ਸੋਸ਼ਲ: 'ਸੈਂਟਾ ਨਹੀਂ ਬੱਚਿਆਂ ਨੂੰ ਸ਼ਿਵਾਜੀ ਬਣਾਓ'

ਮਹਾਰਾਸ਼ਟਰ ਦੇ ਸੀਐੱਮ ਦੇਵੇਂਦਰ ਫਡਨਵਿਸ ਦੀ ਪਤਨੀ ਅਮਰੁਤਾ ਫਡਨਵਿਸ ਟਵਿੱਟਰ 'ਤੇ ਟ੍ਰੋਲਸ ਦਾ ਸ਼ਿਕਾਰ ਹੋਈ ਹਨ। ਅਮਰੁਤਾ ਕ੍ਰਿਸਮਸ ਚੈਰਿਟੀ ਨਾਲ ਸਬੰਧਿਤ ਇੱਕ ਟਵੀਟ ਨੂੰ ਲੈਕੇ ਚਰਚਾ ਵਿੱਚ ਆਈ।

ਉਨ੍ਹਾਂ ਟਵੀਟ ਕੀਤਾ ਸੀ, ''ਬੀ-ਸੈਂਟਾ ਕੈਮਪੇਨ ਲਾਂਚ ਕੀਤਾ। ਲੋਕਾਂ ਕੋਲ੍ਹੋਂ ਤੋਹਫੇ ਲੈਣਾ ਅਤੇ ਗਰੀਬ ਬੱਚਿਆਂ ਵਿੱਚ ਵੰਡਣਾ, ਕ੍ਰਿਸਮਸ ਮੌਕੇ ਉਨ੍ਹਾਂ ਦੇ ਚਿਹਰੇ ਤੇ ਮੁਸਕਾਨ ਦੇਣਾ।''

ਇਸ ਟਵੀਟ ਨੂੰ ਲੈਕੇ ਕਈ ਲੋਕਾਂ ਨੇ ਅਮਰੁਤਾ ਨੂੰ ਬੁਰਾ ਭਲਾ ਕਿਹਾ।

ਸਨਕਾ ਪਦਮਾ ਨੇ ਲਿਖਿਆ, ''ਮਹਾਰਾਸ਼ਟਰ ਸੂਬਾ ਕਿਉਂ ਈਸਾਈ ਈਵੈਂਟਸ ਨੂੰ ਪ੍ਰਮੋਟ ਕਰ ਰਿਹਾ ਹੈ ਜੋ ਹਿੰਦੂਆਂ ਦਾ ਧਰਮ ਪਰਿਵਰਤਨ ਚਾਹੁੰਦੇ ਹਨ। ਸ਼ਿਵਾਜੀ ਜਿਅੰਤੀ ਤੇ ਕਿਉਂ ਨਹੀਂ ਇਹ ਸਭ ਕਰਦੇ?''

ਹਰਸ਼ਿਲ ਮਿਹਤਾ ਨੇ ਲਿਖਿਆ, ''ਤੁਸੀਂ ਸੈਂਟਾ ਕਲਚਰ ਕਿਉਂ ਪ੍ਰਮੋਟ ਕਰ ਰਹੇ ਹੋ? ਇਹ ਸਾਡਾ ਕਲਚਰ ਨਹੀਂ ਹੈ। ਇਹ ਸਾਡੇ ਬੰਦਿਆਂ ਦਾ ਧਰਮ ਪਰਿਵਰਤਨ ਕਰ ਰਹੇ ਹਨ। ਮਹਾਰਾਸ਼ਟਰ ਦੇ ਬੱਚਿਆਂ ਨੂੰ ਸ਼ਿਵਾਜੀ ਬਨਣ ਲਈ ਕਹੋ ਨਾ ਕੀ ਸੈਂਟਾ।''

ਪਾਰਥ ਲਿਖਦੇ ਹਨ, ''ਤੁਸੀਂ ਇਸਾਈ ਮਿਸ਼ਨਰੀ ਨੂੰ ਧਰਮ ਪਰਿਵਰਤਨ ਲਈ ਮੰਚ ਦੇ ਰਹੇ ਹੋ। ਜੋ ਵੀ ਤੋਹਫੇ ਵੰਢਣੇ ਹਨ, ਤੁਸੀਂ ਵੰਡ ਸਕਦੇ ਹੋ, ਸੈਂਟਾ ਅਤੇ ਕ੍ਰਿਸਮਸ ਦੀ ਆੜ ਵਿੱਚ ਈਸਾਈ ਧਰਮ ਨੂੰ ਕਿਉਂ ਵਧਾਵਾ ਦੇ ਰਹੇ ਹੋ?''

ਅਮਰੁਤਾ ਨੇ ਇੱਕ ਹੋਰ ਟਵੀਟ ਕਰਕੇ ਇਸ ਦਾ ਜਵਾਬ ਦਿੱਤਾ। ਉਨ੍ਹਾਂ ਲਿਖਿਆ, ''ਪਿਆਰ ਦਾ ਕੋਈ ਮਜ਼ਹਬ ਨਹੀਂ ਹੁੰਦਾ। ਅਸੀਂ ਸਾਰਿਆਂ ਨੂੰ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ।''

ਜਿਸ ਤੋਂ ਬਾਅਦ ਅਮਰੁਤਾ ਦੇ ਹੱਕ ਵਿੱਚ ਵੀ ਕੁਝ ਟਵੀਟ ਆਏ।

ਪ੍ਰਵੀਨ ਸ਼ਾਹ ਨੇ ਲਿਖਿਆ, ''ਚੰਗਾ ਜਵਾਬ ਦਿੱਤਾ। ਸੈਂਟਾ ਧਾਰਮਿਕ ਨਹੀਂ ਹੈ ਅਤੇ ਤੁਸੀਂ ਕੁਝ ਵੀ ਗਲਤ ਨਹੀਂ ਕੀਤਾ।''

ਜਿਗਨੇਸ਼ ਸੇਠ ਲਿਖਦੇ ਹਨ, ''ਇਨ੍ਹਾਂ ਚੀਜ਼ਾਂ ਦੀ ਕੌਣ ਪਰਵਾਹ ਕਰਦਾ ਹੈ? ਅਸੀਂ ਬਚਪਨ ਵਿੱਚ ਕਦੇ ਧਰਮ ਜਾਂ ਜਾਤ ਬਾਰੇ ਨਹੀਂ ਸੋਚਿਆ। ਤਿਓਹਾਰ ਕਿਸੇ ਮਜ਼ਹਬ ਤਕ ਸੀਮਤ ਨਹੀਂ ਹੁੰਦੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)