱਕ ਕਰਮਚਾਰੀ ਨੇ ਬੀਬੀਸੀ ਨੂੰ ਦੱਸਿਆ ਸੀ, "ਮਸ਼ਾਲ ਖ਼ਾਨ ਯੂਨੀਵਰਸਿਟੀ ਵਿੱਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਸੀ।
ਪੜ੍ਹਾਈ ਵਿੱਚ ਟੌਪਰ ਹੋਣ ਕਰਕੇ ਸਾਰੇ ਉਸਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਹ ਆਪਣੀ ਇਨਕਲਾਬੀ ਸੋਚ ਕਾਰਨ ਵੀ ਲੋਕਾਂ ਵਿੱਚ ਹਰਮਨ ਪਿਆਰੇ ਸਨ।
12,000 ਤੋਂ ਵੱਧ ਲੋਕਾਂ ਵਾਲੀ ਇਸ ਯੂਨੀਵਰਸਿਟੀ ਵਿੱਚ ਕੰਟੀਨ ਸਟਾਫ਼ ਨੂੰ ਸਭ ਤੋਂ ਵੱਧ ਟਿੱਪ ਮਸ਼ਾਲ ਦਿੰਦਾ ਸੀ।"

ਤਸਵੀਰ ਸਰੋਤ, Getty Images
ਮਿਰਜ਼ਾ ਗ਼ਾਲਿਬ ਦਾ ਇਹ ਪਾਠਕ ਪਸ਼ਤੋ ਸ਼ਾਇਰਾਂ ਵਿੱਚ ਅਜਮਲ ਖਟਕ ਅਤੇ ਰਹਿਮਾਨ ਬਾਬਾ ਨੂੰ ਵੀ ਪੜ੍ਹਦਾ ਰਹਿੰਦਾ ਸੀ।
ਉਹਨਾਂ ਦੀ ਮਾਂ ਗੁਲਜ਼ਾਰ ਬੀਬੀ ਨੇ ਆਪਣੇ ਬੇਟੇ ਦੀ ਖ਼ੂਬਸੂਰਤੀ ਅਤੇ ਪ੍ਰਤਿਭਾ ਨੂੰ ਯਾਦ ਕਰਦਿਆਂ ਬੀਬੀਸੀ ਨੂੰ ਦੱਸਿਆ, ਮਸ਼ਾਲ ਬਚਪਨ ਤੋਂ ਹੀ ਖ਼ੂਬਸੂਰਤ ਤੇ ਹਿੰਮਤੀ ਸੀ।
ਉਸਨੂੰ ਦੇਖ ਕੇ ਲਗਦਾ ਸੀ ਕਿ ਖ਼ੁਦਾ ਨੇ ਉਸਦੇ ਸਰੀਰ ਦਾ ਹਰ ਨਕਸ਼ ਗੌਰ ਨਾਲ ਬਣਾਇਆ ਹੋਵੇ। ਅੱਖਾਂ, ਨੱਕ, ਬੁੱਲ੍ਹ, ਹੱਥ-ਪੈਰ ਸਾਰਾ ਕੁਝ। ਯੂਨੀਵਰਸਿਟੀ ਦੇ ਜ਼ਾਲਮਾਂ ਨੇ ਸਭ ਕੁਝ ਮਿਟਾ ਦਿੱਤਾ, ਬਰਬਾਦ ਕਰ ਦਿੱਤਾ।
ਉਸਦੇ ਇਲਮ ਨਾਲ ਭਰੇ ਦਿਮਾਗ ਨੂੰ ਕੁਚਲ ਦਿੱਤਾ। ਕਿਸ ਗੱਲ ਦੀ ਸਜ਼ਾ ਦਿੱਤੀ? ਪਖ਼ਤੂਨ ਕੌਮ ਨੇ ਆਪਣਾ ਹੀ ਪੁੱਤ ਮਾਰ ਦਿੱਤਾ।"












