ਸੋਸ਼ਲ: 'ਭੋਲੇ ਦੇ ਸ਼ਰਧਾਲੂਆਂ ਨੂੰ ਜੈਕਾਰੇ ਲਾਉਣ ਤੋਂ ਰੋਕਿਆ ਤਾਂ ਪਰਲੋ ਆ ਜਾਵੇਗੀ'

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅਮਰਨਾਥ ਗੁਫ਼ਾ ਨੂੰ ਸਾਈਲੈਂਸ ਜ਼ੋਨ ਐਲਾਨ ਕੇ ਇੱਕ ਨਿਸ਼ਚਿਤ ਥਾਂ ਤੋਂ ਅੱਗੇ ਪੂਜਾ ਪਾਠ ਕਰਨ 'ਤੇ ਰੋਕ ਲਾ ਦਿੱਤੀ ਹੈ

ਸਾਈਲੈਂਸ ਜ਼ੋਨ ਐਲਾਨਣ ਦਾ ਮਤਲਬ ਇਹ ਹੈ ਕਿ ਅਮਰਨਾਥ ਦਰਸ਼ਨ ਲਈ ਜਾਣ ਵਾਲੇ ਸ਼ਰਧਾਲੂ ਹੁਣ ਉੱਥੇ ਜਾ ਕੇ ਜੈਕਾਰੇ ਨਹੀਂ ਲਾ ਸਕਣਗੇ ਅਤੇ ਨਾ ਹੀ ਉੱਚੀ ਆਵਾਜ਼ ਵਿੱਚ ਮੰਤਰ ਪੜ੍ਹ ਸਕਣਗੇ।

ਜਸਟਿਸ ਸਵਤੰਤਰ ਕੁਮਾਰ ਦੀ ਪ੍ਰਧਾਨਗੀ ਵਾਲੇ ਐਨਜੀਟੀ ਬੈਂਚ ਨੇ ਅਮਰਨਾਥ ਸ਼੍ਰਾਈਨ ਬੋਰਡ ਨੂੰ ਚੌਗਿਰਦੇ ਦੀ ਦੇਖਭਾਲ ਇਲਾਵਾ ਤੋਂ ਸ਼ਰਧਾਲੂਆਂ ਲਈ ਲੋੜੀਂਦੇ ਇੰਤਜ਼ਾਮ ਵੀ ਕਰਨ ਦੇ ਹੁਕਮ ਵੀ ਦਿੱਤੇ ਹਨ ਤਾਂ ਕਿ ਲੋਕ ਦਰਸ਼ਨਾਂ ਤੋਂ ਵਿਰਵੇ ਨਾ ਰਹਿ ਜਾਣ।

ਇਸ ਤੋਂ ਪਹਿਲਾਂ ਐੱਨਜੀਟੀ ਨੇ ਕਿਹਾ ਸੀ ਕਿ ਸਾਈਲੈਂਸ ਜ਼ੋਨ ਐਲਾਨਣ ਕਰਕੇ ਅਮਰਨਾਥ ਗੁਫ਼ਾ ਵਿਚਲੀ ਬਰਫ਼ ਨੂੰ ਖੁਰਨ ਤੋਂ ਬਚਾਇਆ ਜਾ ਸਕੇਗਾ ਅਤੇ ਇਸਦੇ ਅਸਲੀ ਸਰੂਪ ਨੂੰ ਵੀ ਬਚਾਇਆ ਜਾ ਸਕੇਗਾ।

ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ ਹੈ ਤੇ ਲੋਕ ਆਪੋ-ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਟਵਿਟਰ 'ਤੇ ਲਿਖਿਆ, "ਮੰਦਰਾਂ ਵਿੱਚ ਕੋਈ ਵੀ ਪੂਜਾ ਟੱਲੀਆਂ ਖੜਕਾਉਣ ਤੇ ਮੰਤਰ ਪੜ੍ਹੇ ਸ਼ੁਰੂ ਨਹੀਂ ਹੋ ਸਕਦੀ।"

ਉਥੇ ਹੀ ਟਵਿੱਟਰ ਹੈਂਡਲ @Azh89style ਨੇ ਟਵੀਟ ਕੀਤਾ, "ਅਮਰਨਾਥ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਐਨਜੀਟੀ ਦਾ ਇਹ ਫ਼ੈਸਲਾ ਬਹੁਤ ਵਧੀਆ ਹੈ। ਇਸ ਖੇਤਰ ਵਿੱਚ ਹਮੇਸ਼ਾ ਹੀ ਬਰਫ਼ ਖੁਰਨ ਦਾ ਖ਼ਤਰਾ ਬਣਿਆ ਰਹਿੰਦਾ। ਅਜਿਹੀ ਹਾਲਤ ਵਿੱਚ ਇਹ ਇੱਕ ਵਧੀਆ ਕਦਮ ਹੈ।"

