ਮੈਂ ਤੈਅ ਕਰ ਲਿਆ ਸੀ ਕਿ ਮੈਚ ਮੈਂ ਹੀ ਖ਼ਤਮ ਕਰਾਂਗਾ: ਮਨਜੋਤ ਕਾਲਰਾ

ਤਸਵੀਰ ਸਰੋਤ, Getty Images
- ਲੇਖਕ, ਜਸਵਿੰਦਰ ਸਿੱਧੂ
- ਰੋਲ, ਬੀਬੀਸੀ ਪੰਜਾਬੀ ਦੇ ਲਈ
ਭਾਰਤ ਨੇ ਚੌਥੀ ਵਾਰ ਕ੍ਰਿਕਟ ਦਾ ਅੰਡਰ-19 ਵਿਸ਼ਵ ਕੱਪ ਨੂੰ ਜਿੱਤਿਆ ਹੈ। ਇਸ ਵਿਸ਼ਵ ਕੱਪ ਵਿੱਚ ਕਈ ਨੌਜਵਾਨ ਭਾਰਤੀ ਕ੍ਰਿਕਟ ਦੇ ਭਵਿੱਖ ਵਜੋਂ ਨਜ਼ਰ ਆ ਰਹੇ ਹਨ।
ਫਾਇਨਲ ਮੈਚ ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਭਾਰਤੀ ਬੱਲੇਬਾਜ਼ ਮਨਜੋਤ ਕਾਲਰਾ ਨੇ ਸ਼ਾਨਦਾਰ ਸੈਂਕੜਾ ਜੜਿਆ ਤੇ ਭਾਰਤੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ।
ਮਨਜੋਤ ਨੇ ਕਿਹਾ, "ਇਸ ਵਿਸ਼ਵ ਕੱਪ ਦੀ ਜਿੱਤ ਮੇਰੇ ਕਰਿਅਰ ਲਈ ਕਾਫ਼ੀ ਅਹਿਮ ਹੈ। ਮੈਂ ਹੋਰ ਅਭਿਆਸ ਕਰਕੇ ਆਪਣੇ ਖੇਡ ਨੂੰ ਸੁਧਾਰਨ ਵੱਲ ਕੰਮ ਕਰਾਂਗਾਂ।''
'ਮੈਂ ਆਖਰ ਤੱਕ ਖੇਡਣ ਦਾ ਫੈਸਲਾ ਲਿਆ'
ਮੈਚ ਬਾਰੇ ਦੱਸਦਿਆਂ ਮਨਜੋਤ ਨੇ ਕਿਹਾ, "ਜਦੋਂ ਭਾਰਤ ਦੇ 2 ਵਿਕਟ ਡਿੱਗੇ ਤਾਂ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਆਖ਼ਰ ਤੱਕ ਮੈਚ ਖੇਡਣਾ ਹੈ ਤੇ ਭਾਰਤ ਨੂੰ ਜਿੱਤ ਵੱਲ ਲੈ ਕੇ ਜਾਣਾ ਹੈ।''

ਤਸਵੀਰ ਸਰੋਤ, Getty Images
ਮਨਜੋਤ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ। ਮਨਜੋਤ ਨੇ ਭਾਰਤ ਦੀ ਅੰਡਰ-19 ਟੀਮ ਦੇ ਕੋਚ ਰਾਹੁਲ ਡਰਾਵਿੜ ਦੀ ਵੀ ਸ਼ਲਾਘਾ ਕੀਤੀ।
ਮਨਜੋਤ ਨੇ ਕਿਹਾ, "ਰਾਹੁਲ ਡਰੈਵਿੜ ਨੇ ਕੋਚ ਵਜੋਂ ਸਾਨੂੰ ਕਾਫੀ ਉਤਸ਼ਾਹਤ ਕੀਤਾ ਅਤੇ ਸਾਡਾ ਮਨੋਬਲ ਵਧਾਇਆ।''
'ਮੇਰੇ ਪਿਤਾ ਮੇਰਾ ਥੰਮ ਬਣੇ'
ਅੰਡਰ-19 ਵਿਸ਼ਵ ਕੱਪ ਵਿੱਚ ਪਾਕਿਸਤਾਨ ਖਿਲਾਫ਼ ਸੈਂਕੜਾ ਮਾਰਨ ਵਾਲੇ ਸ਼ੁਬਮਨ ਗਿੱਲ ਨੇ ਦੱਸਿਆ ਕਿ ਪਾਕਿਸਤਾਨ ਖਿਲਾਫ਼ ਉਨ੍ਹਾਂ ਸੈਂਕੜਾ ਕਾਫ਼ੀ ਖਾਸ ਹੈ। ਸ਼ੁਬਮਨ ਗਿੱਲ ਨੇ ਆਪਣੀ ਕਾਮਯਾਬੀ ਨੂੰ ਆਪਣੇ ਪਿਤਾ ਨੂੰ ਸਮਰਪਿਤ ਕੀਤਾ।

