ਲੋਇਆ, ਅਮਿਤ ਸ਼ਾਹ, ਕਾਨੂੰਨੀ ਪ੍ਰਕਿਰਿਆ, ਜੋ ਹਾਲੇ ਤਕ ਪੱਕੇ ਤੌਰ 'ਤੇ ਪਤਾ ਹੈ

ਤਸਵੀਰ ਸਰੋਤ, CARAVAN MAGAZINE
ਜੱਜ ਬ੍ਰਜਗੋਪਾਲ ਲੋਇਆ ਦੇ ਪੁੱਤਰ ਅਨੁਜ ਨੇ ਐਤਵਾਰ ਨੂੰ ਮੀਡੀਆ ਦੇ ਸਾਹਮਣੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਬਾਰੇ ਉਨ੍ਹਾਂ ਨੂੰ ਕੋਈ 'ਸ਼ੱਕ ਨਹੀਂ' ਹੈ ਅਤੇ ਉਨ੍ਹਾਂ ਦੀ ਪਰਿਵਾਰ ਦਾ ਕਿਸੇ 'ਤੇ 'ਇਲਜ਼ਾਮ ਨਹੀਂ ਮੜ੍ਹਦਾ'।
ਅਨੁਜ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੀ 'ਜਾਂਚ' ਨਹੀਂ ਚਾਹੁੰਦੇ।
ਮਾਮਲਾ ਇਸ ਲਈ ਸਿਆਸੀ ਤੌਰ 'ਤੇ ਸੰਜੀਦਾ ਹੈ ਕਿਉਂਕਿ ਜੱਜ ਲੋਇਆ ਸੋਹਰਾਬੂਦੀਨ ਸ਼ੇਖ਼ ਐਨਕਾਊਂਟਰ ਕੇਸ ਦੀ ਸੁਣਵਾਈ ਕਰ ਰਹੇ ਸਨ।
ਇਸ ਮਾਮਲੇ 'ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੀ ਮੁਲਜ਼ਮ ਸਨ।
ਅੰਗਰੇਜ਼ੀ ਮੈਗਜ਼ੀਨ 'ਦਿ ਕੈਰੇਵਾਨ' ਨੇ ਪਹਿਲੀ ਵਾਰ ਸੀਬੀਆਈ ਦੇ ਵਿਸ਼ੇਸ਼ ਜੱਜ ਬ੍ਰਜਗੋਪਾਲ ਲੋਇਆ ਦੀ ਮੌਤ ਨੂੰ ਸ਼ੱਕੀ ਦੱਸਦੇ ਹੋਏ ਨਵੰਬਰ 2017 ਨੂੰ ਰਿਪੋਰਟ ਜਾਰੀ ਕੀਤੀ ਸੀ।
ਇਹ ਰਿਪੋਰਟ ਮਰਹੂਮ ਜੱਜ ਦੇ ਪਰਿਵਾਰ ਨਾਲ ਕੀਤੀ ਗੱਲਬਾਤ 'ਤੇ ਅਧਾਰਿਤ ਸੀ।

ਤਸਵੀਰ ਸਰੋਤ, TWITTER/ HARTOSH SINGH BAL
ਡਿਕਰਯੋਗ ਹੈ ਕਿ ਲੋਇਆ ਦੀ ਮੌਤ 1 ਦਸੰਬਰ 2014 ਦੀ ਸਵੇਰ ਵੇਲੇ ਨਾਗਪੁਰ 'ਚ ਹੋਈ ਸੀ ਜਿੱਥੇ ਉਹ ਇੱਕ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ ਗਏ ਸਨ।
ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਗਿਆ ਸੀ।
ਦੋ ਚਿੱਠੀਆਂ, ਦੋ ਦਾਅਵੇ
'ਦਿ ਕੈਰੇਵਾਨ' ਦੇ ਸਿਆਸੀ ਮਾਮਲਿਆਂ ਬਾਰੇ ਸੰਪਾਦਕ ਹਰਤੋਸ਼ ਸਿੰਘ ਬਲ ਨੇ ਐਤਵਾਰ ਨੂੰ ਅਨੁਜ ਲੋਇਆ ਦੀਆਂ ਦੋ ਪੁਰਾਣੀਆਂ ਚਿੱਠੀਆਂ ਟਵੀਟ ਕੀਤੀਆਂ।
