ਨਿਜ਼ਾਮੁਦੀਨ ਔਲੀਆ ਦੇ ਉਰਸ 'ਤੇ ਨਹੀਂ ਆ ਸਕਣਗੇ ਪਾਕਿਸਤਾਨੀ

ਤਸਵੀਰ ਸਰੋਤ, Getty Images
- ਲੇਖਕ, ਮਿਰਜ਼ਾ ਏਬੀ ਬੇਗ਼
- ਰੋਲ, ਬੀਬੀਸੀ ਉਰਦੂ ਪੱਤਰਕਾਰ
ਪਾਕਿਸਤਾਨ ਦੇ ਨਾਗਰਿਕ ਇਸ ਵਾਰ ਨਵੀਂ ਦਿੱਲੀ ਵਿੱਚ ਖ਼ਵਾਜਾ ਨਿਜ਼ਾਮੁਦੀਨ ਔਲੀਆ ਦੀ ਦਰਗਾਹ 'ਤੇ ਹੋਣ ਵਾਲੇ ਸਾਲਾਨਾ ਉਰਸ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ।
ਇਸ ਦਾ ਕਾਰਨ ਹੈ ਭਾਰਤ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਨਾ ਕਰਨਾ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਦਫ਼ਤਰ ਨੇ ਦੱਸਿਆ ਹੈ ਕਿ ਪਾਕਿਸਤਾਨ ਦੇ ਸ਼ਰਧਾਲੂਆਂ ਨੂੰ ਵੀਜ਼ਾ ਨਾ ਮਿਲਣ ਕਰ ਕੇ ਉਹ ਖ਼ਵਾਜਾ ਨਿਜ਼ਾਮੁਦੀਨ ਔਲੀਆ ਦੇ ਸਾਲਾਨਾ ਉਰਸ (ਉਤਸਵ) ਵਿੱਚ ਸ਼ਾਮਿਲ ਨਹੀਂ ਹੋ ਸਕਣਗੇ।
ਆਖ਼ਰੀ ਵੇਲੇ ਮੁਸਾਫ਼ਰਾਂ ਨੂੰ ਵੀਜ਼ਾ ਨਾ ਦੇਣ ਦੇ ਭਾਰਤ ਦੇ ਫ਼ੈਸਲੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, "ਇਹ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਧਾਰਮਿਕ ਦਰਗਾਹਾਂ ਦੇ ਸੰਬੰਧ ਵਿੱਚ ਹੋਏ 1974 ਦੇ ਪ੍ਰੋਟੋਕਾਲ ਦੀ ਉਲੰਘਣਾ ਹੈ।"
1 ਜਨਵਰੀ ਤੋਂ ਸ਼ੁਰੂ ਹੋਵੇਗਾ ਉਰਸ
ਮੱਧ ਕਾਲ ਦੇ ਸੂਫ਼ੀ ਸੰਤ ਹਜ਼ਰਤ ਨਿਜ਼ਾਮੁਦੀਨ ਔਲੀਆ ਦਾ ਉਰਸ 1 ਜਨਵਰੀ ਤੋਂ 8 ਜਨਵਰੀ ਤੱਕ ਚੱਲਣਾ ਹੈ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ, "ਭਾਰਤ ਦੇ ਫ਼ੈਸਲੇ ਤੋਂ ਬਾਅਦ 192 ਪਾਕਿਸਤਾਨੀ ਸ਼ਰਧਾਲੂ ਉਰਸ ਵਿੱਚ ਸ਼ਾਮਲ ਹੋਣ ਤੋਂ ਵਾਂਝੇ ਰਹਿ ਜਾਣਗੇ।"

