ਕੌਣ ਹੈ ਸਕੀਇੰਗ 'ਚ ਪਹਿਲਾ ਕੌਮਾਂਤਰੀ ਮੁਕਾਬਲਾ ਜਿੱਤਣ ਵਾਲੀ ਆਂਚਲ

ਤਸਵੀਰ ਸਰੋਤ, BBC/ROSHAN THAKUR
- ਲੇਖਕ, ਇੰਦੂ ਪਾਂਡੇਅ
- ਰੋਲ, ਪੱਤਰਕਾਰ, ਬੀਬੀਸੀ
ਆਂਚਲ ਠਾਕੁਰ ਸਕੀਇੰਗ ਵਿੱਚ ਕੌਮਾਂਤਰੀ ਤਗਮਾ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਬਣ ਗਈ ਹੈ। 21 ਸਾਲ ਦੀ ਆਂਚਲ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੀ ਰਹਿਣ ਵਾਲੀ ਹੈ। ਆਂਚਲ ਦੇ ਪਿਤਾ ਰੌਸ਼ਨ ਠਾਕੁਰ ਵਿੰਟਰ ਗੇਮਸ ਫੈਡਰੇਸ਼ਨ ਦੇ ਸਕੱਤਰ ਜਨਰਲ ਹਨ।
ਖਿਡਾਰਣ ਆਂਚਲ ਨਾਲ ਬੀਬੀਸੀ ਪੱਤਰਕਾਰ ਇੰਦੂ ਪਾਂਡੇਅ ਨੇ ਗੱਲਬਾਤ ਕੀਤੀ।
ਭਾਰਤ ਤੋਂ ਤੁਰਕੀ ਤੱਕ ਦਾ ਇਹ ਸਫ਼ਰ ਕਿਹੋ ਜਿਹਾ ਰਿਹਾ?
ਮੈਂ ਬਚਪਨ ਵਿੱਚ ਬਹੁਤ ਮਿਹਨਤ ਕੀਤੀ। ਮੇਰੇ ਪਿਤਾ ਨੇ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ। ਭਾਰਤ ਵਿੱਚ ਤਾਂ ਸਕੀਇੰਗ ਖੇਡ ਬਾਰੇ ਲੋਕਾਂ ਨੂੰ ਜਾਣਕਾਰੀ ਵੀ ਨਹੀਂ ਹੈ। ਸਕੀਇੰਗ ਖੇਡਣ ਲਈ ਭਾਰਤ ਵਿੱਚ ਸਹੂਲਤਾਂ ਵੀ ਨਹੀਂ ਹਨ।
ਪਰ ਤੁਸੀਂ ਸਕੀਇੰਗ ਖੇਡ ਹੀ ਕਿਉਂ ਚੁਣੀ?
ਮੇਰੇ ਪਿਤਾ ਸਕੀਇੰਗ ਦੇ ਕੌਮੀ ਚੈਂਪੀਅਨ ਸਨ। ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਵੀ ਇਹ ਖੇਡ ਸਿੱਖਣ।

ਤਸਵੀਰ ਸਰੋਤ, BBC/ROSHAN THAKUR
ਮੈਨੂੰ ਸਕੀਇੰਗ ਦੀ ਕੋਈ ਜਾਣਕਾਰੀ ਨਹੀਂ ਸੀ ਤੇ ਬਚਪਨ ਵਿੱਚ ਸ਼ੌਂਕ ਲਈ ਸਕੀਇੰਗ ਖੇਡਣਾ ਸ਼ੁਰੂ ਕੀਤਾ। ਸੱਤ ਸਾਲ ਤੋਂ ਮੈਂ ਆਪਣੇ ਭਰਾ ਨਾਲ ਸਕੀਇੰਗ ਕਰਨ ਲੱਗੀ ਤੇ 12 ਸਾਲ ਦੀ ਉਮਰ ਤੱਕ ਦਿਲਚਸਪੀ ਵਧ ਗਈ। ਇਹ ਵੇਖ ਕੇ ਸਾਨੂੰ ਦੋਵਾਂ ਨੂੰ ਮੇਰੇ ਪਿਤਾ ਜੀ ਨੇ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀ।
ਤੁਸੀਂ ਇਸ ਦੀ ਸਿਖਲਾਈ ਕਿੱਥੋਂ ਲਈ?
ਮੈਂ ਯੂਰੋਪ, ਅਮਰੀਕਾ, ਨਿਊਜ਼ੀਲੈਂਡ, ਕੋਰੀਆ ਵਿੱਚ ਸਿਖਲਾਈ ਲਈ। ਦੋ ਹਫ਼ਤੇ ਤੋਂ ਤੁਰਕੀ ਵਿੱਚ ਹੀ ਸਿਖਲਾਈ ਲੈ ਰਹੀ ਹਾਂ। ਮਨਾਲੀ ਵਿੱਚ ਜਲਦੀ ਟਰੇਨਿੰਗ ਨਹੀਂ ਕਰ ਸਕਦੇ ਕਿਉਂਕਿ ਅਕਤੂਬਰ ਵਿੱਚ ਉੱਥੇ ਬਰਫ਼ ਨਹੀਂ ਪੈਂਦੀ। ਦਸੰਬਰ ਜਾਂ ਦਸੰਬਰ ਤੋਂ ਬਾਅਦ ਬਰਫ਼ ਸ਼ੁਰੂ ਹੁੰਦੀ ਹੈ, ਇਸ ਲਈ ਵਿਦੇਸ਼ ਜਾਣਾ ਪੈਂਦਾ ਸੀ। ਹਾਲਾਂਕਿ ਬਚਪਨ ਵਿੱਚ ਮਨਾਲੀ ਵਿੱਚ ਹੀ ਸਕੀਇੰਗ ਕੀਤੀ।
ਭਾਰਤ ਵਿੱਚ ਸਕੀਇੰਗ ਲਈ ਕਿਹੜੀ ਘਾਟ ਹੈ?
ਭਾਰਤ ਵਿੱਚ ਬਰਫ਼ ਦੀ ਕਮੀ ਤਾਂ ਨਹੀਂ ਹੈ, ਬਸ ਕੌਮਾਂਤਰੀ ਮੁਕਾਬਲਿਆਂ ਤੇ ਬਰਫ਼ਬਾਰੀ ਦਾ ਸਮਾਂ ਮੇਲ ਨਹੀਂ ਖਾਂਦਾ। ਸਕੀਇੰਗ ਲਈ ਲੋੜੀਂਦੀ ਗਰੂਮਿੰਗ ਮਸ਼ੀਨ ਮਨਾਲੀ ਵਿੱਚ ਨਹੀਂ ਹੈ। ਗੁਲਮਰਗ ਅਤੇ ਔਲੀ ਵਿੱਚ ਉਪਲਬਧ ਹੈ।
ਭਾਰਤ ਸਰਕਾਰ ਸਾਨੂੰ ਰਿਜ਼ੌਰਟ ਬਣਾ ਕੇ ਦੇਵੇ ਤਾਕੀ ਅਗਲੀ ਪੀੜ੍ਹੀ ਨੂੰ ਆਪਣ ਦੇਸ ਵਿੱਚ ਹੀ ਸਿਖਲਾਈ ਮਿਲ ਸਕੇ।
ਸਕਾਈਂਗ ਕੀ ਹੁੰਦੀ ਹੈ?