ਪਹਿਲੀ ਚਿੱਠੀ 'ਚ ਅਨੁਜ ਲੋਇਆ ਨੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਜਾਂਚ ਦੀ ਮੰਗ ਕੀਤੀ ਸੀ, ਕੈਰੇਵਾਨ ਦੀ ਰਿਪੋਰਟ ਪ੍ਰਕਾਸ਼ਿਤ ਹੋਣ ਤੋਂ ਕੁਝ ਦਿਨਾਂ ਬਾਅਦ ਅਨੁਜ ਨੇ ਅਚਾਨਕ ਇੱਕ ਹੋਰ ਚਿੱਠੀ ਲਿਖੀ ਜਿਸ 'ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਬਾਰੇ ਕੋਈ ਸ਼ੱਕ ਨਹੀਂ ਹੈ।
ਇਹ ਦੋਵੇਂ ਚਿੱਠੀਆਂ 'ਦਿ ਕੈਰੇਵਾਨ' ਮੈਗਜ਼ੀਨ ਮੁਤਾਬਕ ਉਨ੍ਹਾਂ ਨੂੰ ਅਨੁਜ ਲੋਇਆ ਦੇ ਕਰੀਬੀ ਮਿੱਤਰ ਵੱਲੋਂ ਭੇਜੀਆਂ ਗਈਆਂ ਸਨ।

ਤਸਵੀਰ ਸਰੋਤ, INDIAN EXPRESS
ਇੱਥੇ ਹੀ ਬੱਸ ਨਹੀਂ ਹਰਤੋਸ਼ ਬਲ ਨੇ ਅਨੁਜ ਲੋਇਆ ਦੀ ਐਤਵਾਰ ਦੀ ਪ੍ਰੈਸ ਕਾਨਫਰੰਸ ਦੇ ਬਾਅਦ ਦੂਜਾ ਟਵੀਟ ਵੀ ਕੀਤਾ।
ਉਨ੍ਹਾਂ ਕੁਝ ਸਵਾਲ ਖੜ੍ਹੇ ਕੀਤੇ, ''ਅਨੁਜ ਲੋਇਆ ਨੇ ਪਹਿਲੀ ਚਿੱਠੀ 'ਚ ਇਨਕਾਰ ਨਹੀਂ ਕੀਤਾ, ਨਾ ਹੀ ਪਰਿਵਾਰ ਦੇ ਵੀਡੀਓ ਬਾਰੇ ਕੁਝ ਕਿਹਾ, ਪੂਰੇ ਮਾਮਲੇ ਦੀ ਜਾਂਚ ਨਾਲ ਕਿਸੇ ਤੋਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਵਾਲਾ, ਸਗੋਂ ਸਾਰੇ ਸ਼ੱਕ ਖ਼ਤਮ ਹੋ ਜਾਣਗੇ।''
ਇੰਡੀਅਨ ਐਕਸਪ੍ਰੈਸ ਦੇ ਪ੍ਰਸ਼ਨ
ਪਰ ਇੰਡੀਅਨ ਐਕਸਪ੍ਰੈਸ ਨੇ 'ਦਿ ਕੈਰੇਵਾਨ' ਦੀ ਰਿਪੋਰਟ ਪ੍ਰਕਾਸ਼ਿਤ ਹੋਣ ਤੋਂ ਇੱਕ ਹਫ਼ਤੇ ਬਾਅਦ ਉਸ ਉੱਤੇ ਸਵਾਲ ਖੜ੍ਹੇ ਕੀਤੇ।
'ਦਿ ਕੈਰੇਵਾਨ' ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਜੱਜ ਲੋਇਆ ਨੂੰ ਆਟੋ ਰਿਕਸ਼ਾ ਰਾਹੀਂ ਹਸਪਤਾਲ ਲਿਜਾਇਆ ਗਿਆ ਸੀ।
ਇਸ ਤੋਂ ਇਲਾਵਾ ਲੋਇਆ ਦੀ ਭੈਣ ਨੇ ਸਵਾਲ ਕੀਤਾ ਸੀ ਕਿ ਦਿਲ ਦਾ ਦੌਰਾ ਪੈਣ ਦੀ ਹਾਲਤ 'ਚ ਉਨ੍ਹਾਂ ਦੀ ਈਸੀਜੀ ਕਿਉਂ ਨਹੀਂ ਕੀਤੀ ਗਈ?
