ਹੁਣ ਖੰਨਾ ਪੁਲਿਸ ਨੇ ਲਿਆ ਜਗਤਾਰ ਜੌਹਲ ਨੂੰ ਰਿਮਾਂਡ 'ਤੇ

ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਖੰਨਾ ਪੁਲਿਸ ਵੱਲੋਂ ਰਿਮਾਂਡ ਵਿੱਚ ਲੈ ਲਿਆ ਗਿਆ ਹੈ। ਰਿਮਾਂਡ ਦੌਰਾਨ ਜੌਹਲ ਤੋਂ ਸ਼ਿਵ ਸੇਨਾ ਆਗੂ ਦੁਰਗਾ ਪ੍ਰਸਾਦ ਦੇ ਕਤਲ ਸਬੰਧੀ ਖੰਨਾ ਪੁਲਿਸ ਪੁੱਛਗਿੱਛ ਕਰੇਗੀ ।
ਪਿਛਲੇ ਸਾਲ ਅਪ੍ਰੈਲ 'ਚ ਖੰਨਾ ਵਿਖੇ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਪੰਜਾਬ ਸ਼ਿਵ ਸੇਨਾ ਲੇਬਰ ਵਿੰਗ ਦੇ ਮੁਖੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਸੋਮਵਾਰ ਨੂੰ ਜਗਤਾਰ ਜੌਹਲ ਨੂੰ ਚਾਰ ਦਿਨਾਂ ਲਈ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਜਗਤਾਰ ਸਿੰਘ ਜੌਹਲ ਲੁਧਿਆਣਾ ਪੁਲਿਸ ਦੀ ਹਿਰਾਸਤ ਵਿੱਚ ਸੀ।

ਹੁਣ ਤੱਕ ਜੌਹਲ 'ਤੇ 4 ਕੇਸ
- ਪੰਜਾਬ ਵਿੱਚ ਹੋਏ ਹਿੰਦੂ ਲੀਡਰਾਂ ਦੇ ਕਤਲਾਂ ਸਬੰਧੀ ਪਹਿਲਾ ਕੇਸ ਮੋਗਾ ਦੇ ਬਾਘਾ ਪੁਰਾਣਾ 'ਚ ਚੱਲ ਰਿਹਾ ਹੈ।
- ਲੁਧਿਆਣਾ 'ਚ ਜੁਲਾਈ ਮਹੀਨੇ 'ਚ ਇੱਕ ਪਾਦਰੀ ਦਾ ਕਤਲ ਹੋਇਆ ਸੀ। ਇਸੇ ਮਾਮਲੇ 'ਚ ਜਗਤਾਰ ਖ਼ਿਲਾਫ਼ ਲੁਧਿਆਣਾ 'ਚ ਕੇਸ ਦਰਜ ਹੈ।
- ਲੁਧਿਆਣਾ ਵਿੱਚ ਹੀ ਰਾਸ਼ਟਰੀ ਸਵੈਂ ਸੇਵਕ ਸੰਘ ਦੇ ਨੇਤਾ ਨਰੇਸ਼ ਕੁਮਾਰ 'ਤੇ ਹਮਲੇ ਸਬੰਧੀ ਜੌਹਲ 'ਤੇ ਕੇਸ ਦਰਜ ਹੈ। ਉਨ੍ਹਾਂ ਤੇ ਗੋਲੀ ਚੱਲੀ ਸੀ, ਹਾਲਾਂਕਿ ਇਸ ਹਮਲੇ 'ਚ ਨਰੇਸ਼ ਕੁਮਾਰ ਬੱਚ ਗਏ ਸਨ।
- ਅਪ੍ਰੈਲ 2016 ਚ ਖੰਨਾ ਵਿੱਚ ਸ਼ਿਵ ਸੇਨਾ ਆਗੂ ਦੁਰਗਾ ਪ੍ਰਸਾਦ ਦੇ ਕਤਲ ਸਬੰਧੀ ਖੰਨਾ ਪੁਲਿਸ ਵੱਲੋ ਤਾਜ਼ਾ ਕੇਸ ਜੌਹਲ ਤੇ ਦਰਜ ਹੋਇਆ ਹੈ।
ਨਵੰਬਰ 'ਚ ਹੋਈ ਸੀ ਗ੍ਰਿਫ਼ਤਾਰੀ
4 ਨਵੰਬਰ ਨੂੰ ਜਗਤਾਰ ਸਿੰਘ ਜੌਹਲ ਨੂੰ ਮੋਗਾ ਪੁਲਿਸ ਨੇ ਜਲੰਧਰ ਦੇ ਰਾਮਾ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਸੀ।

ਪੁਲਿਸ ਨੇ ਇਲਜ਼ਾਮ ਲਾਏ ਸੀ ਕਿ ਪੰਜਾਬ ਵਿੱਚ ਹੋਏ ਹਿੰਦੂ ਲੀਡਰਾਂ ਦੇ ਕਤਲਾਂ ਲਈ ਪੈਸਾ ਜਗਤਾਰ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ।
ਇਸ ਮਾਮਲੇ 'ਚ ਮੋਗਾ ਦੇ ਬਾਘਾ ਪੁਰਾਣਾ 'ਚ ਕੇਸ ਚੱਲ ਰਿਹਾ ਹੈ।