ਤਸਵੀਰ ਸਰੋਤ, fb/cricketworldcup
ਸ਼ੁਬਮਨ ਨੇ ਕਿਹਾ, "ਸਾਡਾ ਪਿੰਡ ਫਾਜ਼ਿਲਕਾ ਵਿੱਚ ਪੈਂਦਾ ਹੈ ਜੋ ਮੁਹਾਲੀ ਤੋਂ 300 ਕਿਲੋਮੀਟਰ ਦੂਰ ਹੈ। ਮੇਰੀ ਖੇਡ ਕਰਕੇ ਹੀ ਸਾਡਾ ਪਰਿਵਾਰ ਮੋਹਾਲੀ ਆ ਕੇ ਵਸਿਆ। ਮੇਰੇ ਪਿਤਾ ਨੂੰ ਮੇਰੇ ਲਈ ਕਈ ਚੱਕਰ ਮੁਹਾਲੀ ਤੇ ਪਿੰਡ ਵਿਚਾਲੇ ਲਗਾਉਣੇ ਪੈਂਦੇ ਸੀ।''
"ਪਰ ਉਨ੍ਹਾਂ ਨੇ ਫਿਰ ਵੀ ਮੇਰੀ ਪ੍ਰੈਕਟਿਸ ਵਿੱਚ ਮੇਰੀ ਕਾਫੀ ਮਦਦ ਕੀਤੀ।''
ਆਪਣੀ ਪਾਕਿਸਤਾਨ ਖਿਲਾਫ ਖੇਡੀ ਪਾਰੀ ਬਾਰੇ ਬੋਲਦਿਆਂ ਸ਼ੁਭਮਨ ਨੇ ਕਿਹਾ, "ਮੈਂ ਸੋਚ ਲਿਆ ਸੀ ਕਿ ਮੈਨੂੰ ਆਖਰ ਤੱਕ ਖੇਡਣਾ ਹੋਵੇਗਾ, ਤਾਂ ਹੀ ਅਸੀਂ ਮੈਚ ਵਿੱਚ ਚੰਗਾ ਸਕੋਰ ਖੜ੍ਹਾ ਕਰ ਸਕਦੇ ਹਾਂ।''
ਸ਼ੁਬਮਨ ਗਿੱਲ ਅੰਡਰ-19 ਵਿਸ਼ਵ ਕੱਪ ਵਿੱਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। IPL ਵਿੱਚ ਸ਼ੁਬਮਨ ਗਿੱਲ ਨੂੰ ਕੋਲਕਤਾ ਨਾਈਟ ਰਾਈਡਰਸ ਨੇ 1.8 ਕਰੋੜ ਰੁਪਏ ਲਈ ਸਾਈਨ ਕੀਤਾ ਹੈ।
(ਭਾਰਤ ਦੇ ਅੰਡਰ-19 ਟੀਮ ਦੇ ਖਿਡਾਰੀ ਮਨਜੋਤ ਕਾਲਰਾ ਤੇ ਸ਼ੁਭਮਨ ਗਿੱਲ ਨਾਲ ਜਸਵਿੰਦਰ ਸਿੱਧੂ ਨੇ ਬੀਬੀਸੀ ਪੰਜਾਬੀ ਲਈ ਗੱਲਬਾਤ ਕੀਤੀ।)