'ਇੰਡੀਅਨ ਐਕਸਪ੍ਰੈਸ' ਨੇ 27 ਨਵੰਬਰ ਨੂੰ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਰਿਪੋਰਟ 'ਚ ਈਸੀਜੀ ਰਿਪੋਰਟ ਵੀ ਛਾਪੀ ਗਈ।
ਨਾਗਪੁਰ ਦੇ ਦਾਂਡੇ ਹਸਪਤਾਲ ਦੇ ਪ੍ਰਬੰਧਕਾਂ ਦੇ ਹਵਾਲੇ ਨਾਲ ਅਖ਼ਬਾਰ ਨੇ ਦੱਸਿਆ ਕਿ ਜੱਜ ਲੋਇਆ ਦਾ ਈਸੀਜੀ ਟੈਸਟ ਕੀਤਾ ਗਿਆ ਸੀ। ਨਾਲ ਹੀ ਇਹ ਵੀ ਦੱਸਿਆ ਕਿ ਆਟੋ ਰਿਕਸ਼ਾ ਨਾਲ ਨਹੀਂ, ਸਗੋਂ ਉਨ੍ਹਾਂ ਨੂੰ ਕਾਰ ਰਾਹੀਂ ਹਸਪਤਾਲ ਲਿਜਾਇਆ ਗਿਆ।
ਇਸ ਗੱਲ ਦੀ ਤਸਦੀਕ ਇੱਕ ਜੱਜ ਨੇ ਇੰਡੀਅਨ ਐਕਸਪ੍ਰੈਸ ਨਾਲ ਕੀਤੀ ਸੀ।
ਇਸ ਦੇ ਬਾਅਦ ਈਸੀਜੀ ਰਿਪੋਰਟ 'ਚ ਛਪੀ ਤਰੀਕ ਨੂੰ ਲੈ ਕੇ ਰੌਲਾ ਪੈ ਗਿਆ।
ਇੰਡੀਅਨ ਐਕਸਪ੍ਰੈਸ ਦੀ ਈਸੀਜੀ ਰਿਪੋਰਟ 'ਚ ਤਰੀਕ 30 ਨਵੰਬਰ ਸੀ, ਜਿਹੜੀ ਜੱਜ ਲੋਇਆ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਦੀ ਤਰੀਕ ਸੀ।

ਤਸਵੀਰ ਸਰੋਤ, Uday Gware
ਬਾਅਦ ਵਿੱਚ ਹਸਪਤਾਲ ਵੱਲੋਂ ਕਿਹਾ ਗਿਆ ਕਿ ਈਸੀਜੀ ਮਸ਼ੀਨ 'ਚ ਡਿਫਾਲਟ ਸਮਾਂ ਅਮਰੀਕਾ ਦਾ ਸੀ ਇਸ ਲਈ ਅਜਿਹਾ ਹੋਇਆ।
ਲਾਤੂਰ ਬਾਰ ਐਸੋਸੀਏਸ਼ਨ ਦੀ ਮੰਗ
ਇਸ ਮਾਮਲੇ 'ਚ 27 ਨਵੰਬਰ ਨੂੰ ਮਹਾਰਾਸ਼ਟਰ ਦੇ ਲਾਤੂਰ ਦੀ ਬਾਰ ਐਸੋਸੀਏਸ਼ਨ ਨੇ ਲੋਇਆ ਦੀ ਮੌਤ ਦੀ ਜਾਂਚ ਨੂੰ ਲੈ ਕੇ ਇੱਕ ਨਿਆਇਕ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਤਾਂ ਜੋ ਸਭ ਕੁਝ ਸਾਫ਼ ਹੋ ਸਕੇ।
