ਸ਼ਾਂਤ, ਅਨੁਸ਼ਾਸਿਤ ਅਤੇ ਚੰਗਾ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਮਨਜੋਤ ਕਾਲਰਾ-ਕੋਚ

ਮਨਜੋਤ ਕਾਲਰਾ

ਤਸਵੀਰ ਸਰੋਤ, Twitter/@ICC

    • ਲੇਖਕ, ਸੁਰਿਆਂਸ਼ੀ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਆਸਟ੍ਰੇਲੀਆ ਖ਼ਿਲਾਫ਼ ਅੰਡਰ-19 ਵਿਸ਼ਵ ਕੱਪ ਫ਼ਾਇਨਲ ਵਿੱਚ ਸੈਂਕੜਾ ਜੜ ਕੇ ਮਨਜੋਤ ਕਾਲਰਾ ਨੇ ਭਾਰਤ ਦੇ ਮੱਥੇ 'ਤੇ ਸ਼ਗੁਨ ਦਾ ਟਿੱਕਾ ਲਗਾ ਦਿੱਤਾ ਹੈ।

ਉਨ੍ਹਾਂ ਨੇ 102 ਗੇਂਦਾਂ 'ਤੇ 101 ਰਨ ਬਣਾਏ। ਅੰਡਰ-19 ਕ੍ਰਿਕਟ ਕਰੀਅਰ ਦਾ ਉਨ੍ਹਾਂ ਦਾ ਪਹਿਲਾਂ ਸੈਂਕੜਾ ਭਾਰਤ ਨੂੰ ਵਿਸ਼ਵ ਕੱਪ ਜਤਾਉਣ ਵਿੱਚ ਕੰਮ ਆਇਆ।

ਉਨ੍ਹਾਂ ਦੇ ਵੱਡੇ ਭਰਾ ਹਿਤੇਸ਼ ਕਾਲਰਾ ਨੇ ਦਿੱਲੀ ਦੇ ਇਸ ਖਿਡਾਰੀ ਨੂੰ ਕ੍ਰਿਕਟ ਦੀ ਦੁਨੀਆਂ ਨਾਲ ਰੁਬਰੂ ਕਰਵਾਇਆ।

ਮਨਜੋਤ ਕਾਲਰਾ ਦੇ ਛੋਟੇ ਚਚੇਰੇ ਭਰਾ ਚੇਤਨ ਮਹਿਤਾ ਕਹਿੰਦੇ ਹਨ ਕਿ ਮਨਜੋਤ ਦੇ ਵੱਡੇ ਭਰਾ ਹਿਤੇਸ਼ ਕਾਲਰਾ ਨੂੰ ਬਚਪਨ ਤੋਂ ਹੀ ਕ੍ਰਿਕਟ ਦੇਖਣ ਅਤੇ ਖੇਡਣ ਦਾ ਸ਼ੌਕ ਸੀ ਪਰ ਸਮੇਂ ਦੇ ਨਾਲ ਵੱਡੇ ਭਰਾ ਦਾ ਸ਼ੌਕ ਛੋਟੇ ਭਰਾ ਦਾ ਜਨੂੰਨ ਬਣ ਗਿਆ।

ਇਸ ਤੋਂ ਬਾਅਦ ਮਨਜੋਤ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਦਿੱਲੀ ਵੱਲੋਂ ਖਿਡਾਉਣ ਦਾ ਟੀਚਾ ਬਣਾ ਲਿਆ ਅਤੇ ਦਿੱਲੀ ਕਲੱਬ, ਐਲ ਬੀ ਸ਼ਾਸਤਰੀ ਵਿੱਚ ਦਾਖ਼ਲਾ ਕਰਵਾ ਦਿੱਤਾ।