ਤਸਵੀਰ ਸਰੋਤ, AFP
ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਨਾ ਸਿਰਫ਼ ਦੁਪਾਸੜ ਪ੍ਰੋਟੋਕਾਲ ਅਤੇ ਧਾਰਮਿਕ ਆਜ਼ਾਦੀ ਦੇ ਬੁਨਿਆਦੀ ਮਨੁੱਖੀ ਹੱਕਾਂ ਦਾ ਘਾਣ ਹੈ, ਸਗੋਂ ਇਸ ਤਰ੍ਹਾਂ ਦੇ ਫ਼ੈਸਲੇ ਨਾਲ ਦੋਵਾਂ ਦੇਸਾਂ ਦੇ ਆਪਸੀ ਸੰਬੰਧ ਵੀ ਪ੍ਰਭਾਵਿਤ ਹੁੰਦੇ ਹਨ।
ਨਾਲ ਹੀ ਦੋਵਾਂ ਦੇਸਾਂ ਦੇ ਆਪਸੀ ਮੇਲ-ਜੋਲ ਨੂੰ ਵਧਾਉਣ ਵਾਲੇ ਹੰਭਲਿਆਂ ਨੂੰ ਵੀ ਨਿਰਾਸ਼ ਕਰਦੇ ਹਨ।
ਸਿੱਖਾਂ ਲਈ ਖ਼ਾਸ ਟਰੇਨ ਦਾ ਪ੍ਰਸਤਾਵ
ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਲਈ ਭਾਰਤ ਤੋਂ ਖ਼ਾਸ ਟਰੇਨ ਚਲਾਉਣ ਦੀ ਪੇਸ਼ਕਸ਼ ਕੀਤੀ ਸੀ, ਪਰ ਭਾਰਤ ਵੱਲੋਂ ਦੇਰ ਕਰ ਕੇ, ਸਿੱਖ ਭਾਈਚਾਰੇ ਦੇ ਲੋਕ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕਿਆਂ 'ਤੇ ਪਾਕਿਸਤਾਨ ਨਹੀਂ ਆ ਸਕੇ ਸਨ।

ਤਸਵੀਰ ਸਰੋਤ, Getty Images
ਦਰਗਾਹ ਹਜ਼ਰਤ ਨਿਜ਼ਾਮੁਦੀਨ ਦੇ ਇੱਕ ਨੁਮਾਇੰਦੇ ਸਈਦ ਸਾਜਿਦ ਨਿਜ਼ਾਮੀ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਇਸ ਪੂਰੇ ਮਸਲੇ 'ਤੇ ਅਫ਼ਸੋਸ ਜ਼ਾਹਿਰ ਕੀਤਾ ਅਤੇ ਕਿਹਾ, "ਅਜਿਹਾ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਹਜ਼ਰਤ ਨਿਜ਼ਾਮੁਦੀਨ ਦਾ ਸੁਨੇਹਾ ਪਿਆਰ ਸੀ।"
ਉਨ੍ਹਾਂ ਕਿਹਾ, "ਇਹ ਸਾਡੀ ਪਰੰਪਰਾ ਹੈ ਕਿ ਦੋਵਾਂ ਦੇਸਾਂ ਦੇ ਲੋਕ ਸਮੇਂ-ਸਮੇਂ 'ਤੇ ਇੱਕ ਦੂਜੇ ਦੇਸ ਦੀਆਂ ਧਾਰਮਿਕ ਯਾਤਰਾਵਾਂ ਕਰਦੇ ਹਨ।"
ਪਹਿਲਾਂ ਵੀ ਅਜਮੇਰ ਦੇ ਹਜ਼ਰਤ ਮੋਇਨੁਦੀਨ ਚਿਸ਼ਤੀ ਦੇ ਉਰਸ ਉੱਤੇ ਲੋਕ ਪਾਕਿਸਤਾਨ ਤੋਂ ਆਏ ਸਨ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਯਾਤਰਾਵਾਂ ਨਾਲ ਜਨਸੰਪਰਕ ਵਧਦਾ ਹੈ ਜੋ ਕਿ ਦੋਵਾਂ ਦੇਸਾਂ ਦੇ ਹਿਤ ਵਿੱਚ ਹੈ।