ਬੀਬੀਸੀ ਨਾਲ ਗੱਲਬਾਤ 'ਚ ਜੱਜ ਲੋਇਆ ਦੇ ਸਹਿਪਾਠੀ ਰਹੇ ਅਤੇ ਲਾਤੂਰ ਬਾਰ ਐਸੋਸੀਏਸ਼ਨ ਦੇ ਮੈਂਬਰ, ਵਕੀਲ ਉਦੇ ਗਵਾਰੇ ਨੇ ਕਿਹਾ, ''ਇਸ 'ਤੇ ਸ਼ੱਕ ਸੀ ਕਿਉਂਕਿ ਲੋਇਆ ਜਦੋਂ ਤੋਂ ਪੁਲਿਸ ਮੁਕਾਬਲੇ ਦੀ ਸੁਣਵਾਈ ਕਰ ਰਹੇ ਸਨ ਉਦੋਂ ਤੋਂ ਉਹ ਦਬਾਅ 'ਚ ਸਨ।''
ਉਨ੍ਹਾਂ ਮੁਤਾਬਕ, ''ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਅਸੀਂ ਗਏ ਸੀ ਅਤੇ ਉਸ ਵੇਲੇ ਚਰਚਾ ਸੀ ਕਿ ਇਹ ਮੌਤ ਕੁਦਰਤੀ ਨਹੀਂ ਹੈ। ਇਸ 'ਚ ਗੜਬੜ ਜ਼ਰੂਰ ਹੈ। ਉਨ੍ਹਾਂ ਦੇ ਪਰਿਵਾਰ ਵਾਲੇ ਦਬਾਅ 'ਚ ਸਨ ਅਤੇ ਉਹ ਗੱਲ ਨਹੀਂ ਕਰ ਰਹੇ ਸਨ। ਮੈਗਜ਼ੀਨ ਦੀ ਖ਼ਬਰ 'ਚ ਜਿਹੜੇ ਸਵਾਲ ਚੁੱਕੇ ਗਏ ਹਨ ਉਸ ਨਾਲ ਇਸ ਮੌਤ 'ਤੇ ਸ਼ੱਕ ਹੋਣਾ ਲਾਜ਼ਮੀ ਹੈ। ਤਿੰਨ ਸਾਲ ਬਾਅਦ ਵੀ ਇਸ ਮਾਮਲੇ 'ਤੇ ਕਿਉਂ ਗੱਲ ਨਾ ਕੀਤੀ ਜਾਵੇ?''
ਲੋਇਆ ਦੀ ਮੌਤ ਦਾ ਮਾਮਲਾ ਅਤੇ ਸੁਪਰੀਮ ਕੋਰਟ
ਜੱਜ ਲੋਇਆ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਲਈ ਬੌਂਬੇ ਲਾਇਰਜ਼ ਐਸੋਸੀਏਸ਼ਨ ਨੇ 4 ਜਨਵਰੀ ਨੂੰ ਬੰਬਈ ਹਾਈਕੋਰਟ 'ਚ ਅਰਜੀ ਦਾਇਰ ਕੀਤੀ।
ਪਰ ਇਸ ਦੌਰਾਨ ਇੱਕ ਕਾਂਗਰਸੀ ਨੇਤਾ ਤਹਸੀਨ ਪੂਨਾਵਾਲਾ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾ ਦਿੱਤਾ।
ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਦੀ ਪ੍ਰੈਸ ਕਾਨਫਰੰਸ 'ਚ ਜਦੋਂ ਪੁੱਛਿਆ ਗਿਆ ਕਿ ਕੀ ਉਹ ਜਿਸ ਸੰਜੀਦਾ ਕੇਸ ਦੀ ਗੱਲ ਕਰ ਰਹੇ ਹਨ ਉਹ ਜੱਜ ਲੋਇਆ ਦੀ ਮੌਤ ਨਾਲ ਸਬੰਧਿਤ ਹੈ।
ਇਸ ਦੇ ਜਵਾਬ ਵਿੱਚ ਜਸਟਿਸ ਗੋਗੋਈ ਨੇ ਜਵਾਬ ਦਿੱਤਾ ਸੀ - ''ਯੈਸ''
ਸੁਪਰੀਮ ਕੋਰਟ 'ਚ ਜੱਜ ਲੋਇਆ ਦੀ ਮੌਤ 'ਤੇ ਇੱਕ ਹੋਰ ਅਰਜ਼ੀ ਮਹਾਰਾਸ਼ਟਰ ਦੇ ਪੱਤਰਕਾਰ ਬੰਧੂ ਰਾਜ ਲੋਨੇ ਨੇ ਦਾਇਰ ਕੀਤੀ।
ਹੁਣ ਇਨ੍ਹਾਂ ਦੋਹਾਂ ਅਰਜੀਆਂ ਨੂੰ ਮਿਲਾ ਕੇ ਇੱਕ ਮਾਮਲਾ ਬਣਾ ਦਿੱਤਾ ਗਿਆ ਹੈ ਅਤੇ ਉਸਦੀ ਸੁਣਵਾਈ ਜਸਟਿਸ ਅਰੁਣ ਮਿਸ਼ਰਾ ਦੀ ਅਦਾਲਤ ਵਿੱਚ ਹੋਵੇਗੀ।

ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਅਤੇ ਕੁਝ ਹੋਰਾਂ ਨੇ ਇਲਜ਼ਾਮ ਲਾਇਆ ਸੀ ਕਿ ਕਈ ਸੰਜੀਦਾ ਮਾਮਲਿਆਂ 'ਚ ਚੀਫ਼ ਜਸਟਿਸ ਸੀਨੀਆਰਤਾ ਨੂੰ ਅਣਗੌਲਿਆਂ ਕਰਕੇ ਕੇਸਾਂ ਦੀ ਵੰਡ ਵਿੱਚ ਧੱਕਾ ਕੀਤਾ ਅਤੇ ਕੇਸ ਜੂਨੀਅਰ ਜੱਜ ਅਰੁਣ ਮਿਸ਼ਰਾ ਨੂੰ ਸੌਂਪ ਦਿੱਤਾ ਸੀ।
ਚਾਰੇ ਜੱਜਾਂ ਨੇ ਵੀ ਪ੍ਰੈਸ ਕਾਨਫਰੰਸ 'ਚ ਇਹੀ ਮੁੱਦਾ ਉਠਾਇਆ ਸੀ ਕਿ ਜਿਸ ਤਰ੍ਹਾਂ ਮੁਕੱਦਮੇ ਦੀ ਸੁਣਵਾਈ ਦਾ ਕੰਮ ਜੱਜਾਂ ਨੂੰ ਸੌਂਪਿਆਂ ਜਾ ਰਿਹਾ ਹੈ ਉਸ 'ਚ ਗੜਬੜੀ ਲਗਦੀ ਹੈ।
ਲੋਇਆ ਦੀ ਮੌਤ ਦੀ ਜਾਂਚ ਨੂੰ ਲੈ ਕੇ ਕਿਉਂ ਪਿਆ ਰੌਲਾ?
ਸੋਹਰਾਬੂਦੀਨ ਅਨਵਰ ਹੁਸੈਨ ਸ਼ੇਖ਼ ਦਾ 26 ਨਵੰਬਰ 2005 ਦੇ ਫਰਜ਼ੀ ਪੁਲਿਸ ਮੁਕਾਬਲੇ 'ਚ ਮਾਰੇ ਗਏ।
ਇਸ ਕਤਲ 'ਚ ਇੱਕ ਚਸ਼ਮਦੀਦ ਗਵਾਹ ਤੁਲਸੀਰਾਮ ਪ੍ਰਜਾਪਤੀ ਵੀ ਦਸੰਬਰ 2006 'ਚ ਇੱਕ ਪੁਲਿਸ ਮੁਕਾਬਲੇ 'ਚ ਮਾਰੇ ਗਏ।
ਸੋਹਾਬੂਦੀਨ ਦੀ ਪਤਨੀ ਕੌਸਰ ਬੀ ਦਾ ਵੀ ਕਤਲ ਕਰ ਦਿੱਤਾ ਗਿਆ ਸੀ।
ਇਨ੍ਹਾਂ ਕਤਲਾਂ ਦੇ ਇਲਜ਼ਾਮ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਲੱਗੇ ਸਨ। ਇਨ੍ਹਾਂ ਮਾਮਲਿਆਂ 'ਚ ਬਾਅਦ 'ਚ ਉਨ੍ਹਾਂ ਦੀ ਗਿਰਫ਼ਤਾਰੀ ਵੀ ਹੋਈ।
ਫਿਰ ਸੁਪਰੀਮ ਕੋਰਟ ਦੀ ਦੇਖ-ਰੇਖ ਹੇਠਾਂ ਜਾਂਚ ਚਲਦੀ ਰਹੀ। ਅਦਾਲਤਾਂ ਦੇ ਹੁਕਮਾਂ 'ਤੇ ਅਮਿਤ ਸ਼ਾਹ ਨੂੰ ਰਾਜ ਨਿਕਾਲਾ ਦੇ ਦਿੱਤਾ ਗਿਆ ਸੀ।
ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਗੁਜਰਾਤ ਤੋਂ ਬਾਹਰ ਕਰਨ, ਸੁਣਵਾਈ ਦੌਰਾਨ ਜੱਜ ਦਾ ਤਬਾਦਲਾ ਨਾ ਕਰਨ ਵਰਗੇ ਕਈ ਨਿਰਦੇਸ਼ ਦਿੱਤੇ।
ਸੀਬੀਆਈ ਦੇ ਵਿਸ਼ੇਸ਼ ਜੱਜ ਜੇਟੀ ਉਤਪਤ ਨੇ ਅਮਿਤ ਸ਼ਾਹ ਨੂੰ ਮਈ 2014 'ਚ ਸੰਮਨ ਕੀਤਾ। ਸ਼ਾਹ ਨੇ ਸੁਣਵਾਈ 'ਚ ਹਾਜ਼ਰ ਹੋਣ ਤੋਂ ਛੋਟ ਮੰਗੀ ਪਰ ਜੱਜ ਉਤਪਤ ਨੇ ਇਜਾਜ਼ਤ ਨਾ ਦਿੱਤੀ।
ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ 26 ਜੂਨ 2014 ਨੂੰ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ।
ਇਸ ਦੇ ਬਾਅਦ ਇਹ ਮਾਮਲਾ ਜੱਜ ਲੋਇਆ ਨੂੰ ਸੌਂਪ ਦਿੱਤਾ ਗਿਆ ਮਾਮਲੇ 'ਚ ਅਮਿਤ ਸ਼ਾਹ ਜੱਜ ਲੋਇਆ ਦੀ ਅਦਾਲਤ ਵਿੱਚ ਵੀ ਪੇਸ਼ ਨਹੀਂ ਹੋਏ।
ਇੱਕ ਦਸੰਬਰ 2014 ਨੂੰ ਲੋਇਆ ਦੀ ਮੌਤ ਨਾਗਪੁਰ 'ਚ ਸ਼ੱਕੀ ਹਲਾਤਾਂ 'ਚ ਹੋ ਗਈ ਸੀ।
ਜੱਜ ਲੋਇਆ ਦੀ ਥਾਂ ਨਿਯੁਕਤ ਜੱਜ ਐਮਬੀ ਗੋਸਾਵੀ ਨੇ ਜਾਂਚ ਏਜੰਸੀ ਦੇ ਦੋਸ਼ਾਂ ਨੂੰ ਨਾ-ਮਨਜ਼ੂਰ ਕਰਦਿਆਂ ਅਮਿਤ ਸ਼ਾਹ ਨੂੰ ਦਸੰਬਰ 2014 'ਚ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਸੀ।