ਸਕੀਇੰਗ ਬਰਫ਼ ਉੱਤੇ ਹੁੰਦੀ ਹੈ। ਇਹ ਦੋ ਲੱਕੜਾਂ ਦੇ ਸਹਾਰੇ ਨਾਲ ਕੀਤੀ ਜਾਂਦੀ ਹੈ। ਪੋਲਜ਼ ਹੁੰਦੇ ਹਨ, ਬੂਟ ਹੁੰਦੇ ਹਨ, ਜਿਸ ਨਾਲ ਹੇਠਾਂ ਆਉਣਾ ਹੁੰਦਾ ਹੈ।
ਸਕੀਇੰਗ ਲਈ ਚੋਣ ਕਿਵੇਂ ਹੁੰਦੀ ਹੈ?
ਭਾਰਤ ਵਿੱਚ ਕੌਮੀ ਖੇਡ ਵਿੱਚ ਦੇ ਚੈਂਪੀਅਨ ਕੌਮਾਂਤਰੀ ਖੇਡਾਂ ਲਈ ਚੁਣੇ ਜਾਂਦੇ ਹਨ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਕੌਮਾਂਤਰੀ ਮੈਡਲ ਜਿੱਤਾਂਗੀ। ਮੈਂ ਓਲੰਪਿਕ ਲਈ ਕੁਆਲੀਫਾਈ ਕਰਨ ਬਾਰੇ ਹੀ ਸੋਚ ਰਹੀ ਸੀ।
ਤੁਸੀਂ ਸਲਾਲਮ ਰੇਸ ਜਿੱਤੀ ਹੈ, ਇਹ ਕੀ ਹੁੰਦੀ ਹੈ?
ਅਲਪਾਈਨ ਸਕੀਇੰਗ ਵਿੱਚ ਮੈਂ ਦੋ ਈਵੈਂਟ ਕਰਦੀ ਹਾਂ। ਇੱਕ ਜੈਂਟ ਸਲਾਲਮ ਅਤੇ ਇੱਕ ਸਲਾਲਮ।

ਤਸਵੀਰ ਸਰੋਤ, BBC/Roshan thakur
ਜੈਟ ਸਲਾਲਮ ਵਿੱਚ ਗੇਟ ਬਹੁਤ ਦੂਰ ਹੁੰਦੇ ਹਨ, ਜੋ ਮੈਂ ਚੰਗਾ ਖੇਡਦੀ ਹਾਂ। ਸਲਾਲਮ ਵਿੱਚ ਗੇਟ ਨੇੜੇ ਹੁੰਦੇ ਹਨ, ਉਸ ਨਾਲ ਹਿੱਟ ਕਰਨਾ ਹੁੰਦਾ ਹੈ, ਮੈਂ ਇਸ ਵਿੱਚ ਇੰਨੀ ਚੰਗੀ ਖਿਡਾਰਣ ਨਹੀਂ ਸੀ। ਇਸ ਲਈ ਮੈਡਲ ਦੀ ਵੀ ਉਮੀਦ ਨਹੀਂ ਸੀ।
ਕੀ ਲੋਕਾਂ ਨੂੰ ਸਕੀਇੰਗ ਬਾਰੇ ਜਾਗਰੂਕ ਕਰੋਗੇ?
