You’re viewing a text-only version of this website that uses less data. View the main version of the website including all images and videos.
ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਵਿੱਕੀ ਗੌਂਡਰ ਦੇ ਤਿੰਨ ਸਾਥੀ
- ਲੇਖਕ, ਪਾਲ ਸਿੰਘ ਨੌਲੀ ਅਤੇ ਜਸਬੀਰ ਸ਼ੇਤਰਾ
- ਰੋਲ, ਬੀਬੀਸੀ ਪੰਜਾਬੀ ਲਈ
ਪੰਜਾਬ ਪੁਲਿਸ ਨੇ ਵਿੱਕੀ ਗੌਂਡਰ ਨੂੰ ਮਾਰਨ ਵਾਲੇ ਪੁਲਿਸ ਇੰਸਪੈਕਟਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਗੌਂਡਰ ਗੈਂਗ ਦੇ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ।
ਪੁਲਿਸ ਨੇ ਉਨ੍ਹਾਂ ਕੋਲੋਂ 6 ਪਿਸਤੌਲ ਬਰਾਮਦ ਕੀਤੇ ਹਨ ਜਿਸ 'ਚੋਂ ਚਾਰ ਪਿਸਤੌਲ 12 ਬੋਰ ਅਤੇ ਦੋ 32 ਬੋਰ ਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ, ਵਾਸੀ ਤਲਵੰਡੀ ਖੁਰਦ, ਗੁਰਜੀਤ ਸਿੰਘ, ਵਾਸੀ ਬਡਾਲਾ ਅਤੇ ਕਾਰਜਪਾਲ ਸਿੰਘ, ਵਾਸੀ ਪੰਜਾਬ ਸਿੰਘਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ।
ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਲੰਧਰ ਜ਼ੋਨ ਦੇ ਆਈਜੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਜਗਰਾਉਂ ਪੁਲੀਸ ਨੇ ਪਿੰਡ ਗਾਲਿਬ ਕਲਾਂ ਨੇੜੇ ਜਗਰਾਓਂ 'ਤੇ ਨਾਕੇ ਦੌਰਾਨ ਤਿੰਨਾਂ ਨੂੰ ਕਾਬੂ ਕੀਤਾ।
ਸੋਸ਼ਲ ਮੀਡੀਆ 'ਤੇ ਧਮਕੀ
ਵਿੱਕੀ ਗੌਂਡਰ ਦੇ ਮਾਰੇ ਜਾਣ ਤੋਂ ਬਾਅਦ ਫੇਸਬੁੱਕ 'ਤੇ ਲਗਾਤਾਰ ਇੰਸਪੈਕਟਰ ਵਿਕਰਮ ਬਰਾੜ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
ਉਨ੍ਹਾਂ ਕਿਹਾ ਕਿ ਕਾਬੂ ਕੀਤਾ ਗੁਰਪ੍ਰੀਤ ਸਿੰਘ ਉਰਫ ਗੋਪੀ ਦੁਬਈ ਰਹਿੰਦਾ ਸੀ ਅਤੇ ਆਰਥਿਕ ਤੌਰ 'ਤੇ ਗੌਂਡਰ ਗੈਂਗ ਦੀ ਮਦਦ ਕਰਦਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਾਪਸ ਆ ਕੇ ਗੋਪੀ ਸਿੱਧੇ ਤੌਰ 'ਤੇ ਗੈਂਗ 'ਚ ਸ਼ਾਮਲ ਹੋ ਗਿਆ ਅਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਸੀ।
ਸ਼ੁਕਲਾ ਨੇ ਦੱਸਿਆ ਕਿ ਕਾਬੂ ਕੀਤਾ ਕਾਰਜਪਾਲ ਸਿੰਘ ਵਿੱਕੀ ਗੌਂਡਰ ਨਾਲ ਮਾਰੇ ਗਏ ਪ੍ਰੇਮਾ ਲਾਹੌਰੀਆ ਦਾ ਰਿਸ਼ਤੇਦਾਰ ਹੈ।
ਪ੍ਰੈਸ ਕਾਨਫਰੰਸ 'ਚ ਮੌਜੂਦ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ ਸੁਰਜੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗੈਂਗਸਟਰਾਂ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਵੀ ਮਾਮਲੇ ਦਰਜ ਹਨ।
ਉਨ੍ਹਾਂ ਕਿਹਾ ਕਿ ਵਿੱਕੀ ਗੌਂਡਰ ਦੇ ਮਾਰੇ ਜਾਣ ਤੋਂ ਬਾਅਦ ਇਨ੍ਹਾਂ ਨੇ ਫੇਸਬੁੱਕ 'ਤੇ 'ਸਰਪੰਚ' ਨਾਮ ਦੇ ਖਾਤੇ ਤੋਂ ਪੁਲਿਸ ਨੂੰ ਧਮਕਾਉਣ ਵਾਲੀਆਂ ਪੋਸਟਾਂ ਪਾਈਆਂ ਸਨ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵਿੱਕੀ ਗੌਂਡਰ ਦੇ ਹੱਕ 'ਚ ਹਮਦਰਦੀ ਦੀ ਹਵਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਉਨ੍ਹਾਂ ਇਹ ਵੀ ਦੱਸਿਆ ਕਿ ਹਾਲੇ ਇਨ੍ਹਾਂ ਦੇ ਕੁਝ ਹੋਰ ਸਾਥੀ ਫਰਾਰ ਹਨ ਜੋ ਜਲਦ ਕਾਬੂ ਕਰ ਲਏ ਜਾਣਗੇ।
ਕਾਬੂ ਕੀਤੇ ਕਥਿਤ ਦੋਸ਼ੀਆਂ ਖਿਲਾਫ ਥਾਣਾ ਸਦਰ ਜਗਰਾਓਂ 'ਚ ਐਨ.ਡੀ.ਪੀ.ਐਸ ਐਕਟ ਅਤੇ ਆਰਮਜ਼ ਐਕਟ ਸਮੇਤ ਕਈ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ।