ਪਾਕ ਪ੍ਰੈਸ-'ਕੁਲਭੂਸ਼ਣ ਦਾ ਪਾਕਿਸਤਾਨ 'ਚ ਬਚਣਾ ਮੁਸ਼ਕਿਲ'

ਤਸਵੀਰ ਸਰੋਤ, AFP
ਪਾਕਿਸਤਾਨ 'ਚ ਛਪਣ ਵਾਲੇ ਉਰਦੂ ਅਖ਼ਬਾਰਾਂ ਵਿੱਚ ਇਸ ਹਫ਼ਤੇ ਕੁਲਭੂਸ਼ਣ ਜਾਧਵ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਭ ਤੋਂ ਵੱਧ ਸੁਰਖ਼ੀਆਂ ਵਿੱਚ ਹਨ।
ਰੋਜ਼ਨਾਮਾ ਐਕਸਪ੍ਰੈਸ ਵਿੱਚ ਛਪੀ ਖ਼ਬਰ ਮੁਤਾਬਕ ਪਾਕਿਸਤਾਨੀ ਮੀਡੀਆ ਦਾ ਦਾਅਵਾ ਹੈ ਕਿ ਕੁਲਭੂਸ਼ਣ ਜਾਧਵ ਦੇ ਖ਼ਿਲਾਫ਼ ਕੁਝ ਨਵੇਂ ਸਬੂਤ ਮਿਲੇ ਹਨ, ਜਿਸ ਨਾਲ ਉਸਦਾ ਬਚਣਾ ਮੁਸ਼ਕਿਲ ਹੋ ਜਾਵੇਗਾ।
ਕੁਲਭੂਸ਼ਣ ਜਾਧਵ ਦੀਆਂ ਵਧੀਆਂ ਮੁਸ਼ਕਲਾਂ
ਕੁਲਭੂਸ਼ਣ ਜਾਧਵ ਭਾਰਤੀ ਨਾਗਰਿਕ ਹਨ ਜਿਨ੍ਹਾਂ ਨੂੰ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਪਾਕਿਸਤਾਨ ਦੀ ਅਦਾਲਤ ਨੇ ਉਨ੍ਹਾਂ ਨੂੰ ਭਾਰਤੀ ਜਸੂਸ ਮੰਨਦੇ ਹੋਏ ਪਾਕਿਸਤਾਨ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਦਾ ਦੋਸ਼ੀ ਕਰਾਰ ਦਿੱਤਾ ਤੇ ਫਾਂਸੀ ਦੀ ਸਜ਼ਾ ਸੁਣਾਈ ਸੀ।

ਤਸਵੀਰ ਸਰੋਤ, EPA
ਐਕਸਪ੍ਰੈਸ ਅਖ਼ਬਾਰ ਦੇ ਮੁਤਾਬਕ ਪਾਕਿਸਤਾਨ ਦੇ ਅਟਾਰਨੀ ਜਨਰਲ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਵਿਦੇਸ਼, ਗ੍ਰਹਿ ਤੇ ਰੱਖਿਆ ਮੰਤਰਾਲੇ ਦੇ ਅਧਿਕਾਰੀ ਸ਼ਾਮਲ ਹਨ।
ਕਮੇਟੀ ਵੱਲੋਂ ਕੁਲਭੂਸ਼ਣ ਜਾਧਵ ਨਾਲ ਜੁੜੇ ਤਮਾਮ ਦਸਤਾਵੇਜਾਂ ਨੂੰ ਆਈਸੀਜੇ ਦੇ ਸਾਹਮਣੇ 13 ਦਸੰਬਰ ਤੱਕ ਪੇਸ਼ ਕੀਤਾ ਜਾਵੇਗਾ।
ਉਸ ਤੋਂ ਬਾਅਦ ਆਈਸੀਜੇ ਅਗਲੇ ਸਾਲ 2018 ਵਿੱਚ ਮੁੜ ਇਸ ਮਸਲੇ 'ਤੇ ਸੁਣਵਾਈ ਕਰੇਗੀ।
ਭਾਰਤ ਨੇ ਕੁਲਭੂਸ਼ਣ ਦੀ ਫਾਂਸੀ ਦੀ ਸਜ਼ਾ ਖ਼ਿਲਾਫ਼ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ ) ਵਿੱਚ ਅਪੀਲ ਕੀਤੀ ਸੀ। ਆਈਸੀਜੇ ਨੇ ਕੁਲਭੂਸ਼ਣ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਸੀ।
ਪਾਕਿਸਤਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਲਭੂਸ਼ਣ ਦੇ ਖ਼ਿਲਾਫ਼ ਕੁਝ ਅਜਿਹੇ ਸਬੂਤ ਇਕੱਠੇ ਕੀਤੇ ਹਨ ਜੋ ਉਸਦੀਆਂ ਦਹਿਸ਼ਤਗਰਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਜੁਰਮ ਸਾਬਤ ਕਰਦੇ ਹਨ।
'ਸਿਆਸੀ ਸ਼ਹੀਦ ਬਣਨਾ ਚਾਹੁੰਦੇ ਹਨ ਸ਼ਰੀਫ'
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਪਾਕ ਮੀਡੀਆ ਵਿੱਚ ਸਭ ਤੋਂ ਵੱਧ ਸੁਰਖ਼ੀਆਂ ਵਿੱਚ ਰਹਿਣ ਵਾਲੇ ਸਿਆਸੀ ਆਗੂ ਹਨ।
ਉਰਦੂ ਅਖ਼ਬਾਰਾਂ ਵਿੱਚ ਇਸ ਹਫ਼ਤੇ ਨਵਾਜ਼ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਬਣਾਏ ਜਾਣ ਦਾ ਮੁੱਦਾ ਛਾਇਆ ਰਿਹਾ ਤੇ ਵਿਰੋਧੀਆਂ ਦੇ ਸਿਆਸੀ ਹਮਲੇ ਸੁਰਖ਼ੀਆਂ ਬਟੋਰਦੇ ਰਹੇ ।

ਤਸਵੀਰ ਸਰੋਤ, AFP
ਪਾਕਿਸਤਾਨ ਵਿੱਚ ਵਿਰੋਧੀ ਨੇਤਾ ਇਮਰਾਨ ਖ਼ਾਨ ਨੇ ਸੱਤਾਧਾਰੀ ਪਾਰਟੀ ਮੁਸਲਿਮ ਲੀਗ ਦੇ ਮੁਖੀ ਨਵਾਜ਼ ਸ਼ਰੀਫ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਨਵਾਜ਼ ਮੁਲਕ ਵਿੱਚ ਮਾਰਸ਼ਲ ਲਾਅ ਲਾਗੂ ਕਰਵਾ ਕੇ ਸਿਆਸੀ ਸ਼ਹੀਦ ਬਣਨਾ ਚਾਹੁੰਦੇ ਹਨ।
ਅਖ਼ਬਾਰ ਦੁਨੀਆ ਦੇ ਮੁਤਾਬਕ ਇਮਰਾਨ ਖਾਨ ਦਾ ਕਹਿਣਾ ਸੀ,'' ਕੇਂਦਰ ਵਿੱਚ ਕਾਬਜ਼ ਮੁਸਲਿਮ ਲੀਗ ਦੀ ਸਰਕਾਰ ਹਰ ਪਾਸਿਓ ਨਾਕਾਮ ਹੈ ਅਤੇ ਸ਼ਰੀਫ਼ ਮਾਰਸ਼ਲ ਲਾਅ ਲਾਗੂ ਕਰਵਾਉਣ ਦੀ ਫ਼ਿਰਾਕ ਵਿੱਚ ਹਨ।
ਫਿਲਹਾਲ ਮਾਰਸ਼ਲ ਲਾਅ ਦੀ ਅਜੇ ਕੋਈ ਗੱਲ ਨਹੀਂ ਕਰ ਰਿਹਾ। ਮਸਲੇ ਦਾ ਹੱਲ ਇਹੀ ਹੈ ਕਿ ਨਵੇਂ ਸਿਰ ਤੋਂ ਚੋਣ ਕਰਵਾਈ ਜਾਵੇ।''
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