ਮੈਂ ਚੰਡੀਗੜ੍ਹ ਵਿੱਚ ਪੜ੍ਹਦੀ ਹਾਂ। ਲੋਕਾਂ ਨੂੰ ਇੱਥੇ ਵੀ ਇਸ ਖੇਡ ਬਾਰੇ ਨਹੀਂ ਪਤਾ। ਹੁਣ ਲੋਕਾਂ ਨੂੰ ਜ਼ਰੂਰ ਪਤਾ ਲੱਗੇਗਾ। ਭਾਰਤ ਸਰਕਾਰ ਨੂੰ ਇਸ ਦੀ ਅਹਿਮੀਅਤ ਬਾਰੇ ਪਤਾ ਲੱਗਿਆ ਹੈ। ਇਹ ਸਰਦੀਆਂ ਦੀ ਖੇਡ ਹੈ ਤੇ ਭਾਰਤ ਵਿੱਚ ਇਹ ਇਨੀ ਪ੍ਰਚਲਿਤ ਨਹੀਂ ਹੈ, ਜਿੰਨੀਆਂ ਗਰਮੀਆਂ ਦੀਆਂ ਖੇਡਾਂ ਹੁੰਦੀਆਂ ਹਨ।
ਇਹ 'ਵਿੰਟਰ ਓਲੰਪਿਕਸ' ਵਿੱਚ ਖੇਡੀ ਜਾਂਦੀ ਹੈ ਜੋ ਫਰਵਰੀ ਮਹੀਨੇ ਵਿੱਚ ਹੋਣ ਵਾਲੀ ਹੈ। ਉਲੰਪਕਿਸ ਤੱਕ ਪਹੁੰਚਣ ਦੀ ਤਿਆਰੀ ਕਰ ਰਹੀ ਹਾਂ। ਪਰ ਮੇਰਾ ਭਰਾ ਬਹੁਤ ਨੇੜੇ ਹੈ।
ਕੁਆਲੀਫਾਈ ਕਰਨ ਲਈ ਉਸ ਦਾ ਇੱਕ ਹੀ ਰਾਊਂਡ ਬਾਕੀ ਹੈ ਜਦਕਿ ਮੇਰੇ 5 ਰਾਊਂਡ ਰਹਿੰਦੇ ਹਨ। ਮੇਰੇ ਉੱਤੇ ਬਹੁਤ ਦਬਾਅ ਹੈ ਕਿਉਂਕਿ ਸਿਰਫ਼ ਦਸ ਦਿਨ ਹੀ ਬਚੇ ਹਨ।
ਪੜ੍ਹਾਈ ਤੇ ਖੇਡਾਂ ਵਿੱਚ ਸੰਤੁਲਨ ਕਿਵੇਂ ਬਣਾਉਂਦੇ ਹੋ?
ਮੈਂ ਚੰਡੀਗੜ੍ਹ ਵਿੱਚ ਬੀਏ ਭਾਗ ਤੀਜੇ ਦੀ ਵਿਦਿਆਰਥਣ ਹਾਂ। ਸਭ ਤੋਂ ਪਹਿਲਾਂ ਸੰਤੁਲਨ ਇਸ ਕਰਕੇ ਵਿਗੜ ਗਿਆ ਕਿਉਂਕਿ 12ਵੀਂ ਦੀ ਬੋਰਡ ਦੀ ਪ੍ਰੀਖਿਆ ਤੇ ਕੌਮੀ ਖੇਡਾਂ ਇੱਕਠੀਆਂ ਸੀ।
ਮੈਂ ਖੇਡ ਚੁਣੀ ਤੇ ਗੋਲਡ ਮੈਡਲ ਜਿੱਤਿਆ ਪਰ ਇਸਦਾ ਗਮ ਨਹੀਂ ਸੀ। ਅਗਲੇ ਸਾਲ ਦੁਬਾਰਾ 12ਵੀਂ ਦੀ ਪੜ੍ਹਾਈ ਕੀਤੀ। ਨਾਨ-ਮੈਡੀਕਲ ਵਿੱਚ 80 ਫੀਸਦ ਅੰਕ ਆਏ, ਪਰ ਖੇਡ ਨਾਲ ਸਾਈਂਸ ਦੀ ਪੜ੍ਹਾਈ ਕਰਨਾ ਮੁਸ਼ਕਲ ਸੀ, ਇਸ ਲਈ ਆਰਟਸ ਰੱਖਣਾ ਪੈ ਗਿਆ।
ਇੱਕ ਖਿਡਾਰੀ ਜਾਂ ਕੁੜੀ ਹੋਣ ਦੇ ਨਾਤੇ ਕੀ ਸਨ ਚੁਣੌਤੀਆਂ ?