ਮਨਜੋਤ ਕਾਲਰਾ ਦੇ ਪਿਤਾ, ਪਰਵੀਨ ਕਾਲਰਾ ਪੇਸ਼ੇ ਤੋਂ ਫ਼ਲਾਂ ਦੇ ਥੋਕ ਦੇ ਵਪਾਰੀ ਹਨ।

ਪਿਤਾ ਰੋਜ਼ਾਨਾ 4 ਘੰਟੇ ਪ੍ਰੈਕਟਿਸ ਕਰਵਾਉਂਦੇ ਸੀ

ਪ੍ਰਵੀਨ ਕਾਲਰਾ ਨੇ ਬੀਬੀਸੀ ਨੂੰ ਦੱਸਿਆ ਕਿ ਆਪਣੇ ਕੰਮ ਦੇ ਬਾਅਦ ਉਨ੍ਹਾਂ ਦੇ ਪਿਤਾ ਖ਼ੁਦ ਅਕੈਡਮੀ ਵਿੱਚ ਆਪਣੇ ਮਨਜੋਤ ਲਈ ਦੁਪਹਿਰ ਦਾ ਖਾਣਾ ਲੈ ਕੇ ਜਾਂਦੇ ਸੀ ਅਤੇ ਚਾਰ ਘੰਟੇ ਖੜ੍ਹੇ ਹੋ ਕੇ ਪ੍ਰੈਕਟਿਸ ਕਰਵਾਉਂਦੇ ਸੀ।

ਮਨਜੋਤ ਕਾਲਰਾ

ਤਸਵੀਰ ਸਰੋਤ, Getty Images

ਦਿੱਲੀ ਕਲੱਬ, ਐਲ ਬੀ ਸ਼ਾਸਤਰੀ ਦੇ ਕੋਚ ਸੰਜੇ ਭਾਰਦਵਾਜ ਦੱਸਦੇ ਸੀ ਕਿ ਮਨਜੋਤ ਕਾਲਰਾ ਦੀ ਖੇਡ ਨੂੰ ਤਿੰਨ ਸ਼ਬਦਾਂ ਵਿੱਚ ਸਮੇਟ ਕੇ ਦੱਸਿਆ ਜਾਵੇ ਤਾਂ ਇਹ ਖਿਡਾਰੀ 'ਕੂਲ, ਕਾਮ ਅਤੇ ਕੰਸਿਸਟੈਂਟ' ਹੈ। ਯਾਨਿ ਕਿ ਸ਼ਾਂਤ, ਸਹਿਜ ਅਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਹੈ।

2012 ਵਿੱਚ ਤੀਜਾ U-19 ਵਿਸ਼ਵ ਕੱਪ ਜਿੱਤਣ ਵਾਲੇ ਟੀਮ ਦੇ ਕੈਪਟਨ ਉਨਮੁਕਤ ਚੰਦ ਦਾ ਕਹਿਣਾ ਹੈ ਕਿ ਇਸ ਟੀਮ ਦਾ ਹਰ ਖਿਡਾਰੀ ਰਾਹੁਲ ਦਰਾਵਿੜ ਦੀ ਬਿਹਤਰੀਨ ਕੋਚਿੰਗ ਦਾ ਨਮੂਨਾ ਪੇਸ਼ ਕਰਦਾ ਹੈ ਅਤੇ ਮਨਜੋਤ ਕਾਲਰਾ ਉਨ੍ਹਾਂ ਵਿੱਚੋਂ ਇੱਕ ਹੈ।

ਖੱਬੇ ਹੱਥ ਦੇ ਬੱਲੇਬਾਜ਼ ਮਨਜੋਤ ਕਾਲਰਾ ਦੇ ਸੈਂਕੜੇ ਤੋਂ ਬਾਅਦ ਹੁਣ ਆਈਪੀਐੱਲ ਦੇ ਆਗਾਮੀ ਸੀਜ਼ਨ ਵਿੱਚ ਵੀ ਉਨ੍ਹਾਂ 'ਤੇ ਨਜ਼ਰਾਂ ਹੋਣਗੀਆਂ। ਦਿੱਲੀ ਦੇ ਇਸ ਖਿਡਾਰੀ ਨੂੰ ਦਿੱਲੀ ਦੇ ਡੇਅਰ ਡੇਵਿਲਜ਼ ਨੇ ਹੀ 20 ਲੱਖ ਰੁਪਏ ਵਿੱਚ ਖ਼ਰੀਦਿਆ ਹੈ।

ਮਨਜੋਤ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)