ਅੰਜ਼ਾਮ ਲਈ ਤਿਆਰ ਰਹੇ ਭਾਰਤ: ਪਾਕਿਸਤਾਨ ਦਾ ਪਲਟਵਾਰ

ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫ਼ੂਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫ਼ੂਰ

ਪਾਕਿਸਤਾਨ ਨੇ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਦੇ ਬਿਆਨ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ।

ਪਾਕਿਸਤਾਨ ਨੇ ਭਾਰਤ ਦੀ ਕਿਸੇ ਵੀ "ਸੰਭਾਵੀ ਕਾਰਵਾਈ" ਬਾਰੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ "ਪੂਰਬੀ ਦੇਸ਼ ਤੋਂ ਆਉਣ ਵਾਲੇ ਕਿਸੇ ਵੀ ਖ਼ਤਰਿਆਂ ਨਾਲ ਨਜਿੱਠਣ ਲਈ ਹੀ ਇਸਦੇ ਪਰਮਾਣੂ ਹਥਿਆਰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਹਨ।"

ਇਸ ਤੋਂ ਪਹਿਲਾਂ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਫ਼ੌਜ ਪਾਕਿਸਤਾਨ ਦੇ 'ਪ੍ਰਮਾਣੂ ਹਥਿਆਰਾਂ' ਨਾਲ ਨਜਿੱਠਣ ਲਈ ਤਿਆਰ ਹੈ। ਜੇਕਰ ਸਰਕਾਰ ਹੁਕਮ ਕਰੇ ਤਾਂ ਭਾਰਤੀ ਫੌਜ ਪਾਕਿਸਤਾਨ ਦੀ ਸਰਹੱਦ ਪਾਰ ਕਰਨ ਤੋਂ ਨਹੀਂ ਝਿਜਕੇਗੀ।

ਜਨਰਲ ਰਾਵਤ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ, 'ਅਸੀਂ ਪਾਕਿਸਤਾਨ ਦੀ ਧਮਕੀ (ਐਟਮ) ਦਾ ਜਵਾਬ ਦੇਵਾਂਗੇ, ਜੇ ਸਾਨੂੰ ਸੱਚਮੁੱਚ ਪਾਕਿਸਤਾਨੀਆਂ ਨਾਲ ਲੜਨਾ ਪਿਆ ਅਤੇ ਜੇ ਸਾਨੂੰ ਅਜਿਹਾ ਕਰਨ ਲਈ ਕਿਹਾ ਗਿਆ ਤਾਂ ਅਸੀਂ ਇਹ ਨਹੀਂ ਕਹਾਂਗੇ ਕਿ ਅਸੀਂ ਇਸ ਲਈ ਸਰਹੱਦ ਪਾਰ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਕੋਲ ਪ੍ਰਮਾਣੂ ਹਥਿਆਰ ਹਨ। ਅਸੀਂ ਉਨ੍ਹਾਂ ਦੇ ਪ੍ਰਮਾਣੂ ਖਤਰੇ ਦਾ ਜਵਾਬ ਦੇਵਾਂਗੇ'।

ਜਨਰਲ ਬਿਪਨ ਰਾਵਤ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਦੇ ਬਿਆਨ 'ਤੇ ਸਖਤ ਪ੍ਰਤੀਕਿਰਿਆ

ਪ੍ਰਮਾਣੂ ਸ਼ਕਤੀ

ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫ਼ੂਰ ਨੇ ਭਾਰਤ ਵਲੋਂ ਕਿਸੇ ਵੀ ਸੰਭਾਵੀ ਹਮਲੇ ਦੇ ਹਾਲਾਤ ਦਾ ਸਖ਼ਤ ਜਵਾਬ ਦੇਣ ਦੀ ਚੇਤਾਵਨੀ ਦਿੱਤੀ ਹੈ।

ਉਨ੍ਹਾਂ ਨੇ ਪਾਕਿਸਤਾਨ ਦੇ ਅਧਿਕਾਰਤ ਟੈਲੀਵਿਜ਼ਨ ਚੈਨਲ 'ਤੇ ਕਿਹਾ, "ਜੇਕਰ ਉਹ ਅਜਿਹਾ ਕਰਨਾ ਚਾਹੁੰਦੇ ਹਨ, ਤਾਂ ਇਹ ਉਨ੍ਹਾਂ ਦੀ ਪਸੰਦ ਹੋਵੇਗੀ। ਜੇਕਰ ਉਹ ਸਾਡੇ ਸਬਰ ਨੂੰ ਪਰਖਣਾ ਚਾਹੁੰਦੇ ਹਨ ਤਾਂ ਇਸ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪਰ ਫਿਰ ਉਹ ਇਸ ਦਾ ਅੰਜਾਮ ਭੁਗਤਣ ਲਈ ਵੀ ਤਿਆਰ ਰਹਿਣ"।

ਮੇਜਰ ਜਨਰਲ ਆਸਿਫ ਗਫ਼ੂਰ ਨੇ ਇਹ ਵੀ ਕਿਹਾ ਕਿ ਜਨਰਲ ਰਾਵਤ ਦੀ ਟਿੱਪਣੀ ਕਿਸੇ ਫੌਜੀ ਜਰਨੈਲ ਨੂੰ ਸ਼ੋਭਾ ਨਹੀਂ ਦਿੰਦੀ।

ਆਸਿਫ ਗਫ਼ੂਰ ਕਹਿੰਦਾ ਹੈ, "ਪਾਕਿਸਤਾਨ ਦੀ ਪਰਮਾਣੂ ਸ਼ਕਤੀ ਨੂੰ ਦੇਖਦੇ ਹੋਏ, ਭਾਰਤ ਇਕ ਰਵਾਇਤੀ ਯੁੱਧ ਲੜਨ ਦੀ ਸਥਿਤੀ ਵਿਚ ਨਹੀਂ ਹੈ, ਪਰ ਅਸੀਂ ਇਹ ਵੀ ਮੰਨਦੇ ਹਾਂ ਕਿ ਇਹ ਇਕ ਵਿਰੋਧ ਦਾ ਹਥਿਆਰ ਹੈ।"