ਚੁਣੌਤੀਆਂ ਸਨ, ਪਰ ਮੇਰੇ ਪਿਤਾ ਦਾ ਪੂਰਾ ਸਹਿਯੋਗ ਸੀ। ਮੇਰੇ ਪਿਤਾ ਨੇ ਉਹ ਸਭ ਕੁਝ ਦਿੱਤਾ ਜੋ ਮੇਰੇ ਭਰਾ ਨੂੰ ਮਿਲਿਆ। ਹਰ ਥਾਂ ਉਹ ਸਾਡੇ ਨਾਲ ਸੀ। ਮਾਂ ਹਾਊਸ-ਵਾਈਫ਼ ਹੈ ਪਰ ਹਮੇਸ਼ਾਂ ਸਮਰਥਨ ਕੀਤਾ।
ਕੀ ਹੋਰਨਾਂ ਦੇਸਾਂ ਵਿੱਚ ਲੋਕ ਸਵਾਲ ਕਰਦੇ ਹਨ ਕਿ ਪ੍ਰੈਕਟਿਸ ਕਰਨ ਲਈ ਇੱਥੇ ਕਿਉਂ ਆਉਂਦੇ ਹੋ?
ਉਨ੍ਹਾਂ ਦਾ ਸਵਾਲ ਹੁੰਦਾ ਹੈ ਕਿ ਕੀ ਭਾਰਤ ਦੇ ਲੋਕ ਵੀ ਸਕੀਇੰਗ ਕਰਦੇ ਹਨ। ਉੱਥੇ ਇੰਨੀ ਗਰਮੀ ਹੁੰਦੀ ਹੈ, ਮੇਰਾ ਜਵਾਬ ਹੁੰਦਾ ਹੈ ਕਿ ਸਾਡੇ ਕੋਲ ਹਿਮਾਲਿਆ ਹੈ, ਬਰਫ਼ ਹੈ। ਸਾਡੇ ਕੋਲ ਜ਼ਿਆਦਾ ਬਰਫ਼ ਹੈ। ਕਮੀ ਹੈ ਤਾਂ ਕੁਝ ਸਹੂਲਤਾਂ ਦੀ। ਭਾਰਤ ਵਿੱਚ ਵੀ ਲੋਕਾਂ ਨੂੰ ਸਕੀਇੰਗ ਬੋਲਣਾ ਹੀ ਨਹੀਂ ਆਉਂਦਾ। ਉਹ 'ਸਕਾਈ' ਬੋਲਦੇ ਹਨ। ਕਾਲਜ ਵਿੱਚ ਲੋਕ ਪੁੱਛਦੇ ਹਨ ਬਰਫ਼ ਉੱਤੇ ਕੋਈ ਕਿਵੇਂ ਫਿਸਲ ਸਕਦਾ ਹੈ।
ਸਭ ਤੋਂ ਪਹਿਲਾ ਕਿਹੜਾ ਟਵੀਟ ਸੀ ਜਿਸ ਨੂੰ ਪੜ੍ਹ ਕੇ ਖੁਸ਼ੀ ਹੋਈ?
ਪਹਿਲਾ ਟਵੀਟ ਸਾਡੇ ਪੀਐੱਮ ਨਰਿੰਦਰ ਮੋਦੀ ਦਾ ਸੀ ਜੋ ਪੜ੍ਹ ਕੇ ਮੇਰੇ ਹੰਝੂ ਨਿਕਲ ਗਏ, ਸਮਝ ਨਹੀਂ ਆ ਰਿਹਾ ਸੀ ਕਿਵੇਂ ਕਾਬੂ ਕਰਾਂ। ਮੈਂ ਕਮਰੇ ਵਿੱਚ ਇਕੱਲੀ ਸੀ। ਯਕੀਨ ਨਹੀਂ ਹੋ ਰਿਹਾ ਸੀ। ਮੈਂ ਬਾਹਰ ਖੜ੍ਹੇ ਆਪਣੇ ਦੋਸਤ ਨੂੰ ਅਵਾਜ਼ ਮਾਰ ਕੇ ਦੱਸਿਆ।
ਕੀ ਕੋਈ ਪਹਾੜ ਹਨ ਜਿਨ੍ਹਾਂ ਉੱਤੇ ਸਕੀਇੰਗ ਦੀ ਇੱਛਾ ਹੈ?
ਮਾਊਂਟ ਐਵਰੇਸਟ ਉੱਤੇ ਸਕੀਇੰਗ ਕਰਨਾ ਚਾਹੁੰਦੀ ਹਾਂ। ਉੱਥੇ ਪਾਊਡਰ ਸਕੀਇੰਗ ਕੀਤੀ ਜਾ ਸਕਦੀ ਹੈ। ਅਪਲਾਈਨ ਸਕੀਇੰਗ ਵਿੱਚ ਗਰੂਮਡ ਬਰਫ਼ ਨੂੰ ਸਖ਼ਤ ਕੀਤਾ ਜਾਂਦਾ ਹੈ। ਪਾਉਡਰ ਸਕੀਇੰਗ ਕੁਦਰਤੀ ਬਰਫ਼ ਉੱਤੇ ਹੁੰਦੀ ਹੈ। ਜਿੱਥੇ ਕੋਈ ਮਸ਼ੀਨ ਨਹੀਂ ਚਲਦੀ।

ਤਸਵੀਰ ਸਰੋਤ, BBC/Roshan thakur
ਮੈਂ ਅਲਪਾਈਨ ਸਕੀਇੰਗ ਕੀਤੀ ਹੈ ਇਸ ਲਈ ਪਾਊਡਰ ਕਰਨਾ ਔਖਾ ਹੋ ਜਾਂਦਾ ਹੈ। ਇਸ ਵਿੱਚ ਸਿਰ ਕਈ ਵਾਰੀ ਪਾਊਡਰ ਵਿੱਚ ਹੁੰਦਾ ਹੈ ਤੇ ਲੱਤਾਂ ਉੱਤੇ। ਰੀੜ੍ਹ ਦੀ ਹੱਡੀ, ਬਾਂਹ ਲਈ ਸੁਰੱਖਿਆ ਰੱਖਣੀ ਪੈਂਦੀ ਹੈ, ਸਿਰ ਲਈ ਹੈਲਮਟ, ਹੱਥ ਵਿੱਚ ਗਲੱਬਸ ਜ਼ਰੂਰੀ ਹੁੰਦੇ ਹਨ।
ਸਕੀਇੰਗ ਦੇ ਸਾਮਾਨ ਦੀ ਕੀਮਤ ਕਿੰਨੀ ਹੈ?
ਇਹ ਦੁਨੀਆਂ ਦੀਆਂ ਮਹਿੰਗੀਆਂ ਖੇਡਾਂ ਵਿੱਚੋਂ ਇੱਕ ਹੈ। 80-90 ਹਜ਼ਾਰ ਦੀ ਸਕੀਇੰਗ ਆਉਂਦੀ ਹੈ। ਬਾਕੀ ਕਿੱਟ ਉੱਤੇ ਵੀ ਖਰਚ ਆਉਂਦਾ ਹੈ—ਕੁੱਲ ਮਿਲਾ ਕੇ 7 ਲੱਖ ਤੱਕ ਖਰਚਾ ਪਹੁੰਚ ਜਾਂਦਾ ਹੈ।
ਖਾਣ-ਪੀਣ ਦਾ ਕਿੰਨਾ ਧਿਆਨ ਰੱਖਣਾ ਪੈਂਦਾ ਹੈ?
