ਕੌਣ ਹਨ ਹਿਮਾਚਲ ਪ੍ਰਦੇਸ਼ ਦੇ 13ਵੇਂ ਮੁੱਖ ਮੰਤਰੀ ਜੈਰਾਮ ਠਾਕੁਰ?

ਤਸਵੀਰ ਸਰੋਤ, Facebook
ਇੱਕ ਲੰਬੀ ਘੋਖ ਤੋਂ ਬਾਅਦ ਭਾਜਪਾ ਨੇ ਹਿਮਾਚਲ ਪ੍ਰਦੇਸ਼ 'ਚ ਮੁੱਖ ਮੰਤਰੀ ਦਾ ਅਹੁਦੇਦਾਰ ਲੱਭ ਲਿਆ ਹੈ। ਪੰਜ ਵਾਰ ਵਿਧਾਇਕ ਚੁੱਣੇ ਗਏ ਜੈਰਾਮ ਠਾਕੁਰ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਹੋਣਗੇ।
ਜ਼ਿਕਰਯੋਗ ਹੈ ਕਿ 18 ਦਸੰਬਰ ਦੇ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ 68 ਵਿੱਚੋਂ 44 ਸੀਟਾਂ ਹਾਸਿਲ ਕਰ ਕੇ ਜੇਤੂ ਪਾਰਟੀ ਦੇ ਤੌਰ 'ਤੇ ਉੱਭਰੀ ਸੀ।
ਪਰ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਆਪਣੀ ਹੀ ਸੀਟ ਗੁਆ ਬੈਠੇ ਸਨ।
ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਜੈਰਾਮ ਠਾਕੁਰ 27 ਦਸੰਬਰ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ।
ਆਖ਼ਰ ਕੌਣ ਹਨ ਜੈਰਾਮ ਠਾਕੁਰ?
- ਜੈਰਾਮ ਠਾਕੁਰ ਪਾਰਟੀ ਵਿਚ ਆਪਣੇ ਨਰਮ ਸੁਭਾਅ ਅਤੇ ਮਿੱਠੀ ਬੋਲ ਬਾਣੀ ਲਈ ਜਾਣੇ ਜਾਂਦੇ ਹਨ।
- 52 ਸਾਲਾ ਜੈਰਾਮ ਠਾਕੁਰ ਮੰਡੀ ਦੇ ਨੇੜੇ ਸਿਰਾਜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ।
- ਇਨ੍ਹਾਂ ਚੋਣਾਂ ਦੌਰਾਨ ਜੈਰਾਮ ਠਾਕੁਰ ਨੇ 35519 ਵੋਟਾਂ ਹਾਸਿਲ ਕਰ ਕੇ ਕਾਂਗਰਸ ਦੇ ਚੇਤ ਰਾਮ ਨੂੰ 11254 ਵੋਟਾਂ ਨਾਲ ਹਰਾਇਆ।
- ਉਹ ਸਿਰਾਜ ਵਿਧਾਨ ਸਭਾ ਹਲਕੇ ਦੇ ਪਿੰਡ ਟਾਂਡੀ ਤੋਂ ਹਨ।
- ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਆਪਣੇ ਪਿੰਡ ਟਾਂਡੀ ਅਤੇ ਗਰੈਜੂਏਸ਼ਨ ਸਰਕਾਰੀ ਕਾਲਜ ਮੰਡੀ ਤੋਂ ਪੂਰੀ ਕੀਤੀ।
- ਉਹ ਇੱਕ ਨਿਮਾਣੇ ਪਰਿਵਾਰ ਤੋਂ ਹਨ ਤੇ ਉਨ੍ਹਾਂ ਦੇ ਮਾਤਾ ਪਿਤਾ ਖੇਤਾਂ ਵਿਚ ਕੰਮ ਕਰਦੇ ਸਨ।
- ਉਨ੍ਹਾਂ ਦਾ ਸਿਆਸੀ ਸਫ਼ਰ ਗਰੈਜੂਏਸ਼ਨ ਡਿਗਰੀ ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ 'ਚ ਸ਼ਾਮਿਲ ਹੋਣ ਤੋਂ ਬਾਅਦ ਸ਼ੁਰੂ ਹੋਇਆ।
- ਜੈਰਾਮ ਠਾਕੁਰ 1998 'ਚ ਪਹਿਲੀ ਵਾਰ ਚਾਚਿਓਟ ਵਿਧਾਨ ਸਭ ਹਲਕੇ ਤੋਂ ਵਿਧਾਇਕ ਬਣੇ।
- ਉਹ ਆਪਣੇ 2007-2012 ਕਾਰਜਕਾਲ ਦੌਰਾਨ ਧੂਮਲ ਦੀ ਸਰਕਾਰ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਬਣੇ।
- ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਚਲਾਏ ਗਏ ਰਾਮ ਮੰਦਿਰ ਅੰਦੋਲਨ ਦੌਰਾਨ ਜੈਰਾਮ ਠਾਕੁਰ ਨੇ ਇਸ ਅੰਦੋਲਨ ਦੇ ਕਾਰਕੁਨ ਵਜੋਂ ਜੰਮੂ ਵਿਚ ਕੰਮ ਕੀਤਾ।