ਇਕ ਹੋਰ ਟਵਿਟਰ ਵਰਤੋਂਕਾਰ ਆਂਚਲ ਸੈਕਸੈਨਾ ਲਿਖਦੇ ਹਨ, "ਮੈਂ ਅਦਾਲਤ ਦੇ ਫੈਸਲੇ ਦਾ ਸਤਿਕਾਰ ਕਰਦੀ ਹਾਂ, ਪਰ ਸਾਨੂੰ ਸਾਰਿਆਂ ਨੂੰ ਇਸ ਨੂੰ ਚੁਣੌਤੀ ਦੇਣੀ ਚਾਹੀਦੀ ਹੈ। ਹਰ ਯਾਤਰੀ ਨੂੰ ਤੀਰਥ ਯਾਤਰਾ ਦੌਰਾਨ ਮੰਤਰ ਤਾਂ ਪੜ੍ਹਨੇ ਚਾਹੀਦੇ ਹਨ।"

ਇਸ ਦੇ ਉਲਟ ਹਰਸ਼ ਪਾਂਚਾਲ ਲਿਖਦੇ ਹਨ, "ਐਨਜੀਟੀ ਦਾ ਇਹ ਹੁਕਮ ਵਾਤਾਵਰਣ ਬਚਾਉਣ ਲਈ ਹੈ।"

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਇਸ ਫ਼ੈਸਲੇ 'ਤੇ ਬਹੁਤ ਸਾਰੇ ਲੋਕਾਂ ਨੇ ਗੁੱਸਾ ਵੀ ਦਿਖਾਇਆ।

ਡਾਕਟਰ ਵਿਜੈ ਸ਼ਰਮਾ ਲਿਖਦੇ ਹਨ, " ਭੋਲੇ ਬਾਬਾ ਦੇ ਸ਼ਰਧਾਲੂਆਂ ਨੂੰ ਜੈਕਾਰੇ ਲਾਉਣ ਤੋਂ ਰੋਕਿਆ ਤਾਂ ਪਰਲੋ ਆ ਜਾਵੇਗੀ।"

ਰਜਤ ਅਭਿਨੈ ਸਿੰਘ ਨੇ ਟਵਿਟਰ 'ਤੇ ਵਿਅੰਗ ਕਰਦਿਆਂ ਕਿਹਾ, "ਚਲੋ ਭਲਾ, ਮੇਰੇ ਬੋਲਣ ਨਾਲ ਤਾਂ ਪ੍ਰਦੂਸ਼ਣ ਨਹੀਂ ਹੋ ਰਿਹਾ"

ਇਕ ਹੋਰ ਟਵਿੱਟਰ ਵਰਤੋਂਕਾਰ ਵਰੁਣ ਉਪਾਧਿਆਇ ਨੇ ਲਿਖਿਆ ਹੈ, "ਭਵਿੱਖ ਵਿੱਚ ਬੀਸੀਸੀਆਈ ਨੂੰ ਹੁਕਮ ਕਰੇਗਾ ਕਿ ਕ੍ਰਿਕਟ ਖਿਡਾਰੀ ਸਟੇਡੀਅਮ ਵਿੱਚ ਗੇਂਦ ਬੱਲੇ ਨਾ ਲੈ ਕੇ ਆਉਣ"?

ਵਿਵੇਕ ਅਗਰਵਾਲ ਨੇ ਇਸ ਫੈਸਲੇ 'ਤੇ ਸਵਾਲ ਕਰਦਿਆਂ ਕਿਹਾ, "ਵਿਗਿਆਨਕ ਤੌਰ' ਤੇ ਮਜ਼ਬੂਤ ਦੇਸ ਜਾਪਾਨ ਵਿੱਚ ਜਾ ਕੇ ਵੇਖੋ ਉਥੇ ਪਹਾੜੀ ਮੰਦਰਾਂ ਵਿੱਚ ਹਜ਼ਾਰਾਂ ਗੁਣਾਂ ਜਿਆਦਾ ਵੱਡੇ ਘੰਟੇ ਹਨ."

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)