ਹਰ ਖਿਡਾਰੀ ਨੂੰ ਖਾਣ-ਪੀਣ ਦਾ ਧਿਆਨ ਰੱਖਣਾ ਪੈਂਦਾ ਹੈ। ਪ੍ਰੋਟੀਨ ਦੀ ਬਹੁਤ ਲੋੜ ਹੁੰਦੀ ਹੈ। ਦੋ ਮਿੰਟਾਂ ਦੀ ਖੇਡ ਲਈ ਬਹੁਤ ਤਾਕਤ ਦੀ ਲੋੜ ਹੁੰਦੀ ਹੈ।
ਜਦੋਂ ਨਾਮ ਦਾ ਐਲਾਨ ਹੋਇਆ ਕਿਵੇਂ ਮਹਿਸੂਸ ਹੋਇਆ?
ਜਿੰਨਾ ਚਾਅ ਮੈਨੂੰ ਸੀ, ਉਨਾ ਹੀ ਉੱਥੇ ਮੌਜੂਦ ਦੂਜੇ ਖਿਡਾਰੀਆਂ ਨੂੰ ਵੀ ਸੀ। ਦੋ ਭਾਰਤੀ ਮੁੰਡੇ ਖਿਡਾਰੀ ਮੇਰੇ ਨਾਲ ਸਨ, ਉਹ ਵੀ ਬਹੁਤ ਖੁਸ਼ ਹੋਏ। ਸਭ ਤੋਂ ਪਹਿਲਾਂ ਮੈਂ ਪਾਪਾ ਨੂੰ ਵੀਡੀਓ ਕਾਲ ਕੀਤਾ ਤੇ ਮੈਂ ਮੈਡਲ ਦਿਖਾਇਆ। ਪਾਪਾ ਨੂੰ ਲੱਗਿਆ ਕੋਈ ਸੋਵੀਨਰ ਦਿੱਤਾ ਹੈ। ਉਹ ਇੰਨੇ ਖੁਸ਼ ਹੋਏ ਕਿ ਬਹੁਤਾ ਗੱਲ ਨਾ ਕਰ ਸਕੇ।
ਸ਼ੌਂਕ ਕੀ ਹਨ?
ਟੀਵੀ ਦੇਖਣਾ ਮੈਨੂੰ ਬਿਲਕੁਲ ਪਸੰਦ ਨਹੀਂ। ਗਾਣੇ ਵੀ ਨਹੀਂ ਸੁਣਦੀ। ਪੇਂਟਿੰਗ, ਆਰਟ ਵਰਕ ਕਰਨਾ, ਜਾਂ ਲੱਕੜਾਂ ਦਾ ਕੁਝ ਬਣਾ ਲੈਂਦੀ ਹਾਂ, ਫੋਨ ਦੇ ਡੱਬਿਆਂ ਦਾ ਕੁਝ ਬਣਾ ਦਿੰਦੀ ਹਾਂ
ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਹੁਣ ਸਕੀਇੰਗ ਦੇ ਚੰਗੇ ਦਿਨ ਆ ਗਏ ਹਨ ਕਿਉਂਕਿ ਇਹ ਖੇਡ ਸਰਕਾਰ ਦੀਆਂ ਨਜ਼ਰਾਂ ਵਿੱਚ ਆ ਗਈ। ਮੈਂ ਖੁਸ਼ ਹਾਂ ਕਿ ਅਗਲੀ ਪੀੜ੍ਹੀ ਨੂੰ ਇੱਕ ਪਲੈਟਫਾਰਮ ਮਿਲ ਪਾਏਗਾ।
ਅਗਲਾ ਟੀਚਾ ਕੀ ਹੈ?
ਮੇਰਾ ਟੀਚਾ ਹੈ 2018 ਦੀਆਂ ਓਲੰਪਿਕ ਖੇਡਾਂ। ਜੇ ਹੁਣ ਨਹੀਂ ਹੋ ਸਕਿਆ ਤਾਂ 2022 ਲਈ ਤਿਆਰੀ ਕਰੂੰਗੀ। ਮੇਰੇ ਲਈ ਪੜ੍ਹਾਈ ਦੂਜੇ ਨੰਬਰ ਉੱਤੇ ਹੈ